ਹੋਂਠ ਚੁੱਪ ਨੇ ਜੇ ਇਸਦਾ ਇਹ ਮਤਲਬ ਨਹੀਂ
ਕਿ ਅਸੀਂ ਬੋਲਣਾ ਹੀ ਨਹੀਂ ਜਾਣਦੇ
ਸ਼ੀਸ਼ੇ ਤਿੜਕੇ ਤਿਰੇ ਸਾਡੇ ਚਿਹਰੇ ਨਹੀਂ
ਇਹ ਨਾ ਸਮਝੀਂ ਕਿ ਤੇੜਾਂ ਨਾ ਪਹਿਚਾਣਦੇ
ਰੁੱਖ ਧਰਤੀ ‘ਤੇ ਹੁੰਦੇ ਕਦੀ ਭਾਰ ਨਾ
ਨਾ ਹੀ ਇਹਨਾਂ ਨੇ ਲੁੱਟਿਆ ਕੋਈ ਆਲ੍ਹਣਾ
ਦੋਸ਼ ਝੂਠੇ ਲਗਾ ਮੇਰੇ ਰੁੱਖਾਂ ਦੇ ਸਿਰ
ਆਰੇ ਮਾਸੂਮਾਂ ਉੱਤੇ ਰਹੇ ਤਾਣਦੇ
ਉਹਨਾਂ ਸੂਰਜ ਲੁਕੋਇਆ ਹੈ ਅਪਣੇ ਦਰੀਂ
ਲੱਭਦੇ ਫਿਰਦੇ ਨੇ ਇਸਨੂੰ ਉਹ ਸਾਡੇ ਘਰੀਂ
ਲਾਉਂਦੇ ਇਲਜ਼ਾਮ ਅੰਬਰ ਦੇ ਸਿਰ ਤੇ ਕਦੀ
ਪਾਣੀ ਸਾਗਰ ਦਾ ਫਿਰਦੇ ਕਦੀ ਛਾਣਦੇ
ਸਾਡੇ ਖੰਭਾਂ ਤੋਂ ਨੀਵਾਂ ਇਹ ਅਸਮਾਨ ਸੀ
ਸਾਡੀ ਪਰਵਾਜ਼ ਸਾਡੇ ‘ਤੇ ਹੈਰਾਨ ਸੀ
ਕਾਲਾ ਧੂੰਆਂ ਹੈ ਪੌਣਾਂ ਚ ਭਰਿਆ ਤੁਸੀਂ
ਦੁੱਖ ਦੱਸੀਏ ਕੀ ਖਾਬਾਂ ਦੇ ਢਹਿ ਜਾਣਦੇ
ਅੱਗ ਜੰਗਲ ਨੂੰ ਲੱਗੀ ਬੜੀ ਤੇਜ਼ ਸੀ
ਚਾਰੇ ਪਾਸੇ ਵਿਛੀ ਮੌਤ ਦੀ ਸੇਜ਼ ਸੀ
ਦਰਿਆ ਚੁੱਪਚਾਪ ਕੋਲੋਂ ਦੀ ਲੰਘਦਾ ਰਿਹਾ
ਮੌਜ਼ਾਂ ਸਾਗਰ ‘ਤੇ ਬੱਦਲ ਰਹੇ ਮਾਣਦੇ
ਕਤਲ ਕੀਤੇ ਨੇ ਫੁੱਲ ਖਾਬ ਸਾੜੇ ਤੁਸੀਂ
ਹਊਮੇ ਖਾਤਰ ਨੇ ਵਸਦੇ ਉਜਾੜੇ ਤੁਸੀਂ
ਸਾਵੇ ਰੁੱਖਾਂ ਪਰਿੰਦਿਆਂ ਤੇ ਬੋਟਾਂ ‘ਤੇ ਵੀ
ਜ਼ੁਲਮ ਕੀਤੇ ਕਈ ਅੱਗਾਂ ਬਰਸਾਣਦੇ
ਧਰਤ ਹੱਸੇ ਤੇ ਫੁੱਲ ਖਾਬ ਮਹਿਕਣ ਸਦਾ
ਵਸਣ ਨਦੀਆਂ ਪੰਿਰੰਦੇ ਵੀ ਚਹਿਕਣ ਸਦਾ
ਧੁੱਪ ਸਭ ਨੂੰ ਮਿਲੇ ਛਾਂ ਵੀ ਸਭ ਨੂੰ ਮਿਲੇ
ਐਸੇ ਸੁਪਨੇ ਨੇ ਸਭ ਸਾਡੀ ਅੱਖ ਹਾਣਦੇ
1 comment:
ਸ਼ੁਕਰੀਆ
Post a Comment