ਕੀਤੀਆਂ ਜਿਹਨਾਂ ਕਦੇ ਮੁਹੱਬਤਾਂ
ਚਿਹਰਿਆਂ ਤੋਂ ਪੜ੍ਹਣ ਉਹ ਇਬਾਰਤਾਂ।
ਬੋਲਦੇ ਖੰਡਰ ਪੁਰਾਣੇ ਦੋਸਤੋ
ਖੂਬਸੂਰਤ ਸਨ ਕਦੇ ਇਮਾਰਤਾਂ।
ਸੱਸੀ ਸੋਹਣੀ, ਰੇਤ ਕੱਕੀ ਤੇ ਝਨਾਂ
ਆਪਣੇ ਹੱਥੀਂ ਆਪ ਘੜੀਆਂ ਕਿਸਮਤਾਂ।
ਉਮਰ ਭਰ ਕਰਦੇ ਰਹੇ ਲੱਖ ਕੋਸ਼ਿਸ਼ਾਂ
ਪੂਰੀਆਂ ਨਾ ਹੋਈਆਂ ਫਿਰ ਵੀ ਹਸਰਤਾਂ।
ਕੀ ਜਵਾਨੀ ਤੇ ਕੀ ਹੈ ਬੁਢਾਪਾ ਇਹ
ਹਾਏ ਬਚਪਨ ਹਾਏ ਉਹ ਸ਼ਰਾਰਤਾਂ।
ਕਰ ਲਈ ਵਿਗਿਆਨ ਨੇ ਉਨਤੀ ਬੜੀ
ਬਾਕੀ ਬੜੀਆਂ ਹਨ ਅਜੇ ਬੁਝਾਰਤਾਂ।
ਜਿੱਥੇ ਬੇਇਤਫਾਕੀਆਂ ਦੇ ਸਿਲਸਿਲੇ
ਖੇੜੇ ਖੁਸ਼ੀਆਂ ਕਰਨ ਓਥੋਂ ਹਿਜਰਤਾਂ।
ਸਦੀਆਂ ਮਗਰੋਂ ਵੀ ਨਾ ਮਿਲਿਆ ਉਹ ਕਦੇ
ਜਿਸ ਲਈ ਨਿੱਤ ਕੀਤੀਆਂ ਇਬਾਦਤਾਂ।
ਬਹੁਤੇ ਫਿਰਦੇ ਨੇ ਖਜ਼ਾਨੇ ਖੋਜਦੇ
ਕੁਝ ਕੁ ਫਿਰਦੇ ਭਾਲਦੇ ਨੇ ਸ਼ੁਹਰਤਾਂ।
No comments:
Post a Comment