6 ਮਈ ਨੂੰ ਹੋਣ ਜਾ ਰਹੀਆਂ ਇੰਗਲੈਂਡ ਦੀਆਂ ਪਾਰਲੀਮਾਨੀ ਚੋਣਾਂ ਵਿਸ਼ਵ ਭਰ 'ਚ ਬੈਠੇ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਕਿਉਂਕਿ ਇੰਗਲੈਂਡ ਵਸੇ ਪੰਜਾਬੀ ਵੀ ਇੱਥੋਂ ਦੇ ਪਾਰਲੀਮੈਂਟ 'ਚ ਆਪਣੀਆਂ ਕੁਰਸੀਆਂ ਡਾਹੁਣ ਦੇ ਕਾਬਲ ਹੋ ਗਏ ਹਨ। ਆਪਣੇ ਜੁਝਾਰੂ ਤੇ ਸੰਘਰਸ਼ਸ਼ੀਲ ਸੁਭਾਅ ਕਾਰਨ ਪੰਜਾਬੀ ਵੀਰਾਂ ਨੇ ਦੁਨੀਆਂ ਦੇ ਕਿਸੇ ਵੀ ਕੋਨੇ ਦੀ ਕੋਈ ਵੀ ਜਥੇਬੰਦੀ ਨਹੀਂ ਛੱਡੀ ਹੋਵੇਗੀ ਜਿਸ ਵਿੱਚ ਆਪਣੀ ਸਰਗਰਮ ਹਾਜ਼ਰੀ ਨਹੀਂ ਲਗਵਾਈ ਹੋਵੇਗੀ। ਉਹ ਵੀ ਸਿਰਫ ਮੈਂਬਰਾਂ ਵਜੋਂ ਹੀ ਨਹੀਂ ਸਗੋਂ ਜਿਆਦਾਤਰ ਥਾਵਾਂ 'ਤੇ ਤਾਂ ਸਾਡੇ ਪੰਜਾਬੀ ਵੀਰ ਉੱਚ ਅਹੁਦਿਆਂ 'ਤੇ ਵੀ ਬਿਰਾਜਮਾਨ ਹੋ ਬੈਠੇ ਹਨ। ਮਨ ਬਾਗੋ ਬਾਗ ਹੋ ਜਾਂਦੈ ਜਦੋਂ ਬੇਗਾਨੇ ਮੁਲਕਾਂ ਵਿੱਚ ਆਪਣੀ ਵਿਸ਼ੇਸ਼ ਪਛਾਣ ਕਾਇਮ ਕਰਕੇ ਉੱਥੋਂ ਦੀਆਂ ਸਿਆਸੀ, ਧਾਰਮਿਕ ਜਾਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਆਪਣੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਗੱਡੇ ਝੰਡਿਆਂ ਨੂੰ ਝੂਲਦੇ ਦੇਖੀਦੈ। ਇੰਗਲੈਂਡ ਦੇ ਧਾਰਮਿਕ ਜਾਂ ਸੱਭਿਆਚਾਰਕ ਹਲਕਿਆਂ ਵਿੱਚ ਪੰਜਾਬੀਆਂ ਦੀ ਭਰਵੀਂ ਸਮੂਲੀਅਤ ਦੁਨੀਆ ਕੋਲੋਂ ਲੁਕੀ ਨਹੀਂ ਹੈ ਕਿਉਂਕਿ ਜਿੱਥੇ ਇੰਗਲੈਂਡ ਦੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨੂੰ ਸਿੱਖਾਂ ਦੀ ਦੂਸਰੀ ਸਰਵ ਉੱਚ ਸੰਸਥਾ ਦੇ ਨਾਮ ਨਾਲ ਵਡਿਆਇਆ ਜਾਂਦਾ ਹੈ ਤਾਂ ਸੱਭਿਆਚਾਰਕ ਖੇਤਰ ਵਿੱਚ ਵੀ ਇੰਗਲੈਂਡ ਵਸਦੇ ਪੰਜਾਬੀ ਭਾਈਚਾਰੇ ਦੀ ਤਾਰੀਫ਼ ਸੰਸਾਰ ਪੱਧਰ 'ਤੇ ਹੁੰਦੀ ਹੈ ਜਿਹਨਾਂ ਨੇ ਆਪਣੇ ਅਮੀਰ ਵਿਰਸੇ ਨੂੰ ਆਪਣੀ ਲਿਆਕਤ ਨਾਲ ਜਿਉਂਦਾ ਰੱਖਣ ਦੇ ਉਪਰਾਲੇ ਜ਼ੋਰਾ- ਸ਼ੋਰਾਂ ਨਾਲ ਆਰੰਭੇ ਹੋਏ ਹਨ। ਅੱਜਕੱਲ੍ਹ ਇੰਗਲੈਂਡ ਵਿੱਚ ਪਾਰਲੀਮਾਨੀ ਚੋਣਾਂ ਦਾ ਬੁਖਾਰ ਸਿਖਰਾਂ ‘ਤੇ ਹੈ। ਮੇਰੇ ਇੰਗਲੈਂਡ ਵਸਣ ਤੋਂ ਬਾਦ ਦੀਆਂ ਇਹ ਪਹਿਲੀਆਂ ਪਾਰਲੀਮਾਨੀ ਚੋਣਾਂ ਹਨ। ਬੜਾ ਚਾਅ ਜਿਹਾ ਸੀ ਕਿ ਦੇਖਾਂਗੇ ਕਿ ਐਨੇ ਵਿਕਸਤ ਮੁਲਕ ਵਿੱਚ ਸਾਡੇ ਪੰਜਾਬੀ ਵੀਰ ਕਿਸ ਢੰਗ ਨਾਲ ਚੋਣਾ ਲੜ੍ਹਨਗੇ...ਜਿੱਤਣਗੇ? ਉਹਨਾਂ ਦਾ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦਾ ਕਿਹੜਾ ਨਿਰਾਲਾ ਢੰਗ ਹੋਵੇਗਾ ਕਿ ਲੋਕ ਉਹਨਾਂ ਨੂੰ ਆਪਣਾ ਨੁਮਾਇੰਦਾ ਅੱਖਾਂ ਮੀਚ ਕੇ ਮੰਨ ਲੈਣ?
ਇੰਗਲੈਂਡ ਦੀਆਂ ਪਾਰਲੀਮਾਨੀ ਚੋਣਾਂ ਵਿੱਚ ਵੱਖ ਵੱਖ ਹਲਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਪੰਜਾਬੀ ਪਿਛੋਕੜ ਵਾਲੇ ਉਮੀਦਵਾਰ ਕਿਸਮਤ ਅਜ਼ਮਾਈ ਕਰ ਰਹੇ ਹਨ ਜਿਹਨਾਂ ਵਿੱਚ ਜਸਬੀਰ ਸਿੰਘ ਪਰਮਾਰ, ਪਰਮਜੀਤ ਸਿੰਘ ਢਾਂਡਾ, ਪੌਲ ਉੱਪਲ, ਗੁਰਚਰਨ ਸਿੰਘ, ਵਰਿੰਦਰ ਸ਼ਰਮਾ ਸਮੇਤ 21 ਭਾਰਤੀ ਇਸ ਚੋਣ ਵਿੱਚ ਆਪਣੇ ਪਰ ਤੋਲ ਰਹੇ ਹਨ। ਪਰ ਸਾਊਥਾਲ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਅਤੇ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਵਲੋਂ ਜੋ ਪ੍ਰਚਾਰ ਦਾ ਤਰੀਕਾ ਅਖਤਿਆਰ ਕੀਤਾ ਗਿਆ ਹੈ ਉਹ ਦੇਖ ਕੇ ਇੱਕ ਵਾਰ ਤਾਂ ਸਾਡੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਝਾਕੀ ਅੱਖਾਂ ਅੱਗੇ ਹੂਬਹੂ ਘੁੰਮ ਗਈ। ਇੰਝ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਆਪਣੇ ਪੰਜਾਬ ਦੀਆਂ ਚੋਣਾਂ ਦਾ ਹੀ 'ਆਨੰਦ' ਮਾਣ ਰਹੇ ਹੋਈਏ। ਬਿਲਕੁਲ ਉਹੀ ਢੰਗ ਤਰੀਕਾ, ਉਹੀ ਸ਼ਬਦਾਵਲੀ ਇੱਕ ਦੂਜੇ ਨੂੰ ਭੰਡਣ ਦੀ..... ਬਸ ਸਿਰਫ ਫਰਕ ਹੈ ਤਾਂ ਲੋਕਾਂ ਦਾ.. ਕਿਉਂਕਿ ਮੇਰੇ ਪੰਜਾਬ 'ਚ ਤਾਂ ਲੋਕਾਂ ਦੇ ਨੁਮਾਇੰਦੇ ਆਪਣੇ ਵੋਟਰਾਂ ਨੂੰ ਭੁੱਕੀ, ਅਫੀਮ ਜਾਂ ਦਾਰੂ ਦੇ ਗੱਫੇ ਵੀ ਵਰਤਾ ਦਿੰਦੇ ਹਨ। ਜੇ ਗੱਲ ਅੜਦੀ ਦਿਸੇ ਤਾਂ ਬੱਸ ਦੀ ਟਿਕਟ ਖਰੀਦਣ ਵਾਂਗ ਨਕਦ ਮਾਇਆ ਦੇ ਕੇ ਵੋਟਾਂ ਖਰੀਦਣ ਦੀ ਖੇਚਲ ਵੀ ਕਰਨੀ ਪੈ ਜਾਂਦੀ ਹੈ ਸਾਡੇ ਪੰਜਾਬ ਦੇ ਸਿਆਣੇ ਲੀਡਰਾਂ ਨੂੰ...। ਇਸੇ ਗੱਲੋਂ ਹੀ ਲੋਕਾਂ ਦਾ ਫ਼ਰਕ ਕਿਹੈ ਕਿਉਂਕਿ ਸ਼ਾਇਦ ਸਾਊਥਾਲ ਦੇ ਵੋਟਰਾਂ ਦੀ ਜਮੀਰ ਖਰੀਦਣ ਜਾਂ ਦਾਰੂ ਪਿਆਲੇ ਸਾਂਝੇ ਕਰਨ ਵਰਗੇ ਲਾਲਚ ਨਾ ਦਿੱਤੇ ਜਾਂਦੇ ਹੋਣ ਕਿਸੇ ਲੀਡਰ ਵੱਲੋਂ। ਪਰ ਇੱਕ ਗੱਲ ਸਾਫ ਹੈ ਕਿ ਲੋਕਾਂ ਨੂੰ ਭਾਵਨਾਤਮਕ ਤੌਰ 'ਤੇ ਗੁੰਮਰਾਹ ਕਰਨ ਵਾਲਾ 'ਭੰਡਣ ਮਾਰਕਾ' ਫਾਰਮੂਲਾ ਇੱਕ ਹੀ ਹੈ, ਸ਼ਾਇਦ ਉਹ ਇਸ ਕਰਕੇ ਵੀ ਹੋ ਸਕਦਾ ਹੈ ਕਿਉਂਕਿ ਸਾਡੇ ਇੱਥੋਂ ਦੇ ਪੰਜਾਬੀ ਲੀਡਰਾਂ ਦੀਆਂ ਰਗਾਂ 'ਚ ਵੀ ਉਸੇ ਪੰਜਾਬ ਦਾ ਖੂਨ ਵਗਦਾ ਹੈ ਜਿੱਥੇ ਹਰ ਦਿਨ ਇੱਕ ਦੂਜੇ ਨੂੰ ਭੰਡਣ ਤੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਨਵੇਂ ਤੋਂ ਨਵਾਂ ਸਟੰਟ ਦੇਖਣ ਨੂੰ ਮਿਲਦਾ ਹੈ ਭਾਵੇਂ ਉਹ ਕਾਂਗਰਸੀਆਂ ਦਾ ਅਕਾਲੀਆਂ ਵੱਲੋਂ ਕਾਂਗਰਸੀ ਵਰਕਰਾਂ ਸਿਰ ਮੜੇ ਜਾਂਦੇ ਅਖੌਤੀ ਪੁਲਸ ਕੇਸਾਂ ਦੀ ਕਾਵਾਂਰੌਲੀ ਹੋਵੇ ਜਾਂ ਫਿਰ ਪੰਜਾਬ ਦੇ ਕਬੱਡੀ-ਪਸੰਦ ਲੋਕਾਂ ਨੂੰ ਵਿਸ਼ਵ ਕਬੱਡੀ ਕੱਪ ਦੇ ਨਾਂ 'ਤੇ ਸੁਖਬੀਰ ਬਾਦਲ ਵੱਲੋਂ 'ਬਾਦਲ ਜਿ਼ੰਦਾਬਾਦ' ਦੇ ਨਾਅਰੇ ਮਰਵਾਉਣ ਦੀ ਗੱਲ ਹੋਵੇ। ਦੁੱਖ ਦਿੱਤੈ ਇਸ ਗੱਲ ਨੇ ਕਿ ਇੱਕ ਅਤਿ ਵਿਕਸਤ ਮੁਲਕ ਦੀ ਰਾਜਨੀਤੀ 'ਚ ਬੇਹੱਦ ਜਿ਼ੰਮੇਵਾਰ ਰੁਤਬੇ ਹਾਸਲ ਕਰਕੇ ਉਮੀਦਵਾਰ ਬਣੇ ਪੰਜਾਬੀ ਵੀਰਾਂ ਵੱਲੋਂ ਇੱਕ ਦੂਜੇ ਨੂੰ ਅਖਬਾਰਾਂ ਰਾਹੀਂ ਤਾਹਨੇ ਮਿਹਣੇ ਮਾਰਦਿਆਂ 'ਦਲ-ਬਦਲੂ' ਗੁਰਚਰਨ ਸਿੰਘ ਜਾਂ 'ਸ਼ਰਮੇ' ਜਾਂ ‘ਸ਼ਰਮੇ ਦਾ ਗਿਰਗਟ ਵਾਂਗ ਰੰਗ ਬਦਲਦਾ ਕਿਰਦਾਰ’ ਆਦਿ ਸ਼ਬਦਾਂ ਨਾਲ ਸੰਬੋਧਨ ਕਰਨਾ ਹਜ਼ਮ ਜਿਹਾ ਨਹੀਂ ਆਉਂਦਾ ਕਿਉਂਕਿ ਇਹੋ ਜਿਹੀ ਸ਼ਬਦਾਵਲੀ ਤਾਂ ਸਾਡੇ ਪਿੰਡਾਂ ਦੇ ਅਨਪੜ੍ਹ ਲੋਕ ਵੀ ਵਰਤਣ ਲੱਗੇ ਸੌ ਵਾਰ ਸੋਚਣ ਕਿ ਜੇ ਗੋਰਿਆਂ ਨੂੰ ਪਤਾ ਲੱਗ ਗਿਆ ਕਿ ਅਸੀਂ ਕੀ ਕੀ ਬੋਲੀ ਜਾ ਰਹੇ ਹਾਂ... ਤਾਂ ਉਹ ਕੀ ਸੋਚਣਗੇ ਕਿ ਅਸੀਂ ਪੜ੍ਹ ਲਿਖ ਕੇ ਵੀ....?
ਇਸ਼ਤਿਹਾਰਬਾਜੀ ਜ਼ਰੀਏ ਹੀ ਅਖਬਾਰਾਂ ਲੋਕ ਸੇਵਾ ਕਰ ਸਕਦੀਆਂ ਹਨ ਅਤੇ ਜਿਉਂਦੀਆਂ ਰਹਿ ਸਕਦੀਆਂ ਹਨ। ਜੇ ਅਖਬਾਰਾਂ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣੀ ਹੀ ਹੈ ਤਾਂ ਕੀ ਸਿਰਫ ਇੱਕ ਦੂਜੇ ਨੂੰ ਭੰਡਣਾ ਹੀ ਆਖਰੀ ਹਥਿਆਰ ਰਹਿ ਜਾਂਦਾ ਹੈ? ਕਿਸੇ ਨੂੰ ਭੰਡਣ ਦੀ ਬਜਾਏ ਤੁਸੀਂ ਦੁਸਰੇ ਦੀਆਂ ਖਾਮੀਆਂ ਜਾਂ ਬੁਰਾਈਆਂ ਜਾਂ ਉਸਦੇ ਕਿਰਦਾਰ ‘ਤੇ ਲੱਗੇ ‘ਪੈਂਚਰ’ ਗਿਣਾਉਣ ਨਾਲੋਂ ਆਪਣੀਆਂ ਚੰਗਿਆਈਆਂ ਜਾਂ ਕੀਤੇ ਹੋਏ ਚੰਗੇ ਕੰਮਾਂ ਨੂੰ ਹੀ ਆਪਣੇ ਇਸ਼ਤਿਹਾਰਾਂ ਦਾ ਵਿਸ਼ਾ ਕਿਉਂ ਨਹੀਂ ਬਣਾਉਂਦੇ? ਤਾਂ ਜੋ ਵੋਟਰ ਤੁਹਾਡੇ ਅਤੇ ਤੁਹਾਡੇ ਵਿਰੋਧੀ ਦੀਆਂ ਚੰਗਿਆਈਆਂ ਨੂੰ ਕਪੜਛਾਣ ਕਰਕੇ ਕੋਈ ਨਤੀਜਾ ਕੱਢ ਸਕਣ ਕਿ ਕਿਸ ਦੇ ਪੱਲੇ ਵਧੇਰੇ ਨਿੱਗਰ ਸੋਚ ਹੈ। ਅਖਬਾਰਾਂ ਨਾਲ ਜੁੜੇ ਲੋਕਾਂ ਦੇ ਜਿ਼ਹਨ ‘ਚ ਇਹ ਗੱਲ ਤਾਂ ਆਉਂਦੀ ਹੀ ਹੋਵੇਗੀ ਕਿ ਜਿਹਨਾਂ ਨੇ ਕੱਲ੍ਹ ਨੂੰ ਸਾਡੀ ਨੁਮਾਇੰਦਗੀ ਕਰਨੀ ਹੈ, ਉਹ ਤਾਂ ਸਭ ਤੋਂ ਪਹਿਲਾਂ ਖੁਦ ਹੀ ਜੂੰਡੋ-ਜੂੰਡੀ ਹੋਈ ਜਾ ਰਹੇ ਹਨ। ਕੋਈ ਕਿਸੇ ਨੂੰ ਅਖਬਾਰਾਂ ਰਾਹੀਂ ‘ਮਲਾਈਆਂ’ ਖਾ ਕੇ ਭੁੱਲ ਜਾਣ ਦੇ ਮਿਹਣੇ ਮਾਰ ਰਿਹਾ ਹੈ ਕੋਈ ਕਿਸੇ ਨੂੰ ਧਾਰਮਿਕ ਮੁੱਦਿਆਂ ‘ਚ ਉਲਝਾ ਕੇ ਠਿੱਬੀ ਲਾਉਣ ਦੇ ਚੱਕਰ ‘ਚ ਹੈ। ਅਖਬਾਰਾਂ ਨੂੰ ਜੋ ਕੁਝ ਲਿਖ ਕੇ ਦੇ ਦਿੱਤਾ ਜਾਂਦਾ ਹੈ ਉਹਨਾਂ ਇਸ਼ਤਿਹਾਰਦਾਤਾ ਦੀ ਮਰਜ਼ੀ ਮੁਤਾਬਕ ਛਾਪਣਾ ਹੈ, ਪਰ ਸੋਚਣਾ ਤਾਂ ਉਸ ਬੁੱਧੀਜੀਵੀ ਨੇ ਹੈ ਕਿ ਜਾਂ ਤਾਂ ਉਹ ਖੁਦ ਨੂੰ ਉੱਚ ਸੋਚ ਦਾ ਮਾਲਕ ਸਮਝ ਰਿਹਾ ਹੈ ਕਿ ਲੋਕ ਉਹਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਭੰਡਖੋਹੀ ਤੋਂ ਪ੍ਰਭਾਵਿਤ ਹੋ ਕੇ ਹੀ ਉਲਾਰ ਹੋ ਜਾਣਗੇ... ਜਾਂ ਫਿਰ ਉਹ ਲੋਕਾਂ ਦੀ ਸੋਚ ਨੂੰ ਹੀ ਬੇਹੱਦ ਘਟੀਆ ਦਰਜੇ ਦੀ ਸਮਝ ਰਿਹਾ ਹੈ ਕਿ ‘ਲੋਕਾਂ ਦਾ ਕੀ ਆ?... ਇਹ ਬੁੱਧੂ ਬਣਾਏ ਈ ਲੋਟ ਰਹਿੰਦੇ ਆ..!’
ਸਿਰਫ ਰਾਜਨੀਤਕ ਲੋਕਾਂ ਨੂੰ ਹੀ ਖਿੱਚੀ ਫਿਰਨਾ ਵੀ ਜਿਆਦਤੀ ਹੋਵੇਗੀ ਕਿਉਂਕਿ ‘ਧਾਰਮਿਕ-ਰਾਜਨੀਤੀਵਾਨਾ’ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਪਿਛਲੀਆਂ ਚੋਣਾਂ ਵੇਲੇ ਦੋਵੇਂ ਗਰੁੱਪਾਂ ਵੱਲੋਂ ਇੱਕ ਦੁਜੇ ਖਿਲਾਫ ਜੋ ਭੰਡੀ ਪ੍ਰਚਾਰ ਕੀਤਾ ਸੀ ਉਸ ਸਾਹਮਣੇ ਤਾਂ ‘ਨਿਰੋਲ ਰਾਜਨੀਤੀਵਾਨਾਂ’ ਦਾ ਭੰਡੀ ਪ੍ਰਚਾਰ ਵੀ ਬੌਣਾ ਜਿਹਾ ਲੱਗਣ ਲੱਗ ਜਾਂਦੈ। ਬੇਸ਼ੱਕ ਅਸੀਂ ਬੋਲਣ ਦੀ ਆਜਾਦੀ ਹਾਸਲ ਕਰ ਲਈ, ਪੈਸਾ ਜਾਂ ਪੌਂਡ ਅਥਾਹ ਕਮਾ ਲਏ ਹੋਣ ਪਰ ਅਸੀਂ ਦੂਜੇ ਨੂੰ ਭੰਡ ਕੇ ਖੁਦ ਨੂੰ ਪਾਕ-ਪਵਿੱਤਰ ਅਖਵਾਉਣ ਦੀ ਸੋਚ ਦੀ ਗੁਲਾਮੀ ਤੋਂ ਨਿਜਾਤ ਨਹੀਂ ਪਾ ਸਕੇ।
ਗੁਰਮੁਖੋ, ਜਿਸ ਬਾਣੀ ਦਾ ਆਸਰਾ ਲੈ ਕੇ ਅਸੀਂ ਸਿਆਸਤ ਦੀਆਂ ਪੀਘਾਂ ਦੇ ਹੁਲਾਰੇ ਲੈਣ ਦੀ ਝਾਕ ਲਾਈ ਬੈਠੇ ਹਾਂ ਉਹ ਬਾਣੀ ਤਾਂ ਹਮੇਸ਼ਾ ਕਹਿੰਦੀ ਹੈ ਕਿ
“ਹਮ ਨਹੀ ਚੰਗੇ ਬੁਰਾ ਨਹੀ ਕੋਇ।।”
ਫਿਰ ਕਿੱਧਰਲੀ ਧਾਰਮਿਕਤਾ ਹੈ ਕਿ ਅਸੀਂ ਆਪਣੇ ਹੀ ਭਾਈਚਾਰੇ ਦੇ ‘ਵਿਰੋਧੀ ਉਮੀਦਵਾਰ’ ਨੂੰ ਬਾਣੀ ਦੀਆਂ ਸਿੱਖਿਆਵਾਂ ਦੇ ਉਲਟ ਭੁਗਤ ਕੇ ਆਪ ਚੰਗੇ ਬਣ ਕੇ, ਉਸ ਨੂੰ ਬੁਰਾ ਬਣਾ ਰਹੇ ਹਾਂ।
ਬਾਣੀ ਤਾਂ ਇਹ ਵੀ ਕਹਿੰਦੀ ਹੈ ਕਿ
“ਕੂੜੁ ਬੋਲਿ ਮੁਰਦਾਰੁ ਖਾਇ।।
ਅਵਰੀ ਨੋ ਸਮਝਾਵਣਿ ਜਾਇ।।”
ਫਿਰ ਕਿਸ ਦੀ ਭੰਡਣ-ਸ਼ੈਲੀ ਨੂੰ ਤਰਕ ਸੰਗਤ ਮੰਨਿਆ ਜਾਵੇ ਕਿੳਂਕਿ ਜੇ ਦੋਵੇਂ ਧਿਰਾਂ ਹੀ ਸੱਚੀਆਂ ਹਨ ਤਾਂ ਫਿਰ ਝੂਠਾ ਕੌਣ ਹੈ? ਜੇ ਦੋਵੇਂ ਧਿਰਾਂ ਹੀ ਝੂਠੀਆਂ ਹਨ ਤਾਂ ਫਿਰ ਸੱਚਾ ਕੌਣ ਹੈ? ਜੇ ਕੋਈ ਝੂਠ ਬੋਲਦਾ ਵੀ ਹੈ ਤਾਂ ਮੁਰਦਾਰ ਖਾਣ ਬਰਾਬਰ ਹੈ। ਫਿਰ ਲੋਕਾਂ ਦੀ ਪ੍ਰਤੀਨਿਧਤਾ ਕਿਸ ਮੂੰਹ ਨਾਲ....?
