ਉਸਦਾ ਨਾਮ ਤਾਂ ਸਾਇਦ ਪੂਰਨ ਸਿੰਘ ਸੀ, ਪਰ ਲੋਕ ਉਸਨੂੰ ‘ਪੂਰਾ’ ਹੀ ਕਹਿੰਦੇ ਸਨ। ਉਹ ਵੀ ਮੂੰਹ ‘ਤੇ; ਉਂਝ ਬਹੁਤੇ ਲੋਕਾਂ ਉਸਦੀ ‘ਭੜਥੂ’ ਦੀ ਅੱਲ ਪਾਈ ਹੋਈ ਸੀ। ਮੇਰੀ ਉਸ ਨਾਲ ਮੁਲਾਕਾਤ ਦਾ ਸਬੱਬ ਵੀ ਬੜਾ ਅਜੀਬ ਬਣਿਆ। ਮੈ ਸਾਇਦ ਓਦੋਂ ਸੱਤਵੀਂ ਵਿੱਚ ਪੜ੍ਹਦਾ ਸੀ। ਡਰੇਨ ਛੱਪੜ ਦੇ ਵਿੱਚਦੀ ਲੰਘਦੀ ਹੋਣ ਕਾਰਨ ਮੀਂਹ ਦੇ ਦਿਨਾਂ ਵਿੱਚ ਛੱਪੜ ਬਹੁਤ ਵੱਡੇ ਆਕਾਰ ਦਾ ਬਣ ਜਾਂਦਾ ਸੀ। ਉੱਥੇ ਮੱਝਾਂ ਨਹਾਉਣ ਦਾ ਆਪਣਾ ਹੀ ਲੁਤਫ਼ ਸੀ। ਅਸੀਂ ਕਈ ਜਾਣੇ ਇਕੱਠੇ ਹੋ ਕੇ ਮੱਝਾਂ ਛੱਪੜ ਵਿੱਚ ਛੱਡਕੇ ਆਪ ਕਿਸੇ ਖੇਡ ਵਿੱਚ ਮਸਤ ਹੋ ਗਏ।
‘ਔਹ ‘ਭੜਥੂ’ ਕੀਹਦੇ ਵਾਲੀ ਹੱਕੀ ਜਾਂਦਾ’ ਸਾਡੇ ‘ਚੋ ਇੱਕ ਨੇ ਚੀਕ ਮਾਰਨ ਵਾਲਿਆਂ ਵਾਂਗ ਆਖਿਆ। ਵੱਲ੍ਹੀ ਮੱਝ ਵੇਖ ਕੇ ਮੇਰੀ ਖਾਨਿਓ ਗਈ। ਮਾਰੇ ਗਏ। ਖੇਡ ਵਿੱਸਰ ਗਈ। ਸੋਚ ਖੜੀ ਹੋ ਗਈ ਕਿ ਮੱਝ ਕਿਵੇ ਲਿਆਂਦੀ ਜਾਵੇ। ਘਰ ਜਾ ਕੇ ਦੱਸਿਆ ਜਾਵੇ। ਇਹ ਸੋਚਕੇ ਹੋਰ ਕਾਂਬਾ ਛਿੜ ਪਿਆ। ‘ਭੜਥੂ’ ਤਾਂ ਹੋ ਸਕਦਾ ਘੱਟ ਲਾਵੇ ਪਰ ਬੇਬੇ ਨੇ ਗੱਲ ਨੀ ਕਰਨ ਦੇਣੀ। ਪਹਿੱਲਾਂ ਹੀ ਸਿੱਟ ਲੈਣਾ ‘ਤੇ ਫਿਰ ਖਿੱਚ ਕੇ ਲਿਆਊ ਇੱਥੇ। ਅਤੇ ਇੱਥੇ ‘ਪੂਰੇ’ ਨੂੰ ਕਹੂ ਬਣਾ ਇਹਨੂੰ ਬੰਦਾ। ਇਹਦੇ ਨਾਲੋਂ ਸਿੱਧੀਆਂ ਪੂਰੇ ‘ਤੋਂ ਹੀ ਖਾਧੀਆਂ ਜਾਣ। ਮੱਝ ਤਾਂ ਲਿਆਉਣੀ ਪਊ। ਨਾਲ ਦੇ ਸਾਥੀ ਕਸੂਤਾ ਫਸਿਆ ਵੇਖ ਕੇ ਬਾਘੀਆਂ ਪਾ ਰਹੇ ਸਨ। ਕੋਈ ਮੇਰੇ ਨਾਲ ਜਾਣ ਲਈ ਤਿਆਰ ਨਹੀ ਸੀ। ਸਗੋਂ ਦਿਲੋਂ ਉਹ ਪੂਰੇ ਬਾਗੋ-ਬਾਗ ਸੀ, ਕਿ ਫਸ ਗਿਆ। ‘ਕੋਈ ਕਹੇ ਮੱਲਾ ਉਹਦੀ ਜੁੱਤੀ ਬੜੀ ਵੱਡੀ ਐ। ਬਸ ਜਾਂਦੇ ਨੂੰ ਸਿੱਟ ਹੀ ਲੈਂਦਾ।’ ਕੋਈ ਕਹਿੰਦਾ, ‘ਘੜੀਸਦਾ ਵੀ ਬੜਾ ਆ ਅਤੇ ਕੁੱਟਦਾ ਵੀ ਐ।’ ਜਿਹੋ ਜਿਹਾ ਕਿਸੇ ਦਾ ਮੂੰਹ ਓਹੋ ਜਿਹੀਆਂ ਗੱਲਾਂ।
ਮੈਂ ਦਿਲ ਨੂੰ ਕਰੜਾ ਜਿਹਾ ਕਰਕੇ ਉਸਦੇ ਕੋਠੇ ਵੱਲ ਨੂੰ ਚੱਲ ਪਿਆ ਜਿੱਥੇ ਸੰਘਣੇ ਦਰੱਖਤਾਂ ਦਾ ਇੱਕ ਝੁੰਡ ਜਿਹਾ ਸੀ। ਰਾਹ ਵਿੱਚ ਮੈ ਸੋਚਦਾ ਜਾ ਰਿਹਾ ਸੀ ਕਿ ‘ਪੂਰੇ’ ਤੋਂ ਘੱਟ ਤੋ ਘੱਟ ਕੁੱਟ ਕਿਵੇਂ ਖਾਧੀ ਜਾਵੇ। ਜੁੱਤੀ, ਥੱਪੜ ਅਤੇ ਲੱਤਾਂ ਤੋਂ ਬਚਣ ਦੇ ਉਪਾਅ ਵੀ ਸੋਚਦਾ ਜਾ ਰਿਹਾ ਸੀ ਅਤੇ ਮਨ ਨੂੰ ਕਰੜਾ ਵੀ ਕਰ ਰਿਹਾ ਸੀ ਕਿ ਥੋੜੀ ਘਣੀ ਸੱਟ ਫੇਟ ਨਾਲ ਆਪਣਾ ਕੀ ਵਿਗੜਦਾ; ਘਰੋਂ ਹਫਤੇ ਦੋ ਹਫਤੇ ਪਿੱਛੋਂ ਖਾ ਹੀ ਲਈ ਦੀਆਂ। ਉਸਦੀ ਕਰੜ ਬਰੜੀ ਦਾਹੜੀ ਦੇ ਹਿਸਾਬ ਨਾਲ ਬਾਬਾ ਕਿਹਾ ਜਾਵੇ ਜਾਂ ਤਾਇਆ। ਉਹਨਾਂ ਦਿਨਾਂ ਵਿੱਚ ਕਿਸੇ ਬਗਾਨੇ ਨੂੰ ਹੋਰ ਸੰਬੋਧਕ ਨਾਲ ਬੁਲਾਇਆਂ ਵੀ ਨਹੀਂ ਜਾਂਦਾ ਸੀ। ‘ਪੂਰਾ’ ਕੱਸੀ ਦੇ ਖਾਲ ਉਪਰ ਮੰਜਾ ਡਾਹ ਕੇ ਪਿਆ ਸੀ। ‘ਬਾਬਾ ਇਹ ਮੈਂਸ ਮੇਰੀ ਐ ਮੈਥੋ ਗਲਤੀ ਹੋਗੀ ਮੁੜਕੇ ਨੀ ਕਰਦਾ ਮਿੰਨਤ ਨਾਲ, ਅੱਜ ਛੱਡ ਦੇ ਮੁੜਕੇ ਨੀ ਇਸ ਛੱਪੜ ‘ਤੇ ਆਉਦਾ’ ਮੈ ਰਟੇ ਰਟਾਏ ਸਬਦ ਖੁਸ਼ਕ ਹੋ ਰਹੀ ਜੀਭ ‘ਚੋਂ ਮਸਾਂ ਕੱਢੇ। ਉਸਨੇ ਇੱਕ ਦਮ ਉਠਦਿਆਂ ਮੰਜੇ ਦੇ ਹੇਠ ਨੂੰ ਹੱਥ ਕੀਤਾ ਤਾਂ ਮੈ ਪਿੱਛੇ ਨੂੰ ਭੱਜਣ ਲਈ ਤਿਆਰ ਹੋ ਗਿਆ। ਫਿਰ ਉਸਨੇ ਕੜਕਦੀ ਅਵਾਜ ਵਿੱਚ ਪੁਛਿਆ, ‘ਕੀਹਦਾ ਕੁਛ ਆਂ ਓਏ’
‘ਮੈਂ ਗੁਰਦਿਆਲ ਫੌਜੀ ਦਾ ਮੂੰਡਾ, ਜੈਦ ਪੱਤੀ ਆਲੇ ਦਾ’
‘ਇਹਨਾ ਨੂੰ ਸੰਭਾਲ ਕੇ ਰੱਖਿਆ ਕਰੋ, ਆਪਦੀਆਂ ਮ…. , ਨਾਲੇ ਮੈ ਤੇਰਾ ਬਾਬਾ ਨੀ ਚਾਚਾ ਜਾਂ ਤਾਇਆਂ ਲੱਗਦਾ ਹੋਊਂ’ ਉਸਨੇ ਕੁੱਝ ਠੰਡਾ ਜਿਹਾ ਹੁੰਦੇ ਨੇ ਕਿਹਾ।
‘ਚੰਗਾ ਜੀ ‘ਗਹਾਂ ਤੋਂ ਚਾਚਾ ਹੀ ਕਿਹਾ ਕਰੂੰ’ ਮੈਨੂੰ ਹੁੱਣ ਤੱਕ ਪਿੰਡਾਂ ਵਾਲਿਆਂ ਦੀ ਇੰਨੀ ਕੁ ਮਾਨਸਿਕਤਾ ਦੀ ਸਮਝ ਆ ਚੁੱਕੀ ਸੀ ਕਿ ਉਹ ਤਾਇਆ ਕਹਾਉਣ ਨਾਲੋ ਚਾਚਾ ਕਹਾਉਣਾ ਚੰਗਾ ਸਮਝਦੇ ਐ।
‘ਸਿਵਿਆਂ ‘ਚੋ ਦੀ ਲੰਘੇ ਆਉਂਦੇ ਨੂੰ ਤੈਨੂੰ ਕੋਈ ਭੂਤ ਪਰੇਤ ਨੀ ਮਿਲੀ?’ ਹੁਣ ਉਹ ਠੰਡੇ ਮੂਡ ਵਿੱਚ ਸੀ’
‘ਨਹੀ ਚਾਚਾ ਮੈਂ ਤਾਂ ਭੂਤਾਂ ਕਦੇ ਵੇਖੀਆਂ ਹੀ ਨਹੀ’ ਮੈ ਵੀ ਹੁਣ ਟਹਿਰਕ ‘ਚ ਹੋ ਗਿਆ ਸੀ।
‘ਪਤਾ ਨਹੀ ਜਿਸਦਾ ਕਿਸੇ ਦਾ ਪਸ਼ੂ ਉਜਾੜਾ ਕਰਦਾ ਫੜ ਲਈਦਾ ਉਸਦਾ ਹੀ ਮਾਂ-ਪਿਓ ਆਕੇ ਆਖਣ ਲੱਗ ਪੈਂਦਾ ਪਸ਼ੂ ਤਾਂ ਸਾਡੇ ਜੁਆਕ ਨੇ ਮੋੜ ਲੈਣਾ ਸੀ ਪਰ ਛਲੇਡੇ ਨੇ ਹੀ ਵਾਹ ਨੀ ਜਾਣ ਦਿੱਤੀ, ਕਦੇ ਸੱਪ ਬਣਜੇ, ਕਦੇ ਸ਼ੀਹ ਬਣਜੇ। ਕਦੇ ਨਵੀ ਵਿਆਹੀ ਕੁੜੀ ਬਣਜੇ ਜਾਂ ਕਹਿਣਗੇ ਚੜੇਲ ਨੇ ਧੱਕਾ ਮਾਰਿਆ ਜੁਆਕ ਦੇ। ਅਸੀਂ ਤਾਂ ਥੌਲੇ ਪੁਆਈ ਜਾਨੇ ਆਂ’ ਤੂੰ ਵਾਹਵਾ ਬਚ ਗਿਆ ਹੁਣ ਉਸਦੇ ਬੁਲ੍ਹਾ ‘ਤੇ ਮਿਨੀ ਮਿਨੀ ਮੁਸਕਾਨ ਸੀ। ਅਸਲ ਵਿੱਚ ‘ਪੂਰੇ ਦੇ ਖੇਤ ਦੇ ਇੱਕ ਪਾਸੇ ਸਿਵੇ ਸਨ ਦੂਸਰੇ ਪਾਸੇ ਗੋਰਾਂ (ਕਬਰਾਂ) ਜੋ ਕੇ ਦੇਸ਼ ਦੀ ਵੰਡ ਤੋ ਬਾਅਦ ਚਰਾਂਦ ਦਾ ਰੂਪ ਧਾਰ ਗਈਆਂ ਸਨ।
‘ਚਲ ਖੋਲ੍ਹ ਕੇ ਲੈ ਜਾ ਆਪਦੀ ਮੈਸ। ਤੇਰਾ ਪਿਉ ਤਾਂ ਮੇਰਾ ਚੰਗਾ ਲਿਹਾਜੀ ਐ। ਜਦੋਂ ਛੁੱਟੀ ਆਉਂਦਾ ਮਿਲੇ ਬਿਨਾ ਨੀ ਜਾਂਦਾ, ਪਰ ਉਥੇ ਮੁੰਡਿਆਂ ‘ਚ ਜਾਕੇ ਨਾ ਫੜ੍ਹਾਂ ਮਾਰਨ ਲੱਗ ਜੀ ਵਈ ਮੈਨੂੰ ਤਾਂ ਕੁੱਝ ਕਿਹਾ ਹੀ ਨਹੀਂ। ਰੋਦਿਆਂ ਵਰਗਾ ਮੂੰਹ ਬਣਾਕੇ ਕਹੀ ਮੈਨੂੰ ਤਾਂ ਕੁੱਟਿਆ ਹੀ ਬਹੁੱਤ ਐ, ਨਹੀ ਤਾਂ ਇਸ ਮੰਡੀਹਰ ਨੇ ਚਾਂਭਲ ਜਾਣਾ ਕਿ ‘ਭੜਥ’ ਤਾਂ ਸੁੱਕੇ ਹੀ ਛੱਡ ਦਿੰਦਾ’
‘ਚੰਗਾ ਚਾਚਾ ਜਿਵੇਂ ਤੂੰ ਕਹਿੰਨਾ ਉਸੇ ਤਰ੍ਹਾਂ ਕਹੂੰ’ ਕਹਿ ਕੇ ਮੈ ਮੱਝ ਲੈ ਕੇ ਛੱਪੜ ਵੱਲ ਨੂੰ ਤੁਰ ਪਿਆ।
ਇਹ ਮੇਰੀ ਉਸ ਨਾਲ ਪਹਿਲੀ ਮੁਲਾਕਾਤ ਸੀ। ਉਸ ਤੋਂ ਬਾਅਦ ਉਹ ਜਦ ਕਦੇ ਵੀ ਮੈਨੂੰ ਮਿਲਦਾ ਮੈ ਉਸਨੂੰ ਬੜੇ ਸਤਿਕਾਰ ਨਾਲ ਮਿਲਦਾ। ਸਕੂਲ ਦੀ ਪੜਾਈ ਤੋਂ ਬਾਅਦ ਵੀ ਮੈ ਕਈ ਵਾਰ ਉਸਨੂੰ ਸਪੈਸਲ ਮਿਲਣ ਜਾਂਦਾ ਜਾਂ ਰਾਹ ਖਹਿੜੇ ਹੀ ਖਲੋ ਕੇ ਉਸ ਨਾਲ ਗੱਲਾਂ ਮਾਰਨ ਲੱਗ ਪੈਂਦਾ। ਉਹਨਾ ਦਿਨਾਂ ਵਿੱਚ ਹਾਲੇ ਤਰਕਸ਼ੀਲ ਸ਼ਬਦ ਲੋਕਾਂ ਦੀ ਸ਼ਬਦਾਵਲੀ ਦਾ ਹਿੱਸਾ ਨਹੀ ਸੀ ਬਣਿਆ ਪਰ ‘ਪੂਰਾ’ ਉਹਨਾ ਦਿਨਾ ਵਿੱਚ ਵੀ ਪੂਰਾ ਤਰਕਸ਼ੀਲ ਸੀ। ਉਹ ਭੂਤਾਂ-ਪਰੇਤਾਂ, ਮੜ੍ਹੀਆਂ ਮਸਾਣਾ, ਮੱਸਿਆਂ-ਪੁੰਨਿਆਂ ਅਤੇ ਹਥੌਲਿਆਂ-ਥੱਪਿਆਂ, ਸੰਤਾ-ਫਕੀਰਾਂ, ਪੰਡਤ-ਪਾਂਧਿਆਂ ਦਾ ਪੂਰਾ ਵਿਰੋਧ ਕਰਦਾ ਸੀ। ਉਸਨੂੰ ਵੇਖ ਕੇ ਮਾੜਾ-ਮੰਗਤਾ, ਸਾਧ-ਜੋਗੀ ਜਾਂ ਢੌਂਗੀ ਉਸਦੇ ਘਰ ਤਾਂ ਕੀ ਵੜਨਾ ਸੀ, ਸਗੋਂ ਰਸਤਾ ਬਦਲ ਲੈਂਦਾ ਸੀ। ਉਸਨੇ ਆਪਣੇ ਪੁੱਤਾਂ ਦੇ ਵਿਆਹ ਵੇਲੇ ਵੀ ਕੁੜੀ ਵਾਲਿਆਂ ਨੂੰ ਇੱਕੋ ਸਰਤ ਰੱਖੀ ਸੀ ਕਿ ਮੈ ਆਪਣੇ ਘਰ ਵਿੱਚ ਨਾ ਕੋਈ ਜੋਤ ਲਾਉਣ ਦੇਣੀ ਨਾ ਨੂੰਹ ਨੂੰ ਕਿਸੇ ਮੜ੍ਹੀ-ਮਸੀਤ ‘ਚ ਜਾਣ ਦੇਣਾ ਨਾ ਕਿਸੇ ਸਾਧ-ਸੰਤ ਦੇ ਡੇਰੇ ਨਾ ਕਿਸੇ ਫਕੀਰ ਦੀ ਕਬਰ ‘ਤੇ। ਜੇ ਮਨਜੂਰ ਹੈ ਤਾਂ ਸਾਕ ਕਰਦਿਓ ਨਹੀ ਤੁਸੀਂ ਆਪਣੇ ਘਰੇ ਚਲੋ ਮੈ ਆਪਣੇ ਬੈਠਾ ਹੀ ਹਾਂ। ਉਸਨੇ ਅਜਿਹਾ ਕੁੱਝ ਆਪਣੇ ਘਰ ਚੱਲਣ ਵੀ ਨਹੀ ਦਿੱਤਾ ਜੇ ਕਦੇ ਕਿਸੇ ਨੇ ਅਜਿਹਾ ਕਰਨ ਦੀ ਜੁਅੱਰਤ ਕੀਤੀ ਤਾਂ ਉਸਨੇ ਭੜਥੂ ਪਾ ਕੇ ਬੰਦ ਕਰਵਾ ਦਿੱਤਾ।
ਇੱਕ ਵਾਰ ਮੈਂ ਛੂੱਟੀ ਦੇ ਦਿਨ ਬਾਹਰ ਦਰੱਖਤ ਹੇਠ ਖੜਾ ਸੀ, ਸਾਇੱਦ ਅਪਰੈਲ ਜਾਂ ਮਈ ਦਾ ਮਹੀਨਾ ਸੀ। ਇੱਕ ਅੱਧੇ ਕੁ ਨਿਹੰਗ ਬਾਣੇ ਵਿੱਚ ਬਾਬਾ ਮੇਰੇ ਕੋਲ ਰੋਣ ਵਾਲਾ ਮੂੰਹ ਕਰਕੇ, ‘ਕਹਿੰਦਾ ਵੇਖ ਲਓ ਜੀ ਕਲਜੁਗ ਆਗਿਆ ਸਾਰੀ ਬੀਹੀ ਵਿੱਚ ਜਾ ਆਇਆ ਕਿਸੇ ਨੇ ਬਾਬੇ ਦੇ ਲੰਗਰਾਂ ਵਾਸਤੇ ਬੁੱਕ ਦਾਣਿਆ ਦਾ ਨਹੀ ਪਾਇਆ,’ ਉਸਨੇ ਮੇਰੇ ਮੂਹਰੇ ਖਾਲੀ ਪੀਪਾ ਕਰਦਿਆਂ ਕਿਹਾ, ‘ਲੋਕਾਂ ‘ਚ ਸਰਧਾ ਹੀ ਖਤਮ ਹੋ ਗਈ, ਅੱਗੇ ਥੋਡੇ ਪਿੰਡ ਵਿੱਚ ‘ਕੱਲਾ ਭੜਥੂ ਸੀ ਹੁਣ ਸਾਰੇ ਹੀ ਭੜਥੂ ਬਣੇ ਪਏ।’
ਉਸਦੇ ਮੂੰਹੋ ਭੜਥੂ ਦਾ ਨਾਂ ਸੁਣਕੇ ਮੇਰੇ ਕੰਨ ਖੜੇ ਹੋ ਗਏ। ਮੈ ਕਿਹਾ, ‘ਤੂੰ ਭੜਥੂ ਨੂੰ ਜਾਣਨੈ?’ ਉਹ ਕਹਿੰਦਾ, ‘ਅੱਜ ਦਾ ਅੱਜ ਤੋ ਵੀਹ ਸਾਲ ਪਹਿਲਾਂ ਦਾ ਜਾਣਦਾਂ। ਇੱਕ ਵਾਰ ਐਂ ਹੀ ਗੁਰੂ ਕੇ ਲੰਗਰਾਂ ਲਈ ਬੋਰੀ ਲੈਕੇ ਭੜਥੂ ਕੇ ਬਾਰ ਮੂਹਰੇ ਰਸਦ ਪਾਉਣ ਲਈ ਕਹਿ ਬੈਠਾ, ਭਾਈ ਭੜਥੂ ਮੈਨੂੰ ਕਹਿੰਦਾ, ਕਿੱਥੇ ਮੈਂ ਭਾਡੇ ‘ਚ ਦਾਣੇ ਪਾਕੇ ਡੋਲ੍ਹਦਾ ਫਿਰੂੰ ਤੂੰ ਮੈਨੂੰ ਬੋਰੀ ਫੜਾ ਮੈ ਆਪ ਹੀ ਘਰੋਂ ਭਰ ਕੇ ਲਿਆ ਦਿੰਨਾ। ਮੈ ਕਿਹਾ ਬੜਾ ਭਲਾ ਪੁਰਸ਼ ਐ। ਮੈ ਬੋਰੀ ਉਹਨੂੰ ਫੜਾ ਕੇ ਆਪ ਬਾਰ ਵਿੱਚ ਖੜ੍ਹ ਗਿਆ। ਦਸ ਮਿੰਟ, ਵੀਹ ਮਿੰਟ, ਅੱਧਾ ਘੰਟਾ ਭੜਥੂ ਤਾਂ ਬਾਹਰ ਹੀ ਨਾ ਨਿੱਕਲਿਆਂ, ਮੈ ਇੱਕ ਦੋ ਆਵਾਜਾਂ ਵੀ ਮਾਰੀਆਂ ਪਰ ਕੁੱਝ ਪੱਲੇ ਨਾ ਪਿਆ। ਹਾਰਕੇ ਮੈਂ ਨੇੜ ਹੀ ਇੱਕ ਗੁਰਮੁਖ ਆਦਮੀ ਗੁਰਦਿਆਲ ਸੁਨਿਆਰਾ ਰਹਿੰਦਾ ਸੀ, ਉਸਨੂੰ ਜਾ ਵਿੱਥਿਆ ਸੁਣਾਈ। ਉਹ ਸੁਣਕੇ ਮੇਰੀ ਗੱਲ ਕਹਿੰਦਾ, ‘ਕਿੰਨੇ ਕੁ ਦਾਣੇ ਸੀ?’ ਮੈ ਕਿਹਾ, ‘ਹੋਣਗੇ ਵੀਹ ਪੱਚੀ ਕਿਲੋ।’ ਉਹ ਕਹਿੰਦਾ, ‘ਫਿਰ ਸਮਝ ਲੈ ਉਹ ਵੀ ਗਏ।’ ਮੈਨੂੰ ਤਾਂ ਚੱਕਰ ਆਉਣ ਵਾਲਾ ਹੋ ਗਿਆ। ਸਾਰਾ ਦੁਪਹਿਰਾ ਸਿਰ ਤੋਂ ਦੀ ਲੰਘਾ ਕੇ ਮਸਾ ਤਾਂ ਇਕੱਠੇ ਕੀਤੇ ਸੀ। ਮੈ ਕਿਹਾ, ‘ਗੁਰਮਖਾ ਮੇਰੇ ਪਹਿਲੇ ਦਾਣੇ ਅਤੇ ਬੋਰੀ ਦੁਆਦੇ ਸਾਰੀ ਉਮਰ ਤੇਰੇ ਗੁਣ ਗਾਉਂ।’ ਉਹ ਕਹਿੰਦਾ, ਵਈ ਮਿੰਨਤ ਤਰਲਾ ਕਰਕੇ ਵੇਖ ਲੈਨੇ ਪਰ ਤੇਰੀ ਉਹ ਚੰਗੀ ਰੇਲ ਬਣਾਊ।’ ਮੇਰੀਆਂ ਤਾਂ ਡਰ ਨਾਲ ਲੱਤਾਂ ਥਰਨ ਥਰਨ ਕੰਬਣ। ਉਹ ਉੱਠਕੇ ਮੇਰੇ ਨਾਲ ਤੁਰ ਪਿਆ। ਸਾਡੇ ਜਾਂਦਿਆਂ ਨੂੰ ਭੜਥੂ ਮੌਜ ਨਾਲ ਮੰਜੇ ‘ਤੇ ਲੱਤ ‘ਤੇ ਲੱਤ ਧਰੀ ਪਿਆ। ਗੁਰਦਿਆਲ ਸਿਓ ਨੇ ਕਈ ਹਾਕਾਂ ਮਾਰੀਆਂ, ਤਾਂ ਜਾਕੇ ਮਾੜਾ ਜਿਹਾ ਸਿਰ ਚੁੱਕਿਆ। ‘ਆ ਵਈ ਗੁਆਂਢੀਆ ਕੀ ਭੀੜ ਪੈ ਗਈ’ ਉਸਨੇ ਉਸਨੂੰ ਇਸ ਤਰ੍ਹਾ ਕਿਹਾ ਜਿਵੇਂ ਉਸਨੂੰ ਕਿਸੇ ਗੱਲ ਦਾ ਪਤਾ ਹੀ ਨਾ ਹੋਵੇ। ‘ਯਾਰ ਆਹ ਬਾਬੇ ਦੇ ਦਾਣੇ ਮੋੜ ਅਤੇ ਇਸਨੂੰ ਮਾਫ ਕਰ ਅਗਾਹ ਨੂੰ ਆਪਾ ਇਸਨੂੰ ਸਮਝਾ ਦਿਆਂਗੇ’
‘ਕਿਹੜੇ ਦਾਣੇ?’
‘ਜੋ ਵੀ ਹੈ ਦੇਹ ਇਹਨੂੰ ਅਗਾਂਹ ਨੂੰ ਨਹੀ ਆਉਂਦਾ ਤੇਰੇ ਘਰੇ ਰਸਦ ਲੈਣ।’
‘ਮੈ ਵੀ ਭਾਈ ਮਿੰਨਤ ਤਰਲਾ ਕੀਤਾ। ਉਹ ਐਡਾ ਡਾਢਾ ਬੰਦਾ ਕਿਸੇ ਗੱਲ ‘ਤੇ ਹੀ ਨਾ ਆਵੇ। ਅਖੀਰ ਨੂੰ ਕਹਿੰਦਾ ਕੱਲ੍ਹ ਨੂੰ ਮੰਡੀ ਜਾਊਂ ਇਹਨਾ ਦਾਣਿਆ ਦੇ ਦੇਸੀ ਲੂਣ ਦੇ ਡਲੇ ਲਿਆਕੇ ਵੱਗ ‘ਚ ਗਾਂਈਆਂ ਨੂੰ ਪਾਊਂ। ਇਹ ਫਿਰ ਆਕੇ ਆਪਣੀ ਖਾਲੀ ਬੋਰੀ ਲੈ ਜਾਵੇ। ਅਖੀਰ ਨੂੰ ਮੈਥੋ ਇਹ ਗੱਲ ਕਹਾਕੇ, ਕਿ ਦੁਬਾਰਾ ਜਿੰਦਗੀ ਭਰ ਤੁਹਾਡੇ ਅਗਵਾੜ ‘ਚ ਨੀ ਵੜਦਾ ਤੇ ਹੁਣੇ ਆਹ ਦਾਣੇ ਲੈਕੇ ਪਿੰਡੋਂ ਬਾਹਰ ਜਾਨਾ; ਤਾਂ ਜਾਕੇ ਮੇਰੇ ਦਾਣੇ ਮੋੜੇ। ਉਹ ਦਿਨ ਅਤੇ ਆਹ ਦਿਨ ਮੈ ਨੀ ਉਸਦੇ ਮੱਥੇ ਲੱਗਿਆ। ਪਤਾ ਨਹੀ ਜਿਉਂਦਾ ਪਤਾ ਨਹੀ ਮਰਗਿਆ।’ ਮੈ ਕਿਹਾ, ‘ਉਹ ਤਾਂ ਹਾਲੇ ਜਿਉਦਾ; ਕਿਤੇ ਫਿਰ ਨਾ ਜਾ ਬਹੀਂ ਉਹਨਾ ਦੇ ਅਗਵਾੜ। ਐਤਕੀਂ ਵਾਰ ਤੇਰੇ ਦਾਣੇ ਨੀ ਮੁੜਣੇ। ਤੇਰੇ ਦਾਣੇ ਦਵਾਉਣ ਵਾਲਾ ਮਾਰ ਗਿਆ ਉਡਾਰੀ ਸੰਸਾਰ ‘ਤੋ।
ਇਸੇ ਤਰ੍ਹਾ ਕੁੱਝ ਸਾਲ ਪਹਿਲਾ ਕਿਸੇ ਬਾਬੇ ਨੇ ਸਾਡੇ ਪਿੰਡ ਪਏ ਇੱਕ ਛੋਟੇ ਜਿਹੇ ਗੁਰਦੁਆਰੇ ਦੀ ਇਤਿਹਾਸਕ ਮਹੱਤਤਾ ਦੱਸ ਕੇ ਉਸਦੀ ਕਾਰ ਸੇਵਾ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲੈ ਲਈ। ਬਸ ਫਿਰ ਕੀ ਨੌਜਵਾਨ ਮੁੰਡੇ ਨਵੇ ਨਕੋਰ ਸਾਇਕਲਾਂ ‘ਤੇ ਚੜ੍ਹਕੇ ਸਾਡੇ ਪਿੰਡ ਸਮੇਤ ਨਾਲ ਦੇ ਪਿੰਡਾਂ ਵਿਚੋਂ ਵੀ ਗਜਾ ਕਰਕੇ ਦੁੱਧ ਪਾਣੀ, ਦਾਲ ਰੋਟੀਆਂ ਇਕੱਠੀਆਂ ਕਰਦੇ। ਪਹਿਲਾਂ ਪੁਰਾਣੀ ਇਮਾਰਤ ਨੂੰ ਤੋੜਿਆ ਗਿਆ। ਸੈਂਕੜਿਆ ਦੀ ਗਿਣਤੀ ਵਿੱਚ ਲੋਕ ਹੱਥੀਂ ਕਾਰਸੇਵਾ ਕਰਕੇ ਆਪਣਾ ਜਨਮ ਸਫਲ ਕਰਨ ਲੱਗੇ। ਸੁਬਹਾ ਸ਼ਾਮ ਗਜਾ ਕਰਨ ਵਾਲੇ ਮੁੰਡਿਆਂ ਦੇ ਸਾਇਕਲਾਂ ਉਪਰ ਲੱਗੀਆਂ ਪੂਪਣੀਆਂ ਦੀ ਅਵਾਜਾਂ ਸੁਣਕੇ ਕੀ ਵਡੇ, ਕੀ ਛੋਟੇ ਰੋਟੀ, ਦਾਲ ਸਬਜੀ ਅਤੇ ਦੁੱਧ ਵਾਲੇ ਭਾਂਡੇ ਲੈਕੇ ਸਿਰ ਮੂਧ ਉਹਨਾਂ ਦੀ ਸੇਵਾ ਵਿੱਚ ਦੌੜਦੇ। ਘਰਾਂ ਦੀਆਂ ਮਾਈਆਂ ਹੋਰ ਸਾਰੇ ਕੰਮ ਤਿਆਗ ਪਹਿਲਾਂ ਉਹਨਾ ਦੀ ਸੇਵਾ ਵਿੱਚ ਜੁਟ ਜਾਂਦੀਆਂ। ਜੁਆਕ ਵਿਲਕਦੇ ਆ ਤਾਂ ਵਿਲਕਣ ਦਿਓ। ਕੋਈ ਸਕੂਲੋਂ ਲੇਟ ਹੁੰਦਾ ਤਾਂ ਹੋਣ ਦਿਓ। ਕਿਸੇ ਨੂੰ ਖੇਤ ਜਾਣ ਵਿੱਚ ਦੇਰੀ ਹੁੰਦੀ ਕੋਈ ਗੱਲ ਨਹੀ ਪਰ ਬਾਬਿਆਂ ਦੀ ਰਫਤਾਰ ਮੱਠੀ ਨਹੀ ਹੋਣੀ ਚਾਹੀਦੀ। ਉਹਨਾ ਨੂੰ ਦੇਰੀ ਹੋ ਗਈ ਤਾਂ ਸਵੱਰਗ ਦੇ ਬੂਹੇ ਭਿੜ ਜਾਣਗੇ।
ਭੜਥੂ ਪਿੰਡ ਛੱਡਕੇ ਗੋਰਾਂ ਵਾਲੇ ਖੇਤ ਨਿਆਈਆਂ ‘ਚ ਰਹਿਣ ਲੱਗ ਪਿਆ ਸੀ। ਬਾਬੇ ਉਸਦੇ ਘਰ ਵੀ ਆਉਣ ਲੱਗ ਪਏ। ਕਈ ਦਿਨ ਉਸਨੇ ਵੇਖਿਆ ਪੂਪਣੀਆਂ ਵੱਜਣ ਸਾਰ ਜੁਆਕਾਂ ਨੂੰ ਧੱਕੇ ਵੱਜਣ ਲੱਗਦੇ। ਉਸਦੀਆਂ ਨੂੰਹਾਂ ਦੀ ਰਫਤਾਰ ਵਿੱਚ ਵਾਧਾ ਹੋ ਜਾਂਦਾ ਅਤੇ ਕਾਫੀ ਰਸਦ ਪਾਣੀ ਸਾਇਕਲਾਂ ਵਾਲੇ ਨੌਜਵਾਨ ਬਾਬਿਆਂ ਦੇ ਢੋਲਾਂ ਵਿੱਚ, ਤੂੰਬੜੀਆਂ ਵਿੱਚ ਅਤੇ ਪਿਛਲੀ ਕਾਠੀ ਦੇ ਪਾਸੀ ਲੱਗੀਆਂ ਖੁਰਜੀਆਂ ਵਿੱਚ ਜਾਣ ਲੱਗਿਆ। ਭੜਥੂ ਬੇਚੈਨ। ਉਸਦੇ ਮਨ ਵਿੱਚ ਲੂਹਰੀਆਂ ਵਗਦੀਆਂ ਜੋ ਕੁੱਝ ਸਾਰੀ ਉਮਰ ਨਹੀ ਸੀ ਕਰਨ ਦਿੱਤਾ ਉਹ ਹੋ ਰਿਹਾ ਸੀ। ਭੜਥੂ ਸਵੇਰੇ ਮੱਝਾਂ ਨੁਹਾ ਰਿਹਾ ਸੀ। ਨੌਜਵਾਨ ਗਜਾ ਵਾਲੇ ਬਾਬੇ ਨੇ ਕੋਲ ਆਕੇ ਪੂਰੇ ਜੋਰ ਦੀ ਪੂਪਣੀ ਵਜਾਈ। ਭੜਥੂ ਨੇ ਮੱਝਾਂ ਨਹਾਉਣੀਆਂ ਬੰਦ ਕਰਕੇ ਬਾਬੇ ਕੋਲ ਜਾ ਫਤੇ ਬੁਲਾਈ,’ ਬਾਬਾ ਜੀ ਕਿਨਾ ਕੁ ਚਿਰ ਹੋਰ ਚਲੂ ਇਹ ਕਾਰ ਸੇਵਾ’
‘ਗੁਰਮਖਾ ਦੋ ਸਾਲ ਵੀ ਲੱਗ ਸਕਦੇ ‘ਤੇ ਚਾਰ ਪੰਜ ਵੀ। ਇਹ ਪਿੰਡ ਦੀ ਅਤੇ ਇਲਾਕੇ ਦੀ ਸੇਵਾ ਉਤੇ ਜਿਨਾ ਮਰਜੀ ਸਮਾ ਸੇਵਾ ਕਰ ਲੈਣ’ ਨੌਜਵਾਨ ਬਾਬੇ ਨੇ ਬੜੇ ਪਿਆਰ ਨਾਲ ਦੱਸਿਆ।
‘ਅੱਛਾ ਫੇਰ ਤਾਂ ਲੰਮਾ ਈ ਕੰਮ ਐ’ ਭੜਥੂ ਨੇ ਦਾੜੀ ਨੂੰ ਪਲੋਸਦਿਆਂ ਕਿਹਾ।
‘ਇਹ ਤੁਹਾਡੇ ਨਗਰ ਖੇੜੇ ਉਤੇ ਹੀ ਹੈ’ ਬਾਬੇ ਨੇ ਦੂਸਰੀ ਲੱਤ ਉਤੇ ਭਾਰ ਦਿੰਦਿਆਂ ਕਿਹਾ। ਜਿਸ ਤੋ ਪਤਾ ਲੱਗਦਾ ਸੀ ਕਿ ਸਾਇਕਲ ਉਪਰ ਕਾਫੀ ਭਾਰ ਹੈ।
‘ਜੇ ਇਹ ਗੱਲ ਐ ਤਾਂ ਐਂ ਕਰੋ ਔਹ ਖੜੀ ਐ ਸੱਜਰ ਝੋਟੀ, ਉਹਦੇ ਨਾਲ ਖੜੀ ਐ ਕੱਟੀ। ਤੁਸੀਂ ਸੈਕਲ ਖੜਾ ਕਰੋ ਇੱਥੇ, ਤੁਸੀ ਫੜੋ ਮੱਝ ਦਾ ਸੰਗਲ; ਮੈ ਹੱਕਦਾ ਮਗਰੋਂ। ਮੁੰਡਾ ਮੇਰਾ ਲਿਆਉਦਾ ਟਰਾਲੀ ‘ਚ ਰੱਖਕੇ ਕਣਕ ਅਤੇ ਜਵਾਂ ਦੀਆਂ ਬੋਰੀਆਂ, ਸਾਂਭੋ ਮੱਝ ਨੂੰ, ਪੱਠੇ ਪਾਓ ਦੁੱਧ ਚੋਓ, ਪੀਓ ਅਤੇ ਐਸ਼ ਕਰੋ। ਜਦੋਂ ਦੁੱਧੋਂ ਭੱਜਗੀ ਫੇਰ ਇਹ ਇੱਥੇ ਬੰਨ ਜਾਇਓ ਸੱਜਰ ਖੋਲ੍ਹਕੇ ਲੈ ਜਾਇਓ, ਜਿਨਾ ਚਿਰ ਮਰਜੀ ਕਾਰ ਸੇਵਾ ਕਰੀ ਜਾਇਓ। ਉਨ੍ਹਾ ਚਿਰ ਹੀ ਮੱਝ ਅਤੇ ਦਾਣਾ ਥੋਨੂੰ ਹਾਜਰ। ਪਰ ਆਹ ਨਿੱਤ ਵਾਲਾ ਕੰਮ ਨੀ ਚੱਲਣਾ। ਕਿਸੇ ਭੱਜੀ ਫਿਰਦੀ ਬੁੜੀ ਕੁੜੀ ਦਾ ਚੂਲਾ ਟੁੱਟ ਜੂ ਰਾਸ ਨੀ ਆਉਣਾ ਨਾਲੇ ਜੁਆਕਾਂ ਉਤੇ ਨਿੱਤ ਪੈਦੀ ਦੂਹਰੀ ਕੁੱਟ ਮੈਥੋਂ ਨੀ ਸਹਾਰੀ ਜਾਂਦੀ ਘਰੇ ਮਾਵਾਂ ਕੁੱਟ ਧਰਦੀਆਂ ਲੇਟ ਗਿਆਂ ਨੂੰ ਮਾਸਟਰ ਸਿੱਟ ਲੈਂਦੇ ਆ। ਨਿੱਤ ਨਿੱਤ ਦੇ ਸਿੜੀ ਸਿਆਪੇ ਨਾਲੋਂ ਇੱਕੋ ਦਿਨ ਕੰਮ ਨਿਬੜਿਆ ਚੰਗਾ। ਨਾਲੇ ਪਸ਼ੂਆਂ ਨਾਲ ਪਸ਼ੂ ਅਸੀ ਹੋਈਏ ਦੁੱਧ ਕੋਈ ਹੋਰ ਪੀਵੇ, ਇਹ ਨੀ ਜਚਦਾ।’
ਉਸ ਦਿਨ ਤੋਂ ਪਿਛੋ ਸਾਇਕਲਾਂ ਦੀ ਪੂਪਣੀ ਭੜਥੂ ਦੇ ਘਰ ਕੋਲੋਂ ਵੱਜਣੀ ਬੰਦ ਹੋ ਗਈ।
No comments:
Post a Comment