ਥੋੜਾ ਹੀ ਸਮਾਂ ਪਹਿਲਾਂ ਇੱਕ ਦਿਨ ਅਚਨਚੇਤ ਕੈਲਗਰੀ ਤੋਂ ਪ੍ਰੋ. ਮਨਜੀਤ ਸਿੰਘ ਸਿੱਧੂ ਦਾ ਟੈਲੀਫੋਨ ਆਇਆ। ਉਹ 1988 ਤੋਂ ਕੈਨੇਡਾ ਦੇ ਇਸ ਸ਼ਹਿਰ ਵਿੱਚ ਟਿਕਿਆ ਹੋਇਆ ਹੈ। ਇਸਦੀ ਉਡਦੀ ਜਿਹੀ ਖਬਰ ਮੈਨੂੰ ਮਿਲ ਤਾਂ ਗਈ ਸੀ ਪਰ ਉਸਦੇ ਟੈਲੀਫੋਨ ਜਾਂ ਥਾਂ ਟਿਕਾਣੇ ਦਾ ਪਤਾ ਨਾ ਹੋਣ ਕਰਕੇ ਮੈਂ ਉਸ ਨਾਲ ਰਾਬਤਾ ਕਾਇਮ ਨਹੀਂ ਸਾਂ ਕਰ ਸਕਿਆ। ਇਹ ਉਸਦੀ ਮਿਹਰਬਾਨੀ ਹੈ ਕਿ ਉਸਨੇ “ਨਿਸੋਤ” ਦੇ ਵੈਬ ਸਾਈਟ ਤੋਂ ਮੇਰਾ ਪਤਾ ਕੱਢ ਲਿਆ।
ਪੰਜਾਬ ਵਿੱਚ ਪ੍ਰੋ. ਸਿੱਧੂ ਦਾ ਅਸਲ ਕਿੱਤਾ ਤਾਂ ਟੀਚਿੰਗ ਸੀ ਪਰ ਆਪਣੀਆਂ ਟਰੇਡ ਯੂਨੀਅਨ ਸਰਗਰਮੀਆਂ ਤੇ ਤਰੱਕੀ ਪਸੰਦ ਰਾਜਨੀਤਕ ਸੋਚ ਸਦਕਾ ਉਹ ਖੱਬੀ ਵਿਚਾਰਧਾਰਾ ਤੇ ਨਵਾਂ ਜਮਾਨਾ ਨਾਲ ਵੀ ਹੋਇਆ ਜੁੜਿਆ ਸੀ।
ਸੂਬੇ ਦੀ ਗਵਰਨਮੈਟ ਕਾਲਜ ਟੀਚਰਜ਼ ਯੂਨੀਅਨ ਦੇ ਪ੍ਰਧਾਨ ਵਜੋਂ ਉਸਨੂੰ ਪੰਜਾਬ ਭਰ ਦੇ ਚੱਕਰ ਲਾਉਣੇ ਪੈਂਦੇ ਸਨ। ਆਪਣੇ ਤੋਰੇ ਫੇਰੇ ਸਮੇਂ ਉਹ ਜਦੋਂ ਕਦੇ ਵੀ ਜਲੰਧਰ ਆਉਂਦਾ ਜਾਂ ਏਧਰ ਦੀ ਲੰਘਦਾ ਤਾਂ “ਨਵਾਂ ਜ਼ਮਾਨਾ” ਦੇ ਦਫਤਰ ਜ਼ਰੂਰ ਆਉਂਦਾ।
ਕੈਲਗਰੀ ਤੋਂ ਉਸਦੇ ਟੈਲੀਫੋਨ ਆਉਣ ਤੱਕ ਮੈਂ ਇਹੀ ਸੋਚਦਾ ਸਾਂ ਕਿ ਪ੍ਰੋ. ਸਿੱਧੂ ਜਿਹਾ ਸੁਚੇਤ ਤੇ ਗਤੀਸ਼ੀਲ ਵਿਅਕਤੀ ਜਿਸਨੇ ਆਪਣੀ ਸਾਰੀ ਸਰਗਰਮ ਉਮਰ ਕਾਲਜਾਂ ਵਿੱਚ ਅਰਥ ਸ਼ਾਸਤਰ ਜਿਹਾ ਡੂੰਘਾ ਵਿਸ਼ਾ ਪੜ੍ਹਾਉਂਦਿਆਂ ਤੇ ਆਪਣੇ ਵਰਗ ਲਈ ਲੜਾਈਆਂ ਲੜਦਿਆਂ ਲੰਘਾਈ ਉਹ ਕੈਨੇਡਾ ਜਿਹੇ ਬਰਫੀਲੇ ਮੁਲਕ ਦੇ ਕੈਲਗਰੀ ਜਿਹੇ ਇੱਕਲਵੰਜੇ ਸ਼ਹਿਰ ਵਿੱਚ ਦਿਨ ਕਿਵੇਂ ਕੱਟ ਰਿਹਾ ਹੋਵੇਗਾ।
ਮੇਰੇ ਮਨ ਵਿੱਚ ਅਜਿਹੇ ਸਵਾਲ ਦਾ ਉਠਣਾ ਕੋਈ ਵਾਧੂ ਜਿਹਾ ਵਿਸ਼ਾ ਨਹੀਂ ਸੀ। ਜਿਹੜੇ ਪੜ੍ਹੇ ਲਿਖੇ ਲੋਕ ਪਕੇਰੀ ਉਮਰ ਦੇ ਅਜਿਹੇ ਪੜਾਅ ਉਤੇ ਕੈਨੇਡਾ ਆਉਂਦੇ ਹਨ, ਜਦੋਂ ਉਹ ਬੌਧਿਕ ਤੇ ਸਰੀਰਕ ਤੌਰ ਤੇ ਸਤਰਕ ਹੁੰਦੇ ਹਨ ਪਰ ਉਮਰ ਦੇ ਕਾਰਨ ਆਪਣੀ ਯੋਗਤਾ ਦੇ ਨੇੜੇ ਤੇੜੇ ਦੇ ਕਿਸੇ ਕੰਮ ਲਈ ਸਾਰੇ ਦਰਵਾਜੇ ਬੰਦ ਦੇਖਦੇ ਹਨ ਤਾਂ ਉਹਨਾਂ ਨੂੰ ਅਜਿਹੇ ਸਵਾਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ।
ਅਜਿਹੇ ਸਵਾਲਾਂ ਨਾਲ ਪ੍ਰੋ. ਸਿੱਧੂ ਨੂੰ ਵੀ ਦੋ ਚਾਰ ਹੋਣਾ ਪਿਆ ਜਿਸ ਤਰ੍ਹਾਂ ਉਸਨੇ ਆਪਣੀ ਪਹਿਲੀ ਪੁਸਤਕ “ਵੰਨ-ਸੁਵੰਨ” ਵਿੱਚ ਲਿਖਿਆ ਵੀ ਹੈ “ਵਿਦੇਸ਼ ਵਿੱਚ ਆ ਕੇ ਬੰਦਾ ਆਪਣੀ ਪਛਾਣ ਗੁਆ ਬਹਿੰਦਾ ਹੈ ਅਤੇ ਅਰਸ਼ੋਂ ਫਰਸ਼ ਉਤੇ ਡਿੱਗਿਆ ਮਹਿਸੂਸ ਕਰਦਾ ਹੈ। ਬੁੱਧੀਜੀਵੀਆਂ ਨੂੰ ਤਾਂ ਇਸ ਸਥਿਤੀ ਵਿੱਚੋਂ ਲੰਘਣਾ ਹੋਰ ਵੀ ਔਖਾ ਹੁੰਦਾ ਹੈ। ਵਿਦੇਸ਼ ਵਿੱਚ ਆ ਕੇ ਹਰ ਵਿਅਕਤੀ ਨੂੰ ਨਵੇਂ ਸਿਰਿਉਂ ਆਪਣੀ ਪਛਾਣ ਬਣਾਉਣੀ ਪੈਂਦੀ ਹੈ ਤੇ ਹੋਂਦ ਸਥਾਪਤ ਕਰਨੀ ਪੈਂਦੀ ਹੈ।
ਏਥੇ ਆ ਕੇ ਨਵੀਂ ਪਛਾਣ ਬਣਾਉਣੀ ਕੋਈ ਸੌਖੀ ਗੱਲ ਨਹੀਂ ਖਾਸ ਤੌਰ ਤੇ ਜਦੋਂ ਉਮਰ ਦੇ ਠੱਪੇ ਨੇ ਤੁਹਾਡੀ ਵਿਅਕਤਿਤਵ ਨੂੰ ਚਲ ਚੁੱਕਿਆ ਕਰਾਰ ਦੇ ਛੱਡਿਆ ਹੋਵੇ, ਨਵੀਂ ਪਛਾਣ ਦਾ ਅਰਥ ਕੇਵਲ ਡਾਲਰ ਕਮਾਉਣ ਤੱਕ ਸੀਮਤ ਨਹੀਂ ਹੁੰਦਾ। ਜਿਹੜੀ ਗੱਲ ਵੱਖਰੀ ਪਛਾਣ ਬਣਾਉਣੀ ਹੈ ਉਹ ਹੈ ਕਮਿਉਨਿਟੀ ਤੇ ਸਮਾਜ ਵਿੱਚ ਅਜਿਹੀ ਮੁਅਤਬਰ ਥਾਂ ਜਿਹੜੇ ਕਿਸੇ ਚੇਤੰਨ ਵਿਅਕਤੀ ਨੂੰ ਬਾਮਕਸਦ ਜ਼ਿੰਦਗੀ ਜਿਉਣ ਦਾ ਅਹਿਸਾਸ ਦੁਆਏ ਖਾਸ ਤੌਰ ਤੇ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬ ਵਿੱਚ ਕਿਸੇ ਨਾ ਕਿਸੇ ਖੇਤਰ ਵਿੱਚ ਸਿਰਕੱਢ ਭੂਮਿਕਾ ਨਿਭਾਈ ਹੋਵੇ।
