ਆਪਣੇ ਬਾਰੇ ’ਚ.......... ਅਭੁੱਲ ਯਾਦਾਂ / ਜਾਵੇਦ ਅਖ਼ਤਰ (ਅਨੁਵਾਦ - ਕੇਹਰ ਸ਼ਰੀਫ਼)


ਲੋਕ ਜਦੋਂ ਆਪਣੇ ਬਾਰੇ ’ਚ ਲਿਖਦੇ ਹਨ ਤਾਂ ਸਭ ਤੋਂ ਪਹਿਲਾਂ ਇਹ ਦੱਸਦੇ ਹਨ ਕਿ ਉਹ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਹਨ .. ਮੈਂ ਕਿਸ ਸ਼ਹਿਰ ਨੂੰ ਆਪਣਾ ਕਹਾਂ?..... ਪੈਦਾ ਹੋਣ ਦਾ ਜ਼ੁਰਮ ਗਵਾਲੀਅਰ ’ਚ ਕੀਤਾ, ਹੋਸ਼ ਸੰਭਾਲਿਆ ਲਖਨਊ ’ਚ, ਪਹਿਲੀ ਵਾਰ ਹੋਸ਼ ਗੁਆਇਆ ਅਲੀਗੜ੍ਹ ’ਚ। ਫੇਰ ਭੋਪਾਲ ਵਿਚ ਰਹਿ ਕੇ ਕੁੱਝ ਹੁਸਿ਼ਆਰ ਹੋਇਆ, ਪਰ ਬੰਬਈ ਆ ਕੇ ਕਈ ਦੇਰ ਤੱਕ ਹੋਸ਼ ਟਿਕਾਣੇ ਰਹੇ, ਤਾਂ ਆਉ ਇੰਜ ਕਰਦੇ ਹਾਂ ਕਿ ਮੈਂ ਆਪਣੀ ਜਿ਼ੰਦਗੀ ਦਾ ਛੋਟਾ ਜਿਹਾ ਫਲੈਸ਼ ਬੈਕ ਬਣਾ ਲੈਂਦਾ ਹਾਂ। ਇਸ ਤਰ੍ਹਾਂ ਤੁਹਾਡਾ ਕੰਮ ਭਾਵ ਪੜ੍ਹਨਾ ਵੀ ਸੌਖਾ ਹੋ ਜਾਵੇਗਾ ਅਤੇ ਮੇਰਾ ਕੰਮ ਵੀ ਭਾਵ ਲਿਖਣਾ।

ਸ਼ਹਿਰ ਲਖਨਊ .... ਕਿਰਦਾਰ – ਮੇਰੇ ਨਾਨਾ, ਨਾਨੀ ਹੋਰ ਘਰ ਵਾਲੇ ਅਤੇ ਮੈਂ ...... ਮੇਰੀ ਉਮਰ ਅੱਠ ਸਾਲ ਹੈ। ਪਿਤਾ ਬੰਬਈ ਵਿਚ ਹੈ, ਮਾਂ ਕਬਰ ਵਿਚ। ਦਿਨ ਭਰ ਘਰ ਦੇ ਵਿਹੜੇ ਵਿਚ ਆਪਣੇ ਛੋਟੇ ਭਰਾ ਨਾਲ ਕ੍ਰਿਕਟ ਖੇਡਦਾ ਹਾਂ। ਸ਼ਾਮ ਨੂੰ ਟਿਊਸ਼ਨ ਪੜ੍ਹਾਉਣ ਵਾਸਤੇ ਇਕ ਡਰਾਉਣੇ ਜਹੇ ਮਾਸਟਰ ਸਾਹਿਬ ਆਉਂਦੇ ਹਨ। ਉਨ੍ਹਾਂ ਨੂੰ ਪੰਦਰਾਂ ਰੁਪਏ ਮਹੀਨਾ ਦਿੱਤਾ ਜਾਂਦਾ ਹੈ ( ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਹੈ ਇਸ ਕਰਕੇ ਕਿ ਇਹ ਹਰ ਰੋਜ਼ ਦੱਸੀ ਜਾਂਦੀ ਹੈ) ਸਵੇਰੇ ਖਰਚ ਕਰਨ ਵਾਸਤੇ ਅੱਧਾ ਆਨਾ ਅਤੇ ਸ਼ਾਮ ਨੂੰ ਇਕ ਆਨਾ ਦਿੱਤਾ ਜਾਂਦਾ ਹੈ। ਇਸ ਕਰਕੇ ਪੈਸਿਆਂ ਦੀ ਕੋਈ ਸਮੱਸਿਆ ਨਹੀਂ ਹੈ। ਸਵੇਰੇ ਰਾਮ ਜੀ ਲਾਲ ਬਾਣੀਏਂ ਦੀ ਦੁਕਾਨ ਤੋਂ ਰੰਗਦਾਰ ਗੋਲ਼ੀਆਂ ਖਰੀਦਦਾ ਹਾਂ ਅਤੇ ਸ਼ਾਮ ਨੂੰ ਸਾਹਮਣੇ ਫੁੱਟਪਾਥ ’ਤੇ ਰੇਹੜੀ ਲਾਉਣ ਵਾਲੇ ਭਾਗਵਤੀ ਦੀ ਚਾਟ ’ਤੇ ਆਨਾ ਖਰਚ ਕਰਦਾ ਹਾਂ। ਐਸ਼ ਹੀ ਐਸ਼ ਹੈ। ਸਕੂਲ ਖੁੱਲ ਗਏ ਹਨ। ਮੇਰਾ ਦਾਖਲਾ ਬੰਬਈ ਦੇ ਪ੍ਰਸਿੱਧ ਸਕੂ਼ਲ ਕਾਲਿਅਨ ਤਾਅਲੁਕੇਦਾਰ ਕਾਲਜ ਅੰਦਰ ਛੇਵੀਂ ਜਮਾਤ ਵਿਚ ਕਰਵਾ ਦਿੱਤਾ ਜਾਂਦਾ ਹੈ। ਪਹਿਲਾਂ ਇੱਥੇ ਸਿਰਫ ਜਗੀਰਦਾਰਾਂ (ਅਫਸਰਸ਼ਾਹਾਂ) ਦੇ ਪੁੱਤਰ ਪੜ੍ਹ ਸਕਦੇ ਸਨ। ਹੁਣ ਮੇਰੇ ਵਰਗੇ ਕਮਜਾਤਾਂ ਨੂੰ ਵੀ ਦਾਖਲਾ ਮਿਲ ਜਾਂਦਾ ਹੈ। ਹੁਣ ਵੀ ਬਹੁਤ ਮਹਿੰਗਾ ਸਕੂਲ ਹੈ ...... ਮੇਰੀ ਫੀਸ ਸਤਾਰਾਂ ਰੁਪਏ ਮਹੀਨਾ ਹੈ (ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਹੈ ਇਸ ਕਰਕੇ ਕਿ ਹਰ ਰੋਜ਼ .... ਛੱਡੋ ਪਰੇ) ਮੇਰੀ ਜਮਾਤ ਵਿਚ ਕਈ ਬੱਚੇ ਘੜੀ ਬੰਨ੍ਹਦੇ ਹਨ। ਉਹ ਸਭ ਅਮੀਰ ਘਰਾਂ ਤੋਂ ਹਨ। ਉਨ੍ਹਾਂ ਕੋਲ ਕਿੰਨੇ ਵਧੀਆ ਵਧੀਆ ਸਵੈਟਰ ਹਨ। ਇਕ ਦੇ ਕੋਲ ਤਾਂ ਫਾਉਂਨਟੇਨ ਪੈੱਨ ਵੀ ਹਨ। ਇਹ ਬੱਚੇ ਅੱਧੀ ਛੁੱਟੀ ਵੇਲੇ ਸਕੂਲ ਦੀ ਕੈਨਟੀਨ ਤੋਂ ਅੱਠ ਆਨੇ ਵਾਲੀ ਚਾਕਲੇਟ ਖਰੀਦਦੇ ਹਨ (ਹੁਣ ਭਾਗਵਤੀ ਦੀ ਚਾਟ ਚੰਗੀ ਨਹੀਂ ਲਗਦੀ) ਕੱਲ੍ਹ ਕਲਾਸ ਵਿਚ ਰਾਕੇਸ਼ ਕਹਿ ਰਿਹਾ ਸੀ ਉਹਦੇ ਡੈਡੀ ਨੇ ਕਿਹਾ ਹੈ ਕਿ ਉਹ ਉਹਨੂੰ ਪੜ੍ਹਨ ਲਈ ਇੰਗਲੈਂਡ ਭੇਜਣਗੇ। ਕੱਲ੍ਹ ਮੇਰਾ ਨਾਨਾ ਕਹਿ ਰਿਹਾ ਸੀ ......ਓਹ ਕੰਮਬਖਤਾ! ਮੈਟ੍ਰਿਕ ਪਾਸ ਕਰ ਲੈ ਤਾਂ ਕਿਸੇ ਡਾਕਖਾਨੇ ਵਿਚ ਮੋਹਰਾਂ ਲਾਉਣ ਦੀ ਨੌਕਰੀ ਤਾਂ ਮਿਲ ਜਾਵੇਗੀ। ਇਸ ਉਮਰ ਵਿਚ ਜਦੋਂ ਬੱਚੇ ਇੰਜਣ ਡਰਾਈਵਰ ਬਣਨ ਦੇ ਸੁਪਨੇ ਦੇਖਦੇ ਹਨ, ਮੈਂ ਫੈਸਲਾ ਕੀਤਾ ਹੈ ਕਿ ਮੈਂ ਵੱਡਾ ਹੋ ਕੇ ਅਮੀਰ ਬਣਾਂਗਾ ..............



