ਆਖ ਨਾ ਸਾਰਾ ਹੀ ਕੁਝ.......... ਗ਼ਜ਼ਲ / ਜਸਪਾਲ ਘਈ (ਪ੍ਰੋ.)

ਗੁਫ਼ਤਗੂ ਅੰਦਰ ਕੋਈ ਚੁੱਪ ਦੀ ਸਦਾਅ ਵੀ ਰਹਿਣ ਦੇ
ਆਖ਼ ਨਾ ਸਾਰਾ ਹੀ ਕੁਝ, ਕੁਝ ਅਣਕਿਹਾ ਵੀ ਰਹਿਣ ਦੇ

ਮੈਨੂੰ ਅਪਣਾ ਵੀ ਬਣਾ, ਮੈਨੂੰ ਮਿਰਾ ਵੀ ਰਹਿਣ ਦੇ
ਨੇੜਤਾ ਵੀ ਰੱਖ, ਥੋੜ੍ਹਾ ਫਾਸਲਾ ਵੀ ਰਹਿਣ ਦੇ


ਅੰਬਰਾਂ ਦੇ ਸਰਵਰੀਂ ਜੀ ਭਰ ਕੇ ਤਾਰੀ ਵੀ ਲਗਾ
ਜਿ਼ਹਨ ਵਿਚ ਮਹਿਫੂ਼ਜ਼ ਪਿੰਜਰੇ ਦਾ ਵੀ ਰਹਿਣ ਦੇ

ਹਾਲੇ ਤਾਂ ਅਪਣਾ ਤੁਆਰਫ਼ ਹੀ ਕਰਾ ਐ ਮਨ ਮਿਰੇ
ਧਰਤ ਅੰਬਰ ਛੱਡ ਪਰ੍ਹਾਂ, ਜੰਨਤ ਖ਼ੁਦਾ ਵੀ ਰਹਿਣ ਦੇ

ਇਹ ਮੁਹੱਬਤ ਦਾ ਲਿਫ਼ਾਫ਼ਾ ਕੋਲ਼ ਰੱਖ, ਸਭ ਨੂੰ ਵਿਖਾ
ਇਸ 'ਚ ਭਾਵੇਂ ਖ਼ਤ ਨਾ ਰੱਖ, ਇਸ 'ਤੇ ਪਤਾ ਵੀ ਰਹਿਣ ਦੇ

ਦੋਸਤੀ ਤੇ ਦੁਸ਼ਮਣੀ ਵਿਚ ਕੁਝ ਤਾਂ ਹੋਵੇ ਰਾਬਤਾ
ਗੱਲ ਫੁੱਲਾਂ ਦੀ ਵੀ ਕਰ, ਮਨ ਵਿਚ ਛੁਰਾ ਵੀ ਰਹਿਣ ਦੇ

No comments: