ਸਿਆਣੇ ਕਹਿੰਦੇ ਹਨ ਕਿ ਕਲਮਾਂ ਦਾ ਕਲਮਾਂ ਨਾਲ ਟਕਰਾਅ ਜਰੂਰ ਹੋਣਾ ਚਾਹੀਂਦਾ ਹੈ ਕਿਉਂਕਿ ਸ਼ਬਦਾਂ ਦੇ ਖਹਿਣ ਵਿੱਚੋਂ ਉਪਜਦੇ ਨਵੇਂ ਨਵੇਂ ਵਿਚਾਰ ਨਵੇਂ ਸਾਹਿਤ ਨੂੰ ਜਨਮ ਦਿੰਦੇ ਹਨ । ਤਰਕ ਨਾਲ ਕੀਤੀ ਅਲੋਚਨਾਂ ਸਮਾਜ ਵਿੱਚ ਪਨਪ ਰਹੀਆਂ ਕੁਰੀਤੀਆਂ ਦੀ ਸੰਘੀਂ ਨੱਪਣ ਵਾਸਤੇ ਸਹਾਇਕ ਸਿੱਧ ਹੁੰਦੀ ਹੈ । ਗ਼ੁਲਾਮੀਆਂ ਚੋਂ ਆਜ਼ਾਦੀਆਂ ਦੇ ਰਾਹ ਤਲਾਸ਼ਦੇ ਜੂਝਾਰੂਆਂ ਨੂੰ, ਕਲਮਾਂ ਦੀ ਸਿਆਹੀ ਚੋਂ ਚੰਗਿਆੜੇ ਛੱਡਦੇ ਸ਼ਬਦ ਤੀਰ - ਤਲਵਾਰਾਂ ਵਾਲਿਆਂ ਨੂੰ ,ਤੋਪਾਂ ਵਾਲਿਆਂ ਨਾਲ ਜਾ ਟਕਰਾਉਣ ਤੱਕ ਦਾ ਬਲ ਬਖਸ਼ ਦਿੰਦੇ ਹਨ । ਸੌਂ ਚੁੱਕੀਆਂ ਜਾਂ ਉੱਕਾ ਹੀ ਮਰ ਚੁੱਕੀਆਂ ਜ਼ਮੀਰਾਂ ਨੂੰ ਸ਼ਬਦ ਐਸਾ ਝੰਜੋੜਦੇ ਹਨ ਕਿ ਮਰ ਚੁੱਕੀ ਜ਼ਮੀਰ ਵਾਲੇ ਨੂੰ ਪਲ ਪਲ ਮਰਨ ਵਾਸਤੇ ਮਜਬੂਰ ਕਰ ਦਿੰਦੇ ਹਨ । ਮਰਦੇ ਜਾਂ ਮਾਰੇ ਜਾ ਰਹੇ ਇਨਸਾਨੀ ਹੱਕਾਂ ਦੀ ਮੰਗ ਕਰਦਿਆਂ ਮੱਠੇ ਪੈਂਦੇ ਜਾ ਰਹੇ ਸੰਘਰਸ਼ਾਂ ਦੀਆਂ ਕੋਸ਼ਿਸ਼ਾਂ ਵਿੱਚ ਸ਼ਬਦ ,ਇੱਕ ਨਵੀਂ ਰੂਹ ਫੂਕ ਦਿੰਦੇ ਹਨ ਅਤੇ ਹੱਕ ਰੱਖਦੇ ਲੋਕਾਂ ਨੂੰ ਹੱਕ ਦਿਵਾ ਕੇ ਹੀ ਸਾਹ ਲੈਂਦੇ ਹਨ । ਕਈ ਵਾਰੀ ਅੰਧੇਰਿਆਂ ਵਿੱਚ ਭਟਕਦੀ ਇਨਸਾਨੀਅਤ ਨੂੰ ਚਾਨਣਾ ਦੇ ਰਾਹ ਵੀ ਕਲਮਾਂ ਚੋਂ ਫੁੱਟਦੇ ਸ਼ਬਦ ਹੀ ਵਿਖਾਉਂਦੇ ਹਨ ।
ਸੋ ਇਹ ਇੱਕ ਅਟੱਲ ਸੱਚਾਈ ਹੈ ਕਿ ਕਲਮ ਦੀ ਤਾਕਤ ਤਲਵਾਰ ਦੀ ਤਾਕਤ ਨਾਲੋਂ ਕਿਤੇ ਵੱਡੀ ਹੁੰਦੀ ਹੈ ਇਸ ਗੱਲ ਨੂੰ ਸਾਬਤ ਕਰਨ ਵਾਸਤੇ ਬਹੁਤੀਆਂ ਦਲੀਲਾਂ ਜਾਂ ਵੱਡੇ ਵੱਡੇ ਸ਼ਬਦਾਂ ਨਾਲ ਭਾਰੂ ਤੋਂ ਭਾਰੂ ਤਸ਼ਬੀਹਾਂ ਦੇ ਕੇ ਲੇਖ ਦਾ ਕਾਗਜ਼ੀ ਅਕਾਰ ਵਧਾਉਣ ਦੀ ਬਹੁਤੀ ਲੋੜ ਨਹੀਂ ਬੱਸ :
“ਸਾਹਿਬੇ ਕਮਾਲ, ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਉਸਦੇ,ਉਸਦੀ ਫੌਜ,ਉਸਦੇ ਅਹਿਲਕਾਰਾਂ ਦੇ ਕਾਲੇ ਕਾਰਨਾਮਿਆਂ ਪ੍ਰਤੀ ਦੁਰਕਾਰਦੀ ,ਫਿਟਕਾਰਦੀ ਜਿੱਤ ਦੀ ਚਿੱਠੀ “ਜ਼ਫ਼ਰਨਾਮਾ”ਦਾ ਜ਼ਿਕਰ ਕਰਨਾ ਹੀ ਕਾਫ਼ੀ ਹੈ ਜਿਸ ਚਿੱਠੀ ਦੇ ਸ਼ਬਦਾਂ ਨੇ ਹੰਕਾਰੀ ,ਤਾਕਤਵਰ,ਕੱਟੜ ਇਨਸਾਨ ਦੇ ਪੱਥਰ ਵਰਗੇ ਜ਼ੇਰੇ ਨੂੰ ਪਲਾਂ ਵਿੱਚ ਹੀ ਪਿਘਲਾ ਕੇ ਮੋਮ ਬਣਾ ਦਿੱਤਾ ਸੀ । ਸ਼ਬਦਾਂ ਵਿੱਚਲੇ ਅੱਖਰਾਂ ਨੇ ਜ਼ਹਿਰੀਲੇ ਫ਼ਨੀਅਰ ਕਾਲੇ ਨਾਗਾਂ ਦਾ ਰੂਪ ਧਾਰਨ ਕਰਕੇ, ਉਸ ਦੀ ਆਤਮਾ ਨੂੰ ਜਾ ਡੰਗਿਆ ਸੀ ।
ਸੱਚ ਮੁੱਚ ਹੀ ਕਲਮ ਦੀ ਤਾਕਤ ਤਲਵਾਰ ਨਾਲੋਂ ਕਿਤੇ ਵੱਡੇਰੀ ਹੁੰਦੀ ਹੈ ਕਿਉਂਕਿ ਜੋ ਕੰਮ ਮੁਗ਼ਲ ਫੌਜ ਦੀਆਂ ਲੱਖਾਂ ਤੋਪਾਂ - ਤਲਵਾਰਾਂ ਨਾ ਕਰ ਸਕੀਆਂ ਉਸ ਨਾਲੋਂ ਕਿਤੇ ਵੱਡਾ ਕੰਮ ‘ਮੇਰੇ ਸਾਹਿਬਾ’ ਦੀ ਕਲਮ ਨੇ ਕਰ ਵਿਖਾਇਆ ਸੀ । ਔਰੰਗਜ਼ੇਬ ‘ਜ਼ਫ਼ਰਨਾਮਾ’ ਪੜ੍ਹਨ ਤੋਂ ਬਾਅਦ ਪਲ ਪਲ ਕਰਕੇ ਮਰਿਆ ਸੀ , ਅਖ਼ੀਰ ਉਹ ਜ਼ਹਿਰੀਲੇ ਸ਼ਬਦੀ ਡੰਗਾਂ ਨੂੰ ਨਾ ਸਹਾਰਦਾ , ਸੱਚਮੁੱਚ ਮਰ ਵੀ ਗਿਆ ਸੀ ।
ਤਾਕਤ ਤੋਂ ਤਾਕਤਵਰ ਸਰਕਾਰਾਂ ਦੇ ਤਖ਼ਤ ਪਲਟਾਉਣ ਦੀ ਤਾਕਤ ਰੱਖਦੀਆਂ,ਅੱਜਕੱਲ੍ਹ ਦੀਆਂ ਕੁੱਝ ਕੁ ਕਲਮਾਂ ਮੁੱਦਿਆਂ ਤੇ ਖਹਿਣ ਦੀ ਬਜਾਏ, ਆਪਸ ਵਿੱਚ ਖਹਿੰਦੀਆਂ ਨਜ਼ਰੀਂ ਪੈਦੀਆਂ ਹਨ । ਅਜੋਕੇ ਸਮਾਜ ਵਿੱਚ ਸਰਕਾਰੀ ਜਾਂ ਗੈਰਸਰਕਾਰੀ ਨੀਤੀਆਂ ਕੁਰੀਤੀਆਂ ਨੇ ਕੁੱਝ ਅਣਗਿਣਤ ਮੁੱਦਿਆਂ ਨੂੰ ਜਨਮ ਦੇ ਦਿੱਤਾ ਹੈ ਜਿਹਨਾਂ ਬਾਰੇ ਲਿਖਦਿਆਂ ਲਿਖਦਿਆਂ ਸਾਡੀਆਂ ਕਲਮਾਂ ਦੀ ਸਿਆਹੀ ਤੱਕ ਖਤਮ ਹੋ ਸਕਦੀ ਹੈ ਪਰੰਤੂ ਤੇਜ਼ੀ ਨਾਲ ਵਧ ਰਹੀਆਂ ਅਲਾਮਤਾਂ ਦੀ ਜਮਾਤ ਮੁਲਕ ਦੀ ਅਬਾਦੀ ਵਾਂਗ ਨਿਰੰਤਰ ਵਧਦੀ ਜਾਏਗੀ । ਕਦੇ ਕਦੇ ਲੱਗਣ ਲਗਦਾ ਹੈ ਕਿ ਫਿਲਮਾਂ ਵਾਂਗ ਅਸਲ ਜ਼ਿੰਦਗੀ ਵਿੱਚ ਵੀ ਕਲਮਾਂ ਚੋਂ ਉਪਜਦੇ ਅਨੇਕਾਂ ਵਿਚਾਰ,ਕਿਸੇ ਅਜਿਹੀ ਧਿਰ ਦੀ ਪਿੱਠ ਠੋਕ ਰਹੇ ਹਨ, ਜਿਸ ਧਿਰ ਬਾਰੇ ਆਮ ਜੰਤਾਂ ਦੀ ਰਾਇ, ਤੱਥਾਂ ਦਾ ਅਧਾਰ ਅਤੇ ਕਲਮ ਵੱਲੋਂ ਪ੍ਰਗਟਾਏ ਵਿਚਾਰ ਰੇਲ ਗੱਡੀ ਦੀਆਂ ਲੀਹਾਂ ਵਾਂਗ ਦੂਰ ਦੂਰ ਤੱਕ ਮੇਲ ਨਹੀਂ ਖਾਂਦੇ ,ਫਿਰ ਵੀ ਕਿੳਂੁ ਕੁੱਝ ਕੁ ਕਲਮਾਂ ‘ਸੱਚ’ ਸ਼ਬਦ ਨੂੰ ਲਿਖਦੇ ਲਿਖਦੇ , ‘ਸੱਚ’ ਵਾਸਤੇ ਵਰਤੇ ਜਾਂਦੇ ਅੱਖਰ ‘ਸ’ ਉਪਰ ੱ ਅੱਦਕ ਪਾ ਕੇ ‘ਚ’ ਯਾਨਿ ‘ਸੱਚ’ ਦੀ ਬਜਾਏ ‘ਝ’ ਨੂੰ ੂ (ਦੁਲੱਕੜ) ‘ਠ’ ‘ਝੂਠ ਲਿਖ ਕੇ ਸਾਨੂੰ ਝੂਠ ਵਾਲੇ ਸ਼ਬਦ ਨੂੰ ਸੱਚ ਪੜ੍ਹਨ ਲੈਣ ਵਾਸਤੇ ਮਜਬੂਰ ਕਰਦੀਆਂ
