ਪਰਵਾਜ਼ ਦਾ ਵੀ ਹੈ ਖਿ਼ਆਲ...ਗ਼ਜ਼ਲ / ਡਾ. ਸ਼ਮਸ਼ੇਰ ਮੋਹੀ


ਹੁਣ ਨਹੀਂ ਆਉਂਦਾ ਜਿਨ੍ਹਾਂ ਨੂੰ ਭੁੱਲ ਕੇ ਸਾਡਾ ਖਿ਼ਆਲ
ਯਾਦ ਆਉਂਦੇ ਹੋਰ ਵੀ ਉਹ ਹਰ ਬਦਲਦੀ ਰੁੱਤ ਨਾਲ਼

ਕਿਸ ਤਰ੍ਹਾਂ ਮੈਂ ਪੇਟ ਖ਼ਾਤਰ ਖੰਭ ਗਹਿਣੇ ਧਰ ਦਿਆਂ
ਸਿਰਫ਼ ਚੋਗੇ ਦਾ ਨਹੀਂ ਪਰਵਾਜ਼ ਦਾ ਵੀ ਹੈ ਸਵਾਲ

ਤੇਰਿਆਂ ਜ਼ੁਲਮਾਂ ਦੀ ਸ਼ਾਇਦ ਅੱਗ ਹੀ ਕੁਝ ਤੇਜ਼ ਹੈ
ਖੂਨ ਮੇਰੇ ਦਾ ਨਾ ਤਾਂ ਹੀ ਹੋ ਰਿਹਾ ਮੱਠਾ ਉਬਾਲ

ਔਕੜਾਂ, ਦੁਸ਼ਵਾਰੀਆਂ ਤੇ ਘਾਟਿਆਂ ਦਾ ਡਰ ਤਾਂ ਹੈ
ਤੇਰੇ ਸੰਚੇ ਵਿਚ ਨਹੀਂ ਖ਼ੁਦ ਨੂੰ ਸਕਾਂਗਾ ਫਿਰ ਵੀ ਢਾਲ

ਮੇਰੇ ਅੰਦਰਲਾ ਸਮੁੰਦਰ ਸ਼ਾਂਤ ਨਾ ਇਕ ਪਲ ਰਿਹਾ
ਮੈਂ ਕਿਵੇਂ ਉਸ ਝੀਲ ਸਾਹਵੇਂ ਬੈਠਦਾ ਆਰਾਮ ਨਾਲ਼

ਹੁਣ ਫ਼ਰੇਬੀ ਚਿਹਰਿਆਂ ਦਾ ਸੱਚ ਸਮਝਣ ਲੱਗ ਪਿਐ
ਹੁਣ ਨਹੀਂ ਇਹ ਦਿਲ ਮੇਰਾ ਪਹਿਲਾਂ ਤਰ੍ਹਾਂ ਮਾਸੂਮ ਬਾਲ

****

No comments: