ਪ੍ਰਿਥਮੇ ਭਗੌਤੀ ਸਿਮਰ ਕੇ, ਫਿਰ ਨਾਮ ਧਿਆਵਾਂ ।
ਦਸਮ ਗੂਰੁ ਦੀ ਸਾਖੀ ਦਾ, ਇੱਕ ਅੰਸ਼ ਸੁਣਾਵਾਂ॥
ਵਿੱਚ ਅਨੰਦਪੁਰ, ਤੇਗ ਬਹਾਦੁਰ ਸਭਾ ਲਗਾਈ,
ਕਸ਼ਮੀਰੀ ਪੰਡਤ, ਲੱਗੇ ਪਾਵਣ ਹਾਲ ਦੁਹਾਈ।
ਮੁਗਲ ਰਾਜੇ ਨੇ ਉਹਨਾਂ ਉੱਤੇ, ਕਹਿਰ ਸੀ ਢਾਇਆ,
ਲੁਕ-ਛਿਪ ਕੇ ਪੰਡਤਾਂ ਨੇ, ਆਪਣਾ ਧਰਮ ਬਚਾਇਆ।
ਗੁਰੂ ਤੇਗ ਬਹਾਦਰ, ਕਿਰਪਾ ਰਾਮ ਨੂੰ ਕੋਲ ਬਿਠਾਇਆ,
ਅੱਤਿਆਚਾਰ ਤੋਂ ਬਚਣ ਦਾ, ਉਹਨਾਂ ਰਾਹ ਵਿਖਾਇਆ।
ਮੁਗਲਾਂ ਦੇ ਸਰਦਾਰ ਨੂੰ, ਇਹ ਸੰਦੇਸ਼ ਪੁਜਾਵੋ,
ਪਹਿਲਾਂ ਸਾਡੇ ਗੁਰੂ ਨੂੰ, ਮੁਸਲਮਾਨ ਬਣਾਵੋ।
ਫੇਰ ਆਖਿਆ ਗੁਰਾਂ ਨੇ, ਹੁਣ ਕੋਈ ਅੱਗੇ ਆਵੇ,
ਧਰਮ ਹੇਤ ਸਿਰ ਦੇ ਕੇ, ਜੋ ਕੁਰਬਾਨੀ ਪਾਵੇ।
ਬਾਲ ਗੁਰੂ ਗੋਬਿੰਦ, ਸਭਾ ਵਿੱਚ ਹੱਥ ਉਠਾਇਆ,
ਨਾਲ ਨਿਮਰਤਾ ਪਿਤਾ ਨੂੰ, ਇਹ ਬਚਨ ਸੁਣਾਇਆ।
ਤੁਹਾਡੇ ਨਾਲੋਂ ਵੱਡਾ, ਗੁਰੂ ਇਸ ਵੇਲੇ ਕਿਹੜਾ,
ਧਰਮ ਦੀ ਰੱਖਿਆ ਖਾਤਰ, ਸੀਸ ਦੇਵੇਗਾ ਜਿਹੜਾ॥
ਪੁੱਤਰ ਦੀ ਗੱਲ ਸੁਣ ਕੇ, ਗੁਰੂ ਜੀ ਮੁਸਕਰਾਏ,
ਉਸੇ ਵੇਲੇ ਦਿੱਲੀ ਵੱਲ, ਉਹਨਾਂ ਚਾਲੇ ਪਾਏ।
ਮਜ਼ਲੂਮ ਦੀ ਰੱਖਿਆ ਖਾਤਰ, ਉਹਨਾਂ ਧਰਮ ਨਿਭਾਇਆ,
ਸੀਸ ਗੰਜ ਉਹ ਸਥਾਨ ਐ, ਜਿੱਥੇ ਸੀਸ ਗਵਾਇਆ।
ਗੁਰਾਂ ਦੀ ਜੀਵਨ ਸਾਖੀ ਤੋਂ, ਇਹ ਸਿੱਖਿਆ ਖੱਟੀਏ,
ਦੇਣੀ ਪਏ ਕੁਰਬਾਨੀ, ਕਦੇ ਨਾ ਪਿੱਛੇ ਹੱਟੀਏ।
ਪਤਿਤ-ਪੁਣੇ ਨੂੰ ਛੱਡੀਏ, ਚੰਗੇ ਕਰਮ ਕਮਾਈਏ,
ਦੋ ਵੇਲੇ ਕਰ ਸਿਮਰਨ, ਜੀਵਨ ਸਫਲ ਬਣਾਈਏ।
ਸਰਬੰਸ ਦਾਨੀ ਦੇ ਪੁਰਬ ਨੂੰ, ਖੁਸ਼ੀਆਂ ਨਾਲ ਮਨਾਵੋ,
ਦਸਮ ਪਿਤਾ ਦਸ਼ਮੇਸ਼ ਦੇ, ਦੱਸੇ ਰਾਹ ਪੈ ਜਾਵੋ।
ਦਸਮ ਪਿਤਾ ਦਸ਼ਮੇਸ਼ ਦੇ, ਦੱਸੇ ਰਾਹ ਪੈ ਜਾਵੋ॥
No comments:
Post a Comment