ਮੇਰੀ ਕਲਮ.......... ਗੀਤ / ਗੁਰਜੀਤ ਟਹਿਣਾ

ਜੀ ਕਰਦਾ ਕੋਈ ਗੀਤ ਲਿਖਾਂ
ਜੋ ਹੋਵੇ ਪੋਹ ਦੀ ਧੁੱਪ ਵਰਗਾ
ਜੋ ਆਪ ਮੁਹਾਰੇ ਲਿਖ ਹੋਜੇ
ਲਿਖ ਹੋਜੇ ਸੱਜਣ ਦੀ ਚੁੱਪ ਵਰਗਾ


ਕਦੀਂ ਸੋਚਾਂ ਕੋਈ ਨਜ਼ਮ ਬਣੇ
ਹੋ ਨਿੱਬੜੇ ਬੀਤੇ ਸੱਚ ਵਰਗੀ
ਜਾਂ ਹੰਝੂ ਵਰਗੀ ਬਣ ਜਾਵੇ
ਜਾਂ ਬਣੇ ਉਦਾਸੀ ਅੱਖ ਵਰਗੀ

ਕਈ ਵਾਰ ਕਲਮ ਕੁਝ ਲਿਖਣ ਲਈ
ਜ਼ਜ਼ਬਾਤੀ ਹੋ ਹੋ ਬਹਿੰਦੀ ਏ
ਝੱਲੀ ਜਿਹੀ ਦਿਲ ਦੀ ਹਾਲਤ ਤੱਕ
ਇਹ ਕਲਮ ਮੇਰੀ ਰੋ ਪੈਂਦੀ ਏ

ਜਦ ਗੇੜਾਂ ਸੋਚ ਦੀ ਚਰਖੀ ਨੂੰ
ਮੁੜ ਮੁੜ ਉਹ ਇੱਕ ਥਾਂ ਆਉਂਦੀ ਏ
ਕਦੇ ਜਿੰਦ ਪੀੜਾਂ ਨੂੰ ਕੱਤਦੀ ਏ
ਤੰਦ ਤੇਰੇ ਹਿਜ਼ਰ ਦੇ ਪਾਉਂਦੀ ਏ

ਰੰਗ ਸੁਰਖਾਂ ਦੀ ਤਸਵੀਰ ਬਣੀ
ਬਣ-ਬਣ ਆਪੇ ਹੀ ਢਹਿੰਦੀ ਏ
ਇਹ ਜਿ਼ੰਦਗੀ ਇੱਕ ਮੁੱਠ ਰੇਤੇ ਦੀ
ਅਣਚਾਹੀ ਕਿਰਦੀ ਰਹਿੰਦੀ ਏ

No comments: