ਨਵੀਂ ਸਵੇਰ ਦੇ ਮੁਖੜੇ ਜਿਹੀ ਕੋਈ ਮੂਰਤ
ਜੋ ਮੇਰੇ ਖ਼ਾਬ ਵਿਚ ਆਈ, ਬੁਲਾ ਗਈ ਮੈਨੂੰ
ਸਵੇਰ ਤੀਕ ਨਾ ਮੁੜਿਆ ਤਾਂ ਮੈਨੂੰ ਭੁੱਲ ਜਾਇਓ
ਬਸ ਏਹੋ ਸਮਝਿਓ, ਸਿਆਹ ਰਾਤ ਖਾ ਗਈ ਮੈਨੂੰ
ਜੇ ਹੋ ਸਕੇ ਤਾਂ ਫਿਰ ਏਨੀ ਉਚੇਚ ਕਰ ਜਾਣਾ
ਕਿ ਅਪਣੀ ਮੜਕ ਨੂੰ ਲੋੜਾਂ ਦੇ ਮੇਚ ਕਰ ਜਾਣਾ
ਉਦਾਸ ਜਿ਼ੰਦਗੀ ਪਿੰਡੇ 'ਤੇ ਚੀਥੜੇ ਪਹਿਨੀ
ਬਿਠਾ ਕੇ ਗੋਦ ਵਿਚ ਏਨਾ ਸਿਖਾ ਗਈ ਮੈਨੂੰ
ਮੈਂ ਜਿਸਨੇ ਸ਼ੋਖ਼ ਹਵਾ ਦੀ ਨਾ ਆਰਜ਼ੂ ਵੇਖੀ
ਕਦੇ ਵੀ ਧੜਕਣਾਂ ਤੋਂ ਪਾਰ ਦੀ ਨ ਜੂਹ ਵੇਖੀ
ਮੈਂ ਜੋ ਜ਼ਮੀਨ 'ਤੇ ਪਾਰੇ ਦੇ ਵਾਂਗ ਤੁਰਦਾ ਸੀ
ਕਿਸੇ ਦੀ ਤੱਕਣੀ ਸ਼ੀਸ਼ਾ ਬਣਾ ਗਈ ਮੈਨੂੰ
ਨਹੀਂ ਮੈਂ ਦੋਸਤੋ ਹੈਰਾਨ ਉਸਦੇ ਕਾਰੇ 'ਤੇ
ਉਹ ਚੜ੍ਹ ਕੇ ਆ ਗਈ ਮੇਰੇ ਹੀ ਇਕ ਇਸ਼ਾਰੇ 'ਤੇ
ਸਣੇ ਕਮਾਨ ਤੇ ਤੀਰਾਂ ਦੇ ਤੋੜ ਕੇ ਤਰਕਸ਼
ਸਰੇ ਬਾਜ਼ਾਰ ਮਿਰੀ ਮੈਂ ਹਰਾ ਗਈ ਮੈਨੂੰ
ਬਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ
ਇਹੋ ਖਿਆਲ ਹੀ ਮੇਰੇ ਲਹੂ 'ਚ ਰੰਗ ਭਰੇ
ਬਿਗਾਨੀ ਪੀੜ ਨੂੰ ਮੱਥੇ ਸਜਾਉਣ ਸਿੱਖਿਆ ਹਾਂ
ਇਹੋ ਹੀ ਟੂਮ ਹੈ ਜਿਹੜੀ ਸਜਾ ਗਈ ਮੈਨੂੰ
No comments:
Post a Comment