ਗੱਭਰੂ ਆਂ ਅਜੋਕੇ ਦੌਰ ਦਾ, ਮੇਰੀ ਜਵਾਨੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ, ਮੇਰੀ ਜ਼ਿੰਦਗੀ ਰੰਗੀਨ ਐ॥
ਮੇਰੀ ਮਾਂ ਸੀ ਕਰਦੀ ਨੌਕਰੀ, ਮੈਨੂੰ ਕਰੈੱਚਾਂ ਨੇ ਪਾਲਿਆ,
ਪਾਊਡਰ ਵਾਲਾ ਦੁੱਧ ਘੋਲ ਕੇ, ਬੋਤਲ ਨੂੰ ਮੂੰਹ ਮੈਂ ਲਾ ਲਿਆ,
ਚਾਕਲੇਟਾਂ ਖਾ-ਖਾ ਪਲਿਆ ਹਾਂ, ਖਾਧੇ ਬਿਸਕੁਟ ਨਮਕੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਫਿਲਮਾਂ ਮੈਂ ਕਈ ਵੇਖੀਆਂ ਸਕੂਲੋਂ ਭੱਜ-ਭੱਜ ਕੇ,
ਟਿਊਸ਼ਨ ਪੜ੍ਹਨ ਸੀ ਜਾਂਵਦਾ, ਮੈਂ ਸ਼ਾਮੀ ਸੱਜ-ਧਜ ਕੇ,
ਪਾਸ ਹੋਇਆਂ ਨਕਲਾਂ ਮਾਰ ਕੇ, ਮੈਨੂੰ ਕਹਿੰਦੇ ਜ਼ਹੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਕਾਲਜ ਦੇ ਵਿੱਚ ਮੈਂ ਆ ਗਿਆ, ਚਿਹਰੇ ਤੇ ਮੁੱਛਾਂ ਫੁੱਟੀਆਂ,
ਕੋਈ ਰੋਕ-ਟੋਕ ਨਾ ਰਹੀ, ਸਭ ਬੰਦਿਸ਼ਾਂ ਸਨ ਟੁੱਟੀਆਂ,
ਫਿਕਰੇ ਮੈਂ ਕੱਸਾਂ ੳਸ ਤੇ, ਜਿਹੜੀ ਲੱਗਦੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਧੋਨੀ ਸਟਾਇਲ ਕੱਟ ਤੇ, ਤੇਲ ਨਹੀਂ, ਜੈਲੱ ਲਾਈਦੈ,
ਮੁਰਕੀ ਦਾ ਫੈਸ਼ਨ ਨਹੀਂ ਰਿਹਾ, ਹੁਣ ਕੰਨੀਂ ਕੋਕਾ ਪਾਈਦੈ,
ਲੱਕ ਭਾਵੇਂ ਹੈ ਸੁੱਕਾ ਜਿਹਾ, ਪਰ ਪਾਈਦੀ ਜੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਕਾਲਜ ਦਾ ਬਹੁਤਾ ਵਕਤ, ਕੰਟੀਨ ਵਿੱਚ ਬਿਤਾਉਂਦਾ ਹਾਂ,
ਸਿਗਰਟ ਜੇ ਭਰ ਕੇ ਪੀ ਲਵਾਂ, ਫੇਰ ਗੁਟਖਾ ਖਾਂਦਾ ਹਾਂ,
ਫੈਂਸੀ ਜੇ ਕਿਤੋਂ ਨਾ ਮਿਲੇ, ਖਾਣੀ ਪੈਂਦੀ ਫੀਮ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਵਿਸਕੀ ਜੇ ਪੀਣੀ ਪੈ ਜਵੇ, ਘਰੇ ਮੁਸ਼ਕ ਆ ਜਾਂਦੈ,
ਗੋਲੀ ਜਾਂ ਕੈਪਸੂਲ ਖਾ ਕੇ ਵੀ, ਸਰੂਰ ਚੰਗਾ ਛਾ ਜਾਂਦੈ,
ਭੋਰਾ ਸਮੈਕ ਜੇ ਸੁੰਘ ਲਵਾਂ, ਕੰਨੀ ਵੱਜਦੀ ਬੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਪਾਕਿਟ-ਮਨੀ ਦੀ ਥੋੜ੍ਹ ਨਹੀਂ, ਆਪਾਂ ਖੂਬ-ਖੁੱਲ੍ਹਾ ਖਾਈਦੈ,
ਮੰਮੀ-ਪਾਪਾ ਦੇ ਪਰਸ 'ਚੋਂ, ਨੋਟ ਇੱਕੋ ਖਿਸਕਾਈਦੈ,
ਧਰਿਤਰਾਸ਼ਟਰ ਵਾਂਗ ਉਹਨਾਂ ਨੂੰ, ਮੇਰੇ ਉੱਤੇ ਯਕੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਮੰਮੀ ਨੂੰ ਵਿਹਲ ਨਹੀਂ ਕਿੱਟੀਆਂ ਤੋਂ, ਪਾਪਾ ਰੋਜ਼ਾਨਾ ਕਲੱਬ ਜਾਂਦੇ,
ਕੱਠੇ ਕਿਤੇ ਹੋ ਜਾਣ ਤਾਂ, ਦੋਹਾਂ ਦੇ ਅਹਿਮ ਨੇ ਟਕਰਾਉਂਦੇ,
ਹੋਟਲਾਂ ਤੋਂ ਖਾਣਾ ਮੰਗਵਾਉਣ ਦਾ, ਹੁਣ ਬਣਿਆ ਰੁਟੀਨ ਐ....
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਨਸ਼ਿਆਂ ਨੂੰ ਗਲ ਨਾ ਲਾਂਵਦਾ, ਜੇ ਮਾਂ ਨੇ ਗਲ ਲਾ ਲਿਆ ਹੁੰਦਾ,
ਸ਼ਾਇਦ ਸਰਵਣ ਬਣ ਢੁੱਕਦਾ, ਜੇ ਉਨ੍ਹਾਂ ਨੇ ਆਪਣਾ ਲਿਆ ਹੁੰਦਾ,
ਪਰ ਪੈਸਾ-ਧਰਮ ਮੇਰੇ ਮਾਂ ਬਾਪ ਦਾ, ਪੈਸਾ ਹੀ ਉਨ੍ਹਾਂ ਦਾ ਦੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਵਿਗੜੀ ਸੰਵਾਰ ਲਓ,
ਔਲਾਦ ਨੂੰ-ਉਪਦੇਸ਼ ਨਹੀਂ, ਪੈਸਾ ਨਹੀਂ, ਬੱਸ ਪਿਆਰ ਦਿਓ,
ਪੈਸੇ ਦੇ ਪਿੱਛੇ ਨਾ ਭੱਜੋ, ਇਹ ਦੌੜ ਅੰਤ-ਹੀਨ ਐ....
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਗੱਭਰੂ ਆਂ ਅਜੋਕੇ ਦੌਰ ਦਾ, ਮੇਰੀ ਜਵਾਨੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਘਾਟ ਨਹੀਂ, ਮੇਰੀ ਜ਼ਿੰਦਗੀ ਰੰਗੀਨ ਐ॥
No comments:
Post a Comment