ਖੋਟ.......... ਲੇਖ / ਮਨਜੀਤ ਸਿੰਘ ਔਜਲਾ


ਦੋ ਭਿੰਨ ਭਿੰਨ ਵਸਤੂਆਂ ਦੇ ਮੇਲ ਨੂੰ ਮਿਲਾਵਟ ਜਾਂ ਖੋਟ ਕਿਹਾ ਜਾਂਦਾ ਹੈ। ਆਲਮਾਂ (ਗਿਆਨੀਆਂ) ਦਾ ਕਹਿਣਾ ਹੈ ਕਿ ਇਹ ਮਿਲਾਵਟ ਦੋ ਪ੍ਰਕਾਰ ਦੀ ਹੁੰਦੀ ਹੈ। (1) ਵਿਜਾਤੀ ਮੇਲ ਅਤੇ (2) ਸਜਾਤੀ ਮੇਲ। ਵਿਜਾਤੀ ਮੇਲ ਨੁੰ ਉਹ ਖੋਟ ਆਖਦੇ ਹਨ ਪ੍ਰੰਤੂ ਸਜਾਤੀ ਮੇਲ ਨੂੰ ਕੋਈ ਨਾਂ ਨਹੀਂ ਦਿੰਦੇ ਕਿਉਂਕਿ ਸਜਾਤੀ ਮੇਲ ਦੁਆਰਾ ਮਿਲਣ ਵਾਲੀ ਵਸਤੂ ਆਪਣੇ ਮੂਲ ਵਿਚ ਅਭੇਦ ਹੋ ਜਾਂਦੀ ਹੈ ਜਿਵੇਂ ਪਾਣੀ ਵਿਚ ਪਾਣੀ ਦਾ ਮੇਲ, ਸੁਗੰਧੀ ਵਿਚ ਸੁਗੰਧੀ ਦਾ ਮੇਲ। ਏਸੇ ਤਰਾਂ ਸੁਰਤ ਅਤੇ ਸ਼ਬਦ ਦੇ ਮੇਲ ਨਾਲ ਆਤਮਾ ਦਾ ਪ੍ਰਮਾਤਮਾ ਨਾਲ ਮੇਲ, ਪਾਣੀ ਦੀ ਬੂੰਦ ਦਾ ਸਾਗਰ ਵਿਚ ਸਮਾਣਾ ਆਦਿ: (ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗਿ ਪਾਨੀ॥ (253)
ਦੂਸਰਾ ਜੋ ਵਿਜਾਤੀ ਮੇਲ ਹੁੰਦਾ ਹੈ ਉਹ ਮਿਲਾਵਟ ਅਖਵਾਂਦਾ ਹੈ ਕਿਉਂਕਿ ਉਹ ਦੋ ਵਖ ਵਖ ਵਸਤੂਆਂ ਦੇ ਮਿਲਾਪ ਦਾ ਨਾਮ ਹੈ ਜਿਨ੍ਹਾਂ ਦੀ ਪਹਿਚਾਨ ਵਖਰੀ ਹੁੰਦੀ ਹੈ ਜਿਵੇਂ ਪਾਣੀ ਅਤੇ ਤੇਲ ਦਾ ਮੇਲ, ਸੋਨੇ ਅਤੇ ਤਾਂਬੇ ਦਾ ਮੇਲ, ਦੁਧ ਅਤੇ ਪਾਣੀ ਦਾ ਮੇਲ, ਸੁਗੰਧ ਅਤੇ ਦੁਰਗੰਧ ਦਾ ਮੇਲ ਆਦਿ। ਇਸ ਤਰ੍ਹਾਂ ਦੇ ਮੇਲ ਦੀ ਤੁਲਨਾ ਜਦੋਂ ਇਨਸਾਨੀ ਸੁਭਾ ਨਾਲ ਕੀਤੀ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਵਿਜਾਤੀ ਮੇਲ ਮੂਰਖ ਲੋਕਾਂ ਦੀ ਕਿਸਮ ਹੈ ਅਤੇ ਸਜਾਤੀ ਮੇਲ ਸਿਆਣੇ ਲੋਕਾਂ ਦੀ। ਫਿਰ ਏਥੇ ਇਹ ਵੀ ਰਾਏ ਹੈ ਕਿ ਮੂਰਖ ਸਾਰੇ ਇਕੋ ਕਿਸਮ ਦੇ ਲੋਕ ਹੁੰਦੇ ਹਨ ਜਦੋਂ ਕਿ ਸਿਆਣੇ ਅਲੱਗ ਅਲੱਗ ਕਿਸਮ ਦੇ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 100 ਮੂਰਖ ਇਕਠਾ ਕਰ ਲਵੋ ਸਾਰੇ ਇਕ ਹੀ ਬੋਲੀ ਬੋਲਣਗੇ ਅਤੇ ਉਹ ਹੈ ਕਿ ਉਨ੍ਹਾਂ ਵਿਚੋਂ ਕੋਈ ਵੀ ਸਿਅਣੀ ਗਲ ਨਹੀਂ ਕਰੇਗਾ, ਜਿਹੜਾ ਵੀ ਬੋਲੇਗਾ ਨਾਂ ਮੰਨਣ ਯੋਗ ਗਲ ਹੀ ਕਰੇਗਾ। ਦੂਸਰੇ ਪਾਸੇ ਦੋ ਸਿਆਣੇ ਬੈਠ ਜਾਣ ਤਾਂ ਦੋਨਾਂ ਦੀ ਸੋਚ ਆਪਣੇ ਢੰਗ ਦੀ ਹੋਵੇਗੀ, ਦੋਨਾਂ ਦੀ ਰਾਏ ਵਖਰੀ ਹੋਵੇਗੀ, ਦੋਵਾਂ ਦੇ ਸੁਭਾ ਵਖਰੇ ਹੋਣਗੇ ਪ੍ਰਤੂੰ ਦੋਨੋ ਹੀ ਸੱਚ ਦੇ ਪਾਂਧੀ ਹੋਣਗੇ ਅਤੇ ਦੋਨੋ ਹੀ ਧਰਮ ਅਤੇ ਨਿਆਂ ਦੀ ਗਲ ਨਾਲ ਸਹਿਮਤ ਹੋਣਗੇ। ਇਸ ਦਾ ਸਪਸ਼ਟੀਕਰਣ ਅਵਤਾਰੀ ਪੁਰਸ਼ਾਂ ਦੀ ਉਦਾਹਰਣ ਦੁਆਰਾ ਵੀ ਕੀਤਾ ਜਾ ਸਕਦਾ ਹੈ ਜਿਵੇਂ ਸ੍ਰੀ ਰਾਮ ਚੰਦਰ ਜੀ ਅਤੇ ਭਗਵਾਨ ਕ੍ਰਿਸ਼ਨ ਜੀ ਵੱਖ ਵੱਖ ਸਮੇਂ ਦੇ ਅਵਤਾਰ ਹੋਏ ਹਨ ਪ੍ਰੰਤੂ ਦੇਖਿਆ ਜਾਵੇ ਤਾਂ ਦੋਨਾਂ ਦੇ ਸੁਭਾ ਇਕ ਦੂਸਰੇ ਨਾਲ ਮੇਲ ਨਹੀਂ ਸਨ ਖਾਂਦੇ ਜਦੋਂ ਕਿ ਦੋਨੋ ਹੀ ਅਵਤਾਰੀ ਪੁਰਸ਼ ਅਤੇ ਧਰਮ, ਕਰਮ ਦੇ ਧਾਰਣੀ ਸਨ। ਰਾਮ ਚੰਦਰ ਜੀ ਆਗਿਆਕਾਰੀ ਅਤੇ ਸਾਮਰਾਜ ਦੇ ਪਾਂਧੀ ਸਨ ਏਸੇ ਕਾਰਣ ਜਦੋਂ ਧੋਬੀ ਦੀ ਅਗਵਾਈ ਹੇਠ ਉਸਦੀ ਪਰਜਾ ਨੇ ਇਹ ਕਹਿ ਦਿਤਾ ਕਿ ਉਹ ਰਾਮ ਚੰਦਰ ਜੀ ਨੂੰ ਰਾਜਾ ਮੰਨਦੇ ਹਨ ਪ੍ਰੰਤੂ ਮਾਤਾ ਸੀਤਾ ਨੂੰ ਰਾਣੀ ਸਵੀਕਾਰ ਨਹੀਂ ਕਰਨਗੇ ਕਿਉਂਕਿ ਉਹ ਰਾਵਣ ਦੇ ਰਾਜ ਵਿਚ ਇਕਲੀ ਰਹਿ ਕੇ ਆਈ ਹੈ ਤਾਂ ਰਾਮ ਚੰਦਰ ਜੀ ਨੇ ਸਭ ਕੁਝ ਜਾਣਦਿਆਂ ਅਤੇ ਗਰਭਵਤੀ ਅਵਸਥਾ ਵਿਚ ਓਸ ਸੀਤਾ ਨੂੰ ਆਪਣੇ ਤੋਂ ਦੂਰ ਕਰ ਦਿਤਾ ਜਿਸਨੂੰ ਅਜ ਵੀ ਲੋਕ ਮਾਤਾ ਸੀਤਾ ਕਹਿ ਕੇ ਯਾਦ ਕਰਦੇ ਹਨ ਅਤੇ ਸਤੀ ਸਵਿਤਰੀ ਦਾ ਰੁਤਬਾ ਦੇ ਕੇ ਸਤਿਕਾਰਦੇ ਹਨ। ਅਜਿਹਾ ਕਰਕੇ ਉਸਨੇ ਪ੍ਰਜਾ ਨੂੰ ਇਹ ਸਾਬਤ ਕਰ ਦਿਤਾ ਸੀ ਕਿ ਉਸਦਾ ਰਾਜ ਇਕ ਲੋਕ-ਰਾਜ ਹੈ ਅਤੇ ਉਹ ਉਸ ਲੋਕ ਰਾਜ ਦੇ ਪ੍ਰਜਾਪਤੀ ਹਨ। ਦੂਸਰੇ ਪਾਸੇ ਭਗਵਾਨ ਕ੍ਰਿਸ਼ਨ ਜੀ ਸਨ ਜਿਨ੍ਹਾਂ ਨੇ ਬਚਪਨ ਵਿਚ ਕਈ ਤਰਾਂ ਦੀ ਰਾਸ ਲੀਲਾ ਕੀਤੀ, ਜਵਾਨੀ ਵਿਚ ਵੀ ਅਤੇ ਮਹਾਂਭਾਰਤ ਦੇ ਯੁਧ ਸਮੇਂ ਜਦੋਂ ਉਹ ਪਾਂਡਵਾਂ ਦੇ ਰਥਵਾਨ ਬਣੇ ਜਿਥੇ ਉਨ੍ਹਾਂ ਨੇ ਭਾਗਵਤ ਗੀਤਾ ਦਾ ਉਚਾਰਣ ਵੀ ਕੀਤਾ, ਓਸੇ ਹੀ ਰਣਭੂਮੀਂ ਵਿਚ ਕੌਰਵਾਂ ਨੂੰ ਹਰਾਉਣ ਵਾਸਤੇ ਯੁਧਿਸ਼ਟਰ ਨੂੰ ਝੂਠ ਬੋਲਣ ਵਾਸਤੇ ਮਜਬੂਰ ਕੀਤਾ ਅਤੇ ਪਾਪ ਆਪਣੇ ਸਿਰ ਲੈਂਦਿਆਂ ਉਸ ਪਾਸੋਂ ਝੂਠ ਬੁਲਵਾਇਆ। ਕੇਵਲ ਇਹ ਹੀ ਨਹਂਿ ਇਸ ਯੁਧ ਵਿਚ ਭਗਵਾਨ ਕ੍ਰਿਸ਼ਨ ਜੀ ਨੇ ਸ਼ਸਤਰ ਨਾਂ ਚੁਕਣ ਦਾ ਵੀ ਪ੍ਰਣ ਕੀਤਾ ਸੀ ਪ੍ਰੰਤੂ ਜਦੋਂ ਪਾਂਡਵਾਂ ਦੀ ਹਾਰ ਹੁੰਦੀ ਨਜਰ ਆਈ ਤਾਂ ਉਨ੍ਹਾਂ ਇਹ ਪ੍ਰਣ ਵੀ ਤੋੜ ਦਿਤਾ। ਬੇਸ਼ਕ ਇਸ ਸਾਰੇ ਕੁਝ ਪਿਛੇ ਇਕ ਹੀ ਇਛਾ ਸੀ, ਪਾਂਡਵਾਂ ਨੂੰ ਇਨਸਾਫ (ਰਾਜ) ਦਿਵਾਉਣਾ ਅਤੇ ਉਹ ਵੀ ਨਿਰਸਵਾਰਥ, ਫਿਰ ਵੀ ਇਕ ਅਵਤਾਰ ਦਾ ਸੁਭਾ ਦੂਸਰੇ ਦੇ ਉਲਟ ਸੀ। ਕਹਿੰਦੇ ਹਨ ਕਿ ਮਹਾਤਮਾਂ ਗਾਂਧੀ ਵੀ ਇਕ ਆਤਮਾਂ ਵਿਚ ਦੋ ਵਖਰੇ ਸੁਭਾ ਰਖਦੇ ਸਨ। ਜਦੋਂ ਉਨ੍ਹਾਂ ਨੇ ਆਜਾਦੀ ਦੀ ਲੜਾਈ ਆਰੰਭ ਕੀਤੀ ਸੀ ਤਾਂ ਓਸੇ ਦਿਨ ਤੋਂ ਹੀ ਉਹ ਰਾਮਰਾਜ ਭਾਵ ਸਾਮਰਾਜ ਦੇ ਹਾਮੀ ਸਨ ਪ੍ਰੰਤੂ ਆਪਣੇ ਦੋ ਵੇਲੇ ਦੇ ਨਿਤਨੇਮ ਵਿਚ ਹਮੇਸ਼ਾਂ ਹੀ ਪਾਠ ਭਾਗਵਤ ਗੀਤਾ ਦਾ ਕਰਦੇ ਸਨ ਰਾਮਾਇਣ ਦਾ ਨਹੀਂ। ਇਸ ਤਰਾਂ ਆਪਣੇ ਨਿਜੀ ਜੀਵਨ ਵਿਚ ਉਹ ਭਗਵਾਨ ਕ੍ਰਿਸ਼ਨ ਦੇ ਪੁਜਾਰੀ ਸਨ।
ਹੁਣ ਦੂਸਰੇ ਮੇਲ ਦੀ ਗਲ ਕਰਦੇ ਹਾਂ ਜਿਸਨੂੰ ਗਿਆਨੀ ਪੁਰਸ਼ ਵਿਜਾਤੀ ਮੇਲ ਦਸਦੇ ਹਨ। ਇਸ ਵਿਜਾਤੀ ਮੇਲ ਦੀਆਂ ਵੀ ਅਨੇਕ ਉਦਾਹਰਣਾ ਹਨ ਜੋ ਮਨੁਖੀ ਸੁਭਾ ਨਾਲ ਮੇਲ ਖਾਂਦੀਆਂ ਹਨ। ਦੇਖਿਆ ਜਾਵੇ ਤਾਂ ਮਨੁਖ ਦੋ ਤੱਤਾਂ (ਭੌਤਿਕ ਅਤੇ ਅਭੌਤਿਕ) ਭਾਵ ਮਨ ਅਤੇ ਤਨ ਦੇ ਮਿਲਾਪ ਦਾ ਬਣਿਆ ਹੈ ਅਤੇ ਮਨ ਉਤੇ ਅਗੇ ਛੇ ਤੱਤਾਂ ਦਾ ਕਬਜਾ ਹੈ, ਜਿਨ੍ਹਾਂ ਵਿਚੋਂ ਸੁਰਤ ਦੈਵੀ ਸ਼ਕਤੀ ਹੈ ਜਿਸਨੂੰ ਦੁਨਿਆਵੀ ਸ਼ਕਤੀਆਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ) ਨੇ ਆਪਣੇ ਏਕੇ ਨਾਲ ਦਬਾ ਰਖਿਆ ਹੈ ਕਿਉਂਕਿ ਇਨ੍ਹਾਂ ਨੇ ਮਨ ਨੂੰ ਵੀ ਆਪਣਾ ਗੁਲਾਮ ਬਣਾਇਆ ਹੋਇਆ ਹੈ। ਪੰਜਾਂ ਤੱਤਾਂ ਵਿਚੋਂ ਮੋਹ ਅਤੇ ਕ੍ਰੋਧ ਸੰਸਾਰੀ ਜੀਵਾਂ ਦਾ ਸੁਭਾ ਬਣ ਚੁਕਿਆ ਹੈ ਪ੍ਰੰਤੂ ਹੰਕਾਰ, ਲੋਭ ਅਤੇ ਕਾਮ, ਵਾਸ਼ਨਾਵਾਂ ਹਨ ਜੋ ਕਦੇ ਮਰਦੀਆਂ ਨਹੀਂ। ਇਸ ਲਈ ਇਹ ਕਦੀ ਖਤਮ ਵੀ ਨਹੀਂ ਹੁੰਦੀਆਂ। ਆਲਮ ਲੋਕ ਕਹਿੰਦੇ ਹਨ ਕਿ ਜੇਕਰ ਵਾਸ਼ਨਾਵਾਂ ਮਰ ਜਾਣ ਤਾਂ ਇਨਸਾਨ ਜਾਂ ਤਾਂ ਮਰ ਜਾਂਦਾ ਹੈ ਜਾਂ ਫਿਰ ਆਪਣੇ ਕਰਤੇ (ਪ੍ਰਮਾਤਮਾਂ) ਵਿਚ ਅਭੇਦ ਹੋ ਜਾਂਦਾ ਹੈ। ਹੰਕਾਰ ਵਾਸ਼ਨਾ ਉਸ ਵਸਤੂ ਦੀ ਹੁੰਦੀ ਹੈ ਜੋ ਮਨੁਖ ਦੇ ਕੋਲ ਨਹੀਂ ਹੁੰਦੀ, ਮਿਸਾਲ ਦੇ ਤੌਰ ਤੇ ਜਿਸ ਰੁਤਬੇ ਤੇ ਮਨੁਖ ਹੁੰਦਾ ਹੈ ਉਸਦੀ ਮਹਾਨਤਾ ਨੂੰ ਭੁਲ ਜਾਂਦਾ ਹੈ ਅਤੇ ਉਸਤੋਂ ਉਪਰ ਵਲ ਜਾਣ ਦੀ ਹਮੇਸ਼ਾਂ ਤਾਂਗ ਰਖਦਾ ਹੈ। ਹੰਕਾਰ ਮਿਲੀ ਹੋਈ ਪਦਵੀ (ਵਸਤੂ) ਤੋਂ ਉਚੀ ਪਦਵੀ ਦੀ ਤਾਂਗ ਹੈ। ਲੋਭ ਵਾਸ਼ਨਾ ਹੋਰ ਹੋਰ ਮਾਇਆ ਅਤੇ ਤਾਕਤ ਇਕਠੀ ਕਰਕੇ ਬਲਵਾਨ ਬਣਨ ਦੀ ਤਾਂਗ ਹੈ। ਜਿਵੇਂ ਜਿਵੇਂ ਉਪਰ ਦਿਤੀਆਂ ਦੋ ਵਾਸ਼ਨਾਵਾਂ ਦੀ ਪੂਰਤੀ ਹੁੰਦੀ ਜਾਂਦੀ ਹੈ ਤਾਂ ਤੀਸਰੀ ਵਾਸ਼ਨਾਂ ਭਾਵ ਕਾਮ ਵਾਸ਼ਨਾ ਦੀ ਉਤਪਤੀ ਹੋਂਦ ਵਿਚ ਆਉਂਦੀ ਜਾਂਦੀ ਹੈ। ਗਰੀਬ ਇਕ ਵਿਆਹ ਨੂੰ ਤਰਸਦਾ ਮਰ ਜਾਂਦਾ ਹੈ ਜਦੋਂ ਕਿ ਅਮੀਰ ਸੈਂਕਿੜਆਂ ਨਾਲ ਵੀ ਤ੍ਰਿਪਤ ਨਹੀਂ ਹੁੰਦੇ। ਕਿਹਾ ਜਾਂਦਾ ਹੈ ਕਿ ਇਕ ਸਮੇਂ ਮਰਾਕੋ ਦੇ ਇਕ ਰਾਜੇ ਦੀਆਂ 1000 ਬੇਗਮਾਂ ਸਨ। ਏਸੇ ਤਰਾਂ ਹੈਦਰਾਬਾਦ ਦੇ ਇਕ ਨਿਜ਼ਾਮ ਦੀਆਂ 600 ਬੇਗਮਾਂ ਅਤੇ ਪੰਜਾਬ ਦੇ ਇਕ ਰਾਜੇ ਦੀਆਂ 400 ਰਾਣੀਆਂ ਸਨ। ਜਿਸ ਵਸਤੂ ਦਾ ਬਾਰ ਬਾਰ ਅਭਿਆਸ ਕੀਤਾ ਜਾਵੇ ਉਹ ਫਿਰ ਮਨੁਖ ਦਾ ਸੁਭਾ ਬਣ ਜਾਂਦੀ ਹੈ ਇਸ ਲਈ ਵਾਸ਼ਨਾਵਾਂ ਵੀ ਮਨ ਦਾ ਸੁਭਾ ਬਣ ਚੁਕੀਆਂ ਹਨ ਜਿਸ ਕਰਕੇ ਮਨ ਨੇ ਤਨ (ਸਰੀਰ) ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿਚ ਕਰ ਰਖਿਆ ਹੈ ਇਥੋਂ ਤਕ ਕਿ ਇਸਦਾ ਹੁਕਮ ਮੰਨ ਮੰਨ ਕੇ ਤਨ (ਸਰੀਰ) ਬੀਮਾਰ ਰਹਿਣ ਲਗ ਪਿਆ ਹੈ ਅਤੇ ਹਮੇਸ਼ਾਂ ਮਨ ਤੋਂ ਦੂਰ ਜਾਣ (ਮਰਨ) ਦੀ ਸੋਚਦਾ ਰਹਿੰਦਾ ਹੈ। ਬੀਮਾਰੀ ਦਾ ਕਾਰਣ ਵੀ ਮਨ ਦੀ ਵਾਸ਼ਨਾ ਹੀ ਹੈ। ਜੇਕਰ ਤਨ ਦੀ ਭੁਖ ਦੋ ਰੋਟੀਆਂ ਦੀ ਹੈ ਪ੍ਰੰਤੂ ਮਨ ਨੂੰ ਭੋਜਨ ਸਵਾਦ ਲਗਿਆ ਹੈ ਤਾਂ ਉਹ ਵਾਸਨਾਵਾਂ ਦਾ ਹੁਕਮ ਮਨਦਾ ਹੋਇਆ ਤਨ ਨੂੰ ਹੋਰ ਹੋਰ ਖਾਣ ਤੇ ਮਜਬੂਰ ਕਰਦਾ ਹੈ ਜਿਸ ਨਾਲ ਤਨ ਦੇ ਦੂਸਰੇ ਭਾਗਾਂ ਨੂੰ ਵਧ ਕੰਮ ਕਰਨਾਂ ਪੈਂਦਾ ਹੈ ਅਤੇ ਅੰਤ ਥਕ ਕੇ ਫੇਲ (ਖਤਮ) ਹੋ ਜਾਂਦੇ ਹਨ। 
ਅਸੀਂ ਅਕਸਰ ਸੁਣਦੇ ਹਾਂ ਕਿ ਕੁਝ ਆਤਮਾਵਾਂ ਭੂਤਾਂ ਪ੍ਰੇਤਾਂ ਅਤੇ ਨੇਕ ਇਨਸਾਨਾਂ ਦੇ ਰੂਪ ਵਿਚ ਭਟਕਦੀਆਂ ਰਹਿੰਦੀਆਂ ਹਨ ਅਤੇ ਕਈ ਮਨੁਖਾਂ ਨੂੰ ਸੁਪਨੇ ਵਿਚ ਮਿਲਦੀਆਂ ਹਨ। ਇਨ੍ਹਾਂ ਬਾਰੇ ਵੀ ਸਿਆਣਿਆਂ ਦਾ ਕਥਨ ਹੈ ਕਿ ਇਹ ਸਚ ਹੈ ਅਤੇ ਉਹ ਇਸ ਤਰਾਂ ਹੈ ਕਿ ਜਦੋਂ ਇਨਸਾਨ ਬੁਰੇ ਕੰਮ ਕਰਦਾ ਕਰਦਾ ਸਰੀਰ ਦਾ ਤਿਆਗ ਕਰ ਜਾਂਦਾ ਹੈ ਤਾਂ ਦੋਬਾਰਾ ਜਨਮ ਲੈਣ ਵਾਸਤੇ ਉਸਨੂੰ ਆਪਣੇ ਸੁਭਾ ਵਾਲੀ ਮਾਂ ਅਤੇ ਗਰਭ ਚਾਹੀਦਾ ਹੁੰਦਾ ਹੈ। ਜਦੋਂ ਤਕ ਉਸਨੂੰ ਅਜਿਹਾ ਗਰਭ ਨਹੀਂ ਮਿਲਦਾ ਉਸਦੀ ਆਤਮਾਂ ਭਟਕਦੀ ਰਹਿੰਦੀ ਹੈ। ਪੁਰਾਣੇ ਸਮੇਂ ਵਿਚ ਬੁਰੇ ਖਿਆਲਾਂ ਵਾਲੀਆਂ ਮਾਵਾਂ ਘਟ ਸਨ ਅਤੇ ਉਚੇ ਖਿਆਲਾਂ ਵਾਲੀਆਂ ਵਧ, ਇਸ ਲਈ ਭੂਤ ਪ੍ਰੇਤ ਆਤਮਾਵਾਂ ਵਧ ਭਟਕਦੀਆਂ ਸਨ ਅਤੇ ਨੇਕ ਆਤਮਾਵਾਂ ਘਟ ਪ੍ਰੰਤੂ ਅਜ ਕਲ ਇਸਦੇ ਉਲਟ ਹੋ ਰਿਾਹਾ ਹੈ ਇਸ ਲਈ ਅਜ ਕਲ ਨੇਕ ਆਤਮਾਵਾਂ ਵਧ ਭਟਕ ਰਹੀਆਂ ਹਨ ਕਿਉਂਕਿ ਖੋਟ ਦੇ ਕਾਰਣ ਉਨ੍ਹਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਦੀ ਘਾਟ ਹੁੰਦੀ ਜਾ ਰਹੀ ਹੈ ਜਿਸ ਕਾਰਣ ਨੇਕ ਆਤਮਾਵਾਂ ਇਧਰ ਓਧਰ ਅਤੇ ਕੀਰਤਨ ਦੇ ਪਿਛੋਕੜ ਵਿਚ ਰਹਿ ਕੇ ਆਪਣੀ ਭਟਕਣਾ ਦਾ ਸਮਾਂ ਬਤੀਤ ਕਰਦੀਆਂ ਹਨ।
ਕੇਵਲ ਤੇ ਕੇਵਲ ਖੋਟ ਦੇ ਕਾਰਣ ਹੀ ਉਪ੍ਰੋਕਤ ਸਾਰੀਆਂ ਗਲਾਂ ਅਤੇ ਤਥ ਹੋਂਦ ਵਿਚ ਆਉਂਦੇ ਹਨ ਅਤੇ ਏਸੇ ਹੀ ਸਬੰਧ ਵਿਚ ਪਾਠਕਾਂ ਸਾਹਮਣੇ ਪੇਸ਼ ਕੀਤੇ ਹਨ। ਇਕ ਜਰੂਰੀ ਅੰਸ਼ ਜੋ ਬਾਕੀ ਹੈ ਉਹ ਹੈ ਸਾਡੀ ਸਿਖੀ ਅਤੇ ਧਰਮ ਵਿਚ ਮਿਲੀ ਖੋਟ ਦਾ। ਇਸ ਵਿਚ ਵੀ ਅਜ ਕਲ ਇਤਨੀਂ ਖੋਟ ਮਿਲੀ ਹੋਈ ਹੈ ਅਤੇ ਹੋਰ ਮਿਲਦੀ ਜਾ ਰਹੀ ਹੈ ਕਿ ਧਰਮ ਵਰਗੀ ਸ੍ਰਵਸ੍ਰੇਸ਼ਟ ਅਤੇ ਅਮਰ ਹਸਤੀ ਨੂੰ ਘੁਣ ਵਾਂਗ ਖਾਈ ਜਾਰਹੀ ਹੈ। ਅਧਰਮੀਂ ਪੁਰਸ਼ ਇਸ ਵਿਚ ਵਾਧਾ ਕਰਦੇ ਜਾ ਰਹੇ ਹਨ ਜੋ ਆਪਣੀ ਈਗੋ-ਪੂਰਤੀ ਅਤੇ ਲਾਲਚ ਨੂੰ ਪੂਰਾ ਕਰਨ ਵਾਸਤੇ ਧਾਰਮਿਕ ਤੱਥਾਂ ਨੂੰ ਤੋੜ ਮਰੋੜ ਕੇ ਵਕਤੀ ਤੌਰ ਉਤੇ ਆਪਣੇ ਪਖ ਵਿਚ ਕਰਕੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਇਸ ਵਿਚ ਖੋਟ ਮਿਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਜਿਵੇਂ ਸੋਨਾਂ ਜਦੋਂ ਕੁਠਾਲੀ ਵਿਚ ਪਾਕੇ ਢਾਲਿਆ ਜਾਂਦਾ ਹੈ ਤਾਂ ਸਾਰੀਆਂ ਧਾਤਾਂ ਤੋਂ ਵਖਰਾ ਹੋ ਜਾਂਦਾ ਹ। ਏਸੇ ਤਰਾਂ ਧਰਮ ਵੀ, ਜਿਉਂ ਹੀ ਅਧਰਮੀਂ ਪੁਰਸ਼ ਤੋਂ ਥੋੜਾ ਪਰੇ ਹੁੰਦਾ ਹੈ, ਧਰਮੀਆਂ ਦੀ ਬਾਂਹ ਫੜ ਲੈਂਦਾ ਹੈ ਪ੍ਰੰਤੂ ਮੁਸ਼ਕਲ ਤਾਂ ਇਹ ਹੈ ਕਿ ਅਧਰਮੀਂਆਂ ਦੀ ਗਿਣਤੀ ਵਧ ਹੋਣ ਕਾਰਣ ਅਤੇ ਧਰਮੀਂ ਲੋਕਾਂ ਦੇ ਚੁਪ ਰਹਿਣ ਕਾਰਣ ਇਹ ਖੋਟ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਅਜ ਦੇ ਸਿੱਖਾਂ ਵਿਚ ਇਹ ਖੋਟ ਦੋ ਪ੍ਰਕਾਰ ਬਣ ਚੁਕੀ ਹੈ। ਪਹਿਲੀ ਪ੍ਰਕਾਰ ਦੀ ਖੋਟ ਤਾਂ ਡੇਰਾਵਾਦ ਦੀ ਹੈ ਜੋ ਇਤਨੀ ਫੈਲ ਚੁਕੀ ਹੈ ਕਿ ਅਜ ਕਲ ਤਾਂ ਇਸਤੋਂ ਬਚਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਜਿਹਾ ਹੁੰਦਾ ਜਾ ਰਿਹਾ ਹੈ ਕਿਉਂਕਿ ਇਸ ਦੇ ਇਤਨੇ ਰੂਪ ਹੋਂਦ ਵਿਚ ਆ ਚੁਕੇ ਹਨ ਜਿਨ੍ਹਾਂ ਨੂੰ ਸਮਝਣਾ ਆਮ ਇਨਸਾਨ ਦੀ ਸੋਚ ਤੋਂ ਬਹੁਤ ਦੂਰ ਹੋ ਗਿਆ ਹੈ। ਫਿਰ ਵੀ ਇਸਤੋਂ ਤਾਂ ਥੋੜੀ ਹਿੰਮਤ ਕਰਕੇ ਬਚਿਆ ਜਾ ਸਕਦਾ ਹੈ ਪ੍ਰੰਤੂ ਇਹ ਹਿੰਮਤ ਵੀ ਆਮ ਸਿਖ ਦੇ ਵਸ ਵਾਲੀ ਗਲ ਨਹੀਂ ਰਹੀ। ਦੂਸਰੀ ਪ੍ਰਕਾਰ ਦੀ ਖੋਟ ਜੋ ਅਤਿ ਦੀ ਖਤਰਨਾਕ ਬਣਦੀ ਜਾ ਰਹੀ ਹੈ ਉਹ ਹੈ ਸਾਡੇ ਆਪਣਿਆਂ ਦੀ ਜਾਂ ਸਿੱਖੀ ਸਰੂਪ ਵਿਚ ਵਿਚਰਦਿਆਂ ਸਿੱਖੀ ਨੂੰ ਘੁਣ ਲਾਣ ਵਾਲਿਆਂ ਦੀ। ਅਜੇ ਕਲ ਦੀ (2ਮਈ) ਹੀ ਗਲ ਹੈ ਕਿ ਇਕ ਗੁਰੂ ਘਰ ਵਿਚ ਲੰਬੇ ਦਾਹੜੇ ਅਤੇ ਭਰਵੇਂ ਸਰੀਰ ਵਾਲਾ ਪੁਰਸ਼ ਆਇਆ ਜਿਸਨੇ ਗੁਰੂ ਅਰਜਨ ਦੇਵ ਜੀ ਮਹਾਂਰਾਜ ਦੇ ਆਗਮਨ ਪੁਰਬ ਦਾ ਲਾਭ ਉਠਾਉਂਦਿਆਂ ਕਮੇਟੀ ਪਾਸੋਂ ਕਥਾ ਕਰਨ ਦਾ ਸਮਾਂ ਲਿਆ। ਕਥਾ ਅਕਸਰ ਗੁਰਬਾਣੀ ਸ਼ਬਦ ਦੀ ਹੀ ਹੋਇਆ ਕਰਦੀ ਹੈ ਸੋ ਸਾਰੀ ਸੰਗਤ ਇਕ ਮਨ ਹੋ ਕੇ ਬੈਠ ਗਈ। ਉਸ ਗਿਆਨੀ ਜੀ ਨੇ ਕਥਾ ਕਰਨ ਦੀ ਥਾਂ ਗੁਰੂ ਸਹਿਬ ਦਾ ਬਚਪਨ ਦਸਣਾ ਆਰੰਭ ਕਰ ਦਿਤਾ ਅਤੇ ਉਹ ਵੀ ਇਸ ਤਰਾਂ ਬਿਆਨਿਆਂ ਜਿਵੇਂ ਉਹ ਗੁਰੂ ਸਹਿਬ ਨਾਲ ਖੇਡਦੇ ਰਹੇ ਹੁੰਦੇ ਹਨ। ਫਿਰ ਇਕ ਘੰਟੇ ਦੇ ਸਮੇਂ ਵਿਚ ਉਨ੍ਹਾਂ ਦੋ ਚਾਰ ਸ਼ਬਦ ਤਾਂ ਗੁਰਬਾਣੀ ਵਿਚੋਂ ਪੜੇ ਪ੍ਰੰਤੂ ਵਿਆਖਿਆ ਕਿਸੇ ਇਕ ਸ਼ਬਦ ਦੀ ਵੀ ਨਹੀਂ ਕੀਤੀ। ਬਾਹਰ ਕਿਸੇ ਸਿੱਖ ਨੇ ਜਦੋਂ ਉਨ੍ਹਾਂ ਪਾਸੋਂ ਸੱਤੇ ਬਲਵੰਡ ਬਾਰੇ ਕਹੀ ਗਲ ਦਾ ਸਪਸ਼ਟੀਕਰਣ ਲੈਣ ਲਈ ਬੇਨਤੀ ਕੀਤੀ ਤਾਂ ਉਸ ਦੇ ਸਮਰਥਕਾਂ ਨੇ ਗਲ ਰੌਲੇ ਵਿਚ ਪਾ ਕੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਜੋ ਗੁਰਦਵਾਰੇ ਵਿਚ ਸ਼ੋਭਾ ਨਹੀਂ ਦਿੰਦਾ ਅਤੇ ਗਿਅਨੀ ਜੀ ਇਸਦੀ ਰੋਕ ਵਾਸਤੇ ਕਾਰ ਵਿਚੋਂ ਬਾਹਰ ਤਕ ਨਹੀਂ ਨਿਕਲੇ। ਸੋ ਇਸ ਨੂੰ ਜਿਥੇ ਅਸੀਂ ਉਸ ਗਿਆਨੀ ਵਿਚ ਹੰਕਾਰ ਵਾਸ਼ਨਾਂ ਦੀ ਮਿਲਾਵਟ ਕਹਾਂਗੇ ਓਥੇ ਉਸਦੇ ਸਮਰਥਕਾਂ ਵਿਚ ਅਗਿਆਨਤਾ ਦੀ ਮਿਲਾਵਟ ਵੀ ਜਰੂਰ ਕਹਾਂਗੇ ਜਿਨ੍ਹਾਂ ਨੇ ਧਾਰਮਕ ਸੋਚ ਨੂੰ ਛਿਕੇ ਟੰਗ ਕੇ ਗੁਰਦਵਾਰੇ ਵਿਚ ਹੀ ਉਸਦਾ ਪਖ ਪੂਰਿਆ। ਅਜ ਸਾਡੇ ਵਿਚ ਇਸ ਤਰਾਂ ਦੀ ਬਹੁਤ ਮਿਲਾਵਟ ਆ ਚੁਕੀ ਹੈ ਜਿਵੇਂ ਬਿਨਾਂ ਸੋਚਿਆਂ ਕਿਸੇ ਨੂੰ ਵੀ ਧਾਰਮਕ ਜਾਂ ਅਧਰਮੀਂ ਕਹਿ ਦੇਣਾ, ਦਿਖਾਵੇ ਦੀ ਮਿਲਾਵਟ ਜਿਵੇਂ ਬਗਲ ਵਿਚ ਛੁਰੀ, ਮੂੰਹ ਵਿਚ ਰਾਮ ਰਾਮ, ਰਹਿਤ ਵਿਚ ਪੂਰੇ ਕਰਮ ਵਿਚ ਅਧੂਰੇ, ਕਹਿਣੀ ਅਤੇ ਕਥਨੀਂ ਵਿਚ ਜਿਮੀਂ ਅਸਮਾਨ ਜਿਨਾਂ ਅੰਤਰ, ਕਰਮ ਕਾਂਡਾਂ ਦੇ ਪੁਜਾਰੀ, ਚਾਪਲੂਸੀ ਨਾਲ ਧਾਰਮਕ ਪਦਵੀਆਂ ਪ੍ਰਾਪਤ ਕਰਕੇ ਸਿੱਖਾਂ ਨੂੰ ਗੁਮਰਾਹ ਕਰਨਾ ਅਤੇ ਹੁਕਮਨਾਮੇ ਜਾਰੀ ਕਰਨੇ। ਅਜ ਸਿੱਖੀ ਵਿਚ ਇਤਨੀਂ ਖੋਟ ਮਿਲ ਚੁਕੀ ਹੈ ਜਿਸਨੂੰ ਦੂਰ ਕਰਨ ਦੇ ਸਾਰੇ ਉਪਾ ਫੇਲ ਹੁੰਦੇ ਜਾ ਰਹੇ ਹਨ ਅਤੇ ਸਿੱਖੀ ਡਾਵਾਂਡੋਲ ਹੁੰਦੀ ਜਾ ਰਹੀ ਹੈ। ਅਜ ਲੋੜ ਹੈ ਨਿਰ-ਸਵਾਰਥ, ਕਰਨ, ਸੁਣਨ ਅਤੇ ਮੰਨਣ ਵਾਲੇ ਅਤੇ ਨਿਰੋਲ ਸਿੱਖੀ ਦੇ ਪੁਜਾਰੀ ਅਤੇ ਸਿੱਖੀ ਦੇ ਭਿਖਾਰੀ ਸਿਖਾਂ ਦੀ। ਪ੍ਰਮਾਤਮਾਂ ਮੇਹਰ ਕਰੇ ਅਤੇ ਆਪਣੇ ਕਾਰਜ ਆਪ ਹੀ ਸਵਾਰੇ ਅਤੇ ਆਪਣੇ ਹਰ ਸਿੱਖ ਦੀ ਆਸ ਪੂਰੀ ਕਰੇ।
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ॥
ਜੋ ਤਿਸ ਭਾਵੇ ਨਾਨਕਾ ਸਾਈ ਗਲ ਚੰਗੀ॥ (726)

****

No comments: