ਮੈਲਬੋਰਨ ਵਿੱਚ ਭੰਨੇ ਸ਼ੀਸ਼ੇ ਦੀ ਗੂੰਜ ਭਾਰਤੀ ਵਿਦਿਆਰਥੀਆਂ ਨੂੰ ਸੁਣਨ ਲੱਗੀ.......... ਲੇਖ / ਮਿੰਟੂ ਬਰਾੜ

ਜਿਸ ਗਲ ਦਾ ਡਰ ਸੀ ਅਖੀਰ ਉਹੀ ਹੋਣੀ ਸ਼ੁਰੂ ਹੋ ਗਈ ਹੈ।ਪਿਛਲੇ ਦਿਨੀਂ ਆਸਟ੍ਰੇਲੀਆ ਚ ਵਿਦਿਆਰਥੀਆਂ ਨਾਲ ਵਾਪਰੇ ਹਾਦਸਿਆਂ ਨੂੰ ਜੋ ਰੰਗਤ ਦੇ ਕੇ ਸਾਡੇ ਮੀਡੀਆ ਤੇ ਕੁੱਝ ਇੱਕ ਮੌਕਾ ਪ੍ਰਸਤ ਲੋਕਾਂ ਨੇ ਜੋ ਪੁੰਨ ਦਾ ਕੰਮ ਕਰਨ ਦੀ ਕੋਸ਼ਸ਼ ਕੀਤੀ ਸੀ ਅਜ ਉਸ ਪੁੰਨ ਦਾ ਫਲ ਮਿਲਣਾ ਸ਼ੁਰੂ ਹੋ ਗਿਆ ਹੈ।ਬਸ ਫ਼ਰਕ ਇੰਨਾ ਕੁ ਹੈ ਕਿ ਇਹ ਫਲ ਮੀਡੀਆ ਤੇ ਇਹਨਾਂ ਅਖਾਉਤੀਆਂ ਦੀ ਬਜਾਏ ਨਾ ਸਮਝ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ।ਉਸ ਵਕਤ ਵੀ ਸਾਡੇ ਬਹੁਤ ਸਾਰੇ ਉਮਰ ਭੋਗ ਚੁੱਕੇ ਬੁੱਧੀਜੀਵੀਆਂ ਨੇ ਆਪਣੇ ਤਜਰਬੇ ਦੇ ਆਧਾਰ ਤੇ ਸਹੀ ਸੇਧ ਦੇਣ ਦੀ ਕੋਸ਼ਸ਼ ਕੀਤੀ ਸੀ ਪਰ ਕੁੱਝ ਇੱਕ ਲੋਕਾਂ ਨੇ ਇਹਨਾਂ ਦੀ ਗਲ ਨੂੰ ਆਮ ਆਦਮੀ ਤਕ ਨਹੀਂ ਪਹੁੰਚਣ ਦਿਤੀ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਇਸ ਸੰਵੇਦਨਸ਼ੀਲ ਮਸਲੇ ਨੂੰ ਸ਼ਾਂਤੀ ਨਾਲ ਨਜਿੱਠ ਲਿਆ ਜਾਵੇ।ਇਹਨਾਂ ਲੋਕਾਂ ਸਾਡੇ ਸਟੂਡੈਂਟਾਂ ਦੀ ਜੋਸ਼ ਨਾਲ ਭਰੀ ਜਵਾਨੀ ਨੂੰ ਵਰਤਣ ਦੀ ਕੋਸ਼ਸ਼ ਕੀਤੀ ਤੇ ਉਹ ਇਸ ਵਿੱਚ ਕਾਮਯਾਬ ਵੀ ਹੋਏ ਕਿਉਂਕਿ ਜਵਾਨੀ ਦੀ ਉਮਰ ਹੁੰਦੀ ਹੀ ਇਸ ਤਰ੍ਹਾਂ ਦੀ ਹੈ ਕਿ ਉਸ ਨੂੰ ਸ਼ਾਂਤੀ ਘੱਟ ਹੀ ਪਸੰਦ ਆਉਂਦੀ ਹੈ ਸੋ ਹੁਣ ਫਲ ਮਿਲ ਰਿਹਾ ਹੈ। ਭਾਵੇਂ ਇਹ ਫਲ ਹੈ ਕੋੜਾ ਹੀ ਪਰ “ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਹੀ ਵੱਢਣਾ ਪਉ” ਪਰ ਅਫ਼ਸੋਸ ਇਸ ਗਲ ਦਾ ਹੈ ਕਿ ਕਸੂਰ ਮੁੱਠੀ ਭਰ ਲੋਕਾਂ ਦਾ ਤੇ ਹੁਣ ਭੁਗਤਣਗੇ ਲੱਖਾਂ ਬੇਕਸੂਰ ਵਿਦਿਆਰਥੀ ਤੇ ਉਹਨਾਂ ਦੇ ਬੇਬਸ ਮਾਪੇ।
ਮੀਡੀਆ ਨੂੰ ਤਾਂ ਮੈਂ ਉਂਝ ਹੀ ਬੁਰਾ ਭਲਾ ਕਹੀ ਜਾਂਦਾ ਹਾਂ।ਉਹਨਾਂ ਦਾ ਕੀ ਕਸੂਰ ਇਹ ਤਾਂ ਉਹਨਾਂ ਦਾ ਕਾਰੋਬਾਰ ਹੈ ਜੇ "ਡੱਬੂ ਅੱਗ ਨਾ ਲਾਊ ਤਾਂ ਕੰਧ ਉਂਤੇ ਬੈਠ ਕੇ ਕੀ ਸਵਾਹ ਦੇਖੂ" ਸੋ ਉਹਨਾਂ ਵਿਚਾਰਿਆਂ ਤਾਂ ਆਪਣੇ ਕੰਮ ਨੂੰ ਬਖ਼ੂਬੀ ਅੰਜਾਮ ਦਿਤਾ, ਚੰਗੇ-ਮਾੜੇ ਨਤੀਜਿਆਂ ਬਾਰੇ ਸੋਚਣਾ ਤਾਂ ਵਿਦਿਆਰਥੀਆਂ ਦਾ ਕੰਮ ਸੀ।ਇਥੇ ਮੈਂ ਦਸ ਦੇਣਾ ਚਾਹੁੰਦਾ ਹਾਂ ਕਿ ਮੈਂ ਕੋਈ ਮੀਡੀਆ ਦਾ ਵੈਰੀ ਨਹੀਂ ਸਗੋਂ ਮੈਂ ਵੀ ਇਸ ਦਾ ਅੰਗ ਹਾਂ।ਬਸ ਤੁਸੀ ਇੰਜ ਕਹਿ ਸਕਦੇ ਹੋ ਕਿ ਹਰ ਇਕ ਥਾਂ ਤੇ ਗੱਦਾਰ ਹੁੰਦੇ ਹਨ ਸੋ ਇਥੇ ਇਹ ਭੂਮਿਕਾ ਮੈਂ ਨਿਭਾ ਰਿਹਾ ਹਾਂ।ਪਰ ਪਤਾ ਨਹੀਂ ਕਿਉਂ ਗ਼ੱਦਾਰੀ ਕਰਨ ਚ ਮਾਣ ਜਿਹਾ ਮਹਿਸੂਸ ਹੋ ਰਿਹਾ ਹੈ।ਇਥੇ ਮੈਂ ਆਪਣੇ ਆਪ ਨੂੰ ਗੱਦਾਰ ਲਿਖ ਕੇ ਕੋਈ ਮੱਲ ਨਹੀਂ ਮਾਰ ਰਿਹਾ ਹਾਂ।ਪਰ ਕੀ ਕਰਾ ਜਦੋਂ ਇਕ ਮੀਡੀਆ ਵਾਲੇ ਨੇ ਮੈਨੂੰ ਇਹ ਅਹੁਦਾ ਮੇਰੇ ਪਿਛਲੇ ਲੇਖ “ਆਸਟ੍ਰੇਲੀਆ ਚ ਵਿਦਿਆਰਥੀਆਂ ਤੇ ਹੋ ਰਹੇ ਹਮਲੇ ਪਿਛਲਾ ਸੱਚ” ਤੋਂ ਬਾਅਦ ਦਿਤਾ ਤਾਂ ਇਕ ਬਾਰ ਤਾਂ ਮੈਂ ਸੋਚਣ ਤੇ ਮਜਬੂਰ ਹੋ ਗਿਆ ਸੀ ਕਿ ਵਾਕਿਆ ਹੀ ਮੈਂ ਗੱਦਾਰ ਹਾਂ? ਪਰ ਅਗਲੇ ਹੀ ਪਲ ਮੇਰੀ ਆਤਮਾ ਨੇ ਮੈਨੂੰ ਝੰਜੋੜਿਆ ਕਿ ਜੇ ਗ਼ਲਤ ਰਸਤੇ ਜਾਂਦੇ ਨੂੰ ਰਸਤਾ ਦਿਖਾਉਣਾ ਤੇ ਲੱਖਾਂ ਬੇਕਸੂਰ ਮਾਪਿਆ ਦੇ ਅਰਮਾਨਾਂ ਨੂੰ ਪੂਰਾ ਕਰਨ ਚ ਮਦਦ ਕਰਨ ਨੂੰ ਗ਼ੱਦਾਰੀ ਕਹਿੰਦੇ ਹਨ ਤਾਂ ਇਹ ਗ਼ੱਦਾਰੀ ਮੈਂ ਸਾਰੀ ਉਮਰ ਕਰਨ ਨੂੰ ਤਿਆਰ ਹਾਂ।ਮੈਂ ਇਥੇ ਸੰਖੇਪ ਵਿੱਚ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਉਂਤੇ ਹਮਲਿਆਂ ਦੀ ਅੱਗ ਬਲ ਰਹੀ ਸੀ ਤਾਂ ਸਾਡੇ ਤਕਰੀਬਨ ਸਾਰੇ ਟੀ.ਵੀ. ਚੈਨਲ ਇਸ ਅੱਗ ਤੇ ਨਸਲਵਾਦ ਦਾ ਤੇਲ ਪਾ-ਪਾ ਕੇ ਸੇਕ ਰਹੇ ਸਨ।ਪਹਿਲਾਂ ਤਾਂ ਮੈਂ ਉਹ ਲੇਖ ਲਿਖਿਆ ਉਸ ਨੂੰ ਲੋਕਾਂ ਬਹੁਤ ਹੁੰਗਾਰਾ ਦਿਤਾ ਤੇ ਮੇਰੀ ਆਸ ਦੇ ਉਲਟ ਸਿਰਫ਼ ਇਕ ਫ਼ੋਨ ਕਾਲ ਨੂੰ ਛੱਡ ਕੇ ਦੁਨੀਆ ਭਰ ਤੋਂ ਮੈਨੂੰ ਹੱਲਾਸ਼ੇਰੀ ਮਿਲੀ ਤੇ ਸ਼ਾਇਦ ਹੀ ਕੋਈ ਇਹੋ ਜਿਹਾ ਪੰਜਾਬੀ ਅਖ਼ਬਾਰ ਜਾ ਸਾਈਟ ਹੋਵੇਗੀ ਜਿੱਥੇ ਇਹ ਛਪਿਆ ਨਾ ਹੋਵੇ।ਇਥੋਂ ਤਕ ਕਿ ਇਹ ਲੇਖ ਇੰਡੀਆ ਵਿੱਚ ਚੌਦਾਂ ਭਾਸ਼ਾਵਾਂ ਵਿੱਚ ਛਪਿਆ ਤੇ ਇਸੇ ਹੱਲਾਸ਼ੇਰੀ ਨਾਲ ਮੇਰੇ ਅੰਦਰ ਹੋਰ ਹੌਸਲਾ ਆ ਗਿਆ ਤੇ ਮੈਂ ਮਿਲਾ ਲਿਆ ਇਕ ਨਿਊਜ਼ ਚੈਨਲ ਨੂੰ ਫ਼ੋਨ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀ ਕਿਉਂ ਨਹੀਂ ਸਾਨੂੰ ਆਰਾਮ ਨਾਲ ਰਹਿਣ ਦਿੰਦੇ ,ਤੁਹਾਨੂੰ ਵੀ ਪਤਾ ਹੈ ਕਿ ਆਸਟ੍ਰੇਲੀਆ ਚ ਅੱਗ ਧੁਖ ਰਹੀ ਹੈ ਕਿਉਂ ਬਾਰ-ਬਾਰ ਬੇਤੁਕੀਆਂ ਖ਼ਬਰਾਂ ਦਿਖਾ ਕੇ ਤੇਲ ਪਾ ਰਹੇ ਹੋ ਤਾਂ ਅੱਗੋਂ ਮਹਾਸ਼ਾ ਕਹਿੰਦੇ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਸਲੀ ਗਲ ਕੀ ਹੈ ਪਰ ਅਸੀਂ ਤਾਂ ਉਹ ਹੀ ਦਿਖਾਉਣਾ ਹੈ ਜੋ ਪਬਲਿਕ ਪਸੰਦ ਕਰਦੀ ਹੈ ਸਾਨੂੰ ਸੱਚ ਝੂਠ ਨਾਲ ਕੋਈ ਮਤਲਬ ਨਹੀਂ।ਇੰਨਾ ਸੁਣਦਿਆਂ ਸਾਰ ਹੀ ਮੈਂ ਉਸ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਯਾਦ ਕਰਵਾਉਣ ਲਗ ਪਿਆ ਤਾਂ ਸਾਹਿਬ ਕਹਿੰਦੇ ਸਾਡਾ ਮੀਡੀਆ ਤਾਂ ਹੀ ਤਾਂ ਤਰੱਕੀ ਨਹੀਂ ਕਰ ਰਿਹਾ ਕਿਉਂਕਿ ਤੇਰੇ ਜਿਹੇ ਗੱਦਾਰ ਇਸ ਵਿੱਚ ਆ ਗਏ ਹਨ।ਚਲੋ ਇਸ ਵਾਰਤਾਲਾਪ ਦਾ ਜੋ ਵੀ ਅੰਤ ਹੋਇਆ ਪਰ ਅਗਲੇ ਕੁੱਝ ਕੁ ਮਿੰਟਾਂ ਬਾਅਦ ਉਸ ਚੈਨਲ ਤੇ ਇਕ ਕੈਂਪਸ਼ਨ ਬਾਰ ਬਾਰ ਚੱਲ ਰਿਹਾ ਸੀ ਜੇ ਤੁਸੀ ਆਸਟ੍ਰੇਲੀਆ ਜਾ ਰਹੇ ਹੋ ਤਾਂ ਉਥੋਂ ਦੇ ਕਾਇਦੇ ਕਾਨੂੰਨ ਤੇ ਰਹਿਣ ਸਹਿਣ ਦਾ ਢੰਗ ਜਰੂਰ ਸਿੱਖ ਕੇ ਜਾਓ।ਲੱਗਦਾ ਆਪਣੇ ਵਿਸ਼ੇ ਤੋਂ ਭੜਕ ਗਿਆ ਹਾਂ ਆਖਿਰ ਕਲਯੁਗੀ ਇਨਸਾਨ ਹਾਂ ਭਾਵੁਕਤਾ ਚ ਬਹਿ ਗਿਆ ਸੀ ।
ਅੱਜ ਅਸਲੀ ਮੁੱਦਾ ਇਹ ਹੈ ਕਿ ਸਾਨੂੰ ਡਰ ਕਿਸ ਗਲ ਦਾ ਸੀ ਤੇ ਉਹ ਹੁਣ ਕਿੰਜ ਅਮਲੀ ਰੂਪ ਵਿੱਚ ਆਉਣੀ ਸ਼ੁਰੂ ਹੋ ਗਈ ਹੈ? ਜਦੋਂ ਵਿਦਿਆਰਥੀਆਂ ਤੇ ਹਮਲੇ ਹੋ ਰਹੇ ਸਨ ਤਾਂ ਹਰ ਇਕ ਦੀ ਹਮਦਰਦੀ ਸਾਡੇ ਨਾਲ ਸੀ ਕਿਉਂਕਿ ਇਹ ਬਹੁਤ ਹੀ ਮੰਦਭਾਗਾ ਹੋ ਰਿਹਾ ਸੀ ਤੇ ਬੱਸ ਇਸ ਭਖਦੇ ਮਸਲੇ ਨੂੰ ਕੁੱਝ ਕੁ ਲੋਕਾਂ ਨੇ ਨਸਲੀ ਰੂਪ ਦੇਣ ਤੇ ਲੱਕ ਬੰਨ੍ਹ ਲਿਆ।ਭਾਵੇਂ ਅਸੀਂ ਪੂਰਨ ਰੂਪ ਵਿੱਚ ਇਸ ਗਲ ਤੋਂ ਮੁਨਕਰ ਨਹੀਂ ਹੋ ਸਕਦੇ ਪਰ ਇਹ ਪੂਰਨ ਰੂਪ ਵਿੱਚ ਨਸਲੀ ਵੀ ਨਹੀਂ ਸਨ ਤੇ ਜ਼ਿਆਦਾਤਰ ਹਮਲੇ ਨਸ਼ੇਈ ਕਿਸਮ ਦੇ ਲੋਕਾਂ ਵੱਲੋਂ ਕੀਤੇ ਗਏ ਸਨ ਸੋ ਇਸ ਨੂੰ ਰੋਕਣ ਦਾ ਫਰਜ਼ ਆਸਟ੍ਰੇਲੀਆ ਗੌਰਮਿੰਟ ਦਾ ਸੀ ਤੇ ਸਾਡਾ ਫਰਜ਼ ਸੀ ਇਸ ਗਲ ਨੂੰ ਸਰਕਾਰ ਤਕ ਪਹੁੰਚਾਉਣਾ।ਸਭ ਕੁੱਝ ਠੀਕ ਠਾਕ ਚੱਲ ਰਿਹਾ ਸੀ।ਪਰ ਇਸ ਕੰਮ ਲਈ ਜੋ ਰਾਹ ਆਪਾਂ ਚੁਣਿਆ ਕਿ ਉਹ ਸਹੀ ਸੀ?ਚਲੋ ਰੋਸ ਕਰਨਾ ਵੀ ਆਪਣਾ ਹੱਕ ਬਣਦਾ ਹੈ ਪਰ ਕੀ ਇਸ ਮੁਲਕ ਦੇ ਮਹੌਲ ਮੁਤਾਬਿਕ ਆਮ ਜਨਤਾ ਦੇ ਕੰਮਾਂ-ਕਾਰਾਂ ਚ ਵਿਘਨ ਪਾਉਣਾ,ਸਰਕਾਰੀ ਤੇ ਗ਼ੈਰਸਰਕਾਰੀ ਜਾਇਦਾਦ ਦਾ ਨੁਕਸਾਨ ਕਰਨਾ ਆਦਿ ਕੀ ਜਾਇਜ਼ ਸੀ ?ਡਿਪਲੋਮੈਟਿਕ ਪੱਧਰ ਤੇ ਗੱਲਬਾਤ ਹੋ ਰਹੀ ਸੀ ਤੇ ਇੰਡੀਆ ਦੀ ਸਰਕਾਰ ਆਪਣਾ ਦਬਾਅ ਬਣਾ ਰਹੀ ਸੀ ਪਰ ਇਹਨਾਂ ਗੱਲਾਂ ਤੇ ਸਵਰ ਨਾ ਕੀਤਾ ਗਿਆ ਤੇ ਨਤੀਜਿਆਂ ਦਾ ਇੰਤਜ਼ਾਰ ਕਰਨ ਦੀ ਥਾਂ ਗ਼ਲਤ ਰਸਤਾ ਚੁਣ ਲਿਆ ਜਿਸ ਦੀ ਇਸ ਮੁਲਕ ਚ ਕੋਈ ਲੋੜ ਨਹੀਂ ਸੀ।ਜੋਸ਼ ਵਿੱਚ ਆ ਕੇ 1859 ਵਿੱਚ ਬਣੇ ਫਿਲਇੰਡਰ ਰੇਲਵੇ ਸਟੇਸ਼ਨ ਦੀ ਇਤਿਹਾਸਿਕ ਇਮਾਰਤ ਉੱਤੇ ਆਸਟ੍ਰੇਲੀਆ ਦੇ ਝੰਡੇ ਦੀ ਥਾਂ ਇੰਡੀਆ ਦਾ ਝੰਡਾ ਲਹਿਰਾ ਦਿਤਾ ਅਤੇ ਸ਼ੀਸ਼ੇ ਭੰਨ ਦਿੱਤੇ ਇਹ ਤਾਂ ਸ਼ੁਕਰ ਹੈ ਕਿ ਇਥੇ ਇਸ ਗਲ ਦਾ ਜਿਆਦਾ ਫ਼ਰਕ ਨਹੀਂ ਕਿਉਂਕਿ ਇਥੋਂ ਦੇ ਕਲਚਰ ਵਿੱਚ ਇਹ ਲੋਕ ਆਪ ਹੀ ਝੰਡੇ ਦੀਆ ਕੱਛਾਂ ਸਮਾ ਕੇ ਪਾਈ ਫਿਰਦੇ ਹਨ ਤੇ ਜੇ ਇਹੀ ਇੰਡੀਆ ਚ ਇੰਡੀਆ ਦੇ ਝੰਡੇ ਨਾਲ ਹੋਇਆ ਹੁੰਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹ ਗਲ ਕਿਥੇ ਜਾ ਕੇ ਮੁੱਕਣੀ ਸੀ।ਹੁਣ ਮੈਲਬੋਰਨ ਵਿੱਚ ਭੰਨੇ ਸ਼ੀਸ਼ੇ ਦਾ ਕਚ ਸਾਰੇ ਆਸਟ੍ਰੇਲੀਆ ਵਿੱਚ ਖਿੱਲਰ ਗਿਆ ਲੱਗਦਾ ਹੈ ਤੇ ਹੁਣ ਵਿਦਿਆਰਥੀਆਂ ਵੱਲੋਂ ਪੁੱਟੇ ਹਰ ਕਦਮ ਚ ਇਸ ਦੀ ਰੜਕ ਪੈਣੀ ਸ਼ੁਰੂ ਹੋ ਚੁੱਕੀ ਹੈ।
ਮੈਲਬੋਰਨ ਰੈਲੀ ਵਿੱਚ ਸ਼ੀਸ਼ੇ ਤੇ ਪੱਥਰ ਮਾਰਨ ਵਾਲੇ ਨੇ ਉਹ ਪੱਥਰ ਸ਼ੀਸ਼ੇ ਤੇ ਨਹੀਂ ਸੀ ਮਾਰਿਆ ਉਹ ਤਾਂ ਉਸ ਨੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਤੇ ਮਾਰਿਆ ਸੀ।ਬਸ ਇਹੀ ਗਲ ਇਥੇ ਸਮਝ ਨਹੀਂ ਆਉਂਦੀ ਕਿ ਜੋ ਮੁਲਕ ਸੌਰੀ,ਥੈਂਕ ਯੂ ਅਤੇ ਐਂਕਸਕਿਊਜ਼ ਮੀ ਪਲੀਜ਼ ਤੇ ਚਲਦਾ ਹੋਵੇ ਉਂਥੇ ਭੰਨ-ਤੋੜ ਦੀ ਕੀ ਨੌਬਤ ਆ ਗਈ ਸੀ? ਸ਼ਾਇਦ ਇਹਨਾਂ ਸੋਚਿਆ ਕਿ ਸ਼ੀਸ਼ੇ ਫੁੱਟਣ ਦੀ ਗੂੰਜ ਨਾਲ ਆਸਟ੍ਰੇਲੀਆ ਦੀ ਸਰਕਾਰ ਛੇਤੀ ਜਾਗ ਪਵੇਗੀ। ਪਰ ਉਸ ਵਕਤ ਗੋਰਿਆ ਸਿਰਫ਼ ਇਕ ਹੀ ਗਲ ਕਹੀ ਸੀ ਕਿ ਸਾਡੀ ਸਦੀਆਂ ਪੁਰਾਣੀ ਇਮਾਰਤ ਨਾਲ ਦੁਰਵਿਹਾਰ ਹੋਣ ਨਾਲ ਦਿਲ ਦੁਖਿਆ ਹੈ ਤੇ ਉਸੇ ਵਕਤ ਹੀ ਆਸਟ੍ਰੇਲੀਆ ਚ ਪੁਰਾਣੇ ਰਹਿ ਰਹੇ ਬੰਦਿਆ ਦੇ ਸਮਝ ਵਿੱਚ ਇਹ ਗਲ ਆ ਗਈ ਸੀ ਕਿ ਹੁਣ ਕੀ ਹੋਣ ਵਾਲਾ ਹੈ ਕਿਉਂਕਿ ਉਹਨਾਂ ਦਾ ਤਜਰਬਾ ਕਹਿੰਦਾ ਸੀ ਕਿ ਇਥੋਂ ਦੀਆਂ ਸਰਕਾਰਾਂ ਰੌਲਾ ਪਾਉਣ ਦੀ ਥਾਂ ਤੇ ਨਤੀਜੇ ਦੇਣ ਚ ਵਿਸ਼ਵਾਸ ਕਰਦੀਆਂ ਹਨ।ਸ਼ੀਸ਼ੇ ਫੁੱਟਣ ਦੀ ਉਹ ਗੂੰਜ ਨੇ ਗੋਰਿਆ ਦਾ ਤਾਂ ਇਕੱਲਾ ਦਿਲ ਹੀ ਦੁਖਾਇਆ ਸੀ ਪਰ ਸਾਡੇ ਲੱਖਾਂ ਬੇਕਸੂਰ ਵਿਦਿਆਰਥੀਆਂ ਦਾ ਪਤਾ ਨਹੀਂ ਹੁਣ ਕੀ ਕੀ ਦੁਖਾਊ?ਹੁਣ ਤਾਂ ਇੰਝ ਲਗ ਰਿਹਾ ਹੈ ਕਿ “ਬਹੁਤਾ ਖਾਂਦੀ ਥੋੜ੍ਹੇ ਤੋਂ ਵੀ ਜਾਂਦੀ”ਵਾਲੀ ਗਲ ਹੋਣ ਵਾਲੀ ਹੈ।
ਆਸਟ੍ਰੇਲੀਆ ਸਰਕਾਰ ਨੇ ਚੂੜੀਆਂ ਕਸਣੀਆਂ ਸ਼ੁਰੂ ਕਰ ਦਿੱਤੀ ਹਨ ਤੇ ਹੋਲੀ ਹੋਲੀ ਵਿਦਿਆਰਥੀ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਨ ਲਗ ਗਏ ਹਨ।ਹਰ ਇਕ ਜੋੜ ਤੋੜ ਲਾ ਰਿਹਾ ਹੈ ਕਿ ਉਸ ਦਾ ਅਸਲੀ ਮਕਸਦ ਆਸਟ੍ਰੇਲੀਆ ਵਿੱਚ ਪੱਕਾ ਹੋਣਾ, ਹੁਣ ਕਿਵੇਂ ਪੂਰਾ ਹੋਵੇਗਾ?ਕਿਉਂਕਿ ਸਰਕਾਰ ਨੇ ਕੁੱਝ ਇੱਕ ਕੋਰਸਾਂ ਵਿੱਚ ਪੱਕਾ ਹੋਣ ਲਈ ਆਈਲਟਸ ਵਿੱਚ ਸਤ-ਸਤ ਬੈਂਡ ਲਾਜ਼ਮੀ ਕਰ ਦਿੱਤੇ ਹਨ।ਵਰਕ ਐਂਕਸਪੀਰੀਐਂਸ ਜੋ ਅੱਗੇ ਇਧਰੋ-ਉਧਰੋਂ ਬਣ ਕੇ ਚੱਲ ਜਾਂਦਾ ਸੀ ਉਹ ਹੁਣ ਗ਼ਲਤ ਹੋਣ ਦੀ ਹਾਲਤ ਵਿੱਚ ਕੁੱਝ ਇੱਕ ਵਿਦਿਆਰਥੀ ਕ੍ਰਿਮੀਨਲ ਕੇਸ ਦਾ ਸਾਹਮਣਾ ਕਰ ਰਹੇ ਹਨ।ਆਈਲਟਸ ਦੇ ਵਿੱਚ ਫੜੇ ਗਏ ਫਰਾਡ ਤੋਂ ਬਾਅਦ ਹੁਣ ਇਸ ਉੱਤੇ ਤੇਜ ਨਿਗਾਹ ਰੱਖੀ ਜਾ ਰਹੀ ਹੈ।ਬਹੁਤ ਸਾਰੇ ਨਵੇਂ ਪੁਰਾਣੇ ਵਿਦਿਆਰਥੀਆਂ ਨਾਲ ਗਲ ਕਰਨ ਤੇ ਨਵੇਂ-ਨਵੇਂ ਖ਼ੁਲਾਸੇ ਸਾਹਮਣੇ ਆ ਰਹੇ ਹਨ।