ਹੁਣ ਤਾਂ ਜਾਮ ਹਿਜਰ ਦਾ ਪੀਣਾ ਪੈ ਗਿਆ ਏ
ਜ਼ਖ਼ਮ ਜਿਗਰ ਦਾ ਆਪੇ ਸੀਣਾ ਪੈ ਗਿਆ ਏ
ਜਿਸ ਦੇ ਬਿਨਾਂ ਸੁਨੀਲ ਰਿਹਾ ਨਾ ਇਕ ਪਲ ਵੀ
ਉਸ ਦੇ ਬਿਨ ਉਮਰਾਂ ਲਈ ਜੀਣਾ ਪੈ ਗਿਆ ਏ
--ਸੁਨੀਲ ਚੰਦਿਆਣਵੀ
ਔਕੜਾਂ ਦੇ ਸਾਹਮਣੇ ਵੀ ਗੁਣਗੁਣਾਉਂਦਾ ਤੁਰ ਗਿਆ
ਉਜੜਿਆਂ ਰਾਹਾਂ ‘ਚ ਵੀ ਮਹਿਕਾਂ ਖਿੰਡਾਉਂਦਾ ਤੁਰ ਗਿਆ
ਕੀ ਪਤਾ ਸੀ ਜਿ਼ੰਦਗੀ ਨੇ ਨਾ ਨਿਭਾਉਣੀ ਓਸ ਨਾਲ਼
ਜਿ਼ੰਦਗੀ ਦੇ ਗੀਤ ਹੋਰਾਂ ਨੂੰ ਸੁਣਾਉਂਦਾ ਤੁਰ ਗਿਆ
--ਸੁਨੀਲ ਚੰਦਿਆਣਵੀ
ਦਿਨ ਗੁਜ਼ਰੇ, ਮਹੀਨੇ ਗੁਜ਼ਰੇ, ਗੁਜ਼ਰ ਜਾਣਗੇ ਸਾਲ
ਨਾ ਪਿੱਛੇ ਮੁੜਕੇ ਤੱਕਿਆ, ਨਾ ਕੀਤਾ ਸਾਡਾ ਖਿਆਲ
ਕਿਹੜੇ ਰਾਹ ‘ਚੋਂ ਲੱਭੀਏ ਤੈਨੂੰ, ਸਾਨੂੰ ਸਮਝ ਨਾ ਆਵੇ
ਤੂੰ ਕੀ ਜਾਣੇ, ਬਿਨ ਤੇਰੇ, ਸਾਡਾ ਜੀਣਾ ਹੋਇਆ ਮੁਹਾਲ
--ਨਿਰਮੋਹੀ ਫ਼ਰੀਦਕੋਟੀ
ਐ ਅਸ਼ੋਕ, ਕਿਸ ਦਿਸ਼ਾ ਟੁਰ ਗਿਉਂ, ਸਭਨਾਂ ਵਿਚ ਮੋਹ ਪਾ ਕੇ।
ਲੋਕ –ਸੇਵਾ ਦੀ ਚੇਟਕ ਲਾ ਕੇ, ਸਭ ਨੂੰ ਮੀਤ ਬਣਾ ਕੇ।
ਤੇਰੀ ਹਿੰਮਤ ਅਤੇ ਵਿਦਵਤਾ, ਹਰ ਇਕ ਨੂੰ ਭਰਮਾਉਂਦੀ,
‘ਨਵਰਾਹੀ’ ਸਭ ਸਾਕ ਸਬੰਧੀ, ਵਿਲਕਣ ‘ਲਾਲ’ ਗੁਆ ਕੇ
--ਨਵਰਾਹੀ ਘੁਗਿਆਣਵੀ
ਸੁਬਕ, ਸੁਸ਼ੀਲ ਅਤੇ ਅਤਿ ਨਾਜ਼ੁਕ, ਹੋਣਹਾਰ, ਮਸਤਾਨੀ।
ਕੀਕਣ ਸਹੇ ਵਿਛੋੜਾ ਤੇਰਾ, ਅੱਲੜ੍ਹ ਅਹਿਲ ਜਵਾਨੀ।
ਕਲਕੱਤੇ ਦੀ ਜੰਮੀ ਜਾਈ, ‘ਸ਼ਾਉਲੀ’ ਪਿਆਰ ਵਿਗੁੱਤੀ,
‘ਨਵਰਾਹੀ’ ਜਿਸ ਪੱਲੇ ਕੇਵਲ, ਤੇਰੀ ਯਾਦ ਨਿਸ਼ਾਨੀ।
--ਨਵਰਾਹੀ ਘੁਗਿਆਣਵੀ
No comments:
Post a Comment