ਨੇਤਾ ਵੀਰੋ, ਸਿਆਣੇ ਕਹਿੰਦੇ ਹਨ ਕਿ ਬੋਤੇ ਮਗਰ ਖੜ੍ਹਾ ਗਿੱਦੜ ਕਿਸੇ ਨੂੰ ਨਹੀਂ ਦੀਂਹਦਾ ਹੁੰਦਾ। ਕਹਿਣ ਦਾ ਭਾਵ ਇਹ ਕਿ ਜੇ ਤੁਹਾਡੇ ਚੰਗੇ ਕੰਮ ਬੋਤੇ ਵਾਂਗ ਉੱਚੇ ਹਨ ਤਾਂ ਤੁਹਾਡੀਆਂ ਗਿੱਦੜ ਦੇ ਕੱਦ ਜਿੰਨੀਆਂ ਬੁਰਾਈਆਂ ਵੀ ਲੁਕ ਜਾਂਦੀਆਂ ਹਨ। ਜਰੂਰੀ ਇਹ ਹੈ ਕਿ ਇੱਕ ਦੂਜੇ ਦੇ ਝੱਗੇ ਪਾੜਨ ਨਾਲੋਂ, ਆਪਣੇ ਭਾਈਚਾਰੇ ਦੀ ਮਿੱਟੀ ਪਲੀਤ ਕਰਨ ਨਾਲੋਂ ਆਓ ਇਹੋ ਜਿਹੀ ਬੁਣਤੀ ਬੁਣੋ ਕਿ ਆਪਣੀਆਂ ਲਿਆਕਤਾਂ ਜ਼ਰੀਏ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈਏ ਨਾ ਕਿ ਆਪਣੇ ਹੀ ਭਰਾਵਾਂ ਖਿਲਾਫ਼ ਨਫਰਤ ਦੇ ਬੀਜ ਬੀਜੀਏ। ਜੇ ਤੁਹਾਡੀਆਂ ਪਾਰਟੀਆਂ ਦੇ ਆਗੂ ਟੀ.ਵੀ ਚੈਨਲਾਂ ਵੱਲੋਂ ਕਰਵਾਏ ਜਾਂਦੇ ਆਹਮੋ-ਸਾਹਮਣੇ ਪ੍ਰੋਗਰਾਮਾਂ ‘ਚ ਮੂੰਹ ‘ਤੇ ਬਹਿਸ ਕਰ ਸਕਦੇ ਹਨ ਤਾਂ ਫਿਰ ਤੁਸੀਂ ਇਹ ਕਿਹੜੇ ਰਾਹ ਤੁਰੇ ਹੋਏ ਹੋ। ਜੇ ਲੋਕਾਂ ਦੇ ਹਿਤਾਂ ਦੀ ਇੰਨੀ ਹੀ ਫਿਕਰ ਹੈ ਤਾਂ ਜਨਤਕ ਇਕੱਠਾਂ ‘ਚ ਇੱਕ ਦੂਜੇ ਦੇ ਮੂੰਹ ‘ਤੇ ਵੀ ਸਥਿਤੀ ਸਪੱਸ਼ਟ ਕੀਤੀ ਜਾ ਸਕਦੀ ਹੈ। ਇਹੋ ਜਿਹੀ ਬੋਲਬਾਣੀ ਨਾਲ ਵਿਚਰੋ ਕਿ ਕਿਤੇ ਰਾਹ-ਖੜ੍ਹੇ ਮਿਲੋ ਤਾਂ ਸ਼ਰਮਿੰਦਾ ਹੋਣਾ ਪਵੇ ਕਿਉਂਕਿ 6 ਮਈ ਤੋਂ ਬਾਦ ਕੱਟਾ-ਕੱਟੀ ਨਿਕਲ ਹੀ ਜਾਣੀ ਹੈ। ਜਿੱਤ ਇੱਕ ਦੀ ਹੀ ਹੋਣੀ ਹੈ ਤੇ ਪਰਖਿਆ ਜਾਣਾ ਹੈ ਕਿ ਕਿਸ ਦੇ ਤਿਲਾਂ ‘ਚ ਕਿੰਨਾ ਤੇਲ ਸੀ।
****
No comments:
Post a Comment