ਸ਼ਹਿਰ ਅਲੀਗੜ੍ਹ .... ਕਿਰਦਾਰ – ਮੇਰੀ ਮਾਸੀ, ਦੂਜੇ ਘਰ ਵਾਲੇ ਅਤੇ ਮੈਂ ....... ਮੇਰੇ ਛੋਟੇ ਭਰਾ ਨੂੰ ਲਖਨਊ ਵਿਚ ਨਾਨੇ ਦੇ ਘਰ ਹੀ ਰੱਖ ਲਿਆ ਗਿਆ ਹੈ ਅਤੇ ਮੈਂ ਆਪਣੀ ਮਾਸੀ ਦੇ ਹਿੱਸੇ ਆਇਆ ਹਾਂ ਜੋ ਹੁਣ ਅਲੀਗੜ੍ਹ ਆ ਗਈ ਹੈ। ਠੀਕ ਹੀ ਤਾਂ ਹੈ। ਦੋ ਅਨਾਥ ਬੱਚਿਆਂ ਨੂੰ ਕੋਈ ਇਕ ਪਰਿਵਾਰ ਵਿਚ ਤਾਂ ਨਹੀਂ ਰੱਖ ਸਕਦਾ। ਮੇਰੀ ਮਾਸੀ ਦੇ ਘਰ ਸਾਹਮਣੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਮੈਦਾਨ ਹੈ। ਉਸ ਮੈਦਾਨ ਤੋਂ ਅੱਗੇ ਮੇਰਾ ਸਕੂਲ ਹੈ....... ਨੌਵੀਂ ਜਮਾਤ ਵਿਚ ਹਾਂ, ਉਮਰ ਚੌਦਾਂ ਸਾਲ ਹੈ। ਅਲੀਗੜ੍ਹ ਵਿਚ ਜਦੋਂ ਸਰਦੀ ਹੁੰਦੀ ਹੈ ਤਾਂ ਝੂਠ ਮੂਠ ਦੀ ਨਹੀਂ ਹੁੰਦੀ। ਪਹਿਲਾ ਘੰਟਾ ਸੱਤ ਵਜੇ ਹੁੰਦਾ ਹੈ। ਮੈਂ ਸਕੂਲ ਜਾ ਰਿਹਾ ਹਾਂ। ਸਾਹਮਣੇ ਤੋਂ ਚਾਕੂ ਦੀ ਧਾਰ ਵਰਗੀ ਤਿੱਖੀ ਤੇ ਠੰਢ੍ਹੀ ਹਵਾ ਆ ਰਹੀ ਹੈ। ਹੱਥ ਲਾ ਕੇ ਵੀ ਪਤਾ ਨਹੀਂ ਲਗਦਾ ਕਿ ਚਿਹਰਾ ਆਪਣੀ ਜਗ੍ਹਾ ਹੈ ਜਾਂ ਹਵਾ ਨੇ ਨੱਕ, ਕੰਨ੍ਹ ਕੱਟ ਦਿੱਤੇ ਹਨ। ਉਂਜ ਪੜ੍ਹਾਈ ਵਿਚ ਤਾਂ ਨੱਕ ਕੱਟਦੀ ਹੀ ਰਹਿੰਦੀ ਹੈ। ਪਤਾ ਨਹੀਂ ਕਿਵੇਂ। ਬਸ! ਪਾਸ ਹੋ ਜਾਂਦਾ ਹਾਂ। ਇਸ ਸਕੂਲ ਵਿਚ ਜਿਸ ਦਾ ਨਾਂ ਮਿੰਟੋ ਸਰਕਲ ਹੈ, ਮੇਰਾ ਦਾਖਲਾ ਕਰਵਾਉਂਦੇ ਹੋਏ ਮੇਰੇ ਮਾਸੜ ਨੇ ਟੀਚਰ ਨੂੰ ਕਿਹਾ ...... ਇਹਦਾ ਖਿਆਲ ਰੱਖਿਉ, ਦਿਲ ਪੜ੍ਹਾਈ ਵਿਚ ਘੱਟ ਪਰ ਫਿਲਮੀ ਗਾਣਿਆਂ ਵਿਚ ਵੱਧ ਲਗਦਾ ਹੈ। ਦਲੀਪ ਕੁਮਾਰ ਦੀ ਉੜਨ ਖਟੋਲਾ, ਰਾਜ ਕਪੂਰ ਦੀ ਸ੍ਰੀ ਚਾਰ ਸੌ ਬੀਸ ਦੇਖ ਚੁੱਕਾ ਹਾਂ। ਬਹੁਤ ਸਾਰੇ ਫਿਲਮੀ ਗਾਣੇ ਯਾਦ ਹਨ। ਪਰ, ਘਰ ਵਿਚ ਇਹ ਫਿਲਮੀ ਗੀਤ ਗਾਉਣੇ ਤਾਂ ਕੀ ਸੁਣਨ ਦੀ ਵੀ ਮਨਾਹੀ ਹੈ। ਇਸ ਕਰਕੇ ਸਕੂਲ ਤੋਂ ਵਾਪਸ ਆਉਂਦੇ ਹੋਏ ਰਸਤੇ ਵਿਚ ਉੱਚੀ ਉੱਚੀ ਗਾਉਂਦਾ ਹਾਂ (ਮਾਫ ਕਰਨਾ ਜਾਣ ਵੇਲੇ ਤਾਂ ਇੰਨੀ ਠੰਢ ਹੁੰਦੀ ਸੀ ਕਿ ਸਿਰਫ ਪੱਕੇ ਰਾਗ ਹੀ ਗਾਏ ਜਾ ਸਕਦੇ ਸਨ) ਮੇਰਾ ਸਕੂਲ ਯੂਨੀਵਰਸਿਟੀ ਏਰੀਏ ਵਿਚ ਹੀ ਹੈ। ਮੇਰੀ ਦੋਸਤੀ ਸਕੂਲ ਦੇ ਦੋ ਚਾਰ ਮੁੰਡਿਆਂ ਤੋਂ ਬਿਨਾਂ ਬਹੁਤੀ ਯੂਨੀਵਰਸਿਟੀ ਦੇ ਮੁੰਡਿਆਂ ਨਾਲ ਹੀ ਹੈ। ਮੈਨੂੰ ਵੱਡੇ ਮੁੰਡਿਆਂ ਵਾਂਗ ਹੋਟਲਾਂ ਵਿਚ ਬੈਠਣਾਂ ਚੰਗਾ ਲਗਦਾ ਹੈ। ਅਕਸਰ ਸਕੂਲ ਤੋਂ ਭੱਜ ਜਾਂਦਾ ਹਾਂ। ਸਕੂਲ ਤੋਂ ਸਿ਼ਕਾਇਤਾਂ ਆਉਂਦੀਆਂ ਹਨ। ਕਈ ਵਾਰ ਘਰ ਵਾਲਿਆਂ ਵਲੋਂ ਕਾਫੀ ਮਾਰ ਪਈ, ਪਰ ਕੋਈ ਫਰਕ ਨਹੀਂ ਪਿਆ। ਕੋਰਸ ਦੀਆਂ ਕਿਤਾਬਾਂ ਵਿਚ ਦਿਲ ਨਹੀਂ ਲੱਗਿਆ ਤਾਂ ਨਹੀਂ ਲੱਗਿਆ। ਪਰ ਨਾਵਲ ਬਹੁਤ ਪੜ੍ਹਦਾ ਹਾਂ। ਝਿੜਕਾਂ ਬਹੁਤ ਪੈਂਦੀਆਂ ਹਨ ਪਰ ਫੇਰ ਵੀ ਪੜ੍ਹਦਾ ਹਾਂ। ਮੈਨੂੰ ਸਿ਼ਅਰ ਬਹੁਤ ਯਾਦ ਹਨ। ਯੂਨੀਵਰਸਿਟੀ ਵਿਚ ਜਦੋਂ ਵੀ ਉਰਦੂ ਸਿ਼ਅਰਾਂ ਦਾ ਮੁਕਾਬਲਾ ਹੁੰਦਾ ਹੈ ਮੈਂ ਆਪਣੇ ਸਕੂਲ ਵਲੋਂ ਜਾਂਦਾ ਹਾਂ ਅਤੇ ਹਰ ਵਾਰ ਮੈਨੂੰ ਬਹੁਤ ਸਾਰੇ ਇਨਾਮ ਮਿਲਦੇ ਹਨ। ਯੂਨੀਵਰਸਿਟੀ ਦੇ ਸਾਰੇ ਮੁੰਡੇ-ਕੁੜੀਆਂ ਮੈਨੂੰ ਜਾਣਦੇ ਹਨ। ਮੁੰਡੇ ਮੈਨੂੰ ਜਾਣਦੇ ਹਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਲੜਕੀਆਂ ਜਾਣਦੀਆਂ ਹਨ ਇਸ ਗੱਲ ਦੀ ਬਹੁਤੀ ਖੁਸ਼ੀ ਹੈ। .................

............... ਹੁਣ ਮੈਂ ਕੁੱਝ ਵੱਡਾ ਹੋ ਗਿਆ ਹਾਂ ...... ਮੈਂ ਪੰਦਰਾ ਸਾਲ ਦਾ ਹਾਂ ਅਤੇ ਜਿ਼ੰਦਗੀ ਵਿਚ ਪਹਿਲੀ ਵਾਰ ਇਕ ਲੜਕੀ ਨੂੰ ਖ਼ਤ ਲਿਖ ਰਿਹਾਂ। ਮੇਰਾ ਦੋਸਤ ਬਿੱਲੂ ਮੇਰੀ ਮੱਦਦ ਕਰਦਾ ਹੈ। ਅਸੀਂ ਦੋਵੇਂ ਮਿਲ ਕੇ ਇਹ ਖ਼ਤ ਲਿਖਦੇ ਹਾਂ। ਦੂਜੇ ਦਿਨ ਇਕ ਖਾਲੀ ਬੈਡਮਿੰਟਨ ਕੋਰਟ ਵਿਚ ਉਹ ਲੜਕੀ ਮੈਨੂੰ ਮਿਲਦੀ ਹੈ ਅਤੇ ਹੌਸਲਾ ਕਰਕੇ ਇਹ ਖ਼ਤ ਮੈਂ ਉਹਨੂੰ ਦੇ ਦਿੰਦਾ ਹਾਂ। ਇਹ ਮੇਰੀ ਜਿ਼ੰਦਗੀ ਦਾ ਪਹਿਲਾ ਤੇ ਆਖਰੀ ਪ੍ਰੇਮ ਪੱਤਰ ਹੈ। (ਉਸ ਖਤ ਵਿਚ ਕੀ ਲਿਖਿਆ ਸੀ ਉਹ ਤਾਂ ਭੁੱਲ ਗਿਆ ਪਰ ਉਹ ਲੜਕੀ ਅੱਜ ਤੱਕ ਯਾਦ ਹੈ) ਮੈਟ੍ਰਿਕ ਤੋਂ ਬਾਅਦ ਅਲੀਗੜ੍ਹ ਛੱਡ ਰਿਹਾ ਹਾਂ। ਮੇਰੀ ਮਾਸੀ ਬਹੁਤ ਰੋ ਰਹੀ ਹੈ ਅਤੇ ਮੇਰਾ ਮਾਸੜ ਉਹਨੂੰ ਚੁੱਪ ਕਰਵਾਉਣ ਵਾਸਤੇ ਉਹਨੂੰ ਕਹਿ ਰਿਹਾ ਹੈ ਕਿ ਤੁੰ ਤਾਂ ਇਵੇਂ ਰੋ ਰਹੀ ਏਂ ਜਿਵੇਂ ਇਹ ਭੋਪਾਲ ਨਹੀਂ ਵਾਰ ਫਰੰਟ (ੱਅਰ ਾਂਰੋਨਟ) ’ਤੇ ਜਾ ਰਿਹਾ ਹੋਵੇ। ਉਸ ਸਮੇਂ ਨਾ ਉਹ ਜਾਣਦੇ ਸਨ ਨਾ ਮੈਂ ਕਿ ਮੈਂ ਸੱਚ ਮੁੱਚ ਵਾਰ ਫਰੰਟ ’ਤੇ ਹੀ ਜਾ ਰਿਹਾ ਸੀ।

ਸ਼ਹਿਰ ਭੋਪਾਲ ...... ਕਿਰਦਾਰ..... ਅਣਗਿਣਤ ਮਿਹਰਬਾਨ, ਬਹੁਤ ਸਾਰੇ ਦੋਸਤ ਅਤੇ ਮੈਂ ...... ਅਲੀਗੜ੍ਹ ਤੋਂ ਬੰਬਈ ਜਾਂਦੇ ਹੋਏ ਮੇਰੇ ਬਾਪ ਨੇ ਮੈਨੂੰ ਭੋਪਾਲ ਜਾਂ ਇਉਂ ਕਹੋ ਅੱਧ-ਵਾਟੇ ਹੀ ਛੱਡ ਦਿੱਤਾ। ਕੁੱਝ ਦਿਨ ਆਪਣੀ ਮਤਰੇਈ ਮਾਂ ਦੇ ਘਰ ਵਿਚ ਰਿਹਾ। ਫੇਰ ਉਹ ਵੀ ਜਾਂਦਾ ਰਿਹਾ। ਸੈਫੀਆ ਕਾਲਜ ਵਿਚ ਪੜ੍ਹਦਾ ਹਾਂ ਅਤੇ ਦੋਸਤਾਂ ਦੇ ਸਹਾਰੇ ਰਹਿੰਦਾ ਹਾਂ। ਦੋਸਤ, ਜਿਨ੍ਹਾਂ ਦੀ ਲਿਸਟ ਬਨਾਉਣ ਬੈਠਾਂ ਤਾਂ ਟੈਲੀਫੋਨ ਡਾਇਰੈਕਟਰੀ ਤੋਂ ਮੋਟੀ ਕਿਤਾਬ ਬਣ ਜਾਵੇਗੀ। ਹੁਣ ਬੀ.ਏ ਦੇ ਦੂਜੇ ਸਾਲ ਵਿਚ ਹਾਂ। ਆਪਣੇ ਦੋਸਤ ਏਜਾਜ਼ ਦੇ ਨਾਲ ਰਹਿੰਦਾ ਹਾਂ। ਕਿਰਾਇਆ ਉਹ ਦਿੰਦਾ ਹੈ, ਮੈਂ ਤਾਂ ਬੱਸ ਰਹਿੰਦਾ ਹਾਂ। ਉਹ ਪੜ੍ਹਦਾ ਹੈ ਤੇ ਟਿਊਸ਼ਨ ਪੜ੍ਹਾ ਕੇ ਗੁਜ਼ਾਰਾ ਕਰਦਾ ਹੈ। ਸਾਰੇ ਦੋਸਤ ਉਹਨੂੰ ਮਾਸਟਰ ਕਹਿੰਦੇ ਹਨ ....... ਮਾਸਟਰ ਨਾਲ ਮੇਰਾ ਕਿਸੇ ਗੱਲੋਂ ਝਗੜਾ ਹੋ ਗਿਆ ਹੈ। ਗੱਲ-ਬਾਤ ਬੰਦ ਹੈ ਇਸ ਕਰਕੇ ਅਜ ਕਲ ਮੈਂ ਉਸ ਤੋਂ ਪੈਸੇ ਨਹੀਂ ਮੰਗਦਾ। ਸਾਹਮਣੇ ਦੀਵਾਰ ਨਾਲ ਟੰਗੀ ਹੋਈ ਉਸਦੀ ਪੈਂਟ ਵਿਚੋਂ ਕੱਢ ਲੈਂਦਾ ਹਾਂ ਜਾਂ ਉਹ ਬਿਨਾ ਮੇਰੇ ਨਾਲ ਗੱਲ ਕੀਤਿਆਂ ਮੇਰੇ ਸਰਹਾਣੇ ਇਕ-ਦੋ ਰੁਪਏ ਰੱਖਕੇ ਚਲਾ ਜਾਂਦਾ ਹੈ।

ਮੈਂ ਬੀ.ਏ ਫਾਈਨਲ ਵਿਚ ਹਾਂ। ਇਹ ਇਸ ਕਾਲਜ ਵਿਚ ਮੇਰਾ ਚੌਥਾ ਸਾਲ ਹੈ। ਕਦੇ ਫੀਸ ਨਹੀਂ ਦਿੱਤੀ ...... ਕਾਲਜ ਵਾਲਿਆਂ ਨੇ ਮੰਗੀ ਵੀ ਨਹੀਂ। ਇਹ ਸ਼ਾਇਦ ਸਿਰਫ ਭੋਪਾਲ ਵਿਚ ਹੀ ਹੋ ਸਕਦਾ ਹੈ।

ਕਾਲਜ ਦੇ ਕੰਪਾਊਡ ਵਿਚ ਇਕ ਖਾਲੀ ਕਮਰਾ, ਉਹ ਵੀ ਮੈਨੂੰ ਮੁਫਤ ਵਿਚ ਦੇ ਦਿੱਤਾ ਗਿਆ ਹੈ। ਜਦੋਂ ਕਲਾਸ ਖਤਮ ਹੋ ਜਾਂਦੀ ਹੈ ਤਾਂ ਮੈਂ ਕਿਸੇ ਕਲਾਸ ਰੂਮ ਵਿਚੋਂ ਦੋ ਬੈਂਚ ਚੁੱਕ ਕੇ ਇਸ ਕਮਰੇ ਵਿਚ ਰੱਖ ਲੈਂਦਾ ਹਾਂ ਅਤੇ ਉਨ੍ਹਾਂ ’ਤੇ ਆਪਣਾ ਬਿਸਤਰਾ ਵਿਛਾ ਲੈਂਦਾ ਹਾਂ। ਬਾਕੀ ਤਾਂ ਸਭ ਠੀਕ ਹੈ ਪਰ ਬੈਂਚਾਂ ਵਿਚ ਖਟਮਲ ਬਹੁਤ ਹਨ। ਜਿਸ ਹੋਟਲ ਵਿਚੋਂ ਉਧਾਰ ਖਾਂਦਾ ਸਾਂ ਉਹ ਮੇਰੇ ਵਰਗੇ ਮੁਫਤਖੋਰਾਂ ਨੂੰ ਉਧਾਰ ਖੁਆ ਖੁਆ ਕੇ ਬੰਦ ਹੋ ਗਿਆ ਹੈ। ਉਸ ਦੀ ਥਾਂ ਜੁੱਤੀਆਂ ਦੀ ਦੁਕਾਨ ਖੁੱਲ੍ਹ ਗਈ ਹੈ। ਹੁਣ ਕੀ ਖਾਵਾਂ। ਬੀਮਾਰ ਹਾਂ, ਇਕੱਲਾ ਹਾਂ, ਤੇਜ ਬੁਖਾਰ ਹੈ, ਭੁੱਖ ਉਸ ਤੋਂ ਵੀ ਜਿ਼ਆਦਾ ਹੈ। ਕਾਲਜ ਦੇ ਦੋ ਲੜਕੇ ਜਿਨ੍ਹਾਂ ਨਾਲ ਮੇਰੀ ਮਾਮੂਲੀ ਹੀ ਜਾਣ-ਪਹਿਚਾਣ ਹੈ ਮੇਰੇ ਵਾਸਤੇ ਟਿਫਨ ਵਿਚ ਖਾਣਾ ਲੈ ਕੇ ਆਉਂਦੇ ਹਨ .......... ਮੇਰੀ ਦੋਹਾਂ ਨਾਲ ਕੋਈ ਦੋਸਤੀ ਨਹੀਂ ਹੈ, ਫੇਰ ਵੀ ....... ਅਜੀਬ ਬੇਵਕੂਫ ਹਨ। ਪਰ ਮੈਂ ਬਹੁਤ ਚਲਾਕ ਹਾਂ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਉਨ੍ਹਾਂ ਦੋਹਾਂ ਦੇ ਜਾਣ ਤੋਂ ਬਾਅਦ ਮੈਂ ਰੋਵਾਂਗਾ। ਮੈਂ ਠੀਕ ਹੋ ਜਾਂਦਾ ਹਾਂ। ਉਹ ਦੋਵੇਂ ਮੇਰੇ ਬਹੁਤ ਚੰਗੇ ਦੋਸਤ ਬਣ ਜਾਂਦੇ ਹਨ ....... ਮੈਨੂੰ ਕਾਲਜ ਵਿਚ ਡੀਬੇਟ ਵਿਚ ਹਿੱਸਾ ਲੈਣ ਦਾ ਸ਼ੌਕ ਹੋ ਗਿਆ ਹੈ। ਪਿਛਲੇ ਤਿੰਨ ਸਾਲ ਤੋਂ ਭੋਪਾਲ ਦੇ ਰੋਟਰੀ ਕਲੱਬ ਦੇ ਇਨਾਮ ਜਿੱਤ ਰਿਹਾ ਹਾਂ। ਇੰਟਰ ਕਾਲਜ ਡੀਬੇਟ ਵਿਚ ਬਹੁਤ ਸਾਰੀਆਂ ਸ਼ੀਲਡਾਂ ਮੈਂ ਜਿੱਤੀਆਂ ਹਨ। ਵਿਕਰਮ ਯੂਨੀਵਰਸਿਟੀ ਵਲੋਂ ਦਿੱਲੀ ਵਿਚ ਹੋਏ ਨੈਸ਼ਨਲ ਯੂਥ ਫੈਸਟੀਵਲ ਵਿਚ ਵੀ ਹਿੱਸਾ ਲਿਆ ਹੈ। ਕਾਲਜ ਵਿਚ ਦੋ ਪਾਰਟੀਆਂ ਹਨ ਅਤੇ ਚੋਣਾਂ ਵੇਲੇ ਦੋਵੇਂ ਪਾਰਟੀਆਂ ਮੈਨੂੰ ਆਪਣੇ ਵਲੋਂ ਬੋਲਣ ਲਈ ਕਹਿੰਦੀਆਂ ਹਨ ....... ਮੈਨੂੰ ਚੋਣਾਂ ਨਾਲ ਨਹੀਂ ਸਿਰਫ ਬੋਲਣ ਨਾਲ ਮਤਲਬ ਹੈਂ ਇਸ ਕਰਕੇ ਮੈਂ ਦੋਵਾਂ ਪਾਸਿਆਂ ਵਲੋਂ ਭਾਸ਼ਣ ਕਰ ਦਿੰਦਾ ਹਾਂ।

ਕਾਲਜ ਦਾ ਇਹ ਕਮਰਾ ਵੀ ਜਾਂਦਾ ਰਿਹਾ। ਹੁਣ ਮੈਂ ਮੁਸ਼ਤਾਕ ਸਿੰਘ ਨਾਲ ਹਾਂ। ਮੁਸ਼ਤਾਕ ਸਿੰਘ ਨੌਕਰੀ ਕਰਦਾ ਤੇ ਪੜ੍ਹਦਾ ਹੈ। ਉਹ ਕਾਲਜ ਦੀ ਉਰਦੂ ਅਸੌਸੀਏਸ਼ਨ ਦਾ ਪ੍ਰਧਾਨ ਹੈ। ਮੈਂ ਬਹੁਤ ਚੰਗੀ ਉਰਦੂ ਜਾਣਦਾ ਹਾਂ, ਉਹ ਮੇਥੋਂ ਵੀ ਬਿਹਤਰ ਜਾਣਦਾ ਹੈ। ਮੈਨੂੰ ਅਣਗਿਣਤ ਸਿ਼ਅਰ ਯਾਦ ਹਨ , ਉਹਨੂੰ ਮੇਥੋਂ ਵੀ ਵੱਧ ਯਾਦ ਹਨ। ਮੈਂ ਆਪਣੇ ਘਰ ਵਾਲਿਆਂ ਤੋਂ ਅਲੱਗ ਹਾਂ । ਉਹਦੇ ਘਰ ਵਾਲੇ ਹੈ ਹੀ ਨਹੀਂ। ...... ਦੇਖੋ ਹਰ ਕੰਮ ਵਿਚ ਉਹ ਮੇਥੋਂ ਅੱਗੇ ਹੈ। ਸਾਲ ਭਰ ਤੋਂ ਉਹ ਮੇਰੇ ਨਾਲ ਦੋਸਤੀ ਖਾਣੇ ਅਤੇ ਕੱਪੜੇ ’ਤੇ ਹੀ ਨਿਭਾ ਰਿਹਾ ਹੈ ਭਾਵ ਖਾਣਾ ਵੀ ਖਵਾਉਂਦਾ ਹੈ ਅਤੇ ਕੱਪੜੇ ਵੀ ਉਹ ਹੀ ਸਵਾਉਂਦਾ ਹੈ। ਪੱਕਾ ਸਰਦਾਰ ਹੈ ਪਰ ਮੇਰੇ ਵਾਸਤੇ ਸਿਗਰਟਾਂ ਖਰੀਦਣੀਆਂ ਉਸਦੀ ਜ਼ੁੰਮੇਵਾਰੀ ਹੈ।

ਹੁਣ ਮੈਂ ਕਦੇ-ਕਦਾਈਂ ਸ਼ਰਾਬ ਵੀ ਪੀਣ ਲੱਗਿਆ ਹਾਂ। ਅਸੀਂ ਦੋਵੇਂ ਰਾਤ ਨੂੰ ਬੈਠੇ ਸ਼ਰਾਬ ਪੀ ਰਹੇ ਹਾਂ। ਉਹ ਮੈਨੂੰ ਪਾਰਟੀਸ਼ਨ (ਵੰਡ) ਅਤੇ ਉਸ ਜ਼ਮਾਨੇ ਦੇ ਦੰਗਿਆਂ ਦੇ ਕਿੱਸੇ ਸੁਣਾ ਰਿਹਾ ਹੈ। ਉਹ ਬਹੁਤ ਛੋਟਾ ਸੀ ਪਰ ਉਸ ਨੂੰ ਯਾਦ ਹੈ ਕਿ ਕਿਵੇਂ ਦਿੱਲੀ ਦੇ ਕਰੋਲ ਬਾਗ ਵਿਚ ਦੋ ਮੁਸਲਮਾਨ ਲੜਕੀਆਂ ਨੂੰ ਜਲਦੇ ਹੋਏ ਲੁੱਕ ਦੇ ਡਰੰਮ ਵਿਚ ਸੁੱਟ ਦਿੱਤਾ ਗਿਆ ਅਤੇ ਕਿਵੇਂ ਇਕ ਮੁਸਲਮਾਨ ਮੁੰਡੇ ਨੂੰ ...... ਮੈਂ ਉਹਨੂੰ ਕਿਹਾ ..... “ਮੁਸ਼ਤਾਕ ਸਿੰਘ ! ਤੂੰ ਕੀ ਚਾਹੁੰਦਾ ਐਂ ਕਿ ਇਕ ਘੰਟੇ ਤੋਂ ਅਜਿਹੇ ਕਿੱਸੇ ਸੁਣਾ ਕੇ ਮੁਸਲਿਮ ਲੀਗੀ ਬਨਾਉਣ ਦੀ ਕੋਸਿ਼ਸ਼ ਕਰ ਰਿਹੈਂ। ਜ਼ੁਲਮ ਦੀ ਇਹ ਤਾੜੀ ਤਾਂ ਦੋਵਾਂ ਹੱਥਾਂ ਨਾਲ ਬੱਜੀ ਸੀ – ਹੁਣ ਫੇਰ ਦੂਜੇ ਪਾਸੇ ਦੀ ਵੀ ਕੋਈ ਵਾਰਦਾਤ ਸੁਣਾ।”

ਮੁਸ਼ਤਾਕ ਸਿੰਘ ਹੱਸਣ ਲਗਦਾ ਹੈ ..... “ ਚਲ! ਸੁਣਾ ਦਿੰਦਾ ਹਾਂ – ਜੱਗ ਬੀਤੀ ਸੁਣਾਵਾਂ ਜਾਂ ਆਪ ਬੀਤੀ” ਮੈਂ ਕਿਹਾ “ਆਪ ਬੀਤੀ” ਅਤੇ ਉਹ ਜਵਾਬ ਦਿੰਦਾ ਹੈ “ਮੇਰਾ ਗਿਆਰਾਂ ਜੀਆਂ ਦਾ ਖਾਨਦਾਨ ਸੀ, ਦਸ ਮੇਰੀਆਂ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤੇ ਗਏ ਸਨ .........”