ਆਪਣੇ ਲਈ ਬਾਮਕਸਦ ਸਥਾਨ ਪੈਦਾ ਕਰਨ ਦੇ ਉਪਰਾਲੇ ਵਜੋਂ ਪ੍ਰੋ. ਸਿੱਧੂ ਨੇ ਪੱਤਰਕਾਰ ਦਾ ਰਾਹ ਚੁਣਿਆ। ਇਹ ਰਾਹ ਉਸ ਲਈ ਕੋਈ ਬਹੁਤਾ ਓਪਰਾ ਨਹੀਂ ਸੀ। ਪੰਜਾਬ ਕਾਲਜ ਟੀਚਰਜ਼ ਯੂਨੀਅਨ ਦੇ ਆਗੂ ਵਜੋਂ ਇਸ ਜੱਥੇਬੰਦੀ ਦੀਆਂ ਸਰਗਰਮੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਨੇ ਉਸਨੂੰ ਅਖਬਾਰਾਂ ਲਈ ਰੀਪੋਰਟਾਂ ਤੇ ਛਪਵਾਉਣਾ ਸਿਖਾ ਦਿੱਤਾ। ਇਹ ਪੱਤਰਕਾਰੀ ਨਾਲ ਉਸ ਦੀ ਸਾਂਝ ਦਾ ਮੁੱਢ ਸੀ।
ਪਰ ਗੱਲ ਇਹ ਨਹੀਂ ਕਿ ਉਸਨੂੰ ਪੱਤਰਕਾਰੀ ਦੇ ਮੈਦਾਨ ਵਿੱਚ ਕਿੰਨੀ ਕੁ ਮੁਹਾਰਤ ਹਾਸਲ ਸੀ। ਅਸਲ ਗੱਲ ਉਸਦੀ ਸਿਆਸੀ ਤੇ ਸਮਾਜਿਕ ਸੂਝ ਸੀ ਜਿਹੜੀ ਟਰੇਡ ਯੂਨੀਅਨ ਘੋਲਾਂ ਦੀ ਕੁਠਾਲੀ ਵਿੱਚ ਪੈ ਕੇ ਹੋਰ ਵੀ ਨਿੱਖਰ ਆਈ ਸੀ। ਇਸ ਸੂਝ ਦੇ ਹੁੰਦਿਆਂ ਉਹ ਕਿਤੇ ਵੀ ਹੁੰਦਾ ਟਿਕ ਕੇ ਨਹੀਂ ਸੀ ਬੈਠ ਸਕਦਾ।
ਬੈਠਨੇ ਕੌਨ ਦੇ ਹੈ ਫਿਰ ਉਸ ਕੋ
ਜੋ ਤੇਰੇ ਆਸਤਾਂ ਸੇ ਉਠਤਾ ਹੈ।
ਇਹ ਹੋ ਨਹੀਂ ਸੀ ਸਕਦਾ ਕਿ ਘਟਨਾਵਾਂ ਵਾਪਰਦੀਆਂ ਤੇ ਉਹ ਉਹਨਾਂ ਤੋਂ ਪਾਸਾ ਵੱਟ ਲੈਂਦਾ ਜਾਂ ਉਹਨਾਂ ਬਾਰੇ ਨਾ ਸੋਚਦਾ। ਇਹੀ ਸੂਝ ਸੀ ਜਿਸਨੇ ਉਸਦੇ ਅਚੇਤ ‘ਚ ਦੱਬੀ ਹੋਈ ਸਾਹਿਤਕ ਚਿਣਗ ਨੂੰ ਹਵਾ ਦਿੱਤੀ ਅਤੇ ਕੈਨੇਡਾ ਦੇ ਪੰਜਾਬੀ ਅਖਬਾਰਾਂ ਤੇ ਆਪਣੇ ਲਈ ਥਾਂ ਹਾਸਲ ਕੀਤੀ।
ਪ੍ਰਵਾਸ ਸਮੇਂ ਦੀ ਉਸਦੀ ਪਹਿਲੀ ਪੁਸਤਕ “ਵੰਨ ਸੁਵੰਨ” ਵਿੱਚ ਪੱਤਰਕਾਰੀ ਨਾਲੋਂ ਸਾਹਿਤਕ ਭਾਅ ਵਧੇਰੇ ਸੀ। ਇਸ ਪੁਸਤਕ ਵਿੱਚ ਉਸਨੇ ਪੰਜਾਬ ਦੇ ਕੁਝ ਉਂਘੇ ਸਾਹਿਤਕਾਰਾਂ, ਸਿਆਸੀ ਸ਼ਖਸੀਅਤਾਂ, ਸਮਾਜੀ ਕਾਰਕੁਨਾਂ ਤੇ ਕਲਾਕਾਰਾਂ ਦੀ ਜਾਣ ਪਛਾਣ ਆਪਣੀਆਂ ਯਾਦਾਂ ਦੇ ਝਰੋਖੇ ‘ਚੋਂ ਕਰਵਾਈ ਸੀ। ਵੱਡੀ ਗੱਲ ਇਹ ਸੀ ਕਿ ਉਸਨੇ ਸੁਰਿੰਦਰ ਸਿੰਘ ਨਰੂਲਾ, ਗਿ. ਜ਼ੈਲ ਸਿੰਘ, ਸਤਿਆਰਥੀ, ਗਾਰਗੀ, ਪ੍ਰੋ. ਪ੍ਰੀਤਮ ਸਿੰਘ ਤੇ ਕ੍ਰਿਸ਼ਨ ਕਾਂਤ ਜਿਹੇ ਸਿਰਕੱਢ ਨਾਵਾਂ ਦਾ ਜ਼ਿਕਰ ਕਰਨ ਦੇ ਨਾਲ ਨਾਲ ਕਾ. ਰੁਲਦੂ ਖਾਂ, ਅਜੀਤ ਸਿੰਘ ਪੱਤੋ ਜਿਹੇ ਕਈ ਅਜਿਹੇ ਅਣਪਛਾਣੇ ਨਾਵਾਂ ਨੂੰ ਵੀ ਸਾਹਮਣੇ ਲਿਆਂਦਾ ਸੀ ਜਿਨ੍ਹਾਂ ਨੇ ਆਪਣੀਆਂ ਖਾਮੋਸ਼ ਘਾਲਨਾਵਾਂ ਰਾਹੀਂ ਬਿਹਤਰ ਭਵਿੱਸ਼ ਲਈ ਲੜੇ ਜਾ ਰਹੇ ਸੰਘਰਸ਼ ਵਿੱਚ ਵਰਨਣਯੋਗ ਹਿੱਸਾ ਪਾਇਆ ਸੀ ਜਾਂ ਪਾ ਰਹੇ ਹਨ।
“ਵੰਨ ਸੁਵੰਨ” ਵਿੱਚ ਪ੍ਰੋ. ਸਿੱਧੂ ਨੇ ਅਲਬਰਟਾ ਦੇ ਅਜਿਹੇ ਪੰਜਾਬੀ ਐਕਟਿਵਿਸਟ ਵੀ ਆਏ ਸਨ ਜਿਨ੍ਹਾਂ ਨੇ ਏਥੋਂ ਦੇ ਰਾਜਨੀਤਕ ਖੇਤਰ ਵਿੱਚ ਆਪਣੇ ਲਈ ਥਾਂ ਬਣਾ ਕੇ ਪੰਜਾਬੀ ਕਮਿਊਨਿਟੀ ਨੂੰ ਕੈਨੇਡਾ ਦੇ ਸਿਆਸੀ ਨਕਸ਼ੇ ਉਤੇ ਲਿਆਂਦਾ, ਅਜਿਹੇ ਐਕਟਾਵਿਸਟਾਂ ਵਿੱਚ ਰਾਜ ਪੰਨੂੰ ਦਾ ਨਾਂਅ ਖਾਸ ਤੌਰ ਤੇ ਜ਼ਿਕਰਯੋਗ ਹੈ। ਉਹ ਖੱਬੇ ਪੱਖੀ ਐਨ. ਡੀ. ਪੀ. ਵਲੋਂ ਲਗਾਤਾਰ ਤਿੰਨ ਵਾਰ ਅਲਬਰਟਾ ਅਸੈਂਬਲੀ ਦਾ ਮੈਂਬਰ ਚੁਣਿਆ ਜਾਂਦਾ ਰਿਹਾ।
“ਮੇਰੀ ਪੱਤਰਕਾਰੀ ਦੇ ਰੰਗ” ਪ੍ਰੋ. ਸਿੱਧੂ ਦੀ ਦੂਸਰੀ ਪੁਸਤਕ ਹੈ। ਇਹ ਉਸਦੀਆਂ ਆਪਣੀਆਂ ਟਿੱਪਣੀਆਂ, ਲਿਖਤਾਂ ਤੇ ਰੀਪੋਰਟਾਂ ਦਾ ਮਜਮੂਆ ਹੈ, ਜਿਹੜੀਆਂ ਕੈਨੇਡਾ ਦੇ ਵੱਖ-ਵੱਖ ਪੰਜਾਬੀ ਅਖਬਾਰਾਂ ਵਿੱਚ ਛਾਪੀਆਂ, ਭਾਵੇਂ ਇਹਨਾਂ ਟਿੱਪਣੀਆਂ ਵਿੱਚ ਉਸਨੇ “ਰੁੱਤਾਂ ਵਿੱਚ ਤਬਦੀਲੀ” ਤੇ “ਅਮਰੀਕਾ ਦੀਆਂ ਧੌਂਸ ਭਰੀਆਂ ਨੀਤੀਆਂ” ਜਿਹੇ ਵਡੇਰੇ ਮਸਲਿਆਂ ਨੂੰ ਵੀ ਛੋਹਿਆ ਹੈ ਪਰ ਆਪਣੇ ਸਰੋਕਾਰ ਦੇ ਘੇਰੇ ਨੂੰ ਉਸਨੇ ਜ਼ਿਆਦਾਤਰ ਪੰਜਾਬ ਦੀ ਸਿਆਸਤ ਤੇ ਸਮੱਸਿਆਵਾਂ ਤੱਕ ਹੀ ਸੀਮਤ ਰੱਖਿਆ ਹੈ।
ਇਸਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਪੰਜਾਬੀ ਅਖਬਾਰਾਂ ਦੀ ਕਵਰੇਜ ਦਾ ਘੇਰਾ ਘੱਟ ਹੀ ਪੰਜਾਬ ਤੋਂ ਬਾਹਰ ਜਾਂਦਾ ਹੈ। ਅਸਲ ਵਿੱਚ ਪੰਜਾਬੀ ਅਖਬਾਰਾਂ ਦੇ ਪਾਠਕ ਪਹਿਲੀ ਪੀੜ੍ਹੀ ਦੇ ਅਜਿਹੇ ਪ੍ਰਵਾਸੀ ਹਨ ਜਿਨ੍ਹਾਂ ਦੀ ਸੁਰਤ ਅਜੇ ਪੰਜਾਬ ‘ਚ ਹੀ ਟਿਕੀ ਹੋਈ ਹੈ। ਇਸ ਲਈ ਉਹ ਪੰਜਾਬ ਦੀਆਂ ਘਟਨਾਵਾਂ ਤੋਂ ਇਲਾਵਾ ਹੋਰ ਕਿਸੇ ਮਾਮਲੇ ਵਿੱਚ ਘੱਟ ਹੀ ਦਿਲਚਸਪੀ ਲੈਂਦੇ ਹਨ। ਉਹਨਾਂ ਦੀ ਦੂਸਰੀ ਮਜ਼ਬੂਰੀ ਇਹ ਹੈ ਉਹ ਮੁੱਲ ਲੈ ਕੇ ਪੜ੍ਹਨ ਵਿੱਚ ਯਕੀਨ ਨਹੀਂ ਰੱਖਦੇ। ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਕਿ ਪੰਜਾਬੀ ਅਖਬਾਰਾਂ ਨੂੰ ਆਪਣੇ ਪਰਚੇ ਮੁਫਤ ਵਰਤਾਉਣੇ ਪੈਂਦੇ ਹਨ। ਇਸ ਹਾਲਤ ਵਿੱਚ ਉਨ੍ਹਾਂ ਨੇ ਪੰਜਾਬੀ ਸਿਆਸਤ ਸੈਕਿੰਡ ਹੈਂਡ ਰੀਪੋਰਟਿੰਗ ਤੋਂ ਇਲਾਵਾ ਹੋਰ ਕੁਝ ਪੜ੍ਹਨਾ ਹੀ ਨਹੀਂ। ਏਨਾ ਹੀ ਉਹਨਾਂ ਲਈ ਇਸ ਕਰਕੇ ਸੰਭਵ ਹੈ। ਉਹ ਆਪਣੇ ਅਖਬਾਰ ਪੰਜਾਬ ਵਿੱਚੋਂ ਰੁਪਈਆਂ ਨਾਲ ਤਿਆਰ ਕਰਵਾ ਕੇ ਛਪਵਾਉਣ ਪਿੱਛੋਂ ਧਰਮ ਅਸਥਾਨਾਂ ਤੇ ਦੇਸੀ ਸਟੋਰਾਂ ਤੇ ਰੱਖ ਆਉਂਦੇ ਹਨ। ਇਹ ਵਿਉਂਤ ਪੰਜਾਬੀ ਅਖਬਾਰਾਂ ਅਤੇ ਪਾਠਕਾਂ ਦੋਨਾਂ ਨੂੰ ਸੂਤ ਬੈਠਦੀ ਹੈ। ਪਰ ਇਸ ਸਥਿਤੀ ਦੇ ਹੁੰਦਿਆਂ ਵੀ ਨਵੇਂ ਮਸਲੇ ਉਠਾਏ ਜਾ ਸਕਦੇ ਹਨ ਭਾਵੇਂ ਪ੍ਰੋ. ਸਿੱਧੂ ਦੀਆਂ ਬਹੁਤੀਆਂ ਟਿੱਪਣੀਆਂ ਪੰਜਾਬ ਦੀਆਂ ਚਲੰਤ ਘਟਨਾਵਾਂ ਬਾਰੇ ਹੀ ਹਨ ਪਰ ਇਹ ਨਵੇਂ ਨੁਕਤੇ ਜਾਂ ਜ਼ਾਵੀਏ ਤੋਂ ਖਾਲੀ ਨਹੀਂ ਆਖੀਆਂ ਜਾ ਸਕਦੀਆਂ। ਮਿਸਾਲ ਵਜੋਂ ਨਵੀ ਚੁਣੀ ਪੰਜਾਬ ਅਸੈਂਬਲੀ ਦੇ ਮੈਂਬਰਾਂ ਦਾ ਪੰਜਾਬੀ ਦੀ ਥਾਂ ਪੰਜ ਵੱਖੋ-ਵੱਖ ਭਾਸ਼ਾਵਾਂ ਵਿੱਚ ਸਹੁੰ ਚੁੱਕਣਾ, ਦੱਸਦਾ ਹੈ ਕਿ ਬੋਲੀ ਦੇ ਸਵਾਲ ਉਤੇ ਪੰਜਾਬੀਆਂ ਵਿੱਚ ਅਜੇ ਵੀ ਕਿੰਨੇ ਰਖਨੇ ਮੌਜੂਦ ਹਨ। ਇਹ ਵਿਸ਼ਾ ਟਿੱਪਣੀ ਦਾ ਵਿਸ਼ਾ ਬਣਨਾ ਹੀ ਚਾਹੀਦਾ ਸੀ।
