ਤੁਰਦੇ ਨੇ ਪੈਰ ਭਾਵੇਂ ਧੁਖ਼ਦੇ ਅੰਗਾਰਿਆਂ ‘ਤੇ
ਖਾਬਾਂ ‘ਚ ਕਹਿਕਸ਼ਾਂ ਹੈ ਨਜ਼ਰਾਂ ਸਿਤਾਰਿਆਂ ‘ਤੇ
ਦਿੰਦੇ ਨੇ ਜ਼ਖ਼ਮ ਤਾਂ ਕੀ ਅਥਰੂ ਤਾਂ ਪੂੰਝਦੇ ਨੇ
ਕਿੰਨਾ ਹੈ ਮਾਣ ਸਾਨੂੰ ਮਿੱਤਰਾਂ ਪਿਆਰਿਆਂ ‘ਤੇ
ਸਾਨੂੰ ਤਾਂ ਭਾ ਗਿਆ ਹੈ ਕੀ ਕੁਝ ਸਿਖਾ ਗਿਆ ਹੈ
ਪਰਵਾਨਿਆਂ ਦਾ ਆਉਣਾ ਅੱਗ ਦੇ ਇਸ਼ਾਰਿਆਂ ‘ਤੇ
ਕਰੀਏ ਕੀ ਉਸ ਨਦੀ ਦਾ ਭਰ ਕੇ ਜੁ ਵਗ ਰਹੀ ਹੈ
ਇਕ ਵੀ ਛੱਲ ਨਾ ਆਈ ਤਪਦੇ ਕਿਨਾਰਿਆਂ ‘ਤੇ
ਨਰਕਾਂ ਨੂੰ ਹੀ ਬਣਾਈਏ ਹੁਣ ਤਾਂ ਜਿਉਣ ਜੋਗੇ
ਉਮਰਾਂ ਗੁਜ਼ਾਰ ਲਈਆਂ ਸੁਰਗਾਂ ਦੇ ਲਾਰਿਆਂ ‘ਤੇ
ਵਾਅਦਾ ਵਫ਼ਾ ਦਾ ਕਰਨਾ ਸੌਖਾ ਬੜਾ ਹੈ ਲੇਕਿਨ
ਸਦੀਆਂ ਤੋਂ ਪਰਖ਼ ਇਸਦੀ ਹੁੰਦੀ ਹੈ ਆਰਿਆਂ ‘ਤੇ
No comments:
Post a Comment