ਗਹਿਣੇ ਕਰਕੇ ਜ਼ਮੀਨ.......... ਗੀਤ / ਰਣਜੀਤ ਕਿੰਗਰਾ ( ਕੈਨੇਡਾ )

ਗਹਿਣੇ ਕਰਕੇ ਜ਼ਮੀਨ, ਘਰ ਲੁੱਟ ਪੱਟ ਕੇ
ਧੀ ਤਾਂ ਤੋਰੀ ਸੀ ਤੂੰ ਬਾਪੂ, ਘਰੋਂ ਘੁੱਟ ਵੱਟ ਕੇ
ਤੂੰ ਤਾਂ ਸੋਚਿਆ ਕਨੇਡਾ ਜਾ ਕੇ ਐਸ਼ ਕਰੂ, ਤੇਰੀ ਨਾਜੋ ਧੀ ਬਾਬਲਾ
ਕਿਵੇਂ ਮੌਤੋਂ ਭੈੜੀ ਜਿ਼ੰਦਗੀ ਹਾਂ ਕੱਟਦੀ, ਮੈਂ ਦੱਸਾਂ ਤੈਨੂੰ ਕੀ ਬਾਬਲਾ


ਮੈਨੂੰ ਅੰਮੜੀ ਭੁਲਾਇਆਂ ਵੀ ਨਾ ਭੁੱਲਦੀ, ਮੈਂ ਉਠ ਉਠ ਰੋਵਾਂ ਰਾਤ ਨੂੰ
ਜਦੋਂ ਸੱਸ ਨੂੰ ਬੁਲਾਵਾਂ ਪੈਂਦੀ ਖਾਣ ਨੂੰ, ਮੈਂ ਜੀ ਜੀ ਆਖਾਂ ਕਮਜ਼ਾਤ ਨੂੰ
ਸਹਿੰਦੀ ਤਾਹਨੇ ਤੇ ਤਸੀਹੇ ਨਿੱਤ ਸਹੁਰਿਆਂ ਦੇ , ਕਰਦੀ ਨਾ ਸੀ ਬਾਬਲਾ

ਤੇਰੇ ਜੁਆਈ ਨਾਲ਼ ਕਰਕੇ ਤਲਾਕ ਕਹਿਣ , ਸੱਸ ਦਾ ਭਤੀਜਾ ਸੱਦ ਲਾ
ਮੈਨੂੰ ਆਥਣ ਸਵੇਰ ਕਹਿੰਦੇ ਕਿਥੋਂ ਇਹ ਕੁਲਹਿਣੀ ਅਸੀਂ ਲਾਈ ਦੱਦ ਲਾ
ਗੱਲਾਂ ਵਿਚੋਂ ਦੀ ਐ ਕੱਲੀ ਕੱਲੀ ਕੱਢਦਾ ਇਹ ਕੱਲਾ ਕੱਲਾ ਜੀ ਬਾਬਲਾ

ਸਹੁਰੇ ਲੱਗਦੇ ਨੇ ਬਾਪੂ ਕੋਈ ਕੈਦ ਵੇ, ਤੇ ਮੰਦਾ ਹਾਲ ਜਿੰਦ ਸੋਹਲ ਦਾ
ਘਰ ਵੜਦਾ ਸ਼ਰਾਬ ਨਾਲ਼ ਰੱਜ ਕੇ , ਨਾ ਵੀ ਬੁਲਾਇਆਂ ਬੋਲਦਾ
ਜਾਣ ਲਿਖਿਆ ਮੁਕੱਦਰਾਂ 'ਚ ਮਿਲਿਆ, ਮੈਂ ਜ਼ਹਿਰ ਲਵਾਂ ਪੀ ਬਾਬਲਾ

ਨਿੱਤ ਉਠ ਕੇ ਸਵੇਰੇ ਮੱਥਾ ਟੇਕ ਥੋਡੀ, ਰੱਬ ਕੋਲੋਂ ਸੁੱਖ ਮੰਗਦੀ
ਭੈਣ, ਅੰਮੜੀਮ, ਸਹੇਲੀਆਂ ਤੇ ਬਾਪੂ ਤੇਰੀ ਯਾਦ 'ਚ ਦਿਹਾੜੀ ਲੰਘਦੀ
ਪਿੰਡ ਚਕਰ ਤੇ ਸੋਹਣੇ ਵੀਰ ਕਿੰਗਰੇ ਬਿਨਾ ਨਾ ਲੱਗੇ ਜੀ ਬਾਬਲਾ
ਕਿਵੇਂ ਮੌਤੋਂ ਭੈੜੀ ਜਿ਼ੰਦਗੀ ਆਂ ਕੱਟਦੀ, ਮੈਂ ਦੱਸਾਂ ਤੈਨੂੰ ਕੀ ਬਾਬਲਾ

No comments: