ਗ਼ਜ਼ਲ 1
ਨ੍ਹੇਰ ਦੇ ਸੁੰਨੇ ਪਲਾਂ ਵਿੱਚ ਭਟਕਦੇ 'ਕੱਲੇ ਅਸੀਂ
ਭਾਲ਼ਦੇ ਪੂਰਬ ਨੂੰ ਖ਼ੁਦ ਹੀ ਅਸਤ ਹੋ ਚੱਲੇ ਅਸੀਂ।
ਧੁੱਪ ਚੜ੍ਹ ਆਈ ਤਾਂ ਇਹਨਾਂ ਨੂੰ ਹਾਂ ਸਿਰ 'ਤੇ ਲੋਚਦੇ
ਰੱਖਿਆ ਛਾਂਵਾਂ ਨੂੰ ਹੁਣ ਤੱਕ ਠੋਕਰਾਂ ਥੱਲੇ ਅਸੀਂ ।
ਜੋ ਲਿਖੇ ਸਨ ਖ਼ੁਸ਼ਕੀਆਂ ਦੇ ਨਾਲ,ਪਰਤੇ ਖੁਸ਼ਕ ਹੀ
ਬੱਦਲ਼ਾਂ ਦੇ ਦੇਸ਼ ਨੂੰ ਜਿੰਨੇ ਵੀ ਖ਼ਤ ਘੱਲੇ ਅਸੀਂ ।
ਰਾਤ ਸਾਰੀ ਤਾਰਿਆਂ ਦੇ ਵੱਲ ਰਹਿੰਦੇ ਝਾਕਦੇ
ਰੌਸ਼ਨੀ ਦੀ ਭਾਲ਼ ਅੰਦਰ ਹੋ ਗਏ ਝੱਲੇ ਅਸੀਂ ।
ਤਾਂ ਹੀ ਸ਼ਾਇਦ ਹੈ ਸਲੀਕਾ,ਸੁਰ ਵੀ ਹੈ ਤੇ ਹੈ ਮਿਠਾਸ
ਬੰਸਰੀ ਵਾਂਗਰ ਗਏ ਕਿੰਨੀ ਦਫ਼ਾ ਸੱਲੇ ਅਸੀਂ ।
ਗਜ਼ਲ 2 / ਰਾਜਿੰਦਰਜੀਤ
ਸਭ ਮਹਿਲ ਉਮੀਦਾਂ ਦੇ ਢੂੰਢਣ ਆਧਾਰ ਨਵੇ
ਅਜ਼ਲਾਂ ਦੇ ਤੁਰਿਆਂ ਨੂੰ, ਰਸਤੇ ਦਰਕਾਰ ਨਵੇਂ।
ਭੇਜੇ ਸਨ ਬ਼ਾਗ਼ਾਂ ਨੂੰ, ਜੋ ਮਹਿਕਾਂ ਲੈਣ ਲਈ
ਕੁਝ ਨਾਅਰੇ ਲੈ ਆਏ, ਤੇ ਕੁਝ ਹਥਿਆਰ ਨਵੇਂ।
ਨਿੱਤ ਗਿਣਤੀ ਭੁਲਦਾਂ ਹਾਂ, ਮੈਂ ਤਾਰੇ ਗਿਣ-ਗਿਣ ਕੇ
ਪਹਿਲਾਂ ਦੇ ਡੁੱਬਦੇ ਨਾ, ਚੜ੍ਹਦੇ ਦੋ-ਚਾਰ ਨਵੇਂ।
ਟੁੱਟਦੀ ਹੈ ਕਲਮ ਕਿਤੇ, ਜਾਂ ਵਰਕੇ ਫਟਦੇ ਨੇਂ
ਨਿਸਦਿਨ ਹੀ ਕਵਿਤਾ ‘ਤੇ ਪੈਂਦੇ ਨੇ ਭਾਰ ਨਵੇਂ।
ਕੁਝ ਮੋਏ-ਮੁਕਰੇ ਪਲ, ਕਬਰਾਂ ਵਿੱਚ ਉੱਤਰੇ ਪਲ
ਰਾਹਾਂ ਵਿੱਚ ਮਿਲਦੇ ਨੇ, ਬਣਕੇ ਹਰ ਵਾਰ ਨਵੇਂ।
ਹੁਣ ਅਗਨੀ ਬੈਠੇਗੀ, ਫੁੱਲਾਂ ਦੀ ਰਾਖੀ ਨੂੰ
ਏਦਾਂ ਕੁਝ ਲਗਦੇ ਨੇ ਬਣਦੇ ਆਸਾਰ ਨਵੇ
ਗਜ਼ਲ 3 / ਰਾਜਿੰਦਰਜੀਤ
ਰੋਹੀਆਂ ‘ਚ ਰੁਲਦਿਆਂ ਨੂੰ
ਭੱਖੜੇ ‘ਤੇ ਤੁਰਦਿਆਂ ਨੂੰ
ਮਿਲਿਆ ਨਾ ਖੜ ਕੇ ਰੋਣਾ
ਅੰਦਰਲੇ ਮੁਰਦਿਆਂ ਨੂੰ।
ਪੌਣਾਂ ਨਾ ਰੋਕ ਸਕੀਆਂ
ਮੋਸਮ ਨਾ ਸਾਂਭ ਸਕਿਆ
ਛਾਵਾਂ ‘ਚ ਸੜਦਿਆਂ ਨੂੰ
ਧੁੱਪਾਂ ‘ਚ ਖੁਰਦਿਆਂ ਨੂੰ।
ਨਾਰਾਜ਼ ਹੋ ਜੋ ਤੁਰ ਪਏ
ਵਿੰਹਦੇ ਰਹੇ ਕਿ ਸ਼ਾਇਦ
ਆਵੇਗਾ ਮੁੜ ਬੁਲਾਵਾ
ਕੁਝ ਦੂਰ ਤੁਰਦਿਆਂ ਨੂੰ।
ਸਭ ਨੇ ਹੀ ਆਪੋ-ਆਪਣੇ
ਟੁਕੜੇ ਸਮੇਟਣੇ ਸਨ
ਕਿਹੜਾ ਖਲੋ ਕੇ ਸੁਣਦਾ
ਬੁੱਤਾਂ ਨੂੰ ਭੁਰਦਿਆਂ ਨੂੰ।
ਸੁੰਨ-ਸਾਨ ਵਿਹੜਿਆਂ ਵਿੱਚ
ਵੀਰਾਨ ਜਿਹੇ ਘਰਾਂ ਵਿੱਚ
ਜੰਗਲ ਹੀ ਬੈਠਾ ਮਿਲਿਆ
ਜੰਗਲ ਚੋ਼ ਮੁੜਦਿਆਂ ਨੂੰ।
1 comment:
बहुत अच्छी बा-कमाल , बेमिसाल शायरी ..
बधाई हो रजिन्दरजीत जी ...
Post a Comment