ਇਸ ਤੋਂ ਪਹਿਲਾਂ ਜੋ ਵਿਦਿਆਰਥੀ ਇਕ ਹਫ਼ਤੇ ਵਿੱਚ ਵੀਹ ਘੰਟਿਆਂ ਦੀ ਥਾਂ ਤੇ ਚਾਲੀ-ਪੰਜਾਹ ਘੰਟੇ ਕੰਮ ਕਰਦੇ ਸਨ ਸਭ ਤੇ ਲਗਾਮ ਕਸ ਦਿੱਤੀ ਹੈ ਪਹਿਲਾਂ ਵੀ ਵਿਦਿਆਰਥੀਆਂ ਦੇ ਸ਼ੋਸ਼ਣ ਦੀਆਂ ਇੱਕਾ-ਦੁੱਕਾ ਖ਼ਬਰਾਂ ਸੁਣਦੇ ਸੀ,ਹੁਣ ਇਹ ਹਰ ਮੋੜ ਤੇ ਸੁਣਾਈ ਦੇ ਰਹੀਆਂ ਹਨ।ਵਿਦਿਆਰਥੀਆਂ ਲਈ ਟੈਕਸੀ ਚਲਾਉਣ ਲਈ ਪਹਿਲਾਂ ਇਕੱਲੇ ਸਿਡਨੀ ਵਿੱਚ ਬੰਦ ਸੀ ਪਰ ਹੁਣ ਹਰ ਕਿਤੇ ਲਾਇਸੈਂਸ ਲੈਣ ਲਈ ਮੁਸ਼ਕਲਾਂ ਆ ਰਹੀਆਂ ਹਨ।ਇਸ ਸੰਬੰਧੀ ਇਕ ਹਕੀਕਤ ਐਡੀਲੇਡ ਦੀ ਸੁਣੋ, ਇੱਕ ਸਰ ਵੀਜ਼ਾ ਤੇ ਆਇਆ ਇੰਡੀਅਨ ਆਪਣਾ ਲਾਇਸੈਂਸ ਦਾ ਪਤਾ ਬਦਲਾਉਣ ਅਥਾਰਟੀ ਦੇ ਦਫ਼ਤਰ ਗਿਆ ਤਾਂ ਉਸ ਤੋਂ ਪੰਝੱਤਰ ਸੋ ਡਾਲਰ ਫਾਈਨ ਇਸ ਲਈ ਮੰਗਿਆ ਗਿਆ ਕਿਉਂਕਿ ਉਹ ਆਪਣਾ ਪਤਾ ਬਦਲਾਉਣ ਵਿੱਚ ਕੁੱਝ ਦਿਨ ਲੇਟ ਹੋ ਗਿਆ ਸੀ।ਉਸ ਨੇ ਸਾਰੀ ਗਲ ਮੈਨੂੰ ਫ਼ੋਨ ਕਰਕੇ ਦੱਸੀ ਤਾਂ ਜਦ ਮੈਂ ਉਸ ਅਫ਼ਸਰ ਨਾਲ ਗਲ ਕੀਤੀ ਤੇ ਕਿਹਾ ਕਿ ਐਨਾ ਜਿਆਦਾ ਜੁਰਮਾਨਾ ਕਿਉਂ? ਕਿਤੇ ਇਹ ਤਾਂ ਨਹੀਂ ਕਿ ਅਸੀਂ ਇੰਡੀਅਨ ਹਾਂ? ਉਹ ਕਹਿੰਦਾ ਬਸ ਇੰਜ ਹੀ ਸਮਝ ਲਓ ਬੱਸ ਇੰਨਾ ਸੁਣਦੇ ਮੈਂ ਭੜਕ ਪਿਆ ਕਿ ਮੈਂ ਆਸਟ੍ਰੇਲੀਆ ਦੀ ਵਕਾਲਤ ਕਰ ਰਿਹਾ ਹਾਂ ਤੇ ਤੁਸੀ ਇਹ ਹਰਕਤ ਕਰਕੇ ਮੈਨੂੰ ਸੋਚਣ ਤੇ ਮਜਬੂਰ ਕਰ ਦਿਤਾ ਕਿ ਤੁਸੀ ਵਾਕਿਆ ਹੀ ਭੇਦਭਾਵ ਕਰਦੇ ਹੋ ਤਾਂ ਉਸ ਅਫ਼ਸਰ ਨੇ ਮੈਨੂੰ ਕਿਹਾ ਨਹੀਂ ਇਹ ਕੋਈ ਨਸਲਵਾਦ ਕਰਕੇ ਨਹੀਂ ਇਹ ਤਾਂ ਇਸ ਲਈ ਹੈ ਕਿ ਕਾਨੂੰਨ ਤੋੜਨ ਤੇ ਫਰਾਡ ਕਰਨ ਵਿੱਚ ਇਥੇ ਇੰਡੀਅਨ ਸਭ ਤੋਂ ਮੂਹਰੇ ਹਨ ਇਸ ਲਈ ਸਾਨੂੰ ਅਜ ਕਲ ਵਿਸ਼ੇਸ਼ ਹਿਦਾਇਤਾਂ ਮਿਲਿਆ ਹਨ ਕਿ ਜਿਥੇ ਵੀ ਇੰਡੀਅਨ ਸ਼ਬਦ ਆ ਜਾਵੇ ਉਸ ਦੀ ਪੜਤਾਲ ਗਹਿਰਾਈ ਨਾਲ ਕਰੋ ਸੋ ਅਸੀਂ ਤਾਂ ਆਪਣਾ ਫਰਜ਼ ਨਿਭਾ ਰਹੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੁਰਾਈ ਸਾਡੇ ਮੁਲਕ ਚ ਆਵੇ।ਉਸ ਦੀ ਇਹ ਦਲੀਲ ਸੁਣਕੇ ਮੇਰੇ ਕੋਲ ਕੋਈ ਸ਼ਬਦ ਨਹੀਂ ਸਨ ਕਿਉਂਕਿ ਉਹ ਕੋਈ ਇੰਜ ਹੀ ਨਹੀਂ ਕਹਿ ਰਿਹਾ ਸੀ ਸਭ ਕੁਝ ਤੱਥਾ ਦੇ ਆਧਾਰਿਤ ਹੀ ਬੋਲ ਰਿਹਾ ਸੀ।ਮੈਨੂੰ ਦੋ ਮਿੰਟ ਰੁਕਣ ਲਈ ਕਹਿ ਕੇ ਜਦ ਉਹ ਵਾਪਿਸ ਆਇਆ ਤਾਂ ਉਸ ਨੇ ਅਖ਼ਬਾਰਾਂ ਦਾ ਥੱਬਾ ਮੇਰੇ ਮੂਹਰੇ ਰੱਖ ਦਿਤਾ ਤੇ ਕਹਿੰਦਾ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਹੁਣੇ ਪੜ੍ਹ ਲਓ ਨਹੀਂ ਤਾਂ ਮੈਂ ਤੁਹਾਨੂੰ ਖ਼ਾਸ ਖ਼ਬਰਾਂ ਦੀਆਂ ਫੋਟੋ ਕਾਪੀਆਂ ਕਰ ਦਿੰਦਾ ਹਾਂ।ਮੈਂ ਸਭ ਜਾਣਦਾ ਹੋਇਆ ਅਨਜਾਣ ਜਿਹਾ ਬਣ ਕੇ ਉਥੋਂ ਤੁਰਦਾ ਬਣਿਆ।
ਜਿਵੇਂ ਭਾਰਤੀ ਮੀਡੀਆ ਨੇ ਕਸਰ ਨਹੀਂ ਛੱਡੀ ਸੀ ਆਸਟ੍ਰੇਲੀਆ ਨੂੰ ਦੁਨੀਆ ਭਰ ਮੂਹਰੇ ਨਸਲਵਾਦੀ ਬਣਾਉਣ ਦੀ ਤੇ ਹੁਣ ਇਸੇ ਕੰਮ ਦੀ ਭਾਜੀ ਆਸਟ੍ਰੇਲੀਆ ਮੀਡੀਆ ਬਖ਼ੂਬੀ ਮੋੜ ਰਿਹਾ ਹੈ।ਜਿਸ ਦੇ ਸਬੂਤ ਤੁਹਾਡੇ ਸਾਹਮਣੇ ਹਨ ਪਿਛਲੇ ਇਕ ਹਫ਼ਤੇ ਦੇ ਆਸਟ੍ਰੇਲੀਆ ਦੇ ਮੋਢੀ ਅਖ਼ਬਾਰ ਚੱਕ ਕੇ ਦੇਖ ਲਵੋ।ਉਹ ਇਕ ਵੀ ਇਹੋ ਜਿਹੀ ਖ਼ਬਰ ਅੱਖੋਂ ਉਹਲੇ ਨਹੀਂ ਹੋਣ ਦਿੰਦੇ ਜਿਸ ਵਿੱਚ ਭਾਰਤੀਆਂ ਦੀ ਸ਼ਮੂਲੀਅਤ ਹੋਵੇ।ਭਾਵੇਂ ਮੈਲਬੋਰਨ ਤੋਂ ਛਪਦਾ ਡੇਲੀ ਅਖ਼ਬਾਰ “ਦੀ ਹਰਅਲਡਸਨ” ਹੋਵੇ ਤੇ ਭਾਵੇਂ ਆਸਟ੍ਰੇਲੀਆ ਦੇ ਮੁੱਖ ਅਖ਼ਬਾਰ “ਦੀ ਆਸਟ੍ਰੇਲੀਅਨ” ਜਾਂ “ਦੀ ਏਜ” ਹੋਵੇ।