ਵਿਚ ਪ੍ਰਦੇਸਾਂ, ਰੁੱਖੀਆਂ ਰੁੱਤਾਂ
ਠੰਡੀਆਂ ਵਗਣ ਹਵਾਵਾਂ।
ਠੰਡੇ ਠੰਡੇ ਹਾਉਕੇ ਦਿਲ ਦੇ,
ਕਿਸ ਨੂੰ ਦਰਦ ਸੁਣਾਵਾਂ।
ਕੌਣ ਕੀਹਨੂੰ ਧਰਵਾਸਾ ਦੇਵੇ,
ਹਰ ਦਿਲ ਹੀ ਹੈ ਜ਼ਖ਼ਮੀ
ਆਪਣਿਆਂ ਸਾਹਾਂ ਨੂੰ ਕੋਸਾਂ,
ਆਪੇ ਦਿਆਂ ਦੁਆਵਾਂ।
ਅਰਮਾਨਾਂ ਨੂੰ ਖਾਹਸ਼ਾਂ ਲੁੱਟ ਲਿਆ,
ਚਾਵਾਂ ਨੂੰ ਅੱਗ ਲੱਗੀ,
ਉਜੜੀ ਹੈ ਫੁਲਵਾੜੀ ਦਿਲ ਦੀ,
ਨਾ ਕੋਈ ਪੱਤਰ ਸਾਵਾ।
ਵਿਚ ਪ੍ਰਦੇਸਾਂ ਏਦਾਂ ਰੁਲ਼ ਗਏ,
ਜਿਉਂ ਬੱਚੇ ਬਿਨ ਮਾਂਵਾਂ।
ਕਾਸ਼! ਸਾਨੂੰ ਕੋਈ ਬਾਹੋਂ ਫੜ ਕੇ,
ਆ ਦੱਸੇ ਸਿਰਨਾਵਾਂ।
ਕੌਣ ਅਸੀਂ ਹਾਂ? ਕੌਣ ਅਸਾਡਾ?
ਕਿਸ ਮੰਜ਼ਲ ਵੱਲ ਜਾਣਾ।
ਕੌਣ ਹੈ ਸਾਡੇ ਦਿਲ ਦਾ ਜਾਨੀ,
ਲਿਖ ਲਿਖ ਚਿੱਠੀਆਂ ਪਾਵਾਂ।
ਪੈਸੇ ਦੇ ਪੁੱਤ ਕਹਿਣ ਅਸਾਨੂੰ,
ਸੁਰਗ ਦੇਸ ਦੇ ਵਾਸੀ,
ਪੈਸਾ ਜਾਣੀ ਮਾਂ ਹੈ ਸਾਡੀ,
ਪੈਸਾ ਸਾਡੀ ਮਾਸੀ।
ਵੱਡੀਆਂ ਵੱਡੀਆਂ ਕੋਠੀਆਂ ਪਾਈਆਂ,
ਬਾਹਰ ਲਟਕਦੇ ਤਾਲੇ,
ਚੁਗਦੇ ਫਿਰਦੇ ਚੋਗ ਖਿਲਾਰੀ
ਲੋਕ ਕਹਿਣ ਪ੍ਰਵਾਸੀ!
ਜ਼ਖਮੀ ਰੂਹ 'ਤੇ ਮੇਕਅੱਪ ਕਰਕੇ
ਵਤਨ ਅਸੀਂ ਹਾਂ ਪਰਤੇ,
ਚਿਹਰਾ ਦੇਖ ਨਾ ਧੋਖਾ ਖਾ ਜੀਂ,
ਇਹ ਨਕਲੀ ਹੈ ਹਾਸੀ।
ਲੱਖ ਸੋਚਿਆ ਤੇ ਸੋਚਦਿਆਂ
ਵਕਤ ਗੁਜ਼ਰ ਗਿਆ ਖਾਸੀ
ਹਾਰ ਸਮਝ ਕੇ ਗਲ਼ ਵਿਚ ਪਾਇਆ
ਹੁਣ ਬਣ ਗਈ ਏ ਫਾਂਸੀ
ਵਾਪਸ ਮੁੜ ਜਾਂ ਘਰ ਅਪਣੇ ਨੂੰ
ਪਰ ਕਾਹਦਾ ਮੁੜਿਆ ਜਾਣਾ।
ਠੀਕ ਕਰਦਿਆਂ ਹੋਰ ਉਲਝਦਾ
ਇਹ ਜਿ਼ਦਗੀ ਦਾ ਤਾਣਾ।
ਸਰਵਣ ਪੁੱਤਰ ਝੂਠੇ ਪੈ ਗਏ,
ਕੋਲ਼ ਆਪਣੀਆਂ ਮਾਂਵਾਂ।
ਮਾਂ ਤਾਂ ਮਾਂ ਸੀ,ਦੱਸ ਕੀ ਕਰਦੀ,
ਦਿੰਦੀ ਰਹੀ ਦੁਆਵਾਂ।
ਦੁੱਧ ਦਾ ਕੋਈ ਦੋਸ਼ ਨਹੀਂ ਸੀ,
ਨਾ ਮਮਤਾ ਦਾ ਘਾਟਾ,
ਤੇਰੇ ਪੁੱਤ ਦੇ ਕਰਮੀਂ ਹੈ ਨੀ
ਮਾਂ ਇਸ ਘਰ ਦਾ ਆਟਾ।
ਪੁੱਤ ਤੇਰੇ ਦੇ ਪੈਰ 'ਚ ਚੱਕਰ
ਤੇਰਾ ਦੋਸ਼ ਨਾ ਕੋਈ।
ਠੰਡੇ ਠੰਡੇ ਹਾਉਕੇ ਲੈ ਲੈ
ਨਾ ਅੰਮੀਏਂ ਤੂੰ ਰੋਈ।
ਪੁੱਤ ਤੇਰੇ ਦੇ ਪੁੱਤ ਵੀ ਹੁਣ ਤਾਂ
ਸੁੱਖ ਨਾਲ਼ ਗੱਭਰੂ ਹੋ ਗੇ।
ਵਾਪਸ ਸ਼ਾਇਦ ਮੈਂ ਆ ਜਾਂਦਾ,
ਉਹ ਰਸਤਾ ਰੋਕ ਖੜੋਗੇ।
ਮੇਰੀ ਕਿਸਮਤ ਨਾਲ਼ ਇਨ੍ਹਾਂ ਦੇ
ਹੁਣ ਤਾਂ ਜੁੜ ਕੇ ਰਹਿ ਗੀ।
ਵੱਡੇ ਵੱਡੇ ਸੁਪਨਿਆਂ ਦੀ ਮਾਂ,
ਕੀਮਤ ਦੇਣੀ ਪੈ ਗੀ।
No comments:
Post a Comment