ਬਾਜ਼ੀਗਰਾਂ ਦੇ ਨਾ ਦੇਈਂ ਮਾਏ ਮੇਰੀਏ
ਹੱਥ ਵਿੱਚ ਬਗਲੀ ਫੜਾ ਦੇਣਗੇ
ਮੈਨੂੰ ਸੂਈਆਂ ਵੇਚਣ ਲਾ ਦੇਣਗੇ
ਪੁੱਛ ਨਾ ਨੀ ਮਾਏ ਇਹ ਸੂਈਆਂ ਕਿਵੇਂ ਚੁੱਭੀਆਂ
ਪਾੜ ਪਾੜ ਪੋਟਿਆਂ ਨੂੰ ਦਿਲ ਵਿੱਚ ਖੁੱਭੀਆਂ
ਅਸਾਂ ਜੋਬਨੇ ਦਾ ਸਾਲੂ ਤਾਂ ਪਰੁੰਨ੍ਹ ਛੱਡਿਆ
ਵਿਚ ਕਾਲਾ਼ ਰੰਗ ਬਿਰਹੇ ਦਾ ਖੁਣ ਛੱਡਿਆ
ਚੌਹਾਂ ਕੰਨੀਆਂ ਦੁਆਲ਼ੇ ਪਾਕੇ ਸੱਧਰਾਂ ਦੀ ਵੇਲ
ਵਿਚੋਂ ਚੱਪਾ ਚੱਪਾ ਪੀੜਾਂ ਨਾਲ਼ ਵਿੰਨ ਛੱਡਿਆ
ਕੱਢ ਸੂਈ ਦੇ ਨਖਾਰੇ ਵਿਚੋਂ ਸੱਧਰਾਂ ਦੀ ਡੋਰ
ਫੁੱਲ ਜਿੰਦ ਦਾ ਪਰੋ ਕੇ ਸੰਗ ਬੰਨ੍ਹ ਛੱਡਿਆ
ਕੌਣ ਕੱਢੂ ਨੀ ਕਸੀਦੇ, ਇੰਜ ਗਾਲ਼ ਗਾਲ਼ ਦੀਦੇ
ਉਹ ਤਾਂ ਘਰ ਘਰ ਸੂਈਆਂ ਪੁਚਾ ਦੇਣਗੇ
ਦਿਲ ਵਿੰਨ੍ਹ ਵਿੰਨ੍ਹ ਹਥਾਂ 'ਚ ਫੜਾ ਦੇਣਗੇ
ਊਠਾਂ ਵਾਲਿ਼ਆਂ ਦੇ ਨਾ ਦੇਈਂ ਮੇਰੇ ਬਾਬਲਾ
ਅੱਧੀ ਰਾਤੀਂ ਬਾਬਲਾ ਵੇ ਲੱਦ ਜਾਣਗੇ
ਸਾਡੇ ਧਰੇ ਮੁਕਲਾਵੇ ਛੱਡ ਜਾਣਗੇ
ਲੰਘ ਲੰਘ ਗਏ ਏਹਨੀ ਰਾਹੀਂ ਬੜੇ ਕਾਫਲੇ
ਊਠਾਂ ਵਾਲ਼ੇ ਦਿਲਾਂ ਉਤੇ ਧਿਜੇ ਨਹੀਓਂ ਬਾਬਲੇ
ਵਣਜ ਵਿਹਾਜੀਂ ਨਾ ਵੇ ਸੰਗ ਪਰਦੇਸੀਆਂ
ਜਿਨ੍ਹਾਂ ਸਾਡੇ ਰੋਗ ਦੀਆਂ ਨਬਜ਼ਾਂ ਨਾ ਦੇਖੀਆਂ
ਮੋਹਰਾਂ ਦੇ ਵਪਾਰੀਆਂ ਨੇ ਰੂਪ ਦੀਆਂ ਮਣੀਆਂ
ਪ੍ਰੀਤ ਦੇ ਤਰਾਜੂਆਂ ਤੇ ਰੱਖ ਕਦੋਂ ਜੋਖੀਆਂ
ਮਹਿਲਾਂ ਵਿਚ ਜੜੀਆਂ ਵੇ , ਰੇਤ ਵਿਚ ਰੋਲੀਆਂ
ਰਾਤ ਦੇ ਬਜ਼ਾਰੀਂ ਜਾ ਕੇ ਚੋਰਾਂ ਹੱਥ ਵੇਚੀਆਂ
ਲੱਖਾਂ ਹੀਰਿਆਂ ਦੇ ਤੁੱਲ, ਇੱਕ ਜਿੰਦੜੀ ਦਾ ਫੁੱਲ
ਐਵੇਂ ਊਠਾਂ ਦੀਆਂ ਪੈੜਾਂ ਹੇਠ ਮਿਧ ਜਾਣਗੇ
ਥਲ ਹੰਝੂਆਂ ਦੇ ਪਾਣੀਆਂ 'ਚ ਭਿੱਜ ਜਾਣਗੇ
ਸਿਰੋਂ ਉੱਤੇ ਵਗਦੇ ਝਨਾਵਾਂ ਵਿਚ ਪਾਣੀ ਵੇ
ਪੱਤਣਾਂ 'ਤੇ ਬੈਠਾ ਕੋਈ ਰਾਂਝਣੇ ਦਾ ਹਾਣੀ ਵੇ
ਜਿੰਦ ਹਿਜਰਾਂ ਦੇ ਖੋਭਿਆਂ 'ਚ ਖੁੱਭ ਜਾਏ ਨਾ
ਕਿਤੇ ਤਾਰੂਆਂ ਬਗੈਰ 'ਕੱਲੀ ਡੁੱਬ ਜਾਏ ਨਾ
No comments:
Post a Comment