ਮੁਸ਼ਤਾਕ ਸਿੰਘ ਨੂੰ ਉਰਦੂ ਦੇ ਬਹੁਤ ਸਾਰੇ ਸਿ਼ਅਰ ਯਾਦ ਹਨ। ਮੈਂ ਮੁਸ਼ਤਾਕ ਸਿੰਘ ਦੇ ਕਮਰੇ ਵਿਚ ਇਕ ਸਾਲ ਤੋਂ ਰਹਿ ਰਿਹਾ ਹਾਂ। ਬਸ! ਇਕ ਗੱਲ ਸਮਝ ਵਿਚ ਨਹੀਂ ਆਉਂਦੀ “ਮੁਸ਼ਤਾਕ ਸਿੰਘ ਤੈਨੂੰ ਉਨ੍ਹਾਂ ਲੋਕਾਂ ਨੇ ਕਿਵੇਂ ਛੱਡ ਦਿੱਤਾ? ਤੇਰੇ ਵਰਗੇ ਭਲੇ ਲੋਕ ਕਿਸੇ ਜਾਤ ਕਿਸੇ ਮਜ੍ਹਬ ਵਿਚ ਪੈਦਾ ਹੋਣ ਹਮੇਸ਼ਾ ਸੂਲੀ ’ਤੇ ਚੜ੍ਹਾਏ ਜਾਂਦੇ ਹਨ – ਤੂੰ ਕਿਵੇਂ ਬਚ ਗਿਆ? ...... ਅਜ ਕਲ ਉਹ ਗਲਾਸਗੋ ਵਿਚ ਹੈ। ਜਦੋਂ ਅਸੀਂ ਇਕ ਦੂਜੇ ਤੋਂ ਵਿਛੜ ਰਹੇ ਸਾਂ ਤਾਂ ਮੈਂ ਉਸਦਾ ਕੜਾ ਉਸਤੋਂ ਲੈ ਕੇ ਪਹਿਨ ਲਿਆ ਸੀ ਅਤੇ ਉਹ ਅੱਜ ਤੱਕ ਮੇਰੀ ਬਾਂਹ ਵਿਚ ਹੈ ਅਤੇ ਜਦੋਂ ਵੀ ਉਹਦੇ ਬਾਰੇ ਸੋਚਦਾ ਹਾਂ ਤਾਂ ਅਜਿਹਾ ਲਗਦਾ ਹੈ ਕਿ ਉਹ ਮੇਰੇ ਸਾਹਮਣੇ ਹੈ ਅਤੇ ਕਹਿ ਰਿਹਾ ਹੈ : 

ਬਹੁਤ ਨਾਕਾਮੀਔਂ ਪਰ ਆਪ ਅਪਨੀ ਨਾਜ਼ ਕਰਤੇ ਹੈਂ
ਅਭੀ ਦੇਖੀ ਕਹਾਂ ਹੈਂ ਆਪ ਨੇ ਨਾਕਾਮੀਆਂ ਮੇਰੀ 

ਸ਼ਹਿਰ ਬੰਬਈ ...... ਕਿਰਦਾਰ – ਫਿਲਮੀ ਇੰਡਸਟਰੀ, ਦੋਸਤ , ਦੁਸ਼ਮਣ ਅਤੇ ਮੈਂ ................

4 ਅਕਤੂਬਰ 1964 ਨੂੰ ਮੈਂ ਬੰਬਈ ਸੈਂਟਰਲ ਸਟੇਸ਼ਨ ’ਤੇ ਉਤਰਿਆ ਹਾਂ। ਹੁਣ ਇਸ ਅਦਾਲਤ ਵਿਚ ਮੇਰੀ ਜਿ਼ੰਦਗੀ ਦਾ ਫੈਸਲਾ ਹੋਣਾ ਹੈ। ਬੰਬਈ ਆਉਣ ਤੋਂ ਛੇ ਦਿਨ ਬਾਅਦ ਪਿਉ ਦਾ ਘਰ ਛੱਡਣਾ ਪੈਂਦਾ ਹੈ। ਜੇਬ ਵਿਚ 27 ਨਵੇਂ ਪੈਸੇ ਹਨ। ਮੈਂ ਖੁਸ਼ ਹਾਂ ਕਿ ਜਿ਼ੰਦਗੀ ਵਿਚ ਕਦੇ 28 ਨਵੇਂ ਪੈਸੇ ਵੀ ਜੇਬ ਵਿਚ ਆ ਗਏ ਤਾਂ ਮੈਂ ਫਾਇਦੇ ਵਿਚ ਰਵ੍ਹਾਂਗਾ ਅਤੇ ਦੁਨੀਆਂ ਘਾਟੇ ’ਚ।

ਬੰਬਈ ਵਿਚ ਦੋ ਸਾਲ ਲੰਘਣ ਨੂੰ ਹਨ, ਨਾ ਰਹਿਣ ਦਾ ਟਿਕਾਣਾ ਹੈ ਨਾ ਖਾਣ ਦਾ। ਉਂਜ ਤਾਂ ਇਕ ਛੋਟੀ ਜਹੀ ਫਿਲਮ ਵਿਚ 100 ਰੁਪਏ ਮਹੀਨੇ ’ਤੇ ਡਾਇਲਾਗ ਲਿਖ ਚੁੱਕਾ ਹਾਂ। ਕਦੀਂ ਕਿਧਰੇ ਅਸਿਸਟੈਂਟ ਬਣ ਜਾਂਦਾ ਹਾਂ, ਕਦੇ ਕੋਈ ਹੋਰ ਛੋਟਾ-ਮੋਟਾ ਕੰਮ ਮਿਲ ਜਾਂਦਾ ਹੈ। ਅਕਸਰ ਉਹ ਵੀ ਨਹੀਂ ਮਿਲਦਾ। ਦਾਦਰ ਇਕ ਪ੍ਰੋਡਿਊਸਰ ਦੇ ਦਫਤਰ ਆਪਣੇ ਪੈਸੇ ਲੈਣ ਆਇਆ ਹਾਂ ਜਿਸਨੇ ਮੇਥੋਂ ਆਪਣੀ ਫਿਲਮ ਦੇ ਕਾਮੇਡੀ ਸੀਨ ਲਿਖਵਾਏ ਸਨ। ਇਹ ਸੀਨ ਉਸ ਮਸ਼ਹੂਰ ਲੇਖਕ ਦੇ ਨਾਂ ’ਤੇ ਹੀ ਫਿਲਮ ਵਿਚ ਆਉਣਗੇ ਜਿਹੜਾ ਇਹ ਫਿਲਮ ਲਿਖ ਰਿਹਾ ਹੈ। ਦਫਤਰ ਬੰਦ ਹੈ। ਵਾਪਸ ਬਾਂਦਰਾ ਜਾਣਾ ਹੈ, ਜੋ ਕਾਫੀ ਦੂਰ ਹੈ। ਪੈਸੇ ਇੰਨੇ ਕੁ ਹੀ ਹਨ ਕਿ ਜਾਂ ਤਾਂ ਬੱਸ ਦਾ ਟਿਕਟ ਲੈ ਲਵਾਂ ਜਾਂ ਕੁੱਝ ਖਾ ਲਵਾਂ। ਪਰ ਫੇਰ ਪੈਦਲ ਜਾਣਾ ਪਵੇਗਾ। ਛੋਲੇ ਖਰੀਦ ਕੇ ਜੇਬ ਵਿਚ ਪਾਉਂਦਾ ਹਾਂ ਅਤੇ ਪੈਦਲ ਸਫਰ ਸ਼ੁਰੂ ਕਰਦਾ ਹਾਂ। ਕੋਹਿਨੂਰ ਮਿਲਜ਼ ਦੇ ਗੇਟ ਦੇ ਸਾਹਮਣਿਉਂ ਲੰਘਦੇ ਹੋਏ ਸੋਚਦਾ ਹਾਂ ਕਿ ਸ਼ਾਇਦ ਸਭ ਬਦਲ ਜਾਵੇ, ਪਰ ਇਹ ਗੇਟ ਤਾਂ ਰਹੇਗਾ। ਇਕ ਦਿਨ ਇਸ ਗੇਟ ਦੇ ਸਾਹਮਣੇ ਤੋਂ ਆਪਣੀ ਕਾਰ ਵਿਚ ਲੰਘਾਂਗਾ। ਇਕ ਫਿਲਮ ਵਿਚ ਡਾਇਲਾਗ ਲਿਖਣ ਦਾ ਕੰਮ ਮਿਲਿਆ ਹੈ। ਕੁੱਝ ਸੀਨ ਲਿਖ ਕੇ ਡਾਇਰੈਕਟਰ ਦੇ ਘਰ ਜਾਂਦਾ ਹਾਂ। ਉਹ ਬੈਠਾ ਨਾਸ਼ਤੇ ਵਿਚ ਅਨਾਨਾਸ ਖਾ ਰਿਹਾ ਹੈ। ਸੀਨ ਲੈ ਕੇ ਪੜ੍ਹਦਾ ਹੈ ਅਤੇ ਕਾਗਜ਼ ਮੇਰੇ ਮੂਹ ’ਤੇ ਵਗਾਹ ਮਾਰਦਾ ਹੈ ਅਤੇ ਫਿਲਮ ਤੋਂ ਬਾਹਰ ਕੱਢਦਾ ਹੋਇਆ ਕਹਿੰਦਾ ਹੈ ਕਿ ਮੈਂ ਜਿੰ਼ਦਗੀ ਵਿਚ ਕਦੇ ਵੀ ਲੇਖਕ ਨਹੀਂ ਬਣ ਸਕਦਾ। ਕੜਕਦੀ ਧੁੱਪ ਵਿਚ ਇਕ ਸੜਕ ਤੇ ਤੁਰਦੇ ਹੋਏ ਮੈਂ ਆਪਣੀ ਅੱਖ ਦੇ ਇਕ ਕੋਨੇ ਵਿਚ ਆਇਆ ਅਥਰੂ ਪੂੰਝਦਾ ਹਾਂ ਅਤੇ ਸੋਚਦਾ ਹਾਂ ਕਿ ਮੈਂ ਇਕ ਦਿਨ ਇਸ ਡਾਇਰੈਕਟਰ ਨੂੰ ਵਿਖਾਵਾਂਗਾ ਕਿ ....... ਫੇਰ ਪਤਾ ਨਹੀਂ ਕਿਉਂ ਖਿਆਲ ਆਉਂਦਾ ਹੈ ਕਿ ਕੀ ਇਹ ਡਾਇਰੈਕਟਰ ਨਾਸ਼ਤੇ ਵਿਚ ਹਰ ਰੋਜ਼ ਹੀ ਅਨਾਨਾਸ ਖਾਂਦਾ ਹੋਵੇਗਾ।

.......... ਰਾਤ ਦੇ ਸ਼ਾਇਦ ਦੋ ਬੱਜੇ ਹੋਣਗੇ। ਬੰਬਈ ਦੀ ਬਰਸਾਤ, ਲਗਦਾ ਹੈ ਕਿ ਅਸਮਾਨ ਤੋਂ ਸਮੁੰਦਰ ਬਰਸ ਰਿਹਾ ਹੈ। ਮੈਂ ਖਾਰ ਸਟੇਸ਼ਨ ਦੇ ਪੈਰਟੀਕੋ ਦੀਆਂ ਪੌੜੀਆਂ ਤੇ ਇਕ ਕਮਜ਼ੋਰ ਜਹੇ ਬਲਬ ਦੀ ਰੌਸ਼ਨੀ ਵਿਚ ਬੈਠਾ ਹਾਂ। ਨੇੜੇ ਹੀ ਜ਼ਮੀਨ ’ਤੇ ਇਸ ’ਨੇਰ੍ਹੀ-ਤੂਫਾਨ ਤੋਂ ਬੇਖਬਰ ਤਿੰਨ ਆਦਮੀ ਸੌਂ ਰਹੇ ਹਨ। ਦੂਰ ਖੂੰਜੇ ਵਿਚ ਭਿੱਜਿਆ ਹੋਇਆ ਇਕ ਕੁੱਤਾ ਕੰਬ ਰਿਹਾ ਹੈ। ਲਗਦਾ ਹੈ ਮੀਂਹ ਕਦੇ ਨਹੀਂ ਹਟੇਗਾ। ਦੂਰ ਤੱਕ ਖਾਲੀ, ਹਨੇਰੀਆਂ ਸੜਕਾਂ ’ਤੇ ਜੋ਼ਰਦਾਰ ਪਾਣੀ ਬਰਸ ਰਿਹਾ ਹੈ। ਖਾਮੋਸ਼ ਬਿਲਡਿੰਗਾਂ ਦੀਆਂ ਰੌਸ਼ਨੀਆਂ ਕਦੋਂ ਦੀਆਂ ਬੁਝ ਚੁੱਕੀਆਂ ਹਨ। ਲੋਕ ਆਪੋ-ਆਪਣੇ ਘਰਾਂ ਵਿਚ ਸੌਂ ਰਹੇ ਹੋਣਗੇ। ਇਸੇ ਸ਼ਹਿਰ ਵਿਚ ਮੇਰੇ ਬਾਪ ਦਾ ਵੀ ਘਰ ਹੈ। ਬੰਬਈ ਕਿੰਨਾ ਵੱਡਾ ਸ਼ਹਿਰ ਹੈ ਤੇ ਮੈਂ ਕਿੰਨਾ ਛੋਟਾ ਹਾਂ, ਜਿਵੇਂ ਕੁੱਝ ਵੀ ਨਾ ਹੋਵਾਂ। ਆਦਮੀ ਕਿੰਨੀ ਵੀ ਹਿੰਮਤ ਰੱਖੇ ਕਦੇ ਕਦੇ ਬਹੁਤ ਡਰ ਲਗਦਾ ਹੈ।

........ ਮੈਂ ਹੁਣ ਸਾਲ ਭਰ ਤੋਂ ਕਮਾਲ ਸਟੂਡੀਉ (ਜੋ ਹੁਣ ਨਟਰਾਜ ਸਟੂਡੀਉ ਹੈ) ਵਿਚ ਰਹਿੰਦਾ ਹਾਂ। ਕੰਪਾਊਡ ਵਿਚ ਕਿਧਰੇ ਵੀ ਸੌਂ ਜਾਂਦਾ ਹਾਂ। ਕਦੇ ਕਿਸੇ ਵਰਾਂਡੇ ਵਿਚ , ਕਦੇ ਕਿਸੇ ਦਰੱਖਤ ਦੇ ਥੱਲੇ, ਕਦੇ ਕਿਸੇ ਬੈਂਚ ’ਤੇ ਅਤੇ ਕਦੇ ਕਿਸੇ ਕਾਰੀਡੋਰ ’ਚ। ਇੱਥੇ ਮੇਰੇ ਵਰਗੇ ਹੋਰ ਕਈ ਬੇ-ਘਰ ਤੇ ਬੇਰੋਜ਼ਗਾਰ ਇਸੇ ਤਰ੍ਹਾਂ ਹੀ ਰਹਿੰਦੇ ਹਨ। ਉਨ੍ਹਾਂ ਵਿਚੋਂ ਹੀ ਇਕ ਜਗਦੀਸ਼ ਹੈ, ਉਹਦੇ ਨਾਲ ਮੇਰੀ ਚੰਗੀ ਦੋਸਤੀ ਹੋ ਜਾਂਦੀ ਹੈ। ਉਹ ਰੋਜ਼ ਇਕ ਨਵੀਂ ਤਰਕੀਬ ਸੋਚਦਾ ਹੈ ਕਿ ਅੱਜ ਖਾਣਾ ਕਿੱਥੋਂ ਤੇ ਕਿਵੇਂ ਮਿਲ ਸਕਦਾ ਹੈ। ਅੱਜ ਦਾਰੂ ਕੌਣ ਤੇ ਕਿਵੇਂ ਪਿਲਾ ਸਕਦਾ ਹੈ। ਜਗਦੀਸ਼ ਨੇ ਮਾੜੀ ਹਾਲਤ ਵਿਚ ਜੀਊਂਦੇ ਰਹਿਣ ਨੂੰ ਇਕ ਆਰਟ ਬਣਾ ਲਿਆ ਹੈ।

ਮੇਰੀ ਜਾਣ-ਪਹਿਚਾਣ ਅੰਧੇਰੀ ਸਟੇਸ਼ਨ ਦੇ ਨੇੜੇ ਫੁੱਟਪਾਥ ਤੇ ਇਕ ਸੈਕਿੰਡ ਹੈਂਡ ਕਿਤਾਬਾਂ ਵੇਚਣ ਵਾਲੇ ਨਾਲ ਹੋ ਗਈ ਹੈ। ਇਸ ਕਰਕੇ ਕਿਤਾਬਾਂ ਦੀ ਕੋਈ ਘਾਟ ਨਹੀਂ। ਰਾਤ-ਰਾਤ ਭਰ ਕੰਪਾਊਂਡ ਵਿਚ ਜਿੱਥੇ ਵੀ ਥੋੜ੍ਹੀ ਜਹੀ ਰੌਸ਼ਨੀ ਹੁੰਦੀ ਹੈ, ਉੱਥੇ ਹੀ ਬੈਠ ਕੇ ਪੜ੍ਹਦਾ ਰਹਿੰਦਾ ਹਾਂ। ਦੋਸਤ ਮਜ਼ਾਕ ਕਰਦੇ ਹਨ ਕਿ ਮੈਂ ਇੰਨੀ ਘੱਟ ਰੌਸ਼ਨੀ ਵਿਚ ਇੰਨਾ ਜਿ਼ਆਦਾ ਪੜ੍ਹਦਾ ਰਿਹਾ ਤਾਂ ਕੁੱਝ ਦਿਨਾਂ ਵਿਚ ਅੰਨ੍ਹਾਂ ਹੋ ਜਾਵਾਂਗਾ। ......... ਅਜ ਕਲ ਇਕ ਕਮਰੇ ਵਿਚ ਸੌਣ ਦਾ ਮੌਕਾ ਮਿਲ ਗਿਆ ਹੈ। ਸਟੂਡੀਉ ਦੇ ਇਸ ਕਮਰੇ ਵਿਚ ਚਾਰੇ ਪਾਸੇ ਕੰਧਾਂ ਨਾਲ ਲੱਗੀਆਂ ਵੱਡੀਆਂ ਵੱਡੀਆਂ ਅਲਮਾਰੀਆਂ ਹਨ ਜਿਨ੍ਹਾਂ ਵਿਚ ਫਿਲਮ ਪਾਕੀਜ਼ਾ ਦੇ ਦਰਜਣਾ ਕਾਸਟਿਊਮ ਰੱਖੇ ਹਨ। ਮੀਨਾ ਕੁਮਾਰੀ, ਕਮਾਲ ਸਾਹਿਬ ਤੋਂ ਵੱਖ ਹੋ ਗਈ ਹੈ ਇਸ ਕਰਕੇ ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਬੰਦ ਹੈ। ਇਕ ਦਿਨ ਮੈਂ ਇਕ ਅਲਮਾਰੀ ਨੂੰ ਖੋਲ੍ਹਦਾ ਹਾਂ ਇਸ ਵਿਚ ਫਿਲਮ ਅੰਦਰ ਵਰਤੇ ਜਾਣ ਵਾਲੇ ਪੁਰਾਣੀ ਕਿਸਮ ਦੀਆਂ ਜੁੱਤੀਆਂ, ਚਪਲਾਂ ਅਤੇ ਸੈਂਡਲ ਪਏ ਹਨ ਅਤੇ ਉਸ ਵਿਚ ਹੀ ਮੀਨਾ ਕੁਮਾਰੀ ਦੇ ਫਿਲਮ ਫੇਅਰ ਐਵਾਰਡ ਪਏ ਹਨ। ਮੈਂ ਉਨ੍ਹਾਂ ਨੂੰ ਝਾੜ-ਪੂੰਝ ਕੇ, ਸਾਫ ਕਰਕੇ ਇਕ ਪਾਸੇ ਵੱਖਰੇ ਰੱਖ ਦਿੰਦਾ ਹਾਂ। ਜਿ਼ੰਦਗੀ ਵਿਚ ਪਹਿਲੀ ਵਾਰ ਮੈਂ ਕਿਸੇ ਫਿਲਮੀ ਐਵਾਰਡ ਨੂੰ ਛੋਹਿਆ ਹੈ। ਹਰ ਰੋਜ਼ ਰਾਤ ਨੂੰ ਕਮਰਾ ਅੰਦਰ ਤੋਂ ਬੰਦ ਕਰਕੇ, ਉਹ ਟਰਾਫੀ ਆਪਣੇ ਹੱਥ ਵਿਚ ਲੈ ਕੇ ਸ਼ੀਸ਼ੇ ਦੇ ਸਾਹਮਣੇ ਖੜ੍ਹਾ ਹੁੰਦਾ ਹਾਂ ਅਤੇ ਸੋਚਦਾ ਹਾਂ ਕਿ ਜਦੋਂ ਇਹ ਟਰਾਫੀ ਮੈਨੂੰ ਮਿਲੇਗੀ ਤਾਂ ਤਾੜੀਆਂ ਨਾਲ ਗੂੰਜਦੇ ਹੋਏ ਹਾਲ ਵਿਚ ਬੈਠੇ ਹੋਏ ਲੋਕਾਂ ਵੱਲ ਵੇਖਦਿਆਂ ਮੈਂ ਕਿਸ ਤਰ੍ਹਾਂ ਮੁਸਕਰਾਵਾਂਗਾ ਅਤੇ ਕਿਵੇਂ ਹੱਥ ਹਿਲਾਵਾਂਗਾ। ਇਸ ਤੋਂ ਪਹਿਲਾਂ ਕਿ ਇਸ ਬਾਰੇ ਕੋਈ ਫੈਸਲਾ ਕਰ ਸਕਾਂ, ਸਟੂਡੀਉ ਦੇ ਬੋਰਡ ’ਤੇ ਨੋਟਿਸ ਲੱਗਾ ਹੋਇਆ ਹੈ ਕਿ ਜਿਹੜੇ ਲੋਕ ਸਟੂਡੀਉ ਵਿਚ ਕੰਮ ਨਹੀਂ ਕਰਦੇ ਉਹ ਕੰਪਾਊਂਡ ਵਿਚ ਨਹੀਂ ਸੌਂ ਸਕਦੇ। ਜਗਦੀਸ਼ ਫੇਰ ਮੈਨੂੰ ਇਕ ਤਰਕੀਬ ਦੱਸਦਾ ਹੈ ਕਿ ਜਦੋਂ ਤੱਕ ਕੋਈ ਹੋਰ ਇੰਤਜ਼ਾਮ ਨਹੀਂ ਹੁੰਦਾ ਤਾਂ ਆਪਾਂ ਮਹਾਂਕਾਲੀ ਦੀਆਂ ਗੁਫਾਵਾਂ ਵਿਚ ਰਵ੍ਹਾਂਗੇ। (ਮਹਾਂਕਾਲੀ ਅੰਧੇਰੀ ਤੋਂ ਅੱਗੇ ਇਕ ਇਲਾਕਾ ਹੈ ਉੱਥੇ ਹੁਣ ਸੰਘਣੀ ਅਬਾਦੀ ਤੇ ਕਮਾਲਿਸਤਾਨ ਸਟੂਡੀਉ ਹੈ। ਉਸ ਜ਼ਮਾਨੇ ਵਿਚ ਉੱਥੇ ਸਿਰਫ ਇਕ ਸੜਕ ਸੀ, ਜੰਗਲ ਸੀ ਅਤੇ ਛੋਟੀਆਂ ਛੋਟੀਆਂ ਪਹਾੜੀਆਂ ਜਿਨ੍ਹਾਂ ਵਿਚ ਬੋਧੀ ਭਿਕਸ਼ੂਆਂ ਦੀਆਂ ਬਣਾਈਆਂ ਹੋਈਆਂ ਗੁਫਾਵਾਂ ਸਨ, ਜੋ ਅੱਜ ਵੀ ਹਨ। ਉਨ੍ਹਾਂ ਦਿਨਾਂ ਵਿਚ ਉੱਥੇ ਕੁੱਝ ਚਰਸ-ਗਾਂਜਾ ਪੀਣ ਵਾਲੇ ਸਾਧੂ ਪਏ ਰਹਿੰਦੇ ਸਨ) ਮਹਾਂਕਾਲੀ ਦੀਆਂ ਗੁਫਾਵਾਂ ਵਿਚ ਮੱਛਰ ਇੰਨੇ ਵੱਡੇ ਹਨ ਕਿ ਉਨ੍ਹਾਂ ਨੂੰ ਲੜਨ ਦੀ ਨਹੀਂ ਤੁਹਾਡੇ ਪਿੰਡੇ ’ਤੇ ਸਿਰਫ ਬੈਠ ਜਾਣ ਤਾਂ ਅੱਖ ਖੁੱਲ੍ਹ ਜਾਂਦੀ ਹੈ। ਇਕ ਹੀ ਰਾਤ ਵਿਚ ਇਹ ਗੱਲ ਸਮਝ ਆ ਗਈ ਕਿ ਇੱਥੇ ਚਰਸ ਪੀਤੇ ਬਿਨਾਂ ਕੋਈ ਸੌਂ ਹੀ ਨਹੀਂ ਸਕਦਾ। ਤਿੰਨ ਦਿਨ ਜਿਵੇਂ ਕਿਵੇਂ ਗੁਜ਼ਾਰਦਾ ਹਾਂ। ਬਾਂਦਰਾ ਤੋਂ ਇਕ ਦੋਸਤ ਕੁੱਝ ਦਿਨਾਂ ਵਾਸਤੇ ਆਪਣੇ ਕੋਲ ਰਹਿਣ ਲਈ ਸੱਦ ਲੈਂਦਾ ਹੈ। ਮੈਂ ਬਾਂਦਰਾ ਜਾ ਰਿਹਾ ਹਾਂ। ਜਗਦੀਸ਼ ਕਹਿ ਰਿਹਾ ਹੈ ਕਿ ਇਕ-ਦੋ ਦਿਨਾਂ ਵਿਚ ਉਹ ਵੀ ਕਿਧਰੇ ਚਲਾ ਜਾਵੇਗਾ। (ਇਹ ਜਗਦੀਸ਼ ਨਾਲ ਮੇਰੀ ਆਖਰੀ ਮੁਲਾਕਾਤ ਸੀ। ਆਉਣ ਵਾਲੇ ਸਾਲਾਂ ਵਿਚ ਜਿ਼ੰਦਗੀ ਮੈਨੂੰ ਕਿੱਥੋਂ ਤੋਂ ਕਿੱਥੇ ਲੈ ਗਈ ਪਰ ਉਹ ਗਿਆਰਾਂ ਸਾਲ ਬਾਅਦ ਉੱਥੇ, ਉਨ੍ਹਾਂ ਹੀ ਗੁਫਾਵਾਂ ਵਿਚ ਚਰਸ ਅਤੇ ਕੱਚੀ ਦਾਰੂ (ਲਾਹਣ) ਪੀ ਪੀ ਕੇ ਮਰ ਗਿਆ। ਉੱਥੇ ਰਹਿਣ ਵਾਲੇ ਸਾਧੂਆਂ ਅਤੇ ਨੇੜੇ ਰਹਿੰਦੇ ਝੌਂਪੜੀਆਂ ਵਾਲਿਆਂ ਨੇ ਚੰਦਾ ਇਕੱਠਾ ਕਰਕੇ ਉਸਦਾ ਸਸਕਾਰ ਕਰ ਦਿੱਤਾ- ਕਿੱਸਾ ਖਤਮ। ਮੈਨੂੰ ਤੇ ਉਸਦੇ ਹੋਰ ਦੋਸਤਾਂ ਨੂੰ ਉਸਦੇ ਮਰਨ ਦੀ ਖਬਰ ਵੀ ਬਾਅਦ ਵਿਚ ਮਿਲੀ। ਮੈਂ ਅਕਸਰ ਸੋਚਦਾ ਹਾਂ ਕਿ ਮੇਰੇ ਨਾਲ ਕਿਹੜੇ ਮੋਤੀ ਲੱਗੇ ਹਨ ਅਤੇ ਜਗਦੀਸ਼ ਵਿਚ ਅਜਿਹੀ ਕੀ ਖਰਾਬੀ ਸੀ। ਇਹ ਵੀ ਤਾਂ ਹੋ ਸਕਦਾ ਸੀ ਕਿ ਤਿੰਨ ਦਿਨ ਬਾਅਦ ਜਗਦੀਸ਼ ਦੇ ਕਿਸੇ ਦੋਸਤ ਨੇ ਉਹਨੂੰ ਬਾਂਦਰਾ ਸੱਦ ਲਿਆ ਹੁੰਦਾ ਅਤੇ ਮੈਂ ਪਿੱਛੇ ਉਨ੍ਹਾਂ ਗੁਫਾਵਾਂ ਵਿਚ ਰਹਿ ਜਾਂਦਾ। ਕਦੇ ਕਦੇ ਇਹ ਸਭ ਇਤਫਾਕ ਲਗਦਾ ਹੈ। ਅਸੀਂ ਲੋਕ ਕਿਸ ਗੱਲ ’ਤੇ ਘੁਮੰਡ ਕਰਦੇ ਹਾਂ?

ਮੈਂ ਬਾਂਦਰਾ ਵਿਚ ਜਿਸ ਦੋਸਤ ਕੋਲ ਆ ਕੇ ਜਿਸ ਕਮਰੇ ਵਿਚ ਰਿਹਾ ਉਹ ਪੇਸ਼ਾਵਰ ਜੁਆਰੀਆ ਹੈ। ਉਹ ਤੇ ਉਸਦੇ ਦੋ ਸਾਥੀ ਜੂਏ ਵਿਚ ਪੱਤੇ ਲਾਉਣੇ ਜਾਣਦੇ ਹਨ। ਮੈਨੂੰ ਵੀ ਸਿਖਾ ਦਿੰਦੇ ਹਨ। ਕੁੱਝ ਦਿਨ ਉਸ ਨਾਲ ਤਾਸ਼ ਦੇ ਪੱਤਿਆਂ ’ਤੇ ਗੁਜ਼ਾਰਾ ਹੁੰਦਾ ਹੈ। ਫੇਰ ਉਹ ਲੋਕ ਬੰਬਈ ਤੋਂ ਚਲੇ ਜਾਂਦੇ ਹਨ ਅਤੇ ਮੈਂ ਫੇਰ ਉੱਥੇ ਦਾ ਉੱਥੇ। ਹੁਣ ਅਗਲੇ ਮਹੀਨੇ ਇਸ ਕਮਰੇ ਦਾ ਕਿਰਾਇਆ ਕੌਣ ਦੇਵੇਗਾ। ਇਕ ਮਸ਼ਹੂਰ ਅਤੇ ਕਾਮਯਾਬ ਲੇਖਕ ਮੈਨੂੰ ਸੱਦ ਕੇ ਆਫਰ ਦਿੰਦੇ ਹਨ ਕਿ ਜੇ ਮੈਂ ਉਨ੍ਹਾਂ ਦੇ ਡਇਲਾਗ ਲਿਖ ਦਿਆ ਕਰਾਂ ( ਜਿਸ ਤੇ ਪੱਕਾ ਹੈ ਕਿ ਮੇਰਾ ਨਹੀਂ ਉਸਦਾ ਹੀ ਨਾਮ ਛਪੇਗਾ) ਤਾਂ ਉਹ ਮੈਨੂੰ ਛੇ ਸੌ ਰੁਪਏ ਮਹੀਨਾ ਦੇਣਗੇ। ਸੋਚਦਾ ਹਾਂ ਕਿ ਇਹ ਛੇ ਸੌ ਰੁਪਏ ਇਸ ਵਕਤ ਮੇਰੇ ਵਾਸਤੇ ਛੇ ਕਰੋੜ ਦੇ ਬਰਾਬਰ ਹਨ, ਇਹ ਨੌਕਰੀ ਕਰ ਲਵਾਂ। ਫੇਰ ਸੋਚਦਾ ਹਾਂ ਕਿ ਜੇ ਨੌਕਰੀ ਕਰ ਲਈ ਤਾਂ ਕਦੇ ਵੀ ਛੱਡਣ ਦੀ ਹਿੰਮਤ ਨਹੀਂ ਪੈਣੀ। ਜਿ਼ੰਦਗੀ ਭਰ ਇਹ ਹੀ ਕੁੱਝ ਕਰਦਾ ਰਹਿ ਜਾਵਾਂਗਾ, ਫੇਰ ਸੋਚਦਾ ਹਾਂ ਕਿ ਅਗਲੇ ਮਹੀਨੇ ਦਾ ਕਿਰਾਇਆ ਦੇਣਾ ਹੈ। ਫੇਰ ਸੋਚਦਾਂ- ਦੇਖੀ ਜਾਊ। ਤਿੰਨ ਦਿਨ ਸੋਚਣ ਤੋਂ ਬਾਅਦ ਇਨਕਾਰ ਕਰ ਦਿੰਦਾ ਹਾਂ। ਦਿਨ, ਹਫਤੇ, ਮਹੀਨੇ ਅਤੇ ਸਾਲ ਲੰਘਦੇ ਹਨ। ਬੰਬਈ ਵਿਚ ਪੰਜ ਸਾਲ ਲੰਘ ਗਏ। ਰੋਟੀ ਚੰਦ ਬਣੀ ਹੋਈ ਹੈ ਅਤੇ ਹਾਲਾਤ ਬੱਦਲ਼। ਚੰਦ ਕਦੇ ਦਿਖਾਈ ਦਿੰਦਾ ਹੈ ਤੇ ਕਦੇ ਛੁਪ ਜਾਂਦਾ ਹੈ। ਇਹ ਪੰਜ ਸਾਲ ਮੇਰੇ ਲਈ ਬਹੁਤ ਔਖੇ ਸਨ, ਪਰ ਮੇਰਾ ਸਿਰ ਨਹੀਂ ਝੁਕਾ ਸਕੇ। ਮੈਂ ਨਾ-ਉਮੀਦ ਨਹੀਂ ਹਾਂ। ਮੈਨੂੰ ਵਿਸ਼ਵਾਸ ਹੈ, ਪੂਰਾ ਵਿਸ਼ਵਾਸ ਹੈ, ਕੁੱਝ ਹੋਵੇਗਾ, ਜ਼ਰੂਰ ਕੁੱਝ ਹੋਵੇਗਾ। ਮੈਂ ਉਂਜ ਹੀ ਤਾਂ ਮਰ ਜਾਣ ਵਾਸਤੇ ਪੈਦਾ ਨਹੀਂ ਹੋਇਆ ਹਾਂ।- ਅਤੇ ਨਵੰਬਰ 1969 ਵਿਚ ਮੈਨੂੰ ਉਹ ਕੰਮ ਮਿਲਦਾ ਹੈ ਜਿਸਨੂੰ ਫਿਲਮ ਵਾਲਿਆਂ ਦੀ ਜ਼ੁਬਾਨ ਵਿਚ ਸਹੀ ‘ਬ੍ਰੇਕ’ ਕਿਹਾ ਜਾਂਦਾ ਹੈ।

ਕਾਮਯਾਬੀ ਵੀ ਜਿਵੇਂ ਅਲਾਦੀਨ ਦਾ ਚਿਰਾਗ ਹੈ। ਅਚਾਨਕ ਦੇਖਦਾ ਹਾਂ ਕਿ ਦੁਨੀਆਂ ਖੁਬਸੂਰਤ ਹੈ ਅਤੇ ਲੋਕ ਮਿਹਰਬਾਨ। ਸਾਲ, ਡੇਢ੍ਹ ਸਾਲ ਵਿਚ ਬਹੁਤ ਕੁੱਝ ਮਿਲ ਗਿਆ ਹੈ ਅਤੇ ਬਹੁਤ ਕੁੱਝ ਮਿਲਣ ਵਾਲਾ ਹੈ। ਹੱਥ ਲੱਗਦਿਆਂ ਹੀ ਮਿੱਟੀ ਸੋਨਾ ਹੋ ਰਹੀ ਹੈ ਅਤੇ ਮੈਂ ਦੇਖ ਰਿਹਾ ਹਾਂ – ਆਪਣਾ ਪਹਿਲਾ ਘਰ, ਆਪਣੀ ਪਹਿਲੀ ਕਾਰ। ਆਸ਼ਾਵਾਂ ਪੂਰੀਆਂ ਹੋਣ ਦੇ ਦਿਨ ਆ ਗਏ ਹਨ। ਪਰ, ਜਿ਼ੰਦਗੀ ਵਿਚ ਇਕ ਤਨਹਾਈ ਤਾਂ ਅਜੇ ਵੀ ਹੈ। ‘ਗੀਤਾ ਔਰ ਸੀਤਾ’ ਦੇ ਸੈੱਟ ’ਤੇ ਮੇਰੀ ਮੁਲਾਕਾਤ ਹਨੀ ਇਰਾਨੀ ਨਾਲ ਹੁੰਦੀ ਹੈ । ਉਹ ਇਕ ਖੁੱਲੇ ਦਿਲ ਵਾਲੀ, ਖਰੀ ਜ਼ੁਬਾਨ ਵਾਲੀ ਪਰ ਬਹੁਤ ਹਸਮੁੱਖ ਸੁਭਾਅ ਦੀ ਲੜਕੀ ਹੈ। ਮਿਲਣ ਤੋਂ ਚਾਰ ਮਹੀਨੇ ਬਾਅਦ ਸਾਡੀ ਸ਼ਾਦੀ ਹੋ ਜਾਂਦੀ ਹੈ। ਮੈਂ ਸਾ਼ਦੀ ਵਿਚ ਆਪਣੇ ਬਾਪ ਦੇ ਕਈ ਦੋਸਤਾਂ ਨੂੰ ਬੁਲਾਇਆ ਹੈ ਪਰ ਆਪਣੇ ਬਾਪ ਨੂੰ ਨਹੀਂ (ਕੁੱਝ ਜ਼ਖ਼ਮਾਂ ਨੂੰ ਭਰਨਾ ਅਲਾਦੀਨ ਦੇ ਚਿਰਾਗ ਵਾਲੇ ਦੇਵਤੇ ਦੇ ਵਸ ਦੀ ਵੀ ਗੱਲ ਨਹੀਂ ਇਹ ਕੰਮ ਸਿਰਫ ਵਕਤ ਹੀ ਕਰ ਸਕਦਾ ਹੈ) ਦੋ ਸਾਲ ਵਿਚ ਇਕ ਧੀ ਅਤੇ ਇਕ ਪੁੱਤਰ ਜੋਯਾ ਤੇ ਫਰਹਾਨ ਹੁੰਦੇ ਹਨ।

