ਧੁੰਦਲਾ ਜਿਹਾ ਰਹਿਣ ਦੇ............ ਗ਼ਜ਼ਲ / ਸੁਰਜੀਤ ਪਾਤਰ

ਧੁੰਦਲਾ ਜਿਹਾ ਰਹਿਣ ਦੇ ਤੂੰ ਸੱਚ ਦਾ ਇੰਕਸ਼ਾਫ਼
ਦੇਖੀ ਨ ਮੈਥੋਂ ਜਾਏਗੀ ਤਸਵੀਰ ਸਾਫ਼ ਸਾਫ਼

ਪੱਥਰ ਜਿਹਾ ਇਕ ਬਹਿ ਗਿਆ ਪਾਣੀ ਦਾ ਕਾਲਜੇ
ਪਾਣੀ ਦਾ ਤਲ ਤਾਂ ਹੋ ਗਿਆ ਸ਼ੀਸ਼ੇ ਜਿਹਾ ਸ਼ਫ਼ਾਫ਼

ਰਾਤਾਂ ਨੂੰ ਹੁੰਦੀ ਹੈ ਜਿਰਹ ਨਿਤ ਉਸਦੇ ਕਾਲਜੇ

ਦਿਨ ਦੀ ਅਦਾਲਤ 'ਚੋਂ ਉਹ ਬੇਸ਼ਕ ਹੋ ਗਿਆ ਹੈ ਮਾਫ਼

ਛੁੰਹਦਾ ਹਾਂ ਤੇਰਾ ਜਿਸਮ ਮੈਂ ਪ੍ਹੜਦਾ ਜਿਵੇਂ ਬਰੇਲ
ਚੁੰਧਿਆ ਕੇ ਅੰਨ੍ਹਾ ਕਰ ਗਿਆ ਇਕ ਨਗਨ ਸੱਚ ਸ਼ਫ਼ਾਫ਼

ਵਾਅਦਾ ਮੁਆਫ਼ ਬਣ ਗਿਆ ਹਉਕਾ ਹੀ ਇਕ ਗਵਾਹ
ਘੁੱਟਿਆ ਜੁ ਦਮ ਵਜੂਦ 'ਚੋਂ ਨਿਕਲ਼ੀ ਨ ਗੱਲ ਦੀ ਭਾਫ


No comments: