ਹਾੜੀ ਦਾ ਜੋਰ ਕਰਕੇ ਚਿੰਤੋ ਛੇਤੀ-ਛੇਤੀ ਘਰ ਦਾ ਕੰਮ ਨਿਬੇੜਣ ਲੱਗੀ। ਚੁੱਲ੍ਹੇ ਚੌਂਕੇ ਦਾ ਚੱਕ-ਧਰ ਕਰਕੇ ਉਸ ਨੇ ਚਟਣੀ ਨਾਲ ਦੁਪਿਹਰ ਦੀਆ ਰੋਟੀਆਂ ਵੀ ਬੰਨ੍ਹ ਲਈਆਂ ਸੀ ਅਤੇ ਆਪਣਾ ਸਮਾਨ ਪੋਟਲੀ ਵਿਚ ਬੰਨ੍ਹ ਕੇ ਮੰਜੇ ਦੀ ਪੈਂਦ ਉਪਰ ਰੱਖਦੀ ਹੋਈ ਜੁਆਕਾਂ ਨੂੰ ਛੇਤੀ-ਛੇਤੀ ਖੇਤਾਂ ਵੱਲ ਜਾਣ ਲਈ ਆਵਾਜ਼ਾਂ ਮਾਰਨ ਲੱਗੀ। ਸਾਰੇ ਜਾਣੇ ਪੇਟ ਪਾਲਣ ਲਈ ਹਾੜੀ ਵਿਚੋਂ ਓੜ੍ਹ-ਪੋਹੜ ਕਰਕੇ ਚਾਰ ਦਾਣੇ 'ਕੱਠੇ ਕਰ ਲੈਂਦੇ।
ਚਿੰਤੋ ਨੇ ਬੂਹੇ ਨੂੰ ਜਿੰਦਰਾ ਮਾਰ ਕੇ ਜਦੋ ਦੋ ਕੁ ਪੁਲਾਂਘਾ ਪੁੱਟੀਆ ਤਾਂ ਉਸ ਨੇ ਪਿੱਛੇ ਮੁੜ ਕੇ ਵੇਖਿਆ:
"ਵੇ ਬੀਰਾ ਕਿਥੇ ਐ?" ਛੋਟੇ ਜੁਆਕਾਂ ਨੂੰ ਪੁੱਛਿਆ।
"ਮਾਂ ਉਹ ਤਾਂ ਅਜੇ ਅੰਦਰ ਹੀ ਖੜਾ ਸੀ!" ਨਿੱਕੇ ਨਿਆਣੇ ਬੋਲੇ।
"ਮੇਰਾ ਵੀ ਚੰਦਰਾ ਚੇਤਾ ਹੀ ਮਾੜਾ ਹੁੰਦਾ ਜਾਂਦਾ ਏ ਦਿਨੋ ਦਿਨ ! ਦਿਨ ਦਿਹਾੜੇ ਹੀ ਮੁੰਡੇ ਨੂੰ ਜਿੰਦਰਾ ਮਾਰ ਦਿੱਤਾ।" ਉਹ ਬੂਹਾ ਖੋਲ੍ਹਦੀ ਬੁੜਬੜਾਉਦੀ ਰਹੀ। ਬੂਹਾ ਖੁੱਲ੍ਹਦੇ ਸਾਰ ਹੀ ਉਸ ਨੇ ਫਿ਼ਰ ਹਾਕ ਮਾਰੀ, "ਵੇ ਬੀਰਿਆ ਕਿੱਥੇ ਐ? ਮੇਰਾ ਤਾਂ ਚੰਦਰਾ ਡਮਾਗ ਹੀ ਚੱਕਿਆ ਪਿਐ! ਤੂੰ ਵੀ ਨਹੀ ਬੋਲਿਆ!" ਉਹ ਬੋਲਦੀ ਬੋਲਦੀ ਬੀਰੇ ਦੇ ਮੰਜੇ ਕੋਲ ਚਲੀ ਗਈ।
ਬੀਰੇ ਨੇ ਜਿਵੇਂ ਕੁਝ ਸੁਣਿਆ ਹੀ ਨਾ ਹੋਵੇ।
ਉਹ ਚੁਪ ਚਾਪ ਮੰਜੇ ਤੇ ਹੀ ਪਿਆ ਰਿਹਾ।
"ਵੇ ਤੂੰ ਐਂਹ੍ਹ ਪਿਆ ! ਜਾਣਾ ਨਹੀ ਚਾਰ ਦਾਣੇ ਕੱਠੇ ਕਰਨ...? ਕੁਛ ਦੁੱਖਦਾ ਤਾਂ ਨੀ?" ਚਿੰਤੋ ਕਾਹਲੀ ਕਰਦੀ-ਕਰਦੀ ਫਿ਼ਕਰ ਨਾਲ ਵੀ ਬੋਲੀ।
"ਨਹੀ ਮਾਂ ਕੁਝ ਨਹੀ ਦੁਖਦਾ, ਪਰ ਮੈ ਤਾਂ ਨਹੀ ਜਾਣਾ!" ਉਸ ਨੇ ਸਾਫ਼ ਹੀ ਕਹਿ ਦਿੱਤਾ।
"ਕਿਓ ਨਹੀ ਜਾਣਾ? ਢਿੱਡ ਨਹੀ ਝੁਲਸਣਾ ਸਾਰਾ ਸਾਲ?" ਚਿੰਤੋ ਨੂੰ ਉਸ ਦੇ ਜਵਾਬ 'ਤੇ ਗੁੱਸਾ ਆਇਆ।
"ਨਹੀ ਮਾਂ ਤੂੰ ਸਮਝੀ ਨਹੀ, ਅੱਜ ਮਜਦੂਰ ਦਿਵਸ ਹੈ!" ਬੀਰੇ ਨੇ ਮਾਂ ਨੂੰ ਸਮਝਾਉਣ ਦੀ ਕੋਸਿ਼ਸ ਕੀਤੀ।
"ਮਜਦੂਰ ਦਿਵਸ? ਇਹ ਕੀ ਹੁੰਦੈ ਪੁੱਤ?" ਚਿੰਤੋ ਘਰੇ ਬੈਠਣ ਦਾ ਕਾਰਨ ਜਾਨਣਾ ਚਹੁੰਦੀ ਸੀ।
"ਮਾਂ ਮਜਦੂਰ ਦਿਵਸ ਦਾ ਮਤਲਬ ਹੈ ਕਿ ਅੱਜ ਦੇ ਦਿਨ ਸਾਰੇ ਮਜਦੂਰਾਂ ਨੂੰ ਛੁੱਟੀ ਹੁੰਦੀ ਹੈ, ਕੋਈ ਮਜਦੂਰ ਕੰਮ ਨਹੀ ਕਰਦਾ, ਸਾਰੇ ਵਿਹਲੇ ਹੀ ਮੌਜ ਮਨਾਉਂਦੇ ਹਾਂ, ਇਹ ਦਿਨ ਤਾਂ ਸਾਰੀ ਦੁਨੀਆ ਤੇ ਮਨਾਉਂਦੇ ਐ ਮਾਂ!" ਬੀਰੇ ਨੇ ਮਾ ਨੂੰ ਵਿਸਥਾਰ ਨਾਲ ਸਮਝਾਇਆ।
ਮਾਂ ਨੇ ਗੁੱਸੇ ਵਿਚ ਪੋਟਲੀ ਵਗਾਹ ਕੇ ਵਿਹੜੇ ਵਿਚ ਮਾਰੀ!
"ਅੱਛਾ ਇਹ ਮਜਦੂਰ ਦਿਵਸ ਹੈ!" ਉਹ ਗੁੱਸੇ ਨਾਲ ਲਾਲ ਪੀਲੀ ਹੁੰਦੀ ਹੋਈ ਬੋਲੀ, "ਗੱਲ ਸੁਣ ਵੇ..! ਸਾਰੇ ਸਾਲ 'ਚ ਕੰਮ ਕਰਦੇ ਕਿੰਨੇ ਦਿਨ ਆਂ? ਹੁਣ ਕੋਈ ਮਾਰਦਾ ਏ ਆਵਾਜ ਆਪਾ ਨੂੰ ਕੰਮ 'ਤੇ? ਸਾਰੇ ਸਾਲ 'ਚ ਇਕ ਵਾਰੀ ਹਾੜ੍ਹੀ ਆਉਂਦੀ ਹੈ, ਜਿਥੋਂ ਅਸੀ ਚਾਰ ਦਾਣੇ 'ਕੱਠੇ ਕਰਦੇ ਆਂ, ਉਹ ਤਾਂ ਭਲਾ ਹੋਵੇ ਮਸ਼ੀਨਾਂ ਵਾਲਿਆਂ ਦਾ, ਜਿਹੜੇ ਅੱਧਾ ਖਿਲਾਰ ਦੇਂਦੇ ਐ ,ਚੋਗੇ ਵਾਂਗੂੰ ਚੁਗ-ਚੁਗ ਕੇ ਅਸੀ ਆਪਣੇ ਢਿੱਡ ਵਿਚ ਪਾਉਦੇ ਹਾਂ!" ਉਹ ਬੋਲਦੀ ਹਫ਼ ਗਈ ਸੀ।
"ਮਜਦੂਰ ਦਿਵਸ ਤਾ ਪੁੱਤ ਭਈਆਂ ਦਾ ਏ, ਉਹ ਮਨਾਉਣ ਤੇ ਅਸੀ ਅੱਜ ਦੇ ਦਿਨ ਦਾ ਲਾਹਾ ਲਈਏ!"