ਸੂਬੇ ਦੀਆਂ ਯੂਨੀਵਰਸਿਟੀਆਂ ਵਿੱਚ ਵਧ ਰਹੇ ਸਿਆਸੀ ਦਖਲ ਬਾਰੇ ਵੀ ਉਸਦੀ ਟਿੱਪਣੀ ਨੂੰ ਵੀ ਵੇਲੇ ਸਿਰ ਕੀਤੀ ਤਾੜਨਾ ਕਿਹਾ ਜਾ ਸਕਦਾ ਹੈ। ਇਹ ਪੰਜਾਬ ਦਾ ਦੁਰਭਾਗ ਹੈ ਕਿ ਜਿਵੇਂ ਹੀ ਨਵੀਂ ਪਾਰਟੀ ਸੱਤਾ ਵਿੱਚ ਆਉਂਦੀ ਹੈ, ਵਾਈਸ ਚਾਂਸਲਰਾਂ ਦੀਆਂ ਪੱਗਾਂ ਲੱਥਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪੰਜਾਬ ਦੀ ਉਚੇਰੀ ਵਿਦਿਆ ਪ੍ਰਣਾਲੀ ਉਤੇ ਇਸਦਾ ਮਾਰੂ ਅਸਰ ਲਾਜ਼ਮੀ ਹੈ। ਉਚੇਰੀ ਵਿਦਿਆ ਇੱਕ ਅਜਿਹਾ ਖੇਤਰ ਹੈ ਜਿਸਨੂੰ ਸਿਆਸੀ ਜੋੜਾਂ ਤੋੜਾਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ।
ਸਿੱਖ ਭਾਈਚਾਰੇ ਦੀ ਸਰਵਉਂਚ ਧਾਰਮਕ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਜਿਸ ਢੰਗ ਨਾਲ ਅਕਾਲੀ ਸਿਆਸਤ ਦੇ ਸੌੜੇ ਤੇ ਗੈਰ ਦੀਨੀ ਮੰਤਵਾਂ ਲਈ ਵਰਤਿਆ ਜਾ ਰਿਹਾ ਹੈ ਤੇ ਜਿਹੜੀ ਕਸ਼ਮਕਸ਼ ਤੇ ਸ਼ਰੀਕੇ ਬਾਜੀ ਵੱਖ-ਵੱਖ ਤਖ਼ਤਾਂ ਦੇ ਜਥੇਦਾਰਾਂ ਵਿਚਾਲੇ ਚੱਲ ਰਹੀ ਹੈ। ਉਸਨੂੰ ਵੀ ਪ੍ਰੋ. ਸਿੱਧੂ ਨੇ ਕਰੜੇ ਹੱਥੀ ਲਿਆ ਹੈ। ਉਸਦੀਆਂ ਟਿੱਪਣੀਆਂ ਸਿੱਧੇ ਤੌਰ ਤੇ ਨਹੀਂ ਤਾਂ ਅਸਿੱਧੇ ਤੌਰ ਤੇ ਨਿਸਚੇ ਹੀ ਇਹ ਸਵਾਲ ਖੜ੍ਹਾ ਕਰਦੀਆਂ ਹਨ ਕਿ “ਧਰਮ ਨਿਰਪੱਖਤਾ” ਦੀ ਬੁਨਿਆਦੀ ਕੌਮੀ ਨੀਤੀ ਦੇ ਸੰਦਰਭ ਵਿੱਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਕੀ ਹੋਵੇ? ਇਹ ਸਵਾਲ ਸ਼ਰਧਾਵਾਨ ਸਿੱਖਾਂ ਲਈ ਵੀ ਘੱਟ ਅਹਿਮੀਅਤ ਨਹੀਂ ਰੱਖਦਾ ਕਿਉਂਕਿ ਇਸ ਗੱਲ ਨਾਲ ਉਨ੍ਹਾਂ ਨੂੰ ਵੀ ਮਾਣ ਤੇ ਖੁਸ਼ੀ ਦਾ ਅਹਿਸਾਸ ਹੋਵੇਗਾ ਜੇ ਸ਼੍ਰੋਮਣੀ ਕਮੇਟੀ ਕਿਸੇ ਇੱਕ ਅਕਾਲੀ ਧੜੇ ਲਈ ਮਨੋਰਥ ਸਿਧੀ ਦਾ ਵਸੀਲਾ ਬਣੇ ਰਹਿਣ ਦੀ ਥਾਂ ਕਿਸੇ ਅਜਿਹੀ ਸਤਿਕਾਰਤ ਸੰਸਥਾ ਦਾ ਉਂਚਾ ਦਰਜਾ ਹਾਸਲ ਕਰ ਲਏ ਜਿਹੜੀ ਗੁਰਬਾਣੀ ਦੇ ਅਨੁਕੂਲ ਵਿਸ਼ਾਲ ਮਾਨਵੀ ਕਾਰਜਾਂ ਰਾਹੀਂ ਸਾਰੇ ਧਰਮਾਂ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲਏ।
ਕੈਨੇਡਾ ਵਿੱਚ ਨਰੋਏ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਉਤਸ਼ਾਹਤ ਕਰਨ ਵਿੱਚ ਵੀ ਜਿੰਨਾ ਹਿੱਸਾ ਉਹ ਪਾ ਸਕਦਾ ਹੈ, ਪਾ ਰਿਹਾ ਹੈ। ਉਹ ਆਪਣੇ ਸ਼ਹਿਰ ਅਤੇ ਨੇੜੇ ਤੇੜੇ ਦੇ ਹੋਰ ਸ਼ਹਿਰਾਂ ਵਿੱਚ ਹੋਣ ਵਾਲੇ ਸਾਹਿਤਕ ਤੇ ਸਭਿਆਚਾਰਕ ਸਮਾਰੋਹਾਂ ਦੀ ਪੂਰੀ ਖਬਰ ਰੱਖਦਾ ਹੈ ਤੇ ਬਾਹਰੋਂ ਆਏ ਲੇਖਕਾਂ ਤੇ ਸੋਚਵਾਨਾਂ ਨੂੰ ਪਾਠਕਾਂ ਨਾਲ ਮਿਲਾਉਣੋਂ ਨਹੀਂ ਖੁੰਝਦਾ। ਏਨਾ ਜ਼ਰੂਰ ਹੈ ਕਿ ਕਈ ਵਾਰ ਅਜਿਹਾ ਕਰਦਿਆਂ ਉਹ ਆਪਣੇ ਆਪ ਨੂੰ ਉਹਨਾਂ ਸੱਜਣਾਂ ਦੇ ਵਿਚਾਰਾਂ ਨਾਲੋਂ ਅੱਡ ਰੱਖਣ ਦੀ ਲੋੜ ਨੂੰ ਭੁੱਲ ਜਾਂਦਾ ਹੈ, ਜਿਨ੍ਹਾਂ ਬਾਰੇ ਉਹ ਲਿਖ ਰਿਹਾ ਹੁੰਦਾ ਹੈ। ਮਿਸਾਲ ਵਜੋਂ ਜਦੋਂ ਉਹ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਵਰਤਾਰੇ ਬਾਰੇ ਡਾ. ਸਵਰਾਜ ਸਿੰਘ ਦੇ ਇਸ ਵਿਚਾਰ ਨੂੰ ਪੇਸ਼ ਕਰਦਾ ਹੈ ਕਿ “ਮਾਰਕਸਵਾਦ ਦੀ ਅਸਫਲਤਾ ਦਾ ਕਾਰਨ ਇਸਦਾ ਅਧਿਆਤਮਵਾਦ ਤੋਂ ਸੱਖਣੇ ਹੋਣਾ ਹੈ।” ਤਾਂ ਇੰਝ ਜਾਪਦਾ ਹੈ ਜਿਵੇਂ ਉਹ ਇਸ ਵਿਚਾਰ ਦੀ ਪ੍ਰੋੜ੍ਹਤਾ ਕਰ ਰਿਹਾ ਹੋਵੇ। ਇਹ ਇੱਕ ਬੜੇ ਹੀ ਪੇਚੀਦਾ ਵਰਤਾਰੇ ਦਾ ਬੜਾ ਹੀ ਪੇਤਲਾ ਜਿਹਾ ਸਰਲੀਕਰਣ ਹੈ ਜਿਸਨੂੰ ਕਿੰਤੂ ਕਰਨਾ ਜ਼ਰੂਰੀ ਸੀ। ਭਾਵੇਂ ਇਹ ਥਾਂ ਡਾ. ਸਵਰਾਜ ਸਿੰਘ ਦੀ ਧਾਰਨਾ ਬਾਰੇ ਬਹਿਸ ਛੇੜਨ ਦੀ ਨਹੀਂ ਪਰ ਉਹਨਾਂ ਤੋਂ ਇਹ ਪੁੱਛਣਾ ਤਾਂ ਬਣਦਾ ਹੀ ਸੀ ਕਿ ਜਿਹੜਾ ਉਸਨੂੰ ਮਾਰਕਸਵਾਦ ਵਿੱਚ ਨਜ਼ਰ ਨਹੀਂ ਆਉਂਦਾ, ਉਹ ਹੈ ਕਿਥੇ? ਕੀ ਡਾ. ਸਵਰਾਜ ਸਿੰਘ ਅਜਿਹੀ ਸੰਸਥਾ ਜਾਂ ਸੰਤ ਮਹਾਤਮਾ ਦੀ ਦੱਸ ਪਾ ਸਕਦੇ ਹਨ ਜਿਸਦੇ ਦਿਖਾਏ ਮਾਰਗ ਦਰਸ਼ਨ ਜਾਂ ਪ੍ਰਵਚਨਾਂ ਨਾਲ ਮਨੁੱਖ ਦੇਵਤੇ ਬਣ ਰਹੇ ਹੋਣ ਅਤੇ ਸਮਾਂ ਸਤਿਜੁਗ ਵਿੱਚ ਬਦਲ ਰਿਹਾ ਹੋਵੇ? ਕੀ ਇਹ ਸੱਚ ਨਹੀਂ ਕਿ ਅਧਿਆਤਮਵਾਦ ਵੀ ਅੱਜ ਦੀ ‘ਆਜ਼ਾਦ ਮੰਡੀ’ ਵਿੱਚ ਇੱਕ ਵਿਕਾਊ ਜਿਨਸ ਬਣ ਚੁੱਕਾ ਹੈ। ਪੰਜਾਬੀ ਕਮਿਉਨਿਟੀ ਦੀ ਜ਼ਿੰਦਗੀ ਬਾਰੇ ਲਿਖਦਿਆ ਪ੍ਰੋ. ਸਿੱਧੂ ਨੂੰ ਧਾਰਮਕ ਵਿਸ਼ੇ ਵੀ ਛੋਹਣੇ ਪੈਂਦੇ ਹਨ ਅਜਿਹਾ ਉਸਨੂੰ ਕਰਨਾ ਵੀ ਚਾਹੀਦਾ ਹੈ ਪਰ ਇੰਝ ਕਰਦਿਆਂ ਉਹ ਸ਼ਰਧਾ ਦੇ ਸਰੋਵਰ ਵਿੱਚ ਕੁਝ ਵਧੇਰੇ ਹੀ ਉਂਤਰ ਜਾਂਦਾ ਹੈ। ਸ਼ਰਧਾ ਤੇ ਪੱਤਰਕਾਰੀ ਦੀ ਆਪਸ ਵਿੱਚ ਘੱਟ ਹੀ ਨਿਭਦੀ ਹੈ।
ਸਮੁੱਚੇ ਰੂਪ ਵਿੱਚ ਘਟਨਾਵਾਂ ਦੀ ਪਹਿਚਾਣ ਕਰਨ ਵੇਲੇ ਪ੍ਰੋ. ਸਿੱਧੂ ਤਰੱਕੀ ਪਸੰਦ ਦ੍ਰਿਸ਼ਟੀਕੋਨ ਤੋਂ ਕੰਮ ਲੈਂਦਾ ਹੈ। ਤੇ ਜਿਹੜੀ ਗੱਲ ਉਸਨੇ ਕਹਿਣੀ ਹੁੰਦੀ ਹੈ ਬਿਨਾਂ ਕਿਸੇ ਲਗ ਲਪੇਟ ਦੇ ਕਹਿ ਦਿੰਦਾ ਹੈ। ਇਸੇ ਲਹਿਜੇ ਤੋਂ ਉਸਦੀ ਪੱਤਰਕਾਰੀ ਰੰਗ ਹਾਸਲ ਕਰਦੀ ਹੈ। ਮੈਨੂੰ ਆਸ ਹੈ ਕਿ ਉਸਦੀ ਪੱਤਰਕਾਰੀ ਦੇ ਰੰਗ ਪਾਠਕਾਂ ਤੋਂ ਭਰਵਾਂ ਹੁੰਗਾਰਾ ਹਾਸਲ ਕਰਨਗੇ ਕਿਉਂਕਿ ਇਹਨਾਂ ਰੰਗਾਂ ਵਿੱਚ ਜਾਣਕਾਰੀ ਵੀ ਹੈ, ਵਿਸਲੇਸ਼ਨ ਵੀ, ਨਿਤਾਰਾ ਵੀ, ਨਿਰਦੇਸ਼ਨ ਵੀ।
No comments:
Post a Comment