ਪੈੜਾਂ ਦਾ ਰੇਤਾ........... ਗ਼ਜ਼ਲ / ਰਾਜਿੰਦਰਜੀਤ

ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲ਼ੀ 'ਚ ਭਰ ਲਈਏ
ਚਲੋ ਏਸੇ ਬਹਾਨੇ ਵਿੱਸਰਿਆਂ ਨੂੰ ਯਾਦ ਕਰ ਲਈਏ

ਉਹ ਅਪਣੀ ਕਹਿਕਸ਼ਾਂ 'ਚੋਂ ਨਿਕਲ਼ ਕੇ ਅੱਜ ਬਾਹਰ ਆਇਆ ਹੈ
ਚਲੋ ਉਸ ਭਟਕਦੇ ਤਾਰੇ ਦੀ ਚੱਲਕੇ ਕੁਝ ਖ਼ਬਰ ਲਈਏ


ਉਲੀਕੇ ਖੰਭ ਕਾਗਜ਼ 'ਤੇ ਦੁਆਲੇ਼ ਹਾਸੀ਼ਏ ਲਾਵੇ
ਕਿਵੇਂ ਵਾਪਿਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ?

ਜਿਵੇਂ ਇਕ ਪੌਣ 'ਚੋਂ ਖੁ਼ਸ਼ਬੂ, ਜਿਵੇਂ ਇਕ ਨੀਂਦ 'ਚੋਂ ਸੁਪਨਾ
ਚਲੋ ਅੱਜ ਦੋਸਤੋ ਇਕ ਦੂਸਰੇ 'ਚੋਂ ਇਉਂ ਗੁਜ਼ਰ ਲਈਏ

ਅਸੀਂ ਵੀ ਖੂ਼ਬ ਹਾਂ, ਕਿਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ
ਤੇ ਕਿਧਰੇ ਬਿਰਖ ਦੀ ਇਕ ਛਾਂ 'ਤੇ ਵੀ ਇਤਰਾਜ਼ ਕਰ ਲਈਏ