"ਵੇ ਮੇਰਿਆ ਕਮਲਿਆ ਪੁੱਤਾਂ! ਅਸੀ ਤਾਂ ਇਕ-ਇਕ ਦਿਹਾੜੀ ਲਾਉਣ ਨੂੰ ਤਰਸਦੇ ਹਾਂ। ਸਾਡੇ ਲਈ ਭਈਆ ਨੇ ਕੰਮ ਰਹਿਣ ਹੀ ਕਿੱਥੇ ਦਿੱਤਾ ਏ? ਹਰ ਖੇਤ ਵਿਚ ਨਜ਼ਰ ਆਉਦੇ ਐ ਭਈਏ। ਤੇ ਜੱਟਾਂ ਨੂੰ ਵੀ ਚੰਗੇ ਉਹੀ ਲੱਗਦੇ ਐ, ਜਦੋ ਮੂੰਹ 'ਚ ਬੀੜੀ ਪਾ ਕੇ ਕੰਮ ਕਰਦੇ ਐ ,ਨਾਲੇ ਤਾਂ ਪਰਨੇ ਨਾਲ ਨੱਕ ਬੰਦ ਕਰਨਗੇ ਨਾਲੇ ਕਹਿਣਗੇ: ਓ ਬੱਈਆ ਉਧਰ ਹੋ ਕੇ ਬੀੜੀ ਪੀ! ਹੁਣ ਤਾਂ ਜੱਟਾਂ ਦੇ ਖੇਤ ਵਿਚ ਏਨੀ ਖਾਦ ਨਹੀ ਪੈਦੀ, ਜਿੰਨੀਆ ਭਈਏ ਬੀੜੀਆਂ ਕੇਰਦੇ ਐ! ਝਾੜ ਵੀ ਪੁੱਤ ਫੇਰ ਉਹੋ ਜਿਹਾ ਹੀ ਨਿਕਲਣੈ। ਮਜਦੂਰ ਦਿਵਸ ਆਪਣਾ ਨਹੀ ਪੁੱਤ, ਆਪਾ ਤਾਂ ਮਜਦੂਰੀ ਕਰਕੇ ਖਾਣੀ ਹੈ। ਮਨਾਉਣ ਭਈਏ, ਜਿਹੜੇ ਸਾਰਾ ਦਿਨ ਖੇਤਾਂ 'ਚ ਮਨ ਮਰਜੀਆ ਕਰਦੇ ਐ ਤੇ ਇਹਨਾ ਦੀਆ ਭੱਈਆ ਰਾਣੀਆ ਨੇ ਕੋਈ ਘਰ ਨਹੀ ਛੱਡਿਆ ! ਸਾਰੇ ਘਰਾਂ ਤੇ ਕਬਜਾ ਕਰੀ ਬੈਠੀਐਂ ਭਈਆ ਰਾਣੀਆ, ਤੇ ਖੇਤਾਂ ਵਿਚ ਭੱਈਏ! ਪੁੱਤ ਆਪਣਾ ਮਜਦੂਰਾਂ ਦਾ ਤਾ ਹੁਣ ਰੱਬ ਹੀ ਰਾਖਾ ਏ! ਲੋਕਾਂ ਨੇ ਵੀ ਕੋਠੀਆ ਛੱਤ ਕੇ ਰੱਬ 'ਨਾ ਲਾਤੀਆ! ਘਰੇ ਖੜੇ ਟਰੈਕਟਰ ਭੱਈਏ ਚਲਾਉਂਦੇ ਐ , ਭਈਆ-ਰਾਣੀਆ ਕੋਠੀਆ ਸਾਂਭਦੀਐ! ਸਾਂਭਣ ਵੀ ਭਾਈ ਕਿਉ ਨਾ? ਜਦੋਂ ਆਪ ਤਾਂ ਚੜਕੇ ਜਹਾਜਾ 'ਤੇ ਉਡਗੇ!"
"ਉਠ ਮੇਰਾ ਪੁੱਤ! ਚੱਲ ਚਾਰ ਦਾਣੇ 'ਕੱਠੇ ਕਰੀਏ, ਆਪਾ ਨੂੰ ਕਿਹੜਾ ਕੋਈ ਆਥਣੇ ਪੱਕੀ-ਪਕਾਈ ਲਿਆਦੂ? ਇਹ ਚੋਜ ਕਰਕੇ ਤਾਂ ਆਪਾ ਆਪਣੇ ਪੇਟ ਤੇ ਹੀ ਲੱਤ ਮਾਰਾਂਗੇ।" ਚਿੰਤੋ ਨੇ ਪੁੱਤ ਨੂੰ ਸਮਝਾਉਦੀ ਨੇ ਆਪਣਾ ਸਾਰਾ ਗੁੱਸਾ ਬਾਹਰ ਕੱਢ ਦਿੱਤਾ।
****
2 comments:
kahani de wichar utam n
ਕ਼ਹਾਣੀ ਵਧੀਆ ਹੈ ..
ਦਿਲ ਤੇ ਡੂੰਘਾ ਅਸਰ ਕਰਨ ਵਾਲੀ ਹੈ ...
--- ਰਾਕੇਸ਼ ਵਰਮਾ
Post a Comment