ਅਗਲੇ ਛੇ ਸਾਲਾਂ ਵਿਚ ਇਕ ਤੋਂ ਬਾਅਦ ਇਕ ਇਨਾਮ, ਲਗਾਤਾਰ ਬਾਰਾਂ ਸੁਪਰ ਹਿੱਟ ਫਿਲਮਾਂ, ਪੁਰਸਕਾਰ, ਸਿਫਤਾਂ, ਅਖਬਾਰਾਂ ਤੇ ਰਸਾਲਿਆਂ ਵਿਚ ਇਂਟਰਵਿਊ, ਤਸਵੀਰਾਂ ਪੈਸਾ ਅਤੇ ਪਾਰਟੀਆਂ, ਦੁਨੀਆਂ ਦੇ ਸਫਰ, ਚਮਕਦੇ ਹੋਏ ਦਿਨ, ਜਗਮਾਉਂਦੀਆਂ ਰਾਤਾਂ – ਜਿ਼ੰਦਗੀ ਇਕ ਟੈਕਨੀਕਲਰ (ਬਹਰੰਗਾ) ਸੁਪਨਾ ਹੈ। ਪਰ ਹਰ ਸੁਪਨੇ ਦੀ ਤਰ੍ਹਾਂ ਇਹ ਸੁਪਨਾ ਵੀ ਟੁੱਟਦਾ ਹੈ। ਪਹਿਲੀ ਵਾਰ ਇਕ ਫਿਲਮ ਦੀ ਨਾਕਾਮੀ (ਫਿਲਮਾਂ ਤਾਂ ਉਸਤੋਂ ਬਾਅਦ ਨਾਕਾਮ ਵੀ ਹੋਈਆਂ ਤੇ ਕਾਮਯਾਬ ਵੀ। ਪਰ ਕਾਮਯਾਬੀ ਦੀ ਉਹ ਖੁਸ਼ੀ ਅਤੇ ਖੁਸ਼ੀ ਦੀ ਮਾਸੂਮੀਅਤ ਜਾਂਦੀ ਰਹੀ)।

18 ਅਗਸਤ 1976 ਨੂੰ ਮੇਰੇ ਬਾਪ ਦੀ ਮੌਤ ਹੁੰਦੀ ਹੈ (ਮਰਨ ਤੋਂ 9 ਦਿਨ ਪਹਿਲਾਂ ਉਨ੍ਹਾਂ ਨੇ ਮੈਨੂੰ ਆਪਣੀ ਕਿਤਾਬ ਆਟੋਗ੍ਰਾਫ ਕਰਕੇ ਦਿੱਤੀ ਸੀ ਉਸ ’ਤੇ ਲਿਖਿਆ ਸੀ – ‘ਜਬ ਹਮ ਨਾ ਰਹੇਂਗੇ ਤੋ ਬਹੁਤ ਯਾਦ ਕਰੋਗੇ’ ਉਨ੍ਹਾਂ ਨੇ ਠੀਕ ਲਿਖਿਆ ਸੀ। ਹੁਣ ਤੱਕ ਤਾਂ ਮੈਂ ਆਪਣੇ ਆਪ ਨੂੰ ਬਾਗੀ ਅਤੇ ਨਰਾਜ਼ ਬੇਟੇ ਦੇ ਰੂਪ ਵਿਚ ਪਹਿਚਾਣਦਾ ਸੀ ਪਰ ਹੁਣ ਮੈਂ ਕੌਣ ਹਾਂ? ਮੈਂ ਆਪਣੇ ਆਪ ਨੂੰ ਅਤੇ ਫੇਰ ਆਪਣੇ ਚਾਰੇ ਪਾਸੇ, ਨਵੀਆਂ ਨਜ਼ਰਾਂ ਨੂੰ ਦੇਖਦਾ ਹਾਂ ਕਿ ਬੱਸ ਕੀ ਇਹ ਹੀ ਚਾਹੀਦਾ ਸੀ ਮੈਨੂੰ ਜਿ਼ੰਦਗੀ ਤੋਂ। ਇਸ ਦਾ ਪਤਾ ਅਜੇ ਦੂਜਿਆਂ ਨੂੰ ਨਹੀਂ ਹੈ ਪਰ ਉਹ ਸਾਰੀਆਂ ਚੀਜਾਂ ਜੋ ਕੱਲ੍ਹ ਤੱਕ ਮੈਨੂੰ ਖੁਸ਼ੀ ਦਿੰਦੀਆਂ ਸਨ ਝੂਠੀਆਂ ਤੇ ਨੁਮਾਇਸ਼ੀ ਲੱਗਣ ਲੱਗੀਆਂ ਹਨ। ਹੁਣ ਮੇਰਾ ਦਿਲ ਉਨ੍ਹਾਂ ਗੱਲਾਂ ਵਿਚ ਜਿ਼ਆਦਾ ਲਗਦਾ ਹੈ ਜਿਸ ਨੂੰ ਦੁਨੀਆਂ ਦੀ ਜ਼ੁਬਾਨ ਵਿਚ ਕਿਹਾ ਜਾਵੇ ਤਾਂ, ਕੋਈ ਫਾਇਦਾ ਨਹੀਂ। ਸ਼ਾਇਰੀ ਨਾਲ ਮੇਰਾ ਰਿਸ਼ਤਾ ਪੈਦਾਇਸ਼ੀ ਅਤੇ ਦਿਲਚਸਪੀ ਹਮੇਸ਼ਾ ਤੋਂ ਹੈ। ਗਭਰੇਟ ਉਮਰ ਤੋਂ ਹੀ ਜਾਣਦਾ ਹਾਂ ਕਿ ਜੇ ਚਾਹਵਾਂ ਤਾਂ ਸ਼ਾਇਰੀ ਕਰ ਸਕਦਾ ਹਾਂ, ਪਰ ਅੱਜ ਤੱਕ ਕੀਤੀ ਨਹੀਂ ਹੈ। ਇਹ ਵੀ ਮੇਰੀ ਨਰਾਜ਼ਗੀ ਤੇ ਬਗਾਵਤ ਦਾ ਇਕ ਪ੍ਰਤੀਕ ਹੈ। 1979 ਵਿਚ ਪਹਿਲੀ ਵਾਰ ਸਿ਼ਅਰ ਪੜ੍ਹਦਾ ਹਾਂ ਅਤੇ ਇਹ ਸਿ਼ਅਰ ਲਿਖ ਕੇ ਮੈਂ ਅਪਣੀ ਵਿਰਾਸਤ ਅਤੇ ਆਪਣੇ ਬਾਪ ਨਾਲ ਸਮਝੌਤਾ (ਸੁਲਾਹ ਜਾਂ ਰਾਜ਼ੀਨਾਮਾ) ਕਰ ਲਿਆ ਹੈ। ਇਸ ਦੌਰਾਨ ਮੇਰੀ ਮੁਲਾਕਾਤ ਸ਼ਬਾਨਾ ਨਾਲ ਹੁੰਦੀ ਹੈ। ਕੈਫ਼ੀ ਆਜ਼ਮੀ ਦੀ ਧੀ ਸ਼ਬਾਨਾ ਵੀ ਸ਼ਾਇਦ ਆਪਣੀਆਂ ਜੜ੍ਹਾਂ ਵੱਲ ਮੁੜ ਰਹੀ ਹੈ। ਉਹਨੂੰ ਵੀ ਅਜਿਹੇ ਹਜ਼ਾਰਾਂ ਸਵਾਲ ਸਤਾਉਣ ਲੱਗੇ ਹਨ ਜਿਨ੍ਹਾਂ ਦੇ ਬਾਰੇ ਉਸਨੇ ਕਦੇ ਪਹਿਲਾਂ ਨਹੀਂ ਸੋਚਿਆ ਸੀ। ਕੋਈ ਹੈਰਾਨੀ ਨਹੀ ਕਿ ਅਸੀਂ ਨੇੜੇ ਆਉਣ ਲਗਦੇ ਹਾਂ। ਹੌਲੀ ਹੌਲੀ ਮੇਰੇ ਅੰਦਰ ਬਹੁਤ ਕੁੱਝ ਬਦਲ ਰਿਹਾ ਹੈ। ਫਿਲਮੀ ਦੁਨੀਆਂ ਵਿਚ ਜੋ ਮੇਰੀ ਪਾਰਟਨਰਸਿ਼ੱਪ ਸੀ ਉਹ ਟੁੱਟ ਜਾਂਦੀ ਹੈ। ਮੇਰੇ ਨੇੜਲੇ ਲੋਕ ਮੇਰੇ ਵਿਚ ਹੋਣ ਵਾਲੀਆਂ ਇਨ੍ਹਾਂ ਤਬਦੀਲੀਆਂ ਨੂੰ ਪ੍ਰੇਸ਼ਾਨੀ ਨਾਲ ਦੇਖ ਰਹੇ ਹਨ। 1983 ਵਿਚ ਮੈਂ ਤੇ ਹਨੀ ਵੱਖ ਹੋ ਜਾਂਦੇ ਹਾਂ।(ਹਨੀ ਨਾਲ ਮੇਰੀ ਸ਼ਾਦੀ ਜ਼ਰੂਰ ਟੁੱਟ ਗਈ ਹੈ ਪਰ ਤਲਾਕ ਵੀ ਸਾਡੀ ਦੋਸਤੀ ਦਾ ਕੁੱਝ ਨਹੀਂ ਵਿਗਾੜ ਸਕਿਆ। ਜੇ ਕਰ ਮਾਂ-ਬਾਪ ਦੇ ਅਲੱਗ ਹੋਣ ’ਤੇ ਬੱਚਿਆਂ ਵਿਚ ਕੜਵਾਹਟ ਨਹੀਂ ਆਈ ਤਾਂ ਇਸ ਵਿਚ ਮੇਰਾ ਕਮਾਲ ਬਹੁਤ ਘੱਟ ਹੈ ਤੇ ਹਨੀ ਦੀ ਸਿਫਤ ਬਹੁਤ ਜਿ਼ਆਦਾ ਹੈ। ਹਨੀ ਅਜਕਲ ਬਹੁਤ ਕਾਮਯਾਬ ਫਿਲਮ ਰਾਈਟਰ ਹੈ ਅਤੇ ਮੇਰੀ ਬਹੁਤ ਵਧੀਆ ਦੋਸਤ। ਮੈਂ ਦੁਨੀਆਂ ਵਿਚ ਬਹੁਤ ਘੱਟ ਲੋਕਾਂ ਦੀ ਇੰਨੀ ਇੱਜਤ ਕਰਦਾ ਹਾਂ ਜਿੰਨੀ ਮੇਰੇ ਮਨ ਵਿਚ ਹਨੀ ਵਾਸਤੇ ਹੈ)।

ਮੈਂ ਇਕ ਕਦਮ ਚੁੱਕ ਤਾਂ ਲਿਆ ਸੀ ਪਰ ਘਰ ਤੋਂ ਨਿਕਲ ਕੇ ਕਈ ਸਾਲਾਂ ਤੱਕ ਮੇਰੀ ਜਿ਼ੰਦਗੀ “ਕਟੀ ਉਮਰ ਹੋਟਲੋਂ ਮੇਂ, ਮਰੇ ਹਸਪਤਾਲ ਜਾ ਕਰ” ਵਰਗੀ ਹੋ ਗਈ ਸੀ। ਸ਼ਰਾਬ ਪਹਿਲਾਂ ਵੀ ਬਹੁਤ ਪੀਂਦਾ ਸਾਂ ਪਰ ਫੇਰ ਬਹੁਤ ਹੀ ਜਿ਼ਆਦਾ ਪੀਣ ਲੱਗਾ। ਇਹ ਮੇਰੀ ਜਿ਼ੰਦਗੀ ਦਾ ਇਕ ਦੌਰ ਹੈ ਜਿਸ ’ਤੇ ਮੈਂ ਸ਼ਰਮਿੰਦਾ ਹਾਂ। ਇਨ੍ਹਾਂ ਥੋੜ੍ਹੇ ਜਹੇ ਸਾਲਾਂ ਵਿਚ ਜੇ ਦੂਸਰਿਆਂ ਨੇ ਮੈਨੂੰ ਬਰਦਾਸ਼ਤ ਕਰ ਲਿਆ ਤਾਂ ਇਹ ਉਨ੍ਹਾਂ ਦਾ ਅਹਿਸਾਨ ਹੈ। ਇਹ ਸੁਭਾਵਕ ਹੀ ਸੀ ਕਿ ਮੈਂ ਇੰਜ ਹੀ ਸ਼ਰਾਬ ਪੀਂਦਾ ਪੀਂਦਾ ਮਰ ਜਾਂਦਾ ਪਰ ਇਕ ਸਵੇਰੇ ਕਿਸੇ ਦੀ ਕਹੀ ਗੱਲ ਨੇ ਅਜਿਹਾ ਫੜਿਆ ਕਿ ਉਸ ਦਿਨ ਤੋਂ ਮੈਂ ਸ਼ਰਾਬ ਨੂੰ ਹੱਥ ਨਹੀਂ ਲਾਇਆ ਤੇ ਨਾ ਹੀ ਕਦੀਂ ਲਾਵਾਂਗਾ।

ਅੱਜ ਇੰਨੇ ਸਾਲਾਂ ਬਾਅਦ ਜਦ ਆਪਣੀ ਜਿ਼ੰਦਗੀ ਨੂੰ ਦੇਖਦਾ ਹਾਂ ਤਾਂ ਲਗਦਾ ਹੈ ਕਿ ਪਹਾੜਾਂ ਤੋਂ ਝਰਨੇ ਵਾਂਗ ਉਤਰਦੀ, ਚੱਟਾਨਾਂ ਨਾਲ ਟਕਰਾਉਂਦੀ, ਪੱਥਰਾਂ ਵਿਚੋਂ ਆਪਣਾ ਰਸਤਾ ਢੂੰਡਦੀ, ਫੈਲਦੀ, ਵਲ਼ ਖਾਂਦੀ, ਅਣਗਿਣਤ ਘੁੰਮਣਘੇਰੀਆਂ ਬਣਾਉਂਦੀ ਅਤੇ ਆਪਣੇ ਹੀ ਕਿਨਾਰਿਆਂ ਨੂੰ ਖੋਰਦੀ ਹੋਈ ਇਹ ਨਦੀ ਹੁਣ ਮੈਦਾਨਾਂ ਵਿਚ ਆ ਕੇ ਸ਼ਾਂਤ ਅਤੇ ਗਹਿਰੀ ਹੋ ਗਈ ਹੈ।

ਮੇਰੇ ਬੱਚੇ ਜੋਯਾ ਤੇ ਫਰਹਾਨ ਵੱਡੇ ਹੋ ਗਏ ਹਨ ਅਤੇ ਬਾਹਰ ਵਾਲੀ ਦੁਨੀਆਂ ਵਿਚ ਆਪਣੇ ਪਹਿਲੇ ਕਦਮ ਰੱਖਣ ਵਾਲੇ ਹਨ। ਉਨ੍ਹਾਂ ਦੀਆਂ ਅੱਖਾਂ ਵਿਚ ਆਉਣ ਵਾਲੇ ਕੱਲ੍ਹ ਬਾਰੇ ਹੁਸੀਨ ਸੁਪਨੇ ਹਨ। ਸਲਮਾਨ, ਮੇਰਾ ਛੋਟਾ ਭਰਾ ਅਮਰੀਕਾ ਵਿਚ ਬਹੁਤ ਕਾਮਯਾਬ ਸਾਇਕੋਇਨਾਲਿਸਟ,(ਮਾਨਸਿਕ ਰੋਗਾਂ ਦਾ ਮਾਹਰ) ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ, ਬਹੁਤ ਵਧੀਆ ਸ਼ਾਇਰ, ਇਕ ਮੁਹੱਬਤ ਕਰਨ ਵਾਲੀ ਬੀਵੀ ਦਾ ਪਤੀ ਅਤੇ ਦੋ ਬਹੁਤ ਹੀ ਹੋਣਹਾਰ ਬੱਚਿਆਂ ਦਾ ਬਾਪ ਹੈ। ਜਿ਼ੰਦਗੀ ਦੇ ਰਸਤੇ ਉਹਦੇ ਵਾਸਤੇ ਘੱਟ ਮੁਸ਼ਕਲ ਨਹੀਂ ਸਨ। ਪਰ ਉਸਨੇ ਆਪਣੀ ਅਣਥੱਕ ਮਿਹਨਤ ਅਤੇ ਲਗਨ ਨਾਲ ਆਪਣੀ ਹਰ ਮੰਜਿ਼ਲ ਪਾ ਲਈ ਹੈ ਅਤੇ ਅਜੇ ਵੀ ਅੱਗੇ ਤੋਂ ਅੱਗੇ ਵਧ ਰਿਹਾ ਹੈ। ਮੈਂ ਖੁਸ਼ ਹਾਂ ਤੇ ਸ਼ਬਾਨਾ ਵੀ ਜੋ ਸਿਰਫ ਮੇਰੀ ਪਤਨੀ ਹੀ ਨਹੀਂ ਮੇਰੀ ਮਹਿਬੂਬਾ ਵੀ ਹੈ। ਜੋ ਇਕ ਖੁਬਸੂਰਤ ਦਿਲ ਵੀ ਹੈ ਅਤੇ ਕੀਮਤੀ ਜਿ਼ਹਨ ਵੀ “ਮੈਂ ਜਿਸ ਦੁਨੀਆਂ ਮੇਂ ਰਹਿਤਾ ਹੂੰ ਵੋਹ ਉਸ ਦੁਨੀਆਂ ਕੀ ਔਰਤ ਹੈ” ਇਹ ਸਤਰ ਜੇ ਵਰ੍ਹਿਆਂ ਪਹਿਲਾਂ ‘ਮਜ਼ਾਜ਼’ ਨੇ ਕਿਸੇ ਲਈ ਨਾ ਲਿਖੀ ਹੁੰਦੀ ਤਾਂ ਮੈਂ ਸ਼ਬਾਨਾ ਵਾਸਤੇ ਲਿਖਦਾ।

ਅੱਜ, ਉਂਜ ਤਾਂ ਜਿ਼ੰਦਗੀ ਮੇਰੇ ਉੱਪਰ ਹਰ ਪਾਸਿਉਂ ਮਿਹਰਬਾਨ ਹੈ ਪਰ ਬਚਪਨ ਦਾ ਉਹ ਇਕ ਦਿਨ 18 ਜਨਵਰੀ 1953 ਹੁਣ ਵੀ ਯਾਦ ਆਉਂਦਾ ਹੈ। ਥਾਂ ਲਖਨਊ – ਮੇਰੇ ਨਾਨੇ ਦਾ ਘਰ – ਰੋਂਦੀ ਹੋਈ ਮੇਰੀ ਮਾਸੀ, ਮੇਰੇ ਛੋਟੇ ਭਰਾ ਸਲਮਾਨ ਨੂੰ, ਜਿਸ ਦੀ ਉਮਰ ਸਾਢ੍ਹੇ ਛੇ ਸਾਲ ਹੈ ਅਤੇ ਮੈਨੂੰ ਹੱਥ ਫੜ ਕੇ ਘਰ ਦੇ ਉਸ ਵੱਡੇ ਕਮਰੇ ਵਿਚ ਲੈ ਜਾਂਦੀ ਹੈ ਜਿੱਥੇ ਫਰਸ਼ ’ਤੇ ਬਹੁਤ ਸਾਰੀਆਂ ਔਰਤਾਂ ਬੈਠੀਆਂ ਹਨ। ਤਖਤ ਪਰ ਸਫੈਦ ਕਫ਼ਨ ਵਿਚ ਲਪੇਟੀ ਮੇਰੀ ਮਾਂ ਦਾ ਚਿਹਰਾ ਨੰਗਾ ਹੈ। ਸਿਰਹਾਣੇ ਬੈਠੀ ਮੇਰੀ ਬੁੱਢੀ ਨਾਨੀ ਥੱਕੀ ਜਹੀ ਹੌਲੀ ਹੌਲੀ ਰੋ ਰਹੀ ਹੈ। ਦੋ ਔਰਤਾਂ ਉਹਨੂੰ ਸੰਭਾਲ ਰਹੀਆਂ ਹਨ। ਮੇਰੀ ਮਾਸੀ ਸਾਨੂੰ ਦੋਹਾਂ ਬੱਚਿਆਂ ਨੂੰ ਉਸ ਤਖਤ ਕੋਲ ਲੈ ਜਾਂਦੀ ਹੈ ਅਤੇ ਕਹਿੰਦੀ ਹੈ, ਆਪਣੀ ਮਾਂ ਨੂੰ ਆਖਰੀ ਵਾਰ ਦੇਖ ਲਉ। ਮੈਂ ਕੱਲ੍ਹ ਹੀ ਅੱਠਾਂ ਸਾਲਾਂ ਦਾ ਹੋਇਆ ਸੀ। ਸਮਝਦਾਰ ਹਾਂ। ਪਤਾ ਹੈ ਮੌਤ ਕੀ ਹੁੰਦੀ ਹੈ। ਮੈਂ ਆਪਣੀ ਮਾਂ ਦੇ ਚਿਹਰੇ ਨੂੰ ਬਹੁਤ ਹੀ ਧਿਆਨ ਨਾਲ ਦੇਖਦਾ ਹਾਂ ਕਿ ਚੰਗੀ ਤਰ੍ਹਾਂ ਯਾਦ ਹੋ ਜਾਵੇ। ਮੇਰੀ ਮਾਸੀ ਕਹਿ ਰਹੀ ਹੈ – ਇਹਦੇ ਨਾਲ ਵਾਅਦਾ ਕਰੋ ਕਿ ਤੁਸੀਂ ਜਿ਼ੰਦਗੀ ਵਿਚ ਕੁੱਝ ਬਣੋਗੇ। ਇਹਦੇ ਨਾਲ ਵਾਅਦਾ ਕਰੋ ਕਿ ਤੁਸੀਂ ਜਿ਼ੰਦਗੀ ਵਿਚ ਕੁੱਝ ਕਰੋਗੇ। ਮੇਥੋਂ ਕੁੱਝ ਕਹਿ ਨਹੀਂ ਹੁੰਦਾ, ਬਸ! ਦੇਖਦਾ ਰਹਿੰਦਾ ਹਾਂ ਅਤੇ ਫੇਰ ਕੋਈ ਔਰਤ ਮੇਰੀ ਮਾਂ ਦੇ ਚਿਹਰੇ ’ਤੇ ਕੱਫ਼ਨ ਪਾ ਦਿੰਦੀ ਹੈ।

ਅਜਿਹਾ ਤਾਂ ਨਹੀਂ ਕਿ ਮੈਂ ਜਿ਼ੰਦਗੀ ਵਿਚ ਕੁੱਝ ਕੀਤਾ ਹੀ ਨਹੀਂ ਪਰ ਫੇਰ ਇਹ ਖਿਆਲ ਆਉਂਦਾ ਹੈ ਕਿ ਜਿੰਨਾ ਕਰ ਸਕਦਾ ਹਾਂ ਉਸਦਾ ਤਾਂ ਚੌਥਾ ਹਿੱਸਾ ਵੀ ਅਜੇ ਤੱਕ ਨਹੀਂ ਕੀਤਾ ਅਤੇ ਇਸ ਖਿਆਲ ਦੀ ਦਿੱਤੀ ਹੋਈ ਬੇਚੈਨੀ ਜਾਂਦੀ ਨਹੀਂ।
***

1 comment:

Rajinderjeet said...

Bahut kamaal di rachna hai te anuvaad uston vi kamaal.