ਅਜੋਕੇ ਪੰਜਾਬ ਦੇ ਉਲਝੇ ਸਮਾਜਿਕ ਤਾਣੇ ਬਾਣੇ 'ਤੇ ਠੰਢਾ ਜਿਹਾ ਹਾਉਕਾ ਲਏ ਬਗੈਰ ਕੁਝ ਵੀ ਨਹੀਂ ਕੀਤਾ ਜਾ ਸਕਦਾ। ਜਦ ਸੋਚਾਂ ਦੇ ਘੋੜੇ ਆਪਣੀ ਜੰਮਣਭੂਮੀ ਵੱਲ ਭੱਜਦੇ ਹਨ ਤਾਂ ਧਾਹ ਜਿਹੀ ਨਿਕਲ ਜਾਂਦੀ ਐ। ਉਹ ਦਿਨ ਯਾਦ ਆ ਜਾਂਦੇ ਹਨ ਜਦੋਂ ਬਚਪਨ 'ਚ ਕੋਠਿਆਂ ਦੀਆਂ ਛੱਤਾਂ 'ਤੇ ਮੰਜੇ ਡਾਹ ਕੇ ਸੌਣ ਤੋਂ ਪਹਿਲਾਂ ਅੱਧੀ ਅੱਧੀ ਰਾਤ ਤੱਕ ਬੁਝਾਰਤਾਂ ਬੁੱਝਣ ਦੇ ਆਹਰ ਲੱਗੇ ਰਹਿੰਦੇ ਸੀ। ਇੱਕ ਬੁਝਾਰਤ ਵਾਰ ਵਾਰ ਚੇਤੇ ਆਉਂਦੀ ਹੈ ਕਿ "ਅੱਗ ਲੱਗੀ ਜਗਰਾਵੀਂ, ਧੂੰਆਂ ਨਿਕਲੇ ਬੋਪਾਰਾਵੀਂ"।
ਬੇਸ਼ੱਕ ਇਸ ਬੁਝਾਰਤ ਦੇ ਅਰਥ ਹੋਰ ਸਨ ਪਰ ਅੱਜ ਜਦੋਂ ਵੀ ਕਿਤੇ ਉਹ ਦਿਨ ਚੇਤੇ ਆਉਂਦੇ ਹਨ ਤਾਂ ਮੈਂ ਇਸ ਬੁਝਾਰਤ ਦੇ ਆਪਣੇ ਹੀ ਢੰਗ ਨਾਲ ਅਰਥ ਕਰਨ ਬੈਠ ਜਾਦਾ ਹਾਂ। ਜੇ ਅੱਜ ਮੈਨੂੰ ਕੋਈ ਇਹੀ ਬੁਝਾਰਤ ਪਾਵੇ ਤਾਂ ਮੈਂ ਪਹਿਲਾਂ ਵਾਂਗ ਅਰਥ ਕਰਦਾ ਹੋਇਆ ਇਹ ਨਹੀਂ ਕਹਾਂਗਾ ਕਿ "ਹੁੱਕਾ", ਹੁਣ ਮੈਂ ਕਹਾਂਗਾ ਕਿ "ਪੰਜਾਬ"।
ਜੇ ਅਰਥਾਂ ਨਾਲ ਸਹਿਮਤ ਨਹੀਂ ਹੋ ਤਾਂ ਸੁਣੋ ਕਿ ਬੁਝਾਰਤ ਦਾ ਜਵਾਬ "ਪੰਜਾਬ" ਕਿਵੇਂ ਹੋਇਆ। ਇੱਕ ਸੰਤ ਜੀ ਦੀ ਹੱਤਿਆ ਆਸਟਰੀਆ 'ਚ ਹੋਈ ਜਾਣੀਕਿ ਅੱਗ ਆਸਟਰੀਆ 'ਚ ਲੱਗੀ ਪਰ ਉਹਦਾ ਧੂੰਆਂ ਸੱਤ ਸਮੁੰਦਰੋਂ ਪਾਰ ਪੰਜਾਬ 'ਚ ਨਿਕਲਿਆ। ਧੂੰਆਂ ਵੀ ਗੱਲੀਂ ਬਾਤੀਂ ਨਹੀਂ ਨਿਕਲਿਆ, ਸਕੂਟਰ ਸੜੇ, ਬੱਸਾਂ ਟਰੱਕ ਸੜੇ, ਰੇਲਾਂ ਸੜੀਆਂ। ਸੈਂਕੜੇ ਕਰੋੜਾਂ ਦਾ ਮਾਲੀ ਨੁਕਸਾਨ ਹੋਇਆ, ਜੋ ਬੇਕਸੂਰੇ ਲੋਕਾਂ ਦੇ ਪੁੜੇ ਸੇਕੇ ਗਏ ਉਹ ਵੱਖਰੇ...! ਅੱਗ ਲੱਗੀ ਰਹੀ, ਧੂੰਆਂ ਨਿਕਲਦਾ ਰਿਹਾ, ਧਰਮ ਦੇ ਨਾਂਅ 'ਤੇ ਹੈਵਾਨੀਅਤ ਦਾ ਤਾਂਡਵ ਨਾਚ ਹੁੰਦਾ ਰਿਹਾ ਪਰ ਲੱਗੀ ਅੱਗ ਉੱਪਰ ਸਿਆਣਪ ਦੀਆਂ ਬੂੰਦਾਂ ਪਾਉਣ ਬਦਲੇ ਪੰਜਾਬ ਦਾ 'ਬੱਦਲ' ਚੋਣਾਂ 'ਚ ਉਲਝਿਆ ਰਿਹਾ। ਇਸ ਤੋਂ ਪਹਿਲਾਂ ਵੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ 'ਭੜਕਾਉਣ' ਦੇ ਨਾਂਅ 'ਤੇ ਲੱਗੀ ਅੱਗ ਦਾ ਧੂੰਆਂ ਅੱਜ ਵੀ ਪੰਜਾਬ 'ਚੋਂ ਨਿਰੰਤਰ ਨਿੱਕਲੀ ਜਾ ਰਿਹਾ ਹੈ। ਜਿਸ ਤਰ੍ਹਾਂ ਵਿਆਨਾ ਕਾਂਡ ਨੇ ਪੰਜਾਬ 'ਚ ਰਵੀਦਾਸੀਆਂ ਅਤੇ ਸਿੱਖਾਂ ਦੇ ਦੋ ਧੜੇ ਪੈਦਾ ਕਰ ਦਿੱਤੇ ਹਨ ਬਿਲਕੁਲ ਉਸੇ ਤਰ੍ਹਾਂ ਹੀ ਇਸ ਤੋਂ ਪਹਿਲਾਂ ਪੰਜਾਬ ਸਿੱਖਾਂ ਅਤੇ ਪ੍ਰੇਮੀਆਂ 'ਚ ਵੀ ਵੰਡਿਆ ਜਾ ਚੁੱਕਾ ਹੈ। ਬੀਤੇ ਦਿਨੀਂ ਫੇਰ ਪੰਜਾਬ ਵਿੱਚ ਸਿਰਸਾ ਡੇਰੇ ਦੇ ਪ੍ਰੇਮੀਆਂ ਨੇ ਜੋ ਹੜਦੁੰਗ ਮਚਾਇਆ... ਬੱਸਾਂ ਫੂਕੀਆਂ, ਰੇਲਾਂ ਫੂਕੀਆਂ।। ਇੱਥੋਂ ਤੱਕ ਕਿ ਸਰਕਾਰੀ ਦਫਤਰਾਂ ਚੋਂ ਵੀ ਅੱਗ ਦੇ ਲਾਂਬੂ ਨਿਕਲਦੇ ਦੇਖੇ ਗਏ। ਪੰਜਾਬ ਨਿਰੰਤਰ ਰਾਜਨੀਤਕ ਕਸਮਕਸ਼ ਵਿਚਕਾਰ ਸੜਦਾ ਭੁੱਜਦਾ ਰਿਹਾ। ਪਹਿਲਾਂ ਬੇਸ਼ੱਕ ਸੇਕ ਨਾ ਲੱਗਿਆ ਹੋਵੇ ਪਰ ਬਾਦਲ ਪਰਿਵਾਰ ਨੂੰ ਇਸ ਵਾਰ ਲੱਗੀ ਅੱਗ ਦਾ ਕਾਫੀ ਸੇਕ ਲੱਗਿਆ ਕਿਉਂਕਿ ਇਸ ਅੱਗ ਨਾਲ ਉਹਨਾਂ ਦੀਆਂ 'ਆਰਬਿਟ' ਬੱਸਾਂ ਵੀ ਧੁਆਂਖੀਆਂ ਗਈਆਂ। ਉਹ ਵੀ ਵੇਲਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ Ḕਚ ਸਿਹਤ ਖਰਾਬੀ ਦੇ ਨਾਂ Ḕਤੇ ਕੁਰਸੀ ਉੱਪਰ ਬੈਠਦੇ ਰਹੇ ਬਾਦਲ ਸਾਬ੍ਹ ਸਰਸੇ ਵਾਲੇ ਬਾਬੇ ਅੱਗੇ ਚੌਂਕੀ ਭਰਨ ਗਏ ਪਿਉ ਪੁੱਤ ਭੁੰਜੇ ਬੈਠੇ ਸਨ। ਸ਼ਾਇਦ ਪਹਿਲੀਆਂ ਅੱਗਾਂ ਨਾਲ ਬਾਦਲ ਸਾਬ੍ਹ ਦਾ ਨਿੱਜੀ ਨੁਕਸਾਨ ਨਹੀਂ ਸੀ ਹੋਇਆ ਪਰ ਹੁਣ Ḕਆਪਣੇ ਲੱਗੀ ਅੱਗ ਤੇ ਹੋਰਾਂ ਦੇ ਬਸੰਤਰḔ ਦਾ ਦੁੱਖ ਸਹਿੰਦਿਆਂ ਛੋਟੇ ਬਾਦਲ ਸਾਬ੍ਹ ਵੱਖਰਾ ਕਨੂੰਨ ਬਣਾਉਣ ਲਈ ਵੀ ਪੱਬਾਂ ਭਾਰ ਹੋ ਗਏ ਜਿਸ ਵਿੱਚ ਵਿਵਸਥਾ ਹੋਵੇਗੀ ਕਿ ਜੋ ਵੀ ਇਸ ਤਰ੍ਹਾਂ ਦੀ ਅੱਗ ਦੀ ਖੇਡ ਖੇਡੇਗਾ ਉਹੀ ਉਸਦੀ ਭਰਪਾਈ ਕਰੇਗਾ। ਇਹਨਾ ਕਾਂਡਾਂ ਦਾ ਪੰਜਾਬ ਦੀਆਂ ਦੋ ਮੁੱਖ ਰਾਜਨੀਤਕ ਪਾਰਟੀਆਂ ਨੇ ਭਰਪੂਰ ਲਾਹਾ ਲਿਆ, ਆਪਣੀ ਵੋਟਾਂ ਦੀ ਖੁੱਦੋ ਖੂੰਡੀ ਖੇਡਦਿਆਂ ਇੱਕ ਦੂਜੇ ਸਿਰ ਗੋਲ ਦਾਗਣ ਦਾ ਕੋਈ ਵੀ ਪਾਰਟੀ ਮੌਕਾ ਨਹੀਂ ਸੀ ਖੁੰਝਣ ਦੇਣਾ ਚਾਹੁੰਦੀ। ਗਰਮ ਗਰਮ ਬਿਆਨਬਾਜੀਆਂ ਕਾਰਨ ਪਿੰਡ ਪਿੰਡ ਸੰਨ 47 ਵਰਗਾ ਮਾਹੌਲ ਬਣ ਗਿਆ। ਲੋਕਾਂ ਦੇ ਸਿਰ ਪਾਟਦੇ ਰਹੇ। ਇਸ ਅੱਗ 'ਚ ਕਮਲਜੀਤ, ਹਰਮਿੰਦਰ, ਬਲਕਾਰ, ਲਿੱਲੀ ਆਦਿ ਪਤਾ ਹੀ ਨਹੀਂ ਕਿੰਨੇ ਕੁ ਸ਼ਮਸ਼ਾਨਘਾਟ ਦੀ ਰਾਖ 'ਚ ਤਬਦੀਲ ਹੋ ਗਏ। ਨਿਰੰਕਾਰੀ ਕਾਂਡ, ਇੰਦਰਾ ਕਾਂਡ ਤੋਂ ਬਾਦ ਸਿਰਸਾ ਕਾਂਡ ਤੇ ਵਿਆਨਾ ਕਾਂਡ ਕਾਰਨ ਰੰਗੀਂ ਵਸਦਾ ਪੰਜਾਬ ਕੁਰਸੀ ਦੇ ਭੁੱਖਿਆਂ ਦੀਆਂ ਕੁਚਾਲਾਂ ਦੀ ਭੇਂਟ ਚੜ੍ਹਕੇ ਫਿਰਕੂਵਾਦ ਦੀ ਭੱਠੀ ਵਿੱਚ ਪਿਆ ਸੁਲਘ ਰਿਹਾ ਹੈ। ਸੈਂਕੜੇ ਨਹੀਂ ਹਜਾਰਾਂ ਹੀ ਸਿੱਖ ਅਤੇ ਗੈਰਸਿੱਖ ਬਾਬੇ- ਬਾਬੀਆਂ ਆਪੋ ਆਪਣੇ ਡੇਰਿਆਂ ਰਾਹੀਂ ਸਰਗਰਮ ਹਨ। ਇਸਨੂੰ ਚਿੰਤਾਜਨਕ ਕਿਹਾ ਜਾਵੇ ਜਾਂ ਹਾਸੋਹੀਣਾ ਕਿਹਾ ਜਾਵੇ ਕਿ ਸਿੱਖ ਪੰਥ ਦਾ ਇੱਕ ਜੱਥੇਦਾਰ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਗਰਮ ਬਿਆਨਬਾਜੀ ਕਰਦਾ ਹੋਇਆ ਕਹਿੰਦਾ ਹੈ ਕਿ "ਸਾਧ ਦਾ ਸਿਰ ਕਲਮ ਕਰਕੇ ਲਿਆਉਣ ਵਾਲੇ ਨੂੰ ਸੋਨੇ ਨਾਲ ਤੋਲਿਆ ਜਾਵੇਗਾ।" ਜ਼ੁਲਮ ਖਿਲਾਫ ਡਟ ਕੇ ਨਿਧੜਕ ਪਹਿਰਾ ਦੇਣ ਵਾਲੀ ਸਿੱਖੀ ਨਿੱਜੀ ਮੁਫਾਂਦਾਂ ਦੀ ਭੇਂਟ ਚੜ੍ਹ ਕੇ ਪਤਾ ਨਹੀਂ ਕੀ ਕੀ ਰੰਗ ਵਟਾ ਰਹੀ ਹੈ? ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇੱਕ ਸਿਰ ਲਾਹ ਕੇ ਸਿੱਖੀ ਸਿਰੋਂ ਖਤਰਾ ਟਲ ਜਾਵੇਗਾ? ਪੰਥ ਹਿਤੈਸ਼ੀਆਂ, ਵਿਦਵਾਨਾਂ, ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਗ੍ਰੰਥੀਆਂ ਅਤੇ ਹਰ ਸਿੱਖ ਨੂੰ ਸਵੈ ਪੜਚੋਲ ਕਰਨੀ ਪਵੇਗੀ ਕਿ ਉਹ ਦਸ਼ਮੇਸ਼ ਪਿਤਾ ਦੇ ਲਾਏ ਸਿੱਖੀ ਦੇ ਬੂਟੇ ਨੂੰ ਭਰਵਾਂ ਛਾਂਦਾਰ ਰੁੱਖ ਬਣਾਉਣ ਲਈ ਕਿੰਨੇ ਕੁ ਸੁਹਿਰਦ ਹਨ? ਗਣਿਤ ਦਾ ਸੁਆਲ ਹੈ ਕਿ 10 ਸੈਂਟੀਮੀਟਰ ਰੇਖਾ ਜਾਂ ਲਕੀਰ ਨੂੰ ਛੋਟੀ ਦਿਖਾਉਣ ਲਈ ਤੁਸੀਂ ਕੀ ਕਰੋਗੇ? ਜੇਕਰ ਇਹੀ ਸੁਆਲ ਸਿਰ ਕਲਮ ਕਰਨ ਬਦਲੇ ਸੋਨੇ ਨਾਲ ਤੋਲਣ ਦਾ ਬਿਆਨ ਦੇਣ ਵਾਲੇ ਜੱਥੇਦਾਰ ਸਾਬ੍ਹ ਨੂੰ ਕੀਤਾ ਜਾਂਦਾ ਤਾਂ ਸ਼ਾਇਦ ਉਹ ਆਪਣੀ ਉੱਚ ਸੂਝ ਦਾ ਦਿਖਾਵਾ ਕਰਦੇ ਹੋਏ 10 ਸੈਂਟੀਮੀਟਰ ਨੂੰ ਛੋਟਾ ਦਿਖਾਉਣ ਲਈ ਵਰਕਾ ਹੀ ਪਾੜ ਦੇਣਾ ਮੁਨਾਸਿਬ ਸਮਝਦੇ। ਜਦੋਂਕਿ ਇਸ ਸਵਾਲ ਦਾ ਜੁਆਬ ਇਹ ਹੋ ਸਕਦਾ ਹੈ ਕਿ 10 ਸੈਂਟੀਮੀਟਰ ਲਕੀਰ ਦੇ ਬਰਾਬਰ 15 ਜਾਂ 20 ਸੈਂਟੀਮੀਟਰ ਲਕੀਰ ਖਿੱਚ ਦਿਓ ਤਾਂ ਉਹ ਲਕੀਰ ਆਪਣੇ ਆਪ ਹੀ ਛੋਟੀ ਦਿਖਾਈ ਦੇਣ ਲੱਗੇਗੀ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਸਿੱਖੀ ਲਈ ਖਤਰਾ ਪੈਦਾ ਹੋਏ 'ਦੱਸੇ' ਜਾਂਦੇ ਡੇਰਾਵਾਦ ਦੀ ਲਕੀਰ ਨੂੰ ਛੋਟਾ ਦਿਖਾਉਣ ਲਈ ਬਗੈਰ ਗਰਮ ਬਿਆਨਬਾਜੀ ਕਰਨ ਦੇ ਸਾਡੇ ਜੱਥੇਦਾਰਾਂ ਦੀ ਫੌਜ਼ ਨੇ ਕੀ ਕੀਤਾ ਹੈ?
ਸਰਸਰੀ ਜਿਹੀ ਨਿਗਾ ਮਾਰੀ ਜਾਵੇ ਤਾਂ ਪੰਜਾਬ 'ਚ ਧਰਮ ਦੇ ਨਾਂ 'ਤੇ ਹੋਏ 'ਦੰਗਿਆਂ' ਨੂੰ ਠੱਲ੍ਹਣ ਜਾਂ ਹਾਲਾਤਾਂ ਨੂੰ ਸਿਆਣਪ ਭਰਿਆ ਮੋੜਾ ਦੇਣ ਲਈ ਕਿਸੇ ਵੀ ਧਾਰਮਿਕ ਜਾਂ ਰਾਜਨੀਤਕ ਆਗੂ ਨੇ ਦਲੀਲਬਾਜੀ ਸਹਿਤ ਗੱਲ ਨਹੀਂ ਕੀਤੀ ਬਜਾਏ ਲੋਕਾਂ ਦੇ ਪੁੱਤਾਂ ਨੂੰ ਬਲਦੀ ਦੇ ਬੂਥੇ ਦੇਣ ਤੋਂææææ। ਜੇਕਰ ਸਾਡੇ ਜੱਥੇਦਾਰ ਸਹਿਬਾਨ ਸਚਮੁੱਚ ਹੀ ਦਸਮ ਪਿਤਾ ਜੀ ਦੇ ਪਾਏ ਪੂਰਨਿਆਂ Ḕਤੇ ਚੱਲਣ ਦੇ ਦਾਅਵੇ ਕਰਦੇ ਹਨ ਤਾਂ ਕਿਸੇ ਦੇ ਪੁੱਤਾਂ ਨੂੰ ਸੋਨੇ ਨਾਲ ਤੋਲਣ ਦਾ ਲਾਲਚ ਦੇਣ ਦੀ ਬਜਾਏ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਸਰਸੇ ਜਾਂ ਸਲਾਬਤਪੁਰੇ ਵੱਲ ਨੂੰ ਚਾਲਾ ਪੁਆਉਂਦੇ। ਜਿਸ ਦੇ ਦੋ ਫਾਇਦੇ ਹੋਣੇ ਸਨ, ਇੱਕ ਤਾਂ ਖੁਦ ਦੇ ਪੁੱਤਰਾਂ ਦੀ ਅਜਾਇਬ ਘਰ Ḕਚ ਫੋਟੋ ਲੱਗ ਜਾਣੀ ਸੀ ਤੇ ਦੂਜਾ ਫਾਇਦਾ ਇਹ ਹੋਣਾ ਸੀ ਕਿ ਸੋਨਾ ਘਰ ਦਾ ਘਰ ਹੀ ਰਹਿ ਜਾਣਾ ਸੀ।
ਮੈਂ ਕਿਸੇ ਵੀ ਡੇਰੇਦਾਰ ਬਾਬੇ ਦੀ ਵਕਾਲਤ ਨਹੀਂ ਕਰ ਰਿਹਾ ਸਗੋਂ ਕਰੋੜਾਂ ਰੁਪਏ ਦੇ ਲਾਹੇ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਤੋਂ ਜਵਾਬ ਦੀ ਆਸ ਰੱਖੂੰਗਾ ਕਿ ਉਹਨਾਂ ਦੇ ਜੱਥੇਦਾਰਾਂ, ਪ੍ਰਚਾਰਕਾਂ ਦੀ ਤਨਖਾਹਦਾਰ ਫ਼ੌਜ ਨੇ ਸਿੱਖ ਪੰਥ ਦੀ ਬੜੌਤਰੀ ਲਈ ਕੀ ਕੀਤਾ ਹੈ ਬਜਾਏ ਡੇਰੇਦਾਰਾਂ ਦੀਆਂ ਖਾਮੀਆਂ ਲੱਭਣ ਤੇ ਭੰਡਣ ਤੋਂ। ਗੱਲ ਇਸ ਤੋਂ ਅੱਗੇ ਸ਼ੁਰੂ ਕਰਾਂ, ਇਸ ਤੋਂ ਪਹਿਲਾਂ ਇੱਕ ਜੱਥੇਦਾਰ ਜੀ ਦੇ ਬਿਆਨ ਦੀ ਫਰੋਲਾ- ਫਰੋਲੀ ਕਰਨੀ ਚਾਹੂੰਗਾ। ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਸਰਸੇ ਵਾਲੇ ਬਾਬੇ ਤੋਂ 'ਮਾਫੀ' ਮੰਗਵਾਉਣਾ ਹੀ ਸਾਰਿਆਂ ਲਈ 'ਵੱਕਾਰ ਦਾ ਸੁਆਲ' ਜਿਹਾ ਬਣਿਆ ਪਿਆ ਸੀ। ਬਾਬੇ ਨੇ ਕਿਹਾ ਕਿ, "ਜੇ ਮੈਥੋਂ ਗਲਤੀ ਹੋਈ ਹੈ ਤਾਂ ਮੈਂ ਇਸ ਬਦਲੇ ਦਸ਼ਮੇਸ਼ ਪਿਤਾ ਤੋਂ ਮਾਫੀ ਮੰਗਦਾ ਹਾਂ।" ਪਰ ਇਸ ਬਦਲੇ ਜੱਥੇਦਾਰ ਜੀ ਦਾ ਸਿਆਣਪ ਭਰਿਆ ਬਿਆਨ ਸੀ ਕਿ, "ਦਸਮ ਪਿਤਾ ਤੋਂ ਮਾਫੀ ਮੰਗਣ ਲਈ ਉੱਪਰ ਜਾਣਾ ਪਵੇਗਾ।" ਇਸ ਗੱਲ ਨੇ ਉਸ ਜੱਥੇਦਾਰ ਜੀ ਦੀ ਸਿਆਣਪ 'ਤੇ ਤਾਂ ਪ੍ਰਸ਼ਨ ਚਿੰਨ੍ਹ ਲਾਇਆ ਹੀ ਹੈ ਸਗੋਂ ਇਹ ਵੀ ਸੋਚਣ ਲਈ ਮਜ਼ਬੂਰ ਕੀਤਾ ਕਿ ਇੱਕ ਪਾਸੇ ਤਾਂ ਅਸੀਂ ਅਰਦਾਸ ਕਰਨ ਵੇਲੇ ਗੁਰੂ ਸਾਹਿਬਾਨਾਂ ਨੂੰ 'ਹਾਜ਼ਰ- ਨਾਜ਼ਰ' ਮੰਨਦੇ ਹਾਂ।
"ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸਭ ਥਾਈਂ ਹੋਇ ਸਹਾਇ।"
ਦੂਸਰੇ ਪਾਸੇ ਸਾਡੇ ਸਿਆਣੇ ਜੱਥੇਦਾਰ ਜੀ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ ਜਿਸ ਤੋਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਖੁਦ ਵੀ ਦਸਮ ਪਿਤਾ ਨੂੰ ਪ੍ਰਲੋਕ ਸਿਧਾਰ ਗਏ ਹੀ ਸਮਝ ਰਿਹਾ ਹੈ ਤਾਂਹੀਉਂ ਉਹ ਸਰਸੇ ਵਾਲੇ ਬਾਬੇ ਨੂੰ ਮਾਫੀ ਮੰਗਣ ਲਈ 'ਉੱਪਰ' ਜਾਣ ਦੀ ਸਲਾਹ ਦੇ ਰਿਹਾ ਹੈ। ਸਿੱਖ ਧਰਮ ਨੇ ਆਪਣਾ ਪਸਾਰਾ ਦੁਨੀਆ ਦੇ ਹਰ ਕੋਨੇ 'ਚ ਕਰ ਲਿਆ ਹੈ ਪਰ ਇਹ ਬਦਕਿਸਮਤੀ ਵੀ ਕਹੀ ਜਾ ਸਕਦੀ ਹੈ ਂਕਿ ਪੰਜਾਬ ਦੀ ਰਾਜਨੀਤੀ 'ਤੇ ਕਾਬਜ਼ ਪਰਿਵਾਰ ਵੱਲੋਂ ਪੁੱਟੀਆਂ ਜਾਂਦੀਆਂ 'ਕਿਸਮਤ ਪੁੜੀਆਂ' ਹੀ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਪ੍ਰਧਾਨ, ਜੱਥੇਦਾਰ ਸਾਬ੍ਹ ਦੀ ਨਿਯੁਕਤੀ ਜਾਂ 'ਰਾਹ ਦਿਖਾਉਣ' ਦਾ ਅਸਲ ਆਧਾਰ ਹਨ। ਚੰਗੇ ਭਲੇ ਦਿਮਾਗਾਂ ਵਾਲੇ 'ਵਿਦਵਾਨ' ਖੁੱਲ੍ਹ ਕੇ ਅੱਗੇ ਨਹੀਂ ਆ ਰਹੇ ਜੋ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਹੂਬਹੂ ਲੋਕਾਂ ਅੱਗੇ ਪ੍ਰਸਾਰਿਤ ਕਰ ਸਕਣ। ਜੇ ਅਜਿਹਾ ਹੋ ਜਾਂਦਾ ਹੈ ਤਾਂ ਲੋਕ ਆਪਣੇ ਆਪ ਹੀ ਡੇਰਿਆਂ 'ਤੇ ਨੱਕ ਰਗੜਨ ਨਾਲੋਂ ਗੁਰਬਾਣੀ ਦੀ ਤਾਬਿਆ 'ਚ ਬੈਠਣਾ ਬਿਹਤਰ ਸਮਝਣਗੇ। ਪਰ ਅਜਿਹਾ ਨਾ ਤਾਂ ਹੋਇਆ ਹੈ ਅਤੇ ਨਾ ਹੀ ਹੋਣਾ ਹੈ ਕਿਉਂਕਿ ਜੇ ਅਜਿਹਾ ਹੋ ਜਾਦਾ ਹੈ ਤਾਂ ਧਰਮ ਦੇ ਨਾਂਅ 'ਤੇ ਹੁੰਦੀ ਰਾਜਨੀਤੀ ਦੇ ਸਿਪਾਹਸਲਾਰਾਂ ਦੇ ਠੂਠੇ ਮੂਧੇ ਵੱਜ ਜਾਣਗੇ। ਆਓ ਹੁਣ ਗੱਲ ਕਰੀਏ ਪੁਣਛਾਣ ਦੀ.....! ਸਰਸੇ ਵਾਲੇ ਬਾਬੇ ਦਾ ਚਰਚਿਤ 'ਸਲਾਬਤਪੁਰਾ ਕਾਂਡ' ਮੇਰੇ ਪੰਜਾਬ ਰਹਿੰਦਿਆਂ ਵਾਪਰਿਆ। ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ 'ਕਰਵਾ' ਦਿੱਤਾ ਗਿਆ ਕਿ "ਸਰਸੇ ਡੇਰੇ ਨਾਲ ਸੰਬੰਧ ਰੱਖਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ।" ਬਾਈਕਾਟ ਵੀ ਇਸ ਕਦਰ ਹੋਇਆ ਕਿ ਨੀਲੀਆਂ ਪੱਗਾਂ ਵਾਲੇ ਵੀਰਾਂ ਨੇ ਅਹਿਮ ਰੋਲ ਅਦਾ ਕੀਤਾ ਕਿਉਂਕਿ 'ਬੱਦਲ ਸਾਬ੍ਹ' ਨੂੰ ਵਿਧਾਨ ਸਭਾ ਚੋਣਾਂ 'ਚ ਪ੍ਰੇਮੀਆਂ ਦੀਆਂ ਵੋਟਾਂ ਨਾ ਪੈਣ 'ਤੇ ਮਾਲਵੇ 'ਚੋਂ ਹੋਈ ਹਾਰ ਦਾ ਦੁੱਖ ਵੀ ਰੜਕਾਂ ਪਾ ਰਿਹਾ ਸੀ। ਬਾਬੇ ਦੇ ਪੈਰੋਕਾਰਾਂ 'ਤੇ 'ਪ੍ਰੇਮੀ' ਹੋਣ ਦਾ ਲੇਬਲ ਲਗਾ ਕੇ ਉਹਨਾਂ ਨੂੰ ਸ਼ਮਸ਼ਾਨਘਾਟਾਂ ਵਿੱਚ ਮੁਰਦੇ ਫੂਕਣ ਦੀ ਵੀ ਮਨਾਹੀ ਕਰ ਦਿੱਤੀ ਹੈ। ਇਜ਼ਾਜਤ ਬਦਲੇ ਸ਼ਰਤ ਇਹ ਹੈ ਕਿ "ਸਿੱਖ ਪੰਥ 'ਚ ਆ ਜਾਉ ਸਿਰੋਪੇ ਲੈ ਕੇ।" ਮਜਬੂਰੀਆਂ ਦੇ ਮਾਰੇ ਲੋਕਾਂ ਨੇ ਸਿਰੋਪੇ ਗਲਾਂ 'ਚ ਪੁਆਉਣੇ ਆਰੰਭ ਦਿੱਤੇ। ਨਿੱਤ ਅਖਬਾਰਾਂ ਫੋਟੋਆਂ ਨਾਲ ਭਰੀਆਂ ਹੁੰਦੀਆਂ ਕਿ "ਅੱਜ ਫਲਾਣੇ ਪਿੰਡ ਐਨੇ ਪ੍ਰੇਮੀਆਂ ਦੀ ਘਰ ਵਾਪਸੀ।" ਸੁਆਦ ਤਾਂ ਫਿਰ ਹੈ ਜੇ ਉਹਨਾਂ ਹੀ ਲੋਕਾਂ ਨੂੰ ਹੁਕਮਨਾਮੇ ਦੀ ਆੜ ਹੇਠ ਮਜ਼ਬੂਰ ਕਰਨ ਨਾਲੋਂ ਦਲੀਲਬਾਜੀ ਨਾਲ 'ਵਾਪਸੀ' ਕਰਵਾਈ ਜਾਂਦੀ। ਉਹਨਾਂ ਦੇ ਗਲਾਂ Ḕਚ ਨਹੀਂ ਸਗੋਂ ਦਿਲਾਂ Ḕਚ ਸਿਰੋਪੇ ਪਾਉਣੇ ਚਾਹੀਦੇ ਹਨ। ਬਾਬੇ 'ਤੇ ਚਲਦੇ ਕੇਸਾਂ ਬਾਰੇ ਡੌਂਡੀ ਪਿੱਟੀ ਜਾ ਰਹੀ ਹੈ, ਉਸ ਦੀਆਂ ਭੈੜਾਂ ਬਾਹਾਂ ਉੱਚੀਆਂ ਕਰ ਕਰ ਕੇ ਗਿਣਾਈਆਂ ਜਾ ਰਹੀਆਂ ਹਨ ਪਰ ਉਸਦੇ ਚੰਗੇ ਕੰਮਾਂ ਦਾ ਇੱਕ ਫੀਸਦੀ ਵੀ ਜ਼ਿਕਰ ਨਹੀਂ ਕੀਤਾ ਗਿਆ। ਜਦੋਂ ਤਖਤਾਂ ਦੇ ਜੱਥੇਦਾਰ ਸਾਬ੍ਹ ਹੀ ਉੱਪਰਲੇ ਸਾਹਿਬਾਂ ਦੀਆਂ 'ਘੁਰਕੀਆਂ' ਸਹਿ ਕੇ ਚੁੱਪ ਹੋ ਜਾਂਦੇ ਹਨ ਤਾਂ ਆਪਾਂ ਐਵੇਂ ਹੀ ਕਿਉਂ ਚੁੱਪ ਬੈਠੀਏ? ਬੇਸ਼ੱਕ ਇਹ ਗੱਲਾਂ ਕਈਆਂ ਨੂੰ ਹਜ਼ਮ ਵੀ ਨਹੀਂ ਆਉਣੀਆਂ ਪਰ ਅੱਜ ਜਦੋਂ ਸਾਡੇ ਜੱਥੇਦਾਰਾਂ, ਸ੍ਰੋਮਣੀ ਕਮੇਟੀ ਦੇ ਆਹਲਾ 'ਸੇਵਾਦਾਰਾਂ' ਨੂੰ ਗੱਡੀਆਂ ਉੱਪਰ ਲਾਲ ਬੱਤੀਆਂ ਲਾ ਕੇ Ḕਹੂ- ਹੂḔ ਕਰਦੇ ਫਿਰਨ ਦਾ ਝੱਲ ਹੀ ਸਾਹ ਨਹੀਂ ਲੈਣ ਦੇ ਰਿਹਾ ਉਦੋਂ ਨਹੀਂ ਦਿਸਦਾ ਕਿ ਸਾਡੇ ਜੱਥੇਦਾਰਾਂ 'ਚੋਂ ਕਿਸੇ ਨੇ ਆਪਣੇ ਪੰਥ ਦੇ ਕਿਸੇ ਦੁਖੀਏ ਗਰੀਬ ਲਈ ਖੂਨ ਦੀ ਤਿੱਪ ਵੀ ਕਢਵਾਈ ਹੋਵੇ ਜਦੋਂ ਕਿ ਡੇਰਾ ਸਰਸਾ ਦੇ ਸੇਵਾਦਾਰਾਂ ਨੇ ਆਪਣੇ 'ਪਿਤਾ ਜੀ' ਦੇ ਕਹਿਣ 'ਤੇ ਇੰਨਾ ਕੁ ਖੂਨ ਦਾਨ ਕੀਤਾ ਹੈ ਕਿ ਡੇਰੇ ਦਾ ਨਾਂਅ ਗਿੰਨੀਜ ਬੁੱਕ 'ਚ ਦਰਜ਼ ਕਰਵਾ ਦਿੱਤਾ ਹੈ। ਪਿੰਡਾਂ ਵਿੱਚ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੁਫ਼ਤ ਵੰਡਿਆ ਜਾ ਰਿਹਾ ਹੈ। ਬਗੈਰ ਦਾਜ ਦਹੇਜ ਤੋਂ ਵਿਆਹ ਵੀ ਡੇਰੇ 'ਚ ਹੀ ਸ਼ਾਦੇ ਢੰਗ ਨਾਲ ਕਰਵਾਏ ਜਾਦੇ ਹਨ। ਬੇਘਰੇ ਪ੍ਰੇਮੀਆਂ ਨੂੰ ਸਿਰ ਲੁਕੋਣ ਲਈ ਘਰ ਵੀ ਨਿਸ਼ਕਾਮ ਸੇਵਾ ਭਾਵਨਾ ਨਾਲ ਬਣਾਕੇ ਦਿੱਤੇ ਜਾਂਦੇ ਹਨ। ਭਰੂਣ ਹੱਤਿਆ, ਨਸ਼ਾ ਵਿਰੋਧੀ ਮੁਹਿੰਮ, ਰੁੱਖ ਲਗਾਉਣੇ ਆਦਿ ਮੁਹਿੰਮਾਂ ਰਾਹੀਂ ਵੀ ਮੁੜ ਸਰਸਾ ਡੇਰੇ ਦੇ ਪ੍ਰੇਮੀ ਆਪਣੇ 'ਭਾਈਚਾਰੇ' ਦੀ ਮਜ਼ਬੂਤੀ ਦੇ ਰਾਹ 'ਤੇ ਹਨ। ਕੀ ਸਾਡੇ ਕਿਸੇ ਵੀ ਆਗੂ ਨੇ ਅਜਿਹੀ ਹਿੰਮਤ ਕੀਤੀ ਹੈ ਕਿ ਉਹ ਹਰ ਫਿਰਕੇ ਦੇ ਲੋਕਾਂ ਨੂੰ ਹਿੱਕ ਨਾਲ ਲਾਉਣ ਦਾ ਦਾਅਵਾ ਕਰ ਸਕੇ.... ਹਰਗਿਜ਼ ਨਹੀਂ। ਜਦੋਂਕਿ ਅੱਜ ਲੋੜ ਹੈ ਕਿ ਪੰਜਾਬ ਨੂੰ ਦਿਨ ਬ ਦਿਨ ਲੱਗ ਰਹੇ ਨਵੇਂ ਤੋਂ ਨਵੇਂ ਲਾਬੂੰਆਂ ਨੂੰ ਸਦਭਾਵਨਾ ਵਿੱਚ ਬਦਲਿਆ ਜਾਵੇ। ਪਰ ਸੁਹਿਰਦ ਤੇ ਸੂਝਵਾਨ ਆਗੂਆਂ ਦੀ ਘਾਟ ਹੀ ਪੰਜਾਬ ਦੀ ਸ਼ਾਂਤੀ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਹੈ। ਜੇ ਪੰਜਾਬ ਵਿੱਚ ਪੰਜਾਬ ਨੂੰ ਹੀ ਅੱਗਾਂ ਲਾਉਣ ਵਾਲਾ ਸਮਾਨ ਮੌਜੂਦ ਪਿਆ ਹੈ ਤਾਂ ਪੰਜਾਬ ਅੰਦਰ ਉਹਨਾਂ ਅੱਗਾਂ ਨੂੰ ਬੁਝਾਉਣ ਵਾਲਾ ਸਮਾਨ ਵੀ ਮੌਜੂਦ ਹੈ ਪਰ ਬੁਝਾਉਣ ਦੀ ਬਜਾਏ ਅੱਗਾਂ ਲਾਉਣ ਵਾਲੇ ਸਮਾਨ ਵੱਲ ਹੀ ਹਰ ਕਿਸੇ ਦਾ ਧਿਆਨ ਕੇਂਦਰਿਤ ਹੈ। ਕਹਿੰਦੇ ਹਨ ਕਿ ਜੇ ਕਿਸੇ ਮੂਰਖ ਹੱਥ ਸ਼ਹਿਦ ਆ ਜਾਵੇ ਤਾਂ ਵੀਹਾਂ ਨੂੰ 'ਮੋਕ' ਲਾ ਦੇਊ, ਪਰ ਜੇ ਕਿਸੇ ਸਿਆਣੇ ਹੱਥ ਜ਼ਹਿਰ ਵੀ ਆਜੇ ਤਾ ਉਹ ਜ਼ਹਿਰ ਨੂੰ ਮਾਰ ਕੇ ਦਵਾਈ ਵਜੋਂ ਕਈਆਂ ਦੀ ਜਾਨ ਬਚਾ ਵੀ ਸਕਦੈ। ਭਵਿੱਖ ਤੋਂ ਆਸ ਕਰਦੇ ਹਾਂ ਕਿ ਕੋਈ ਨਾ ਕੋਈ ਸਿਆਣਾ ਵੈਦ ਸਿਵਿਆਂ ਦੇ ਰਾਹ ਤੁਰੇ ਪੰਜਾਬ ਨੂੰ ਫੁੱਲਾਂ ਲੱਦੇ ਬਾਗਾਂ ਦਾ ਰਾਹ ਦਿਖਾਉਣ ਜਰੂਰ ਆਵੇਗਾ। ਨਹੀਂ ਤਾਂ 'ਅੱਗ ਲੱਗੀ ਜਗਰਾਵੀਂ, ਧੂੰਆਂ ਨਿਕਲੇ ਬੋਪਾਰਾਵੀਂ' ਦੇ ਅਰਥ ਪਹਿਲਾਂ ਵਾਂਗ ਹੀ ਹਵਾ 'ਚ ਲਟਕਦੇ ਰਹਿਣਗੇ।
No comments:
Post a Comment