ਹੱਸਦਾ ਗਾਉਂਦਾ ਝੁੰਮਰ ਪਾਉਂਦਾ ਕਿੱਥੇ ਗਿਆ ਪੰਜਾਬ ਉਏ
ਇਸ਼ਕ ਦੀਆਂ ਜਿਸ ਸਿੰਜੀਆਂ ਫ਼ਸਲਾਂ ਦਿਸੇ ਨਾ ਮੇਰਾ ਚਨਾਬ ਉਏ
ਸਾਂਝੇ ਗੁਰੂਆਂ ਪੀਰਾਂ ਵਾਲ਼ਾ ਸਾਂਝੇ ਮੇਲੇ ਮਜ਼ਾਰ ਉਏ
ਦੋ ਬੇਗਾਨੇ ਦੇਸ਼ ਬਣ ਗਏ ਰੋ ਰੋ ਵਿਛੜੇ ਯਾਰ ਉਏ
ਮਨੁੱਖਾਂ ਕਤਲ ਮਨੁੱਖਤਾ ਕੀਤੀ ਕਹਿ ਕਹਿ ਪੁਨਅ ਸੁਆਬ ਉਏ
ਇਸ਼ਕ ਦੀਆਂ ਜਿਸ...........
ਲੈ ਲੋ ਬੰਬੀਆਂ ਟਿੰਡਾਂ ਮੋੜ ਦਿਉ ਗਾਧੀ ਕਾਂਜਣ ਮਾਲ੍ਹ ਉਏ
ਟਿੱਕ ਟਿੱਕ ਕਰਦੇ ਕੁੱਤੇ ਚਕਲੀਆਂ ਬਲ਼ਦ ਸਣੇ ਘੁੰਗਰਾਲ਼ ਉਏ
ਰਾਂਈ, ਬਾਬੇ ਬੁੱਲ੍ਹੇ ਵਰਗੇ ਖੂਹਾਂ ਦਾ ਹੁਸਨ ਸ਼ਬਾਬ ਉਏ
ਇਸ਼ਕ ਦੀਆਂ ਜਿਸ..............
ਚਾਂਦੀ ਵਰਗੇ ਪੰਜੇ ਪਾਣੀ ਕੀਤੇ ਤਾਰੋ ਤਾਰ ਉਏ
ਮਾਝਾ ਅਤੇ ਦੁਆਬਾ ਪਾੜੇ ਅਜੇ ਵੀ ਨਾ ਖਲ੍ਹਿਆਰ ਉਏ
ਫਿਰਕੂ ਅੱਗ ਦੀ ਭੱਠੀ ਪੈ ਕੇ ਹੋਇਆ ਵਤਨ ਕਬਾਬ ਉਏ
ਇਸ਼ਕ ਦੀਆਂ ਜਿਸ ..............
ਜੰਗਲ ਬੇਲੇ ਝਰਨੇ ਖੁੱਸਗੇ ਬਰਫਾਂ ਲੱਦੇ ਪਹਾੜ ਉਏ
ਐਸਾ ਤਿੜਕਿਆ ਭਾਈਚਾਰਾ ਹੋਇਆ ਜਵ੍ਹਾਂ ਦੁਫਾੜ ਉਏ
ਖੇਰੂੰ ਖੇਰੂੰ ਕੀਤਾ ਸਾਡਾ ਸੋਹਣਾ ਅਦਬ ਅਦਾਬ ਉਏ
ਇਸ਼ਕ ਦੀਆਂ ਜਿਸ.................
No comments:
Post a Comment