ਇਕ ਸ਼ਾਇਰ ਦੁਆਰਾ ਉਠਾਏ ਵਿਵਾਦ ਵਿਚ ਘਿਰਿਆ ਇਕ ਮਕਬੂਲ ਹੋ ਰਿਹਾ ਗਾਇਕ .......... ਲੇਖ਼ / ਪਰਮਿੰਦਰ ਤੱਗੜ (ਡਾ.)

ਅਕਸਰ ਅਜਿਹਾ ਵਾਪਰਦੈ ਕਿ ਜਦੋਂ ਕੋਈ ਸ਼ੋਹਰਤ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਹੁੰਦੈ ਤਾਂ ਉਸ ਦਾ ਝੱਗਾ ਖਿੱਚਣ ਵਾਲੇ ਵੀ ਨਾਲ਼ ਹੀ ਪੈਦਾ ਹੋ ਜਾਂਦੇ ਹਨ। ਜਿੰਨੀ ਦੇਰ ਤੱਕ ਕੋਈ ਸ਼ੋਹਰਤ ਹਾਸਲ ਨਹੀਂ ਕਰਦਾ ਓਨੀ ਦੇਰ ਜੋ ਮਰਜ਼ੀ, ਜੀਹਦਾ ਮਰਜ਼ੀ, ਜਿਵੇਂ ਮਰਜ਼ੀ ਗਾਈ ਜਾਵੇ ਕੋਈ ਫ਼ਿਕਰ ਨਹੀਂ ਪਰ ਜਦ ਉਹ ਗਾਇਕ ਮਕਬੂਲ ਹੋ ਜਾਵੇ ਤਾਂ ਝੱਟ ਉਹਨਾਂ ਸ਼ਾਇਰਾਂ ਨੂੰ ਫ਼ਿਕਰ ਆ ਪੈਂਦਾ ਹੈ ਕਿ ਇਸ ਨੇ ਸਾਡੀ ਸ਼ਾਇਰੀ ਨੂੰ ਤ੍ਰੋੜ–ਮਰੋੜ ਕੇ ਗਾਇਆ ਹੈ। ਅਜਿਹਾ ਹੀ ਵਾਪਰਿਐ ਇਹਨੀਂ ਦਿਨੀਂ ਇਕ ਨਵੇਂ ਅੰਦਾਜ਼ ਵਿਚ ਉਭਰੇ ਚੰਗੀ ਸ਼ਾਇਰੀ ਦੇ ਰਚਨਹਾਰ ਤੇ ਪੁਖ਼ਤਾ ਗਾਇਕੀ ਦੇ ਸਿਤਾਰੇ ਨਾਲ਼। ਖ਼ਾਸ ਗੱਲ ਇਹ ਕਿ ਇਸ ਵਿਵਾਦ ’ਚੋਂ ਕੁਝ ਨਿਕਲੇ ਜਾਂ ਨਾ ਨਿਕਲੇ ਪਰ ਇਲਜ਼ਾਮ ਲਾਉਣ ਵਾਲੇ ਸ਼ਾਇਰ ਨੂੰ ਪਹਿਲਾਂ ਯਕੀਨਨ ਚੋਣਵੇਂ ਲੋਕ ਹੀ ਜਾਣਦੇ ਹੋਣਗੇ ਪਰ ਇਹਨਾਂ ਖ਼ਬਰਾਂ ਤੋਂ ਬਾਅਦ ਹਰ ਕੋਈ ਉਸ ਅਣਗੌਲ਼ੇ ਸ਼ਾਇਰ ਦੇ ਨਾਂ ਨੂੰ ਜਾਣ ਗਿਆ ਹੈ। ਲੋਕ ਤਾਂ ਇਹ ਸੋਚ ਰਹੇ ਹਨ ਕਿ ਹੁਣ ਇਸ ਵਿਵਾਦ ਨੂੰ ਹੋਰ ਅਖ਼ਬਾਰਾਂ ਦੁਆਰਾ ਅੰਸ਼ਕ ਰੂਪ ਵਿਚ ਖ਼ਬਰ ਨੂੰ ਚੱਕਣ ਦੇ ਨਾਲ਼-ਨਾਲ਼ ਪੰਜਾਬੀ ਦੇ ਇਕ ਸੁਪ੍ਰਸਿਧ ਅਖ਼ਬਾਰ ਨੇ ਬੜੇ ਗੰਭੀਰ ਅੰਦਾਜ਼ ਵਿਚ ਚੱਕ ਲਿਆ ਹੈ ਅਤੇ ਇਕ ਵਿਸਤ੍ਰਿਤ ਰਿਪੋਰਟ ਅਹਿਮ ਪੰਨੇ ’ਤੇ ਛਾਇਆ ਕੀਤੀ ਹੈ ਜਿਵੇਂ ਕੋਈ ਬੜਾ ਵੱਡਾ ਖ਼ਜ਼ਾਨਾ ਹੱਥ ਲੱਗ ਗਿਆ ਹੋਵੇ। ਖ਼ਜ਼ਾਨਾ ਹੱਥ ਲੱਗੇ ਵੀ ਕਿਉਂ ਨਾ ਜਿਸ ਅਖ਼ਬਾਰ ਦੇ ਪੱਤਰਕਾਰ ਨੇ ਇਹ ਸਟੋਰੀ ਬਣਾਈ ਹੈ ਉਸ ਅਖ਼ਬਾਰ ਦੇ ਅੰਦਰ ਇਕ ਪ੍ਰਮੁਖ ਪੰਜਾਬੀ ਗਾਇਕ ਦਾ ਵੀ ਆਉਣਾ ਜਾਣਾ ਹੈ ਇਸੇ ਪੱਤਰਕਾਰ ਰਾਹੀਂ ਉਸ ਗਾਇਕ ਨੇ ਲੋਕ ਸਭਾ ਦੀਆਂ ਚੋਣਾਂ ਮੌਕੇ ਵੱਡੇ-ਵੱਡੇ ਇਸ਼ਤਿਹਾਰ ਅਤੇ ਸਪਲੀਮੈਂਟ ਵੀ ਕਢਵਾਏ ਸਨ। ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਰਸੂਖ਼ ਵਾਲ਼ੇ ਕਈ ਸ਼ਾਇਰਾਂ ਨੂੰ ਵੀ ਇਸ ਵਿਵਾਦ ਨੂੰ ਹਵਾ ਦੇਣ ਖ਼ਾਤਰ ਉਕਸਾਇਆ ਹੈ। ਲੋਕਾਂ ਦੀਆਂ ਗੱਲਾਂ ਉਦੋਂ ਹੋਰ ਸੱਚੀਆਂ ਪ੍ਰਤੀਤ ਹੁੰਦੀਆਂ ਹਨ ਜਦੋਂ ਇਕ ਟੀ ਵੀ ਚੈਨਲ ਵੱਲੋਂ ਪੇਸ਼ ਕੀਤੇ ਜਾਂਦੇ ਇਕ ਲਾਈਵ ਸ਼ੋਅ ਵਿਚ ਇਕ ਪ੍ਰਤੀਯੋਗੀ ਦੁਆਰਾ ਵਿਵਾਦ ਵਿਚ ਘਿਰ ਰਹੇ ਗਾਇਕ ਦੀ ਕੰਪੋਜ਼ੀਸ਼ਨ ਗਾਈ ਜਾਂਦੀ ਹੈ ਅਤੇ ਸਾਡਾ ਇਹ ਮਹਾਨ ਕਹਾਉਣ ਵਾਲ਼ਾ ਸਰਕਾਰੀ ਸਨਮਾਨ ਪ੍ਰਾਪਤ ਗਾਇਕ ਅਜਿਹੀ ਟਿੱਪਣੀ ਕਰਦਾ ਹੈ ਜੋ ਉਸ ਦੀ ਸੋਚ ਦਾ ਮੁਜ਼ਾਹਰਾ ਕਰ ਜਾਂਦੀ ਹੈ ਕਿ ਉਹ ਮਨ ਅੰਦਰ ਕੀ ਰੂੜੀ ਲਾਈ ਬੈਠਾ ਹੈ। ਬੇਸ਼ਕ ਲੋਕ ਇਹ ਸੋਚਦੇ ਹਨ ਕਿ ਇਸ ਪੱਧਰ ’ਤੇ ਪੁੱਜ ਕੇ ਅਜਿਹਾ ਵਿਵਹਾਰ ਮਨ ਅੰਦਰ ਰੱਖਣਾਂ ਏਨੇ ਵੱਡੇ ਅਤੇ ਸਰਕਾਰੀ ਸਨਮਾਨਯਾਫ਼ਤਾ ਗਾਇਕ ਨੂੰ ਸ਼ੋਭਾ ਨਹੀਂ ਦਿੰਦਾ। ਜਿੱਥੋਂ ਤੱਕ ਵਿਵਾਦ ਉਠਾਉਣ ਵਾਲ਼ੇ ਸ਼ਾਇਰ ਦਾ ਸਬੰਧ ਹੈ ਕਿ ਇਕ ਮਕਬੂਲ ਹੋ ਰਹੇ ਗਾਇਕ ਨੇ ਉਸ ਦੀ ਸ਼ਾਇਰੀ ਨੂੰ ਉਸ ਦਾ ਨਾਂ ਲਏ ਬਿਨਾ ਗਾਇਆ ਹੈ ਅਤੇ ਤ੍ਰੋੜ ਮਰੋੜ ਕੇ ਗਾਇਆ ਹੈ। ਜੇਕਰ ਗਾਇਕ ਤ੍ਰੋੜ ਮਰੋੜ ਕੇ ਤਾਂ ਗਾ ਲੈਂਦਾ ਪਰ ਉਸ ਦਾ ਨਾਂ ਮੰਚ ਤੋਂ ਜ਼ਰੂਰ ਲੈ ਦਿੰਦਾ ਤਾਂ ਸ਼ਾਇਦ ਇਹ ਗ਼ਿਲਾ ਨਹੀਂ ਸੀ ਹੋਣਾ। ਨਾਲੇ ਸੱਤ ਸਾਲ ਪਹਿਲਾਂ ਗਾਈ ਆਈਟਮ ’ਤੇ ਇਤਰਾਜ਼ ਉਦੋਂ ਕਰਨਾ ਜਦ ਗਾਇਕ ਮਕਬੂਲ ਹੋ ਗਿਆ ਹੋਵੇ ਤਾਂ ਗੱਲ ਕੁਝ ਹਜ਼ਮ ਨਹੀਂ ਹੁੰਦੀ। ਇਹ ਵੀ ਹੋ ਸਕਦੈ ਸ਼ਾਇਰ ਨੂੰ ਪਹਿਲਾਂ ਪਤਾ ਹੀ ਨਾ ਲੱਗਿਆ ਹੋਵੇ ਕਿ ਉਸ ਦੀ ਸ਼ਾਇਰੀ ਦਾ ਚੀਰ-ਹਰਣ ਹੋ ਰਿਹਾ ਹੈ ਪਰ ਇਹ ਗੱਲ ਵੀ ਹਜ਼ਮ ਨਹੀਂ ਹੁੰਦੀ ਕਿਉਂਕਿ ਉਸ ਸ਼ਾਇਰ ਦਾ ਇੰਟਰਨੈਟ ਨਾਲ਼ ਡੂੰਘਾ ਵਾਸਤਾ ਹੈ ਅਤੇ ਉਸ ਦਾ ਪ੍ਰੋਫ਼ਾਈਲ ਇੰਟਰਨੈਟ ’ਤੇ ਮੌਜੂਦ ਹੈ। ਨਾਲ਼ੇ ਇਸ ਗਾਇਕ ਨੂੰ ਤਾਂ ਸਰੋਤਿਆਂ ਦੇ ਰੂ-ਬ-ਰੂ ਹੀ ਸਭ ਤੋਂ ਪਹਿਲਾਂ ਇੰਟਰਨੈਟ ਦੀ ਯੂਟਿਊਬ ਵੈਬਸਾਇਟ ਨੇ ਕਰਵਾਇਆ ਹੈ। ਹੁਣ ਇਹ ਵਿਵਾਦ ਵੀ ਇੰਟਰਨੈਟ ਰਾਹੀਂ ਹੀ ਫ਼ੈਲਾਇਆ ਜਾ ਰਿਹਾ ਹੈ। ਰਹੀ ਗੱਲ ਮਕਬੂਲ ਗਾਇਕ ਦੀ ਚੁੱਪ ਦੀ- ਗਾਇਕ ਨੂੰ ਚਾਹੀਦਾ ਹੈ ਕਿ ਦੋ ਟੁੱਕ ਗੱਲ ਕਰਕੇ ਵਿਵਾਦ ਦਾ ਫਸਤਾ ਵੱਢੇ। ਕਿਉਂਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਹਰ ਕੋਈ ਪਹਿਲਾਂ ਲਿਖੇ ਦਾ ਅਨੁਕਰਨ ਹੀ ਕਰਦਾ ਹੈ ਅਜਿਹਾ ਮਸ਼ਹੂਰ ਵਿਦਵਾਨ ਰੋਲਾ ਬਾਰਤ ਦਾ ਕਹਿਣਾ ਹੈ। ਕਈ ਵਾਰ ਅਜਿਹਾ ਵੀ ਹੋ ਜਾਂਦਾ ਹੈ ਕਿ ਕਿਸੇ ਸ਼ਾਇਰ ਦੀ ਰਚਨਾ ਹੀ ਏਨੀ ਮਕਬੂਲ ਹੋ ਜਾਂਦੀ ਹੈ ਕਿ ਉਸ ਦੇ ਰਚਨਹਾਰ ਦਾ ਨਾਂ ਮਨਫ਼ੀ ਹੋ ਕੇ ਰਹਿ ਜਾਂਦਾ ਹੈ ਸਗੋਂ ਰਚਨਾ ਹੀ ਪ੍ਰਧਾਨ ਸਥਾਨ ਗ੍ਰਹਿਣ ਕਰ ਲੈਂਦੀ ਹੈ ਜੋ ਕਿਸੇ ਸ਼ਾਇਰ ਦੀ ਸ਼ਾਇਰੀ ਦਾ ਹਾਸਲ ਮੰਨਿਆ ਜਾਣਾ ਚਾਹੀਦਾ ਹੈ। ਮਿਸਾਲ ਵਜੋਂ ‘ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਨਿਗਾਹ ਮਾਰਦਾ ਆਈਂ ਵੇ’ ਕਿੰਨੇ ਲੋਕ ਜਾਣਦੇ ਹਨ ਕਿ ਲੋਕਗੀਤ ਦਾ ਦਰਜਾ ਹਾਸਲ ਕਰ ਚੁੱਕੇ ਇਸ ਗੀਤ ਦਾ ਰਚਨਹਾਰ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਹੈ। ਜੇਕਰ ਏਡੀ ਵੱਡੀ ਦਲੀਲ ਦੇ ਬਾਵਜੂਦ ਵੀ ਉਸ ਸ਼ਾਇਰ ਨੂੰ ਗ਼ਿਲਾ ਹੈ ਤਾਂ ਉਸ ਦੀ ਸਮਝ ਦੀ ਸਿਹਤਯਾਬੀ ਲਈ ਦੁਆ ਹੀ ਕੀਤੀ ਜਾ ਸਕਦੀ ਹੈ। 


6 comments:

Tarlok Judge said...

ਦੋ ਟੁੱਕ ਗੱਲ ਕਰਕੇ ਵਿਵਾਦ ਦਾ ਫਸਤਾ ਹੀ ਤੇ ਨਹੀਂ ਨਾ ਵਢ੍ਹਿਆ ਜਾ ਸਕਦਾ ਤਗੜ ਸਾਹਿਬ - ਕਿਓਂਕਿ ਉਸ ਅਣਗੌਲੇ ਸ਼ਾਇਰ ਦੀ ਸਮਝ ਦੀ ਸਿਹਤਯਾਬੀ ਲਈ ਦੁਆ ਅਜੇ ਕੱਲੇ ਡਾ ਤੱਗੜ ਵੱਲੋਂ ਹੀ ਕੀਤੀ ਗਈ ਹੈ ਹੋਰ ਕਿਸੇ ਨੂ ਕਿ ਲੋੜ ਪਈ ਹੈ ਕਿਓਂਕਿ ਫਿਕਰ ਕੱਲੇ ਡਾ : ਤੱਗੜ ਨੂ ਹੈ| ਉਂਝ ਵੀ ਸ਼ਾਇਰ ਅਣਗੋਉਲਿਆ ਹੈ ਤੇ ਕਿਸੇ ਨੂ ਕੀ ਪਤਾ ਕੀ ਉਸਦੀ ਸਮਝ ਸਿਹਤਯਾਬ ਨਹੀਂ | ਵਾਕਈ ਉਸ ਅਣਗੌਲੇ ਸ਼ਾਇਰ ਨੂ ਇਸ ਤੋਂ ਪਹਿਲਾਂ ਕੋਈ ਨਹੀਂ ਜਾਣਦਾ ਸੀ ਕਿਓਂਕਿ ਉਹ ਆਪਣੀ ਕਾਪੀ ਲੈ ਕੇ ਕਿਸੇ ਗਾਇਕ ਦੇ ਮਗਰ ਨਹੀਂ ਭੱਜਾ ਫਿਰਿਆ | ਉਂਝ ਪੀ . ਐਚ . ਡੀ ਦੇ ਕਈ ਥੀਸਿਸਾਂ ਵਿਚ ਉਸਦਾ ਜ਼ਿਕਰ ਹੈ | ਇਸ ਲਈ ਫਸਤਾ ਤਾਂ ਗਾਇਕ ਵੱਲੋਂ ਸਪਸ਼ਟ ਮਾਫ਼ੀ ਮੰਗ ਕੇ ਹੀ ਵਢ੍ਹਿਆ ਜਾ ਸਕਦਾ ਹੈ ਵਰਨਾ ਗਾਇਕ ਦੇ ਕੈਰੀਅਰ ਨੂ ਖਤਰਾ ਹੋ ਸਕਦਾ ਹੈ | ਇੱਕ ਵਾਰ ਕੇਸ ਦਰਜ ਹੋ ਗਿਆ ਤਾਂ ਜਮਾਨਤ ਤਾਂ ਕਰਵਾਓਣੀ ਹੀ ਪਵੇਗੀ ਸ਼ਾਇਦ ਦੇਸ਼ ਤੋਂ ਬਾਹਰ ਵੀ ਨਾ ਜਾ ਸਕੇ | ਉਂਝ ਉਸ ਗਾਇਕ ਦੇ ਅਧਿਕਰਿਤ ਪ੍ਰਤੀਨਿਧਾਂ ਵਲੋਂ ਸਪਸ਼ਟ ਵੀ ਕੀਤਾ ਗਿਆ ਹੈ ਕੇ ਗਾਇਕ ਦੇ ਹੱਕ ਵਿਚ ਕਸੀਦਾ ਲਿਖਣ ਲੈ ਕਿਸੇ ਨੂ ਅਧਿਕਾਰ ਨਹੀਂ ਦਿੱਤੇ ਗਏ |
ਇੱਹ ਗਾਇਕ ਸ੍ਟੇਜ ਤਾ ਗੋੰਦਾ ਹੋਇਆ ਕਹਿੰਦਾ ਹੈ ਕੀ "ਮੈਂ ਹਥ ਵਿਚ ਫੜੇ ਸਾਜ਼ ਦੀ ਕਸਮ ਖਾ ਕੇ ਕਹਿੰਦਾ ਹਾਂ ਕੀ ਇਹ ਮੇਰੀ ਆਪਣੀ ਲਿਖਤ ਹੈ|" ਜਦ ਕਿ ਕੁਝ ਚਿਰ ਬਾਦ ਉਸ ਲਿਖਤ ਦਾ ਅਸਲ ਲੇਖਕ ਲੋਕਾਂ ਸਾਹਮਣੇ ਆ ਖਲੋਂਦਾ ਹੈ ਤੇ ਦਾਵਾ ਪੇਸ਼ ਕਰ ਦਿੰਦਾ ਹੈ ਸਥਿਤੀ ਹਾਸੋ ਹੀਣੀ ਤੇ ਹੁੰਦੀ ਹੀ ਹੈ ਜੱਗ ਹਸਾਈ ਤੇ ਜੱਗ ਰੁਸਵਾਈ ਵਾਧੂ ਦੀ ਤੇ ਉਲਟਾ ਇਲ੍ਜ਼ਾਮ ਇਹ ਕੇ ਲੇਖਕ ਤਾਂ ਸ਼ੋਹਰਤ ਦਾ ਭੁਖਾ ਹੈ | ਪੈਸਾ ਲੈਣਾ ਤੇ ਦੂਰ ਦੀ ਗੱਲ ਹੈ | ਇਹ ਵੀ ਕਿਹਾ ਗਿਆ ਕਿ ਕਿ ਹੋਇਆ ਜੇ ਗਾ ਲਿਆ ਕਿਤੇ ਇਹ ਤੇ ਨਹੀਂ ਕਿਹਾ ਕਿ ਇਹ ਮੇਰੀ ਲਿਖਤ ਹੈ ਪਰ ਸੀ . ਡੀ . ਤੇ ਲਿਖੇ ਨੂ ਉਹ ਸ਼ਾਇਰ ਕਿ ਕਰੇ | ਮੇਰੀ ਉਸ ਨਾਲ ਗੱਲ ਹੋਈ ਤਾਂ ਉਸ ਕਿਹਾ ਕੇ ਉਸ ਨੇ ਆਪਣਾ ਪ੍ਰੋਫ਼ਾਇਲ ਹੂ ਫਰਵਰੀ ੨੦੧੦ ਵਿਚ ਬਣਾਇਆ ਹੈ ਤੇ ਪਹਿਲੀ ਰਚਨਾ ਇੰਟਰਨੇਟ ਤੇ ੧੮ ਫਰਵਰੀ 2010 ਨੂ ਪੋਸਟ ਕੀਤੀ ਸੀ ਤੇ ਸ਼ੋਹਰਤ ਦੀ ਉਸ ਨੂ ਕੋਈ ਭੁਖ ਨਹੀਂ ਕਿਓਂਕਿ ਉਹ ੧੯੭੪ ਤੋਂ ੧੬ ਸਾਲ ਡੀ ਉਮਰ ਤੋਂ ਵਖ ਵਖ ਅਖਬਾਰਾ ਰਿਸਾਲਿਆਂ ਵਿਚ ਛਪਦਾ ਆ ਰਿਹਾ ਹੈ ਤੇ ਉਸਦੇ ਲੇਖਕ ਮਿੱਤਰਾਂ ਡਾ ਘੇਰਾ ਹੋ ਸਕਦਾ ਕਿ ਡਾ: ਤੱਗੜ ਤੋਂ ਵੱਡਾ ਹੋਵੇ | ਵੈਸੇ ਇੱਕ ਗੱਲ ਡਾ: ਸਾਹਿਬ, ਇੱਕ ਲੇਖ ਤਾਂ ਤੁਸੀਂ ਵੀ ਉਸ ਗਾਇਕ ਖਿਲਾਫ਼ ਲਿਖਿਆ ਹੈ , "ਅਖੇ- ਯੂਟਿਊਬ ਰਾਹੀਂ ਪ੍ਰਸਿੱਧ ਹੋਇਆ ਯੂਟਿਊਬ ਤੋਂ ਹੀ ਭੱਜਣ ਲੱਗਾ "
April 14, 2010 11:08:54 am
(ਡਾ. ਪਰਮਿੰਦਰ ਤੱਗੜ)
ਕੀ ਇਹ ਲੇਖ ਵੀ ਕਿਤੇ ਸ਼ੋਹਰਤ ਲਈ ਤਾਂ ਨਹੀਂ ਲਿਖਿਆ ਕਿਓੰਕੇ ਜਾਣਦੇ ਤਾਂ ਤੁਹਾਨੂ ਵੀ ਜਿਆਦਾ ਲੋਕ ਨਹੀਂ |

jagmeetsandhu said...

Tirlok saab main tuhada naam piche 6 saal ton jaanda haan..koi v rachna kise shayar layi usdi aulad vaang hundi hai..piche piche aunda vala song ho sakda Dr. Taggar nu baad ch pata lagga hove ke eh lok geet nahin hai..criticism ohi hundi hai jo personal na hove..It is easier to be critical than correct.

Tarlok Judge said...

ਤੱਗੜ ਸਾਹਿਬ ਤੇ ਇੱਕ ਦੋ ਹੋਰ ਸਜਣਾ ਨੇ ਸਿਰਫ ਸਰਤਾਜ ਦੀ ਆਲੋਚਨਾ ਤੋਂ ਦੁਖੀ ਹੋ ਕੇ ਤੇ ਚਿੜ ਕੇ ਇਹ ਲੇਖ ਲਿਖੇ ਨੇ ਜੋ ਕੀ ਉਲਾਰ ਨੇ ਤੇ ਇੱਕ ਪੀ . ਐਚ . ਡੀ. ਸਜ੍ਜਨ ਜੋ ਆਲੋਚਨਾ ਦੇ ਨਿਯਮਾਂ ਤੋ ਜਾਣੁ ਵੀ ਹੈ ਜੇ ਇਸ ਤਰਾਂ ਲਿਖ ਕੇ ਫਿਰ ਆਪਣਾ ਬਚਾਅ ਇਹ ਦਰਸਾ ਕੇ ਕਰਨ ਦੀ ਕੋਸ਼ਿਸ਼ ਕਰੇ ਕਿ ਓਹ ਕੇਹੜਾ ਕਿਸੇ ਦਾ ਨਾਮ ਲੈ ਰਿਹਾ ਹੈ ਤੇ ਆਪਣੀ ਆਲੋਚਨਾ ਵਿਚ ਹੋਛੇ ਪਣ ਤੇ ਉੱਤਰ ਆਵੇ ਤਾਂ ਸਮਝਦਾਰੀ ਅਲੋਚਕ ਦੀ ਤੇ ਹਾਸਾ ਆਓਂਦਾ ਹੈ ਲੇਖ ਲਿਖ ਕੇ ਅਸੀਂ ਜਵਾਬ ਦੇਹੀ ਤੋਂ ਨਹੀਂ ਬਚ ਸਕਦੇ | ਮੈਂ ਸਰਤਾਜ ਬਾਰੇ ਜੋ ਕੁਛ ਵੀ ਲਿਖਿਆ ਹੈ ਅੱਜ ਵੀ ਉਸ ਨਾਲ ਸਬੰਧਤ ਹਰ ਸਵਾਲ ਦਾ ਸਾਹਮਣਾ ਕਰਨ ਨੂ ਤਿਆਰ ਹਾਂ ਪਰ ਮੈਂ ਕਿਸੇ ਨੂ ਕੋਸਦਾ ਨਹੀਂ | ਮੈਂ ਸਰਤਾਜ ਦਾ ਕੱਟੜ ਵੈਰੀ ਵੀ ਨਹੀਂ | ਲੜਾਈ ਹੱਕ ਤੇ ਅਸੂਲ ਦੀ ਹੈ ਜੋ ਸਰਤਾਜ ਵੀ ਮੰਨਦਾ ਹੈ | ਸੋ ਅਜਿਹੇ ਸੰਦਰਭ ਵਿਚ ਇਹਨਾ ਕਸੀਦੇ ਵਰਗਿਆਂ ਲੇਖਾਂ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ ਅਸੀਂ ਸਾਰੇ ਜਾਣਦੇ ਹਾਂ | ਡਾ : ਤੱਗੜ ਵਰਗੇ ਵਿਦਵਾਨ ਨੂ ਚਾਹਿਦਾ ਸੀ ਕਿ ਲੇਖ ਲਿਖਣ ਤੋਂ ਪਹਿਲਾਂ ਦੋਹਾਂ ਧਿਰਾਂ ਦਾ ਪਖ ਜਾਣਦੇ ਫਿਰ ਕੋਈ ਰਾਇ ਕਾਇਮ ਕਰਦੇ ਪਰ ਉਹਨਾਂ ਅਜਿਹਾ ਨਹੀਂ ਕੀਤਾ ਤੇ ਜਿੰਨੀ ਸਮਝ ਸੀ ਵਰਤ ਲਈ ਤੇ ਸਿਰਫ ਲਿਖਾਰੀ/ਸ਼ਾਇਰ ਨੂ ਕੋਸਣ ਤੋਂ ਬਿਨਾ ਉਹਨਾਂ ਨੂ ਕੁਝ ਹੋਰ ਨਹੀਂ ਸੁਝਿਆ | ਕੀ ਡਾ: ਤੱਗੜ ਸਾਹਮਣੇ ਆ ਕੇ ਮੇਰੇ ਤੋਂ ਕੁਛ ਸਵਾਲ ਪੂਛਨਾ ਚਾਹੁਣਗੇ ਜਾਨ ਮੇਰੇ ਇਸ ਸਵਾਲ ਡਾ ਜਵਾਬ ਦੇਣ ਦੀ ਖੇਚਲ ਕਰਨਗੇ ਕਿ ਮੈਂ ਆਪਣੀ ਰਚਨਾ ਦੇ ਹੱਕ ਵਿਚ ਆਵਾਜ਼ ਉਠਾ ਕੇ ਕੀ ਗਲਤ ਕੀਤਾ ਹੈ ? ਸਿਰਫ ਇਹ ਇਕਪਾਸੜ ਇਲ੍ਜ਼ਾਮ ਲਗਾ ਕੇ ਚਲੇ ਜਾਣਾ ਕੀ ਸ਼ਾਇਰ ਸ਼ੋਹਰਤ ਦਾ ਭੁਖਾ ਹੈ, ਕੀ ਉਹ ਆਪਣੇ ਲੇਖ ਨਾਲ ਇਨਸਾਫ਼ ਕਰ ਸਕੇ ਹਨ ? ਕਿੰਨੇ ਲੋਕਾਂ ਨੇ ਇਹ ਲੇਖ ਪੜ੍ਹਿਆ ਤੇ ਕਿੰਨੀਆਂ ਟਿਪਣੀਆਂ ਹੋਈਆਂ ਕੀ ਦੱਸ ਸਕਦੇ ਨੇ ? ਕੀ ਉਹ ਮੇਰੇ ਦੋ ਮਈ ਨੂ ਉਠਾਏ ਸਵਾਲ ਦਾ ਜਵਾਬ ਦੇਣ ਕਿਓਂ ਨਹੀਂ ਆਏ ਤੇ ਲੇਖ ਲਿਖ ਕੇ ਸੁੱਟ ਕਿਓਂ ਦਿੱਤਾ ?

drtaggar said...

ਮਾਣਯੋਗ ਸ਼ਾਇਰ ਤਰਲੋਕ ਜੱਜ ਜੀਓ,
ਸਤਿਕਾਰ ਸਹਿਤ ਸਤਿ ਸ੍ਰੀ ਅਕਾਲ!
ਆਪ ਜੀ ਦੁਆਰਾ ਪੇਸ਼ ਟਿੱਪਣੀਆਂ ਅੱਜ ਹੀ ਪੜ੍ਹੀਆਂ ਹਨ। ਆਪ ਜੀ ਵੱਲੋਂ ਜੋ ਵੀ ਵਿਸ਼ੇਸ਼ਣ ਮੇਰੇ ਵਿਅਕਤੀਤਵ ਸਬੰਧੀ ਵਰਤੇ ਗਏ ਹਨ ਮੈਂ ਉਹਨਾਂ ਨੂੰ ਕਬੂਲ ਕਰਦਾ ਹਾਂ!
ਬਾਕੀ ਜੋ ਤੁਸੀਂ 2 ਮਈ ਦੇ ਸੁਆਲ ਬਾਰੇ ਗੱਲ ਕੀਤੀ ਹੈ ਉਸ ਸੰਦਰਭ 'ਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਨਾ ਤਾਂ ਮੈਂ ਇੱਕ ਵਿਸ਼ੇਸ਼ ਸ਼ਾਇਰ ਦਾ ਹੀ ਸ਼ੁਦਾਅ ਦੀ ਹੱਦ ਤੱਕ ਫ਼ੈਨ ਹਾਂ ਨਾ ਹੀ ਇੱਕ ਵਿਸ਼ੇਸ਼ ਗਾਇਕ ਦਾ ਕੋਈ ਵਕੀਲ ਹਾਂ। ਮੈਂ ਸਿਰਫ਼ ਉਹੋ ਲਿਖਿਆ ਹੈ ਜੋ ਮੈਨੂੰ ਮੌਕੇ ਮੁਤਾਬਕ ਠੀਕ ਲੱਗਾ। ਇਸ ਨਾਲ਼ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ ਤਾਂ ਮੈਂ ਖ਼ਿਮਾ ਦਾ ਜਾਚਕ ਹਾਂ। ਮੇਰੇ ਲਈ ਇਕ ਕੋਈ ਵਿਸ਼ੇਸ਼ ਨੇੜੇ ਨਹੀਂ ਨਾ ਹੀ ਦੂਜਾ ਕੋਈ ਵਿਸ਼ੇਸ਼ ਦੂਰ। ਤੁਸੀਂ ਵੱਡੇ ਹੋ ਬਖ਼ਸ਼ਣਹਾਰ ਹੋ ਮੈਂਨੂੰ ਵੀ ਬਖ਼ਸ਼ਣ ਦੀ ਸਮਰਥਾ ਰੱਖਦੇ ਹੋ । ਅਜਿਹਾ ਮੇਰਾ ਨਜ਼ਰੀਆ ਹੈ। ਮੈਂਨੂੰ ਪੂਰਨ ਆਸ ਹੈ ਕਿ ਤੁਸੀਂ ਮੇਰੇ ਜਵਾਬ ਤੋਂ ਸੰਤੁਸ਼ਟ ਹੋ ਗਏ ਹੋਵੋਗੇ। ਜੇ ਤੁਸੀਂ ਮੈਂਨੂੰ ਇਸ ਲਈ ਮੁਆਫ਼ੀ ਮੰਗਣ ਨੂੰ ਕਹਿੰਦੇ ਹੋ ਤਾਂ ਮੈਂਨੂੰ ਉਸ ਵਿਚ ਵੀ ਕੋਈ ਇਤਰਾਜ਼ ਨਹੀਂ ਕਿਉਂਕਿ ਮੈਂ ਸਬੰਧ ਸਥਾਪਤ ਕਰਨ ਦਾ ਇਛੁੱਕ ਹਾਂ ਮੇਰੀ ਜਾਚੇ ਜ਼ਿੰਦਗੀ ਛੋਟੀ ਹੈ ਤੇ ਅਜਿਹੇ ਮਸਲਿਆਂ ਵਿਚ ਉਲਝ ਕੇ ਜ਼ਿੰਦਗੀ ਦਾ ਲੁਤਫ਼ ਗੁਆ ਲੈਣ ਵਿਚ ਮੇਰੀ ਦਿਲਚਸਪੀ ਨਹੀਂ ਹੈ। ਸ਼ੁਕਰੀਆ!

Tarlok Judge said...

ਪਿਆਰੇ ਡਾ: ਤੱਗੜ ਸਾਹਿਬ ! ਧੰਨਵਾਦ | ਦੁਖ ਤੇ ਹੋਇਆ ਜਦੋਂ ਤੁਹਾਡੇ ਵਰਗੇ ਵਿਦਵਾਨ ਨੇ ਇੱਕ ਉਲਾਰ ਲੇਖ ਲਿਖਿਆ ਤੇ ਮੇਰੇ ਵੱਲੋਂ ਉਠਾਏ ਸਹੀ ਮੁੱਦੇ ਨੂ ਮੈਨੂ ਸਿਰਫ ਸ਼ੋਹਰਤ ਲਈ ਕੀਤੇ ਜਾ ਰਹੇ ਯਤਨ ਦੱਸਿਆ | ਮੈਂ ਇਹ ਲੇਖ ਪੜ੍ਹ ਕੇ ਚੁੱਪ ਹੀ ਰਿਹਾ ਪਰ ਕੁਝ ਸਰਤਾਜ ਸਮਰਥਕਾਂ ਨੇ ਫੇਸ ਬੁਕ ਤੇ ਮੇਰੇ ਪ੍ਰੋਫਾਇਲ ਤੇ ਕਾਪੀ ਕਰਕੇ ਇਹ ਲੇਖ ਮੈਨੂ ਚਿੜਾਓਨ ਲਈ ਵਾਰ ਵਾਰ ਭੇਜਣਾ ਸ਼ੁਰੂ ਕਰ ਦਿੱਤਾ | ਗੱਲ ਹੈ ਵੀ ਇਤਰਾਜ਼ ਯੋਗ ਕੇ ਤੁਸਾਂ ਮੇਰੀ ਸਮਝ ਤੇ ਹੀ ਸੁਆਲ ਖੜਾ ਕਰ ਦਿੱਤਾ | ਮੈਂ ਸਰਤਾਜ ਡਾ ਕੱਟੜ ਵੈਰੀ ਨਹੀਂ ਪਰ ਗਲ ਅਸੂਲ ਦੀ ਲੜਾਈ ਦੀ ਹੈ | ਇਹ ਵਖਰੀ ਗੱਲ ਹੈ ਕਿ ਇਹ ਮੁਦ੍ਦਾ ਉਦੋਂ ਉਠਿਆ ਜਦੋਂ ਸਰਤਾਜ ਸ਼ੋਹਰਤ ਦੀ ਬੁਲੰਦੀ ਤੇ ਹੈ ਪਰ ਮੈਂ ਗਲਤ ਨਹੀਂ ਹਾਂ ਕਿਓੰਕੇ ਫੇਸ ਬੁਕ ਤੇ ਪਏ ਆਰਟੀਕਲ੍ਜ਼ ਗਵਾਹ ਨੇ ਕਿ ਮੈਨੂ ਆਪਣੀ ਗਜਲ ੧੯ ਮਾਰਚ ਨੂ ਮੇਰੇ ਫੇਸ ਬੁਕ ਤੇ ਪੋਸਟ ਕਰਨ ਤੋਂ ਬਾਦ ਇਸਦਾ ਪਤਾ ਲੱਗਾ ਕਿ ਸਰਤਾਜ ਵੱਲੋਂ ਇਹ ਗਜਲ ਗਈ ਜਾ ਚੁੱਕੀ ਹੈ ਤੇ ਲੋਕ ਇਸਨੁ ਸਰਤਾਜ ਦੀ ਰਚਨਾ ਕਹਿ ਰਹੇ ਨੇ | ਇਥੋਂ ਤੱਕ ਕਿ ਕਨੇਡਾ ਵਸਦੀ ਇਕ ਲੜਕੀ ਨੇ ਇੱਕ ਸ਼ਿਅਰ ਆਪਣੀ ਨੋਟ ਬੁਕ ਤੇ ਸਰਤਾਜ ਦੇ ਨਾਮ ਹੇਠ ਲਿਖਿਆ ਹੋਇਆ ਮੈਨੂ ਵਿਖਾਇਆ | ਸੋ ਜੇ ਮੈਂ ਆਵਾਜ਼ ਉਠਾਈ ਹੈ ਤਾਂ ਵੀਰ ਜੀ ਕੋਈ ਗੁਨਾਹ ਨਹੀਂ ਕੀਤਾ ਤੇ ਆਪਣੀ ਰਚਨਾ ਦੇ ਹੱਕ ਵਿਚ ਖੜੇ ਹੋਣਾ ਗੁਨਾਹ ਹੈ ਵੀ ਨਹੀਂ ਪਰ ਮੈਨੂ ਸਹੀ ਹੁੰਦੇ ਹੋਏ ਵੀ ਗੁਨਾਹਗਾਰ ਦਰਸਾਓਣ ਦੇ ਯਤਨ ਕੀਤੇ ਗਏ ਜੋ ਇਤਰਾਜ ਯੋਗ ਸੀ ਸੋ ਮੈਂ ਆਪਣੇ ਵਿਚਾਰ ਪ੍ਰਗਟ ਕਰ ਦਿੱਤੇ | ਖੁਸ਼ੀ ਹੋਈ ਕੇ ਤੁਸੀਂ ਦੇਰ ਨਾਲ ਸਹੀ ਪਰ ਸੁਹਿਰਦਤਾ ਭਰਪੂਰ ਜਵਾਬ ਦਿੱਤਾ ਹੈ | ਮੈਨੂ ਤੁਹਾਡੇ ਤੇ ਕੋਈ ਸ਼ਿਕਵਾ ਨਹੀਂ ਜੀ | ਜੇ ਕੋਈ ਸੀ ਵੀ ਤਾਂ ਤੁਹਾਡੇ ਮਿਠੇ ਲਫਜਾਂ ਨੇ ਦੁਰ ਕਰ ਦਿੱਤਾ ਹੈ |

drtaggar said...

ਸ਼ੁਕਰੀਆ ਜੀ !!!!!!!!!!!!!!!