ਕਿਆਮਤ ਨਹੀਂ ਹੈ ਕੋਈ, ਜੀਂਦੇ-ਜੀਅ ਵਿੱਛੜ ਜਾਣਾ |
ਮਿਟ ਕੇ ਵੀ ਅਮਰ ਹੋਈਏ, ਵਿਸਾਰੇ ਨਾ ਜੇ ਜ਼ਮਾਨਾ |
ਸਰਗ਼ਮ ਹੀ ਹੋ ਗਏ ਹਾਂ, ਜੀਵਨ ਨੂੰ ਸੁਰ ‘ਚ ਕਰਦੇ
ਸਲੀਬਾਂ ਤੇ ਵੀ ਹੈ ਗਾਇਆ, ਮੁਹੱਬਤ ਦਾ ਹੀ ਤਰਾਨਾ |
ਕਟਿਹਰੇ ਤੇ ਹੀ ਕਟਿਹਰਾ, ਸੀਖਾਂ ਦਾ ਦਰ ਦਿਖਾਵੇ
ਆਦਲ ਨਾ ਸਮਝ ਪਾਏ, ਦੁੱਖ ਦਰਦ ਦਾ ‘ਫਸਾਨਾ |
ਡੁਲੇਗਾ ਜਦ ਜ਼ਮੀਂ ਤੇ, ਇੱਕ ਵੀ ਲਹੂ ਦਾ ਕਤਰਾ
ਇਤਿਹਾਸ ਵਿੱਚ ਹੀ ਰਚਣਾਂ ਆਪਣਾ ਹੈ ਜਾਂ ਬੇਗਾਨਾ |
ਲਟ ਲਟ ਹੈ ਸ਼ਮਾਂ ਬਲਦੀ, ਰੋਸ਼ਨ ਫ਼ਿਜ਼ਾਵਾਂ ਕਰਦੀ
ਕੀ ਰਾਜ਼ ਇਸ ਦੇ ਆਂਚਲ, ਬੁਝਦਾ ਰਹੇ ਪਰਵਾਨਾ |
ਨੈਣਾਂ ਦੀ ਪਲ ਕੁ ਚੋਰੀ, ਦਿਲ ਨੂੰ ਬਣਾਏ ਮੁਜਰਮ
ਜੀਵਨ ਹੀ ਸਾਰਾ ਭਰਦਾ, ਇਸ ਜੁਰਮ ਦਾ ਹਰਜਾਨਾ |
ਸੁਲਤਾਨ ਹੀ ਹੈ ਬਿਰਹਾ, ਰੂਹਾਂ ਤੇ ਰਾਜ ਜਿਸਦਾ
ਉਮਰਾਂ ਹੀ ਗਾਲ ਦੇਵੇ, ਇੱਕ ਵਸਲ ਦਾ ਬਹਾਨਾ |
ਰਿੰਦਾਂ ਨੇ ਜਾਗਣਾ ਕੀ, ਸੁੱਖ ਦੀ ਕੀ ਨੀਂਦ ਸੌਣਾ
ਮੰਦਰਾਂ ‘ਚ ਵੀ ਹੈ ਖੁਲਦਾ, ਮੁਦਰਾ ਦਾ ਹੀ ਮੈਖ਼ਾਨਾ |
ਬਹਿਰਾਂ ‘ਚ ਲਹਿਰ ਉੱਠੇ, ਤਰੰਗਾਂ ‘ਚ ਰੰਗ ਸੂਹਾ
ਮੁੜਦਾ ਹੈ ਦਿਲ ‘ਚ ਲਹਿ ਕੇ, ਤੇਰੇ ਤੀਰ ਦਾ ਨਿਸ਼ਾਨਾ |
No comments:
Post a Comment