ਇੱਕੋ ਹੀ ਰਾਤ ਵਿਚ ਉਹ ਕਿੰਨਾ ਹੁਸੀਨ ਹੋਇਆ
ਕੱਲ ਤੱਕ ਸੀ ਖ਼ਾਬ ਮੇਰਾ ਤੇ ਅਜ ਯਕੀਨ ਹੋਇਆ
ਮੇਰੇ ਨਾਲ ਨਾਲ ਉਸ ਨੇ ਕਿੰਨੇ ਮੁਕਾਮ ਵੇਖੇ
ਕਦੇ ਹਮਅਕਾਸ਼ ਮੇਰਾ ਕਦੇ ਹਮਜ਼ਮੀਨ ਹੋਇਆ
ਮੈਂ ਖ਼ੁਦ ਹੀ ਨੋਚਦਾਂਗੀ ਸ਼ਾਖਾਂ ਤੋਂ ਪੱਤ ਅਪਣੇ
ਸਾਇਆ ਕਦੇ ਜੇ ਮੇਰਾ ਤੇਰੀ ਤੌਹੀਨ ਹੋਇਆ
ਇਹ ਕਿਸ ਨੇ ਵੇਖਿਆ ਹੈ ਵਗਦੀ ਨਦੀ ‘ਚ ਚਿਹਰਾ
ਲਹਿਰਾਂ ਨੇ ਲੜਖੜਾਈਆਂ ਪਾਣੀ ਰੰਗੀਨ ਹੋਇਆ
ਉਹ ਤੇਰੇ ਘਰ ਦਾ ਬੂਹਾ ਖੜਕਾ ਕੇ ਮੁੜ ਗਿਆ ਹੈ
ਤੂੰ ਜਿਸਦੇ ਚੇਤਿਆਂ ਵਿਚ ਬੈਠਾ ਸੀ ਲੀਨ ਹੋਇਆ
ਇਹ ਸ਼ੌਕ ਦਾ ਸਫ਼ਰ ਵੀ ਕਿੰਨਾ ਹੈ ਕਾਰਗਰ, ਕਿ
ਮੈਂ ਹੋ ਗਈ ਹਾਂ ਬੇਹਤਰ ਉਹ ਬੇਹਤਰਹੀਨ ਹੋਇਆ
ਦੁੱਖਾਂ ਦਾ ਸੇਕ ਸਹਿ ਕੇ ਹੰਝੂ ਦੀ ਜੂਨ ਪੈ ਕੇ
ਹੋਇਆ ਜਦੋਂ ਵੀ ਬੰਦਾ ਇਉਂ ਹੀ ਜ਼ਹੀਨ ਹੋਇਆ
1 comment:
Just beautiful!
Post a Comment