ਨਜ਼ਰੀਂ ਪੈਂਦੀਆਂ ਹਨ । ਕੁੱਝ ਕੁ ਕਲਮਾਂ ਭਰੋਸੇਯੋਗ ਸੂਤਰਾਂ ਦਾ ਹਵਾਲਾ ਦੇ ਕੇ ‘ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ’ ਪੜ੍ਹਨ ਨੂੰ ਕਹਿ ਤਾਂ ਦਿੰਦੀਆਂ ਹਨ ਪਰੰਤੂ ਇਹ ਭਰੋਸੇਯੋਗ ਸੂਤਰ ਇੱਕ ਨਾ ਇੱਕ ਦਿਨ ਵਿਚਾਰਾਂ ਦੇ ਪ੍ਰਕਾਸ਼ਿਕ ਅਦਾਰੇ ਦਾ ਪੜ੍ਹਨ ਵਾਲੇ ਪਾਠਕਾਂ ਵਾਲਾ,ਸਾਲਾਂ ਤੋਂ ਜਿੱਤਿਆ ਭਰੋਸਾ ਗੁਆਉਣ ਵਾਲਾ ‘ਸੱਚ’ ਬਣ ਜਾਂਦੇ ਹਨ ।
ਸਾਡੇ ਮੁਲਕ ਵਿੱਚਲੀ ਗੰਧਲੀ ਸਿਆਸਤ, ਹੁਣ ਥਾਂ ਥਾਂ ਬੁਰੀ ਤਰ੍ਹਾਂ ਆਪਣੇ ਸਿਆਸੀ ਖੰਭ ਫੈਲਾਅ ਚੁੱਕੀ ਹੈ । ਕਲਮਾਂ ਆਪਸੀ ਕਿੜ੍ਹਾਂ ਕੱਢਣ ਵਾਸਤੇ ਹਥਿਆਰ ਬਣਾ ਕੇ ਵਰਤੀਆਂ ਜਾਣ ਲੱਗੀਆਂ ਹਨ । ਗੰਧਲੀ ਸਿਆਸਤ ਦੀ ਗੱਲ ਨਾ ਕਰਕੇ ਪਹਿਲਾਂ ‘ਕਲਮਾਂ ਦੀ ਸਿਆਹੀ ਦੀਆਂ ਦਵਾਤਾਂ’ ਵਿੱਚਲੇ ਵਧਦੇ ਜਾ ਰਹੇ ‘ਗੰਧਲੇਪਣ’ ਦੀ ਗੱਲ ਕਰੀਏ । ਇੰਝ ਲਗਦਾ ਹੈ ਜਿਵੇਂ ਹੋਛੀ ਸ਼ੋਹਰਤ ਲੋੜੀਂਦੇ ਇਨਸਾਨਾਂ ਨੇ ਵੀ ਸ਼ਬਦਾਂ ਦੁਆਰਾ ਕਲਮਾਂ ਦਾ ਟਕਰਾ, ਕਲਮਾਂ ਨਾਲ ਕਰਵਾਉਂਣਾ ਸ਼ੁਰੂ ਕਰ ਦਿੱਤਾ ਹੈ । ਕਲਮਾਂ ਦੇ ਧਨੀਆਂ ਦੇ ਵਾਰਿਸ, ਹੁਣ ਲੋਕਾਂ ਨੂੰ ਦਿਸ਼ਾ ਦੇਣ ਦੀ ਬਜਾਏ ਖ਼ੁਦ ਦਿਸ਼ਾ ਤੋਂ ਭਟਕੇ ਜਿਹੇ ਲੱਗਣ