ਭਾਵੇਂ ਛੋਟੇ ਮੋਟੇ ਝਗੜੇ ਪਹਿਲਾਂ ਵੀ ਹੁੰਦੇ ਰਹਿੰਦੇ ਸਨ ਪਰ ਇਸ ਬਾਰ ਅਖ਼ਬਾਰ ਨੇ ਪੰਜ ਚਾਰ ਡਾਲਰ ਪਿਛੇ ਘਸੁੰਨ-ਮੁੱਕੀ ਹੁੰਦੇ ਦੋ ਟੈਕਸੀ ਡਰਾਈਵਰਾਂ ਦੀ ਫੋਟੋ ਮੂਹਰਲੇ ਪੰਨੇ ਤੇ ਛਾਪ ਕੇ ਸਾਰੇ ਜੱਗ ਨੂੰ ਸਾਡੇ ਵਿਵਹਾਰ ਤੋਂ ਜਾਣੂ ਕਰਵਾਉਣ ਦੀ ਕੋਸ਼ਸ਼ ਕੀਤੀ ਗਈ ਹੈ ਤੇ ਇਕ ਹੋਰ ਖ਼ਬਰ ਮੁਤਾਬਿਕ ਇਕ ਪੰਜਾਬੀ ਫੈਮਿਲੀ ਦੀ ਇਕ ਵਿਆਹ ਦੌਰਾਨ ਖਿੱਚੀ ਫੋਟੋ ਅਖ਼ਬਾਰ ਨੇ ਬੜੇ ਚਾਅ ਨਾਲ ਪਹਿਲੇ ਪੰਨੇ ਤੇ ਲਾਈ ਹੈ ਤੇ ਲਿਖਿਆ ਹੈ ਕਿ ਇਸ ਫੈਮਿਲੀ ਨੂੰ ਪੰਜਾਹ ਹਜ਼ਾਰ ਡਾਲਰ ਦੇ ਫਰਾਡ ਵਿੱਚ ਸਜਾ ਹੋਈ ਹੈ ਤੇ “ਦਾ ਆਸਟ੍ਰੇਲੀਅਨ” ਵਿੱਚ ਛਪੀ ਇੱਕ ਰਿਪੋਰਟ ਨੇ ਤਾਂ ਸਾਡਾ ਕੱਚਾ ਚਿੱਠਾ ਹੀ ਖੋਲ੍ਹ ਕੇ ਰੱਖ ਦਿਤਾ ਹੈ ਜਿਸ ਦਾ ਸਿਰਲੇਖ ਹੀ ਇਹ ਦਿਤਾ ਹੈ ਕਿ ਝੂਠ ਤੇ ਬੇਈਮਾਨੀ ਦੇ ਸਹਾਰੇ ਪੜ੍ਹਾਈ।ਛੇਤੀ ਹੀ ਇਸ ਵਿਸ਼ੇ ਤੇ ਡਾਕੂਮੈਂਟਰੀ ਫ਼ਿਲਮ ਵੀ ਟੀ.ਵੀ. ਉੱਤੇ ਦਿਖਾਈ ਜਾਵੇਗੀ ਇਸ ਲੇਖ ਵਿੱਚ ਇਕੋ-ਇਕ ਗਲ ਜੋ ਹੋ ਰਹੀ ਹੈ ਉਸ ਨੂੰ ਸਾਰੀ ਦੁਨੀਆ ਮੂਹਰੇ ਰੱਖ ਕੇ ਇਹ ਦੱਸਣ ਦੀ ਕੋਸ਼ਸ਼ ਕੀਤੀ ਹੈ ਕਿ ਹੁਣ ਇਹ ਦੱਸੋ ਗਲਤ ਆਸਟ੍ਰੇਲੀਅਨ ਹਨ ਕਿ ਇੰਡੀਅਨ? ਹੁਣ ਇਮਾਨਦਾਰੀ ਨਾਲ ਸੋਚ ਕੇ ਦੇਖੋ ਕਿ, ਕੀ ਉਦੋਂ ਹਿੰਦੁਸਤਾਨੀ ਮੀਡੀਆ ਠੀਕ ਸੀ ਕਿ ਹੁਣ ਆਸਟ੍ਰੇਲੀਅਨ ਮੀਡੀਆ ਠੀਕ ਕਹਿ ਰਿਹਾ ਹੈ? ਬਸ ਇਹ ਸਵਾਲ ਤਾਂ ਮੈਂ ਹੁਣ ਤੁਹਾਡੇ ਤੇ ਛੜਦਾ ਹਾਂ ਮੇਰੇ ਤੋਂ ਹੁਣ ਹੋਰ ਉਪਾਧੀ ਨਹੀਂ ਲਈ ਜਾਂਦੀ ਪਹਿਲਾ ਗ਼ੱਦਾਰ ਵਾਲੀ ਹੀ ਕਾਫ਼ੀ ਹੈ। ਮੇਰੇ ਤਾਂ ਬਸ ਰਹਿ-ਰਹਿ ਕੇ ਬਾਬਾ ਫ਼ਰੀਦ ਜੀ ਦਾ ਇਹ ਸਲੋਕ ਦਿਮਾਗ਼ ਵਿੱਚ ਘੁੰਮ ਰਿਹਾ ਕਿ “ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ, ਆਪਨੜੇ ਗਿਰੀਵਾਨ ਮਹਿ ਸਿਰੁ ਨਂੀਵਾਂ ਕਰਿ ਦੇਖੁ”
ਹੁਣ ਇਕ ਹੋਰ ਪਹਿਲੂ ਇਸੇ ਨਾਲ ਮੇਲ ਖਾਂਦਾ ਹੋਇਆ ਪਿਛਲੇ ਕੁੱਝ ਦਿਨਾਂ ਤੋਂ ਵਿਦੇਸ਼ਾਂ ਚ ਵਾਪਰ ਰਹੇ ਹਾਦਸਿਆਂ ਨੇ ਇਕ ਬਾਰ ਫੇਰ ਸਾਨੂੰ ਸੋਚਣ ਤੇ ਮਜਬੂਰ ਕਰ ਦਿਤਾ ਕਿ, ਕੀ ਵਾਕਿਆ ਹੀ ਦੂਜੇ ਮੁਲਕਾਂ ਦੇ ਲੋਕ ਹਿੰਦੁਸਤਾਨੀਆਂ ਨੂੰ ਪਸੰਦ ਨਹੀਂ ਕਰਦੇ? ਭਾਵੇਂ ਸਦੀਆਂ ਤੋਂ ਹਿੰਦੁਸਤਾਨੀ ਵਿਦੇਸ਼ਾਂ ਚ ਵਸ ਰਹੇ ਹਨ ਪਰ ਕਦੇ ਇਹੋ ਜਿਹੀ ਨੌਬਤ ਪਹਿਲਾਂ ਨਹੀਂ ਸੀ ਆਈ ਕਿਉਂਕਿ ਪਹਿਲਾ ਵਿਦੇਸ਼ ਆਉਣ ਵਾਲੇ ਕਿਸ਼ਤਾਂ ਚ ਆਉਂਦੇ ਸਨ ਪਰ ਹੁਣ ਹਰ ਰੋਜ ਵੱਡੀ ਤਾਦਾਦ ਵਿੱਚ ਲੋਕੀ ਵਿਦੇਸ਼ ਆ ਰਹੇ ਹਨ ਤੇ ਆਸਟ੍ਰੇਲੀਆ ਵਰਗੇ ਘੱਟ ਅਬਾਦੀ ਵਾਲੇ ਮੁਲਕ ਚ ਆਪਣੀ ਹਾਜ਼ਰੀ ਦਰਸਾ ਰਹੇ ਹਨ।ਅਜ ਮੇਰਾ ਇਸ ਲੇਖ ਦਾ ਅਗਲਾ ਕਾਂਡ ਲਿਖਣ ਦਾ ਕਾਰਨ ਮੇਰੇ ਤੋਂ ਇਕ ਰੇਡੀਓ ਟਾਕ ਸ਼ੋਅ ਵਿੱਚ ਕੀਤਾ ਗਿਆ ਇਕ ਸਵਾਲ ਬਣਿਆ ਜਿਸ ਵਿੱਚ ਮੇਰੇ ਇਕ ਵੀਰ ਨੇ ਮੈਨੂੰ ਕਿਹਾ ਸੀ ਕਿ ਹੁਣ ਆਪਾ ਸਾਰੀ ਉਮਰ ਇਹਨਾਂ ਗੋਰਿਆਂ ਦੀ ਗ਼ੁਲਾਮੀ ਤਾਂ ਨਹੀਂ ਕਰਦੇ ਰਹਾਂਗੇ?ਸਾਰੀਆਂ ਤੋਂ ਪਹਿਲਾਂ ਤਾਂ ਮੈਂ ਇਸ ਸਵਾਲ ਨਾਲ ਸਹਿਮਤ ਹੀ ਨਹੀਂ ਕਿ ਅਸੀਂ ਹੁਣ ਗ਼ੁਲਾਮੀ ਕਰ ਰਹੇ ਹਾਂ ਪਰ ਜੇ ਤੁਹਾਡੀ ਸੋਚ ਭਾਜੀ ਮੋੜਨ ਦੀ ਹੈ ਤਾਂ ਵੱਖਰੀ ਗਲ ਹੈ।ਭਾਵੇਂ ਇਸ ਗਲ ਨਾਲ ਵੀ ਮੈਂ ਪੂਰੀ ਤਰ੍ਹਾਂ ਸਹਿਮਤ ਤਾਂ ਨਹੀਂ ਪਰ ਹਾਂ ਜੇ ਇਹ ਭਾਜੀ ਸਹੀ ਢੰਗ ਨਾਲ ਮੋੜਨ ਦੀ ਯੋਜਨਾ ਬਣਾਈ ਜਾਵੇ ਤਾਂ ਜਰੂਰ ਕਦਮ ਨਾਲ ਕਦਮ ਮਿਲਾ ਕੇ ਚੱਲਾਂਗਾ।ਭਾਵੇਂ ਵੇਲੇ-ਵੇਲੇ ਸਿਰ ਬਹੁਤ ਸਾਰੇ ਲੋਕਾਂ ਨੇ ਗੋਰਿਆਂ ਨੂੰ ਇਹ ਭਾਜੀ ਮੋੜਨ ਦੀ ਕੋਸ਼ਸ਼ ਕੀਤੀ ਪਰ ਕਹਿੰਦੇ ਹਨ ਵਕਤ ਸਿਰ ਹੀ ਸਭ ਸੋਂਹਦਾ ਤੇ ਜਾਂ ਕਹਿ ਸਕਦੇ ਹਾਂ ਕਿ ਠੰਢਾ ਲੋਹਾ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ।ਅੱਜ ਆਜ਼ਾਦ ਹੋਣ ਦੇ ਸੱਠ ਸਾਲਾ ਪਿਛੋਂ ਮੈਨੂੰ ਲੋਹਾ ਗਰਮ ਹੋਇਆ ਲਗਦਾ ਹੈ ਤੇ ਜੇ ਹੁਣ ਸਹੀ ਥਾਂ ਤੇ ਸੱਟ ਮਾਰੀ ਜਾਵੇ ਤਾਂ ਹੋ ਸਕਦਾ ਅਸੀਂ ਸਾਡੇ ਇੰਨਾ ਰਿਸਦੇ ਜ਼ਖ਼ਮਾਂ ਤੇ ਮਲ੍ਹਮ ਲਾ ਸਕੀਏ।ਮੇਰਾ ਇਥੇ ਲੋਹਾ ਗਰਮ ਹੋਣਾ ਲਿਖਣ ਦਾ ਕਾਰਨ ਇਹ ਹੈ ਕਿ ਇਕ ਗ਼ਲਤੀ ਸਤਾਰ੍ਹਵੀਂ ਸਦੀ ਦੇ ਸ਼ੁਰੂ ਵਿੱਚ ਸਾਡੇ ਵੱਡ-ਵਡੇਰਿਆਂ ਨੇ ਕੀਤੀ ਸੀ ਤੇ ਹੁਣ ਉਹੀ ਗ਼ਲਤੀ ਗੋਰਿਆਂ ਤੋਂ ਹੋਈ ਹੈ ਤੇ ਹੁਣ ਅਸਲੀ ਵਕਤ ਹੈ ਸਮੇਂ ਦਾ ਸਦ ਉਪਯੋਗ ਕਰਨ ਦਾ।ਇਸ ਲਈ ਜੋਸ਼ ਦੀ ਵੀ ਜਰੂਰਤ ਹੈ ਪਰ ਬੇ ਸ਼ਰਤ ਇਹ ਜੋਸ਼ ਹੋਸ਼ ਵਿੱਚ ਰਹਿ ਕੇ ਵਰਤਿਆ ਜਾਵੇ।ਇਸ ਸਾਰੇ ਕਾਂਡ ਨੂੰ ਸਮਝਣ ਲਈ ਇਤਿਹਾਸ ਦੇ ਪੰਨੇ ਫਰੋਲ਼ਨ ਦੀ ਲੋੜ ਹੈ ਸੋ ਪਹਿਲਾਂ ਆਪਾਂ ਝਾਤ ਮਾਰਦੇ ਹਾਂ ਕਿ ਆਪਣਿਆ ਤੋਂ ਕੀ ਗ਼ਲਤੀ ਹੋਈ ਸੀ।
ਸੰਨ 1588 ਦੀ ਗਲ ਹੈ ਜਦੋਂ ਈਸਟ ਇੰਡੀਆ ਕੰਪਨੀ ਹੋਂਦ ਵਿੱਚ ਆਈ ਤੇ ਥੋੜ੍ਹੇ ਜਿਹੇ ਚਿਰ ਵਿੱਚ ਹੀ ਇਸ ਨੇ ਆਪਣਾ ਜਾਲ ਦੁਨੀਆ ਭਰ ਦੇ ਦੁਆਲੇ ਬੁਣਨਾ ਸ਼ੁਰੂ ਕਰ ਦਿਤਾ ਤੇ ਸੰਨ 1600 ਤਕ ਇਸ ਨੇ ਆਪਣਾ ਜਾਲ ਹਿੰਦੁਸਤਾਨ ਤੇ ਵੀ ਸੁੱਟ ਦਿਤਾ ਤੇ ਵਪਾਰ ਕਰਨ ਦਾ ਝਾਂਸਾ ਦੇ ਕੇ ਸਾਡੇ ਹਾਕਮਾ ਤੋਂ ਉਸ ਵਕਤ ਦੇ ਮਹਾਂ ਹਿੰਦੁਸਤਾਨ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਲੈ ਲਈ ਤੇ ਜੇ ਇਹੀ ਗਲ ਅਜ ਦੀ ਭਾਸ਼ਾ ਚ ਕਹੀਏ ਤਾਂ ਸਾਡੇ ਮੁਲਕ ਨੇ ਆਪਣੇ ਚੰਗੇ ਲਈ ਵੀਜ਼ੇ ਚ ਖੁੱਲ੍ਹ ਦੇ ਦਿੱਤੀ ਸੀ। ਪਰ ਚੰਗੇ ਨੂੰ ਕੀਤਾ ਇਹ ਕੰਮ ਵਕਤ ਨਾਲ ਪੈਰਾ ਦੀਆਂ ਵੇੜ੍ਹਿਆਂ ਸਾਬਤ ਹੋਇਆ ਸੀ।ਪਰ ਜੇ ਹੁਣ ਆਪਾ ਕਹੀਏ ਕਿ ਆਪਣੇ ਹਾਕਮਾਂ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਹਿੰਦੁਸਤਾਨ ਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੋਣੀ ਹੈ, ਤਾਂ ਇਹ ਵੀ ਗ਼ਲਤ ਹੈ ਕਿਉਂਕਿ ਉਸ ਵੇਲੇ ਦੇ ਹਾਕਮਾਂ ਨੇ ਬੜੀ ਸੋਚ ਵਿਚਾਰ ਬਾਅਦ ਇਹ ਫ਼ੈਸਲਾ ਲਿਆ ਸੀ ਤੇ ਇਸ ਵਿੱਚ ਉਹਨਾਂ ਨੂੰ ਮੁਲਕ ਦੀ ਭਲਾਈ ਦਿੱਖ ਰਹੀ ਸੀ ਪਰ ਵਕਤ ਦੇ ਨਾਲ ਗੋਰਿਆਂ ਨੇ ਸਾਡੀਆਂ ਕਮਜ਼ੋਰੀਆਂ ਨੂੰ ਫੜ ਲਿਆ ਤੇ ਹੋਲੀ ਹੋਲੀ ਆਪਣੀ ਫੌਜ ਖੜੀ ਕਰ ਲਈ ਸੀ ਤੇ ਇਸ ਦਾ ਨਤੀਜਾ ਸਭ ਨੂੰ ਪਤਾ ਹੀ ਹੈ ਕਿ ਗ਼ੁਲਾਮੀ, ਜੋ ਕਿ ਅਜ ਤਕ ਸਾਡੇ ਜਿਹਨ ਵਿੱਚ ਨਾਸੂਰ ਦੀ ਤਰ੍ਹਾਂ ਰਿਸ ਰਹੀ ਹੈ।ਅਜ ਉਹੀ ਗ਼ਲਤੀ ਫੇਰ ਦੁਹਰਾਈ ਜਾ ਰਹੀ ਹੈ।ਪਰ ਹੁਣ ਫ਼ਰਕ ਇਹ ਹੈ ਕਿ ਇਸ ਬਾਰ ਗ਼ਲਤੀ ਕਰਨ ਵਾਲੇ ਗੋਰੇ ਹਨ ਤੇ ਲਾਹਾ ਲੈਣ ਦਾ ਮੌਕਾ ਸਾਨੂੰ ਮਿਲਿਆ ਹੈ।ਬਸ ਹੁਣ ਹੋਸ਼ ਚ ਰਹਿ ਕੇ ਸਹੀ ਕਦਮ ਪੁੱਟਣ ਦੀ ਲੋੜ ਹੈ।ਆਓ ਮਿਲ ਕੇ ਵਿਸ਼ਲੇਸ਼ਣ ਕਰੀਏ ਕਿ ਕਿਹੜਾ ਮੌਕਾ ਸਾਨੂੰ ਮਿਲਿਆ ਤੇ ਕਿੰਜ ਇਸ ਦਾ ਲਾਹਾ ਲੈ ਕੇ ਅਸੀਂ ਦੁਨੀਆ ਭਰ ਚ ਆਪਣੀ ਤੂਤੀ ਬੁਲਾ ਸਕਦੇ ਹਾਂ।
ਪਿਛਲੇ ਤਕਰੀਬਨ ਇਕ-ਦੋ ਦਹਾਕਿਆਂ ਤੋਂ ਦੁਨੀਆ ਨੇ ਇਹ ਮਨ ਲਿਆ ਹੈ ਕਿ ਹਿੰਦੁਸਤਾਨੀ ਬੱਚੇ ਪੜ੍ਹਨ ਲਿਖਣ ਚ ਦੁਨੀਆ ਭਰ ਦੇ ਬੱਚਿਆਂ ਨਾਲੋਂ ਮੂਹਰੇ ਹਨ ਤੇ ਹੁਣ ਤਾਂ ਮਹਾਂ ਸ਼ਕਤੀ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਮਾਨ ਬਾਰਿਕ ਉਬਾਮਾ ਨੇ ਵੀ ਇਹ ਮਨ ਲਿਆ ਹੈ ਕਿ ਸਾਡੇ ਬੱਚੇ ਵੀਡੀਓ ਗੇਮ ਖੇਡਦੇ ਹੀ ਰਹਿ ਗਏ ਤੇ ਏਸ਼ੀਅਨ ਮੁਲਕਾਂ ਦੇ ਬੱਚੇ ਸਾਡੇ ਤੋਂ ਅੱਗੇ ਨਿਕਲ ਗਏ।ਸੋ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਾਡਾ ਭਰਮ ਹੀ ਹੈ ਕਿ ਸਾਡੇ ਬੱਚੇ ਹੁਸ਼ਿਆਰ ਹਨ।ਜਦੋਂ ਸਾਰੀ ਦੁਨੀਆ ਇਹ ਮਨ ਲਿਆ ਤਾਂ ਕੁੱਝ ਵਿਕਸਤ ਮੁਲਕਾਂ ਵਿੱਚ ਦੋੜ ਜਿਹੀ ਲਗ ਗਈ ਕਿ ਕਿਉਂ ਨਾ ਹਿੰਦੁਸਤਾਨ ਵਿੱਚ ਫਲ-ਫੁੱਲ ਰਹੀ ਪੜ੍ਹਾਈ ਦਾ ਆਪਣੇ ਪੈਸੇ ਦੇ ਜੋਰ ਤੇ ਲਾਹਾ ਲਿਆ ਜਾਏ।ਬਸ ਫੇਰ ਕੀ ਸੀ ਇਹਨਾਂ ਖੋਲ੍ਹ ਦਿੱਤੇ ਆਪਣੇ ਮੁਲਕਾਂ ਦੇ ਦਰਵਾਜ਼ੇ ਤੇ ਉਸ ਦਾ ਨਤੀਜਾ ਤੁਹਾਡੀ ਸਾਹਮਣੇ ਹੈ ਨੌਜਵਾਨਾ ਵਹੀਰਾਂ ਘੱਤ ਲਈਆ ਵਿਦੇਸ਼ਾਂ ਵੱਲ। ਇਹ ਇਜਾਜ਼ਤ ਦੇਣ ਦੇ ਮਗਰ ਇੱਕ ਹੋਰ ਮਨਸ਼ਾ ਇਹਨਾਂ ਮੁਲਕਾਂ ਦੀ ਇਹ ਸੀ ਕਿ ਇਹਨਾਂ ਨੂੰ ਪਲ਼ੇ-ਪਲ਼ਾਏ ਗੱਭਰੂ ਤੇ ਮੁਟਿਆਰਾਂ ਮਿਲ ਰਹੇ ਸਨ ਕਿਉਂਕਿ ਗੋਰਿਆ ਦੇ ਮੁਲਕਾਂ ਚ ਇਕ ਇੰਜੀਨੀਅਰ ਜਾ ਡਾਕਟਰ ਬਣਾਉਣ ਲਈ ਲੱਖਾਂ ਡਾਲਰ ਖ਼ਰਚਣੇ ਪੈਂਦੇ ਹਨ। ਆਪਣੇ ਮੁਲਕ ਚ ਤਾਂ ਬੱਚੇ ਦੀ ਸਾਰੀ ਜ਼ੁੰਮੇਵਾਰੀ ਮਾਂ-ਬਾਪ ਤੇ ਹੁੰਦੀ ਹੈ ਪਰ ਇਹਨਾਂ ਮੁਲਕਾਂ ਚ ਬੱਚੇ ਦੇ ਮਾਂ ਦੇ ਗਰਭ ਚ ਆਉਣ ਤੋਂ ਲੈ ਕੇ ਉਸ ਦੇ ਆਪਣੇ ਪੈਰੀਂ ਖੜ੍ਹਾ ਹੋਣ ਤਕ ਯਾਨੀ ਤਕਰੀਬਨ ਚੋਬੀ ਸਾਲਾਂ ਤਕ ਸਾਰੀ ਜ਼ੁੰਮੇਵਾਰੀ ਸਰਕਾਰ ਦੀ ਹੁੰਦੀ ਹੈ।
ਇਥੇ ਮੈਂ ਮੋਟੇ ਜਿਹੇ ਤੋਰ ਤੇ ਆਸਟ੍ਰੇਲੀਆ ਵਿੱਚ ਜਨਮ ਲੈਣ ਵਾਲੇ ਬੱਚੇ ਦੇ ਜਵਾਨ ਹੋਣ ਤਕ ਦੇ ਖ਼ਰਚੇ ਦਾ ਹਿਸਾਬ ਤੁਹਾਨੂੰ ਦੱਸਦਾ ਹਾਂ, ਜਦ ਪਹਿਲੇ ਦਿਨ ਕਿਸੇ ਔਰਤ ਨੂੰ ਗਰਭਵਤੀ ਹੋਣ ਦਾ ਪਤਾ ਚਲਦਾ ਹੈ ਤਾਂ ਉਸੇ ਦਿਨ ਤੋਂ ਉਹ ਸਰਕਾਰ ਦੀ ਪਰਾਹੁਣੀ ਬਣ ਜਾਂਦੀ ਹੈ ਤੇ ਉਸ ਔਰਤ ਨੂੰ ਕੁੱਝ ਵਾਧੂ ਖਾਣ-ਪੀਣ ਲਈ ਪੰਜ ਹਜਾਰ ਡਾਲਰ ਦਿਤਾ ਜਾਂਦਾ ਹੈ ਤੇ ਉਸੇ ਦਿਨ ਤੋਂ ਜੇ ਉਹ ਕੰਮ ਨਾ ਕਰਨਾ ਚਾਹੇ ਤਾਂ ਉਸ ਨੂੰ ਘਰ ਬੈਠਿਆਂ ਹੀ ਡੋਲ ਯਾਨੀ ਕਿ ਇਕ ਹਫ਼ਤੇ ਦੇ ਤਿੰਨ ਸੋ ਡਾਲਰ ਦੇ ਕਰੀਬ ਮਿਲਨੇ ਸ਼ੁਰੂ ਹੋ ਜਾਂਦੇ ਹਨ।ਉਸ ਤੋਂ ਮਗਰੋਂ ਸ਼ੁਰੂ ਹੋ ਜਾਂਦਾ ਬੱਚੇ ਦੇ ਲਾਲਨ-ਪਾਲਣ ਦਾ ਖ਼ਰਚਾ ਜਿਸ ਦੇ ਤਹਿਤ ਜੇ ਤੁਸੀ ਕਿਰਾਏ ਦੇ ਘਰ ਚ ਰਹਿੰਦੇ ਹੋ ਤਾਂ ਅੱਧ ਤੋਂ ਜਿਆਦਾ ਕਿਰਾਇਆ,ਫੈਮਿਲੀ ਅਸਿਸਟੈਂਟ ਦੇ ਨਾਂ ਤੇ ਹਰ ਹਫ਼ਤੇ ਦੋ ਤਿੰਨ ਸੋ ਡਾਲਰ, ਮੁਫ਼ਤ ਚ ਸਿਹਤ ਸਹੂਲਤਾਂ,ਤਕਰੀਬਨ ਮੁਫ਼ਤ ਪੜ੍ਹਾਈ,ਤੇ ਸਮੇਂ-ਸਮੇਂ ਸਿਰ ਬੱਚੇ ਨੂੰ ਜਰੂਰੀ ਚੀਜ਼ਾਂ ਲਈ ਫ਼ੰਡ ਜਿਵੇਂ ਕਿ ਇਸ ਸਾਲ ਬੱਚਿਆਂ ਨੂੰ ਦੋ ਬਾਰ ਨਕਦ ਮਦਦ ਤੇ ਨਵਾਂ ਕੰਪਿਊਟਰ ਆਦਿ ਲਈ ਮਦਦ ਦਿਤੀ ਤੇ ਉਸ ਤੋਂ ਬਾਅਦ ਜੇ ਬੱਚਾ ਯੂਨੀਵਰਸਿਟੀ ਚ ਜਾ ਕ ਪੜ੍ਹਨਾ ਚਾਹੇ ਤਾਂ ਫ਼ੀਸ ਦੇ ਨਾਲ ਨਾਲ ਅੱਠ ਕੁ ਸੋ ਡਾਲਰ ਨਕਦ ਹਰ ਮਹੀਨੇ ਦਿੱਤੇ ਜਾਂਦੇ ਹਨ। ਇਹਨਾਂ ਸਾਰੀਆਂ ਗੱਲਾਂ ਦਾ ਖ਼ਾਤਮਾ ਬਸ ਇਕ ਗਲ ਨਾਲ ਹੁੰਦਾ ਹੈ ਕਿ ਇਕ ਜੁਆਕ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਸਰਕਾਰ ਨੂੰ ਚਾਰ ਪੰਜ ਲੱਖ ਡਾਲਰ ਖ਼ਰਚਣਾ ਪੈਂਦਾ ਹੈ ਤੇ ਅੱਗੇ ਜਾ ਕੇ ਜੁਆਕ ਪਤਾ ਨਹੀਂ ਕਦੋਂ ਕਹਿ ਦੇਵੇ ਕਿ ਮੈਨੂੰ ਤਾਂ ਇਹ ਕੰਮ ਕਰਨ ਚ ਮਜਾ ਨਹੀਂ ਆ ਰਿਹਾ ਕਿਉਂਕਿ ਇਸ ਜੌਬ ਚ ਫ਼ਨ ਨਹੀਂ ਹੈ ਸੋ ਸਭ ਕੁੱਝ ਧਰਿਆ ਧਰਾਈਆਂ ਰਹਿ ਜਾਂਦਾ ਹੈ।ਕਿਉਂਕਿ ਇਥੋਂ ਦੇ ਕਾਨੂੰਨ ਮੁਤਾਬਿਕ ਤੁਸੀ ਧੱਕੇ ਨਾਲ ਕਿਸੇ ਤੋਂ ਕੁੱਝ ਨਹੀਂ ਕਰਵਾ ਸਕਦੇ।
ਇਹਨਾਂ ਸਾਰੀਆਂ ਗੱਲਾਂ ਦੇ ਬਿਲਕੁਲ ਉਲਟ ਸਾਡੇ ਮੁਲਕ ਚ ਇਹ ਸਾਰਾ ਕੁੱਝ ਪਰਵਾਰ ਨੂੰ ਆਪਣੇ ਦਮ ਤੇ ਹੀ ਕਰਨਾ ਪੈਂਦਾ ਹੈ ਤੇ ਨਾ ਹੀ ਕੋਈ ਇਹੋ ਜਿਹਾ ਮਸਲਾ ਆਉਂਦਾ ਹੈ ਕਿ ਪੜ੍ਹ ਲਿਖ ਕੇ ਜੁਆਕ ਉਸ ਲਾਈਨ ਚ ਕੰਮ ਨਾ ਕਰੇ, ਚਾਹੇ ਇਸ ਵਿੱਚ ਫ਼ਨ ਹੋਵੇ ਭਾਵੇਂ ਨਾ ਹੋਵੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸਾਡਾ ਪਾਲਣ ਪੋਸ਼ਣ ਹੀ ਇਸ ਢੰਗ ਨਾਲ ਹੁੰਦਾ ਹੈ ਕਿ ਸਾਡੀ ਆਪਣੀ ਪਸੰਦ ਤੇ ਨਾਪਸੰਦ ਦਾ ਕੋਈ ਮੁੱਲ ਨਹੀਂ ਹੁੰਦਾ ਜੋ ਮਾਂ ਬਾਪ ਨੂੰ ਚੰਗਾ ਲੱਗਿਆ ਬੱਚਾ ਵੀ ਉਸੇ ਲਾਈਨ ਚ ਆਪਣੀ ਉਮਰ ਲੰਘਾ ਲਏਗਾ।
ਹੁਣ ਤੁਸੀ ਮੁਕਾਬਲਾ ਕਰਕੇ ਦੇਖੋ ਕਿ ਇਕ ਆਸਟ੍ਰੇਲੀਅਨ ਜੁਆਕ ਤੇ ਸਰਕਾਰ ਨੂੰ ਦੋ ਕਰੋੜ ਰੁਪਿਆ ਖ਼ਰਚਣਾ ਪੈਂਦਾ ਹੈ ਤੇ ਜੋ ਜੁਆਕ ਹਿੰਦੁਸਤਾਨ ਚੋਂ ਪੜ੍ਹ ਲਿਖ ਕੇ ਵਿਦੇਸ਼ ਆਉਂਦਾ ਉਸ ਉਂਤੇ ਸਰਕਾਰ ਨੂੰ ਧੇਲਾ ਵੀ ਨਹੀਂ ਖ਼ਰਚਣਾ ਪੈਂਦਾ ਉਲਟਾ ਉਹ ਪਹਿਲੇ ਦਿਨ ਤੋਂ ਹੀ ਸਰਕਾਰ ਦਾ ਕਮਾਊ ਪੁੱਤ ਬਣ ਜਾਂਦਾ ਹੈ ਕਿਉਂਕਿ ਉਸ ਦੇ ਅੰਦਰ ਇਕੋ ਗਲ ਹੁੰਦੀ ਹੈ ਕਿ ਕਿੰਨੀ ਮਿਹਨਤ ਨਾਲ ਮੇਰੇ ਮਾਂ ਬਾਪ ਨੇ ਮੈਨੂੰ ਇਸ ਯੋਗ ਬਣਾਇਆ ਹੈ ਤੇ ਹੁਣ ਕਿਉਂ ਨਾ ਮਿਹਨਤ ਕਰਕੇ ਉਹਨਾਂ ਦੀਆ ਸਦਰਾਂ ਨੂੰ ਸਾਕਾਰ ਕੀਤਾ ਜਾਵੇ।ਇਸ ਲਈ ਉਹ ਰੱਜ ਕੇ ਮਿਹਨਤ ਕਰਦਾ ਹੈ ਤੇ ਉਸ ਦੀ ਮਿਹਨਤ ਦਾ ਫਲ ਉਸ ਦੇ ਕੁੜਮ-ਕਬੀਲੇ ਤੋਂ ਲੈ ਕੇ ਸਰਕਾਰ ਤਕ ਨੂੰ ਮਿਲਦਾ ਹੈ।
ਇਸੇ ਲਾਲਚ ਨੇ ਗੋਰਿਆਂ ਨੂੰ ਵੀਜ਼ੇ ਵਿੱਚ ਖੁੱਲ੍ਹ ਦੇਣ ਲਈ ਮਜਬੂਰ ਕੀਤਾ ਤੇ ਹੁਣ ਗੇਂਦ ਆਪਣੇ ਪਾਲੇ ਚ ਹੈ।ਸੋ ਗਲ ਹੁਣ ਇਥੇ ਆ ਗਈ ਕਿ ਹੁਣ ਕਿਉਂ ਨਾ ਘੀਉ ਸਿੱਧੀ ਉਂਗਲ ਨਾਲ ਕੱਢਿਆ ਜਾਵੇ?ਰੋਸ ਰੈਲ਼ਿਆਂ ਛੱਡ ਕੇ ਦਬਕੇ ਪੜ੍ਹਿਆ ਜਾਵੇ ਤੇ ਚੰਗੀਆਂ-ਚੰਗੀਆਂ ਨੌਕਰੀਆਂ ਤੇ ਕਬਜਾ ਕਰਕੇ ਗੋਰਿਆਂ ਤੇ ਰਾਜ ਕੀਤਾ ਜਾਵੇ।ਜਿੰਨੀ ਤਾਦਾਦ ਵਿੱਚ ਹੁਣ ਨੌਜਵਾਨ ਵਿਦੇਸ਼ਾਂ ਚ ਆ ਰਹੇ ਹਨ ਉਸ ਨਾਲ ਹੁਣ ਉਹ ਦਿਨ ਦੂਰ ਨਹੀਂ ਜਦੋਂ ਹਰ ਦਫ਼ਤਰ ਵਿੱਚ ਤੁਹਾਨੂੰ ਸਾਡਾ ਕੋਈ ਨਾ ਕੋਈ ਹਿੰਦੁਸਤਾਨੀ ਵੀਰ ਕੰਮ ਕਰਦਾ ਮਿਲ ਜਾਵੇਗਾ।ਅਖੀਰ ਵਿੱਚ ਤੁਹਾਨੂੰ ਦਸ ਦੇਵਾਂ ਕਿ ਮੇਰੀ ਇਸ ਸੋਚ ਨੂੰ ਹਾਲੇ ਬੂਰ ਵੀ ਨਹੀਂ ਸੀ ਪਿਆ ਕਿ ਮੇਰਾ ਇਕ ਦੋਸਤ ਮੈਨੂੰ ਫੇਰ ਸੋਚਾਂ ਦੇ ਖੂਹ ਵਿੱਚ ਧੱਕਾ ਦੇ ਕੇ ਚਲਾ ਗਿਆ। ਹੋਇਆ ਇੰਜ ਕਿ ਮੈਂ ਆਪਣੀ ਇਹ ਸੋਚ ਅਪਣੇ ਇਕ ਦੋਸਤ ਨੂੰ ਸੁਣਾਈ ਤੇ ਉਹ ਮੂਹਰੋਂ ਕਹਿੰਦਾ ਹਾਂ ਜੀ ਵੀਰ ਨਾਲੇ ਸਾਰੇ ਦਫ਼ਤਰਾਂ ਚ ਦੇ-ਲੈ ਕੇ ਕੰਮ ਹੋ ਜਾਇਆ ਕਰੂ।
ਹੁਣ ਤਾਂ ਲਗਦਾ ਮੈਨੂੰ ਸ਼ਾਇਰ ਮਨਜੀਤ ਕੋਟੜਾ ਦੀਆਂ ਲਿਖੀਆਂ ਇਹ ਸਤਰਾਂ ਤੇ ਅਮਲ ਕਰਨਾ ਚਾਹੀਦਾ ਕਿ:-
ਕਮਲਿਆ ਸ਼ਾਇਰਾ ਗਲ ਦਿਲ ਤੇ ਨਾ ਲਾਇਆ ਕਰ,
ਬਦਲੇ ਜਦ ਮੌਸਮ ਤੂੰ ਵੀ ਬਦਲ ਜਾਇਆ ਕਰ,
ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,
ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜਰ ਜਾਇਆ ਕਰ।
ਮਿੰਟੂ ਬਰਾੜ
ਸਾਊਥ ਆਸਟ੍ਰੇਲੀਆ
Email: mintubrar@gmail.com , Mobile:+61434289905

ਕੁੱਝ ਕੁ ਲਿੰਕ ਥੱਲੇ ਲਿਖ ਰਿਹਾ ਹਾਂ ਜੀ ਤੁਸੀ ਖ਼ੁਦ ਹੀ ਪੜ੍ਹ ਲਵੋ:-

http://www.theaustralian.news.com.au/story/0,25197,25784268-601,00.html
http://www.theaustralian.news.com.au/story/0,,25778885-2702,00.html
http://www.theaustralian.news.com.au/story/0,,25778649-12332,00.html
http://www.news.com.au/heraldsun/story/0,21985,25759830-2862,00.html
http://www.dailytelegraph.com.au/news/caught-on-camera-wedding-party-fraud/story-e6freuy9-1225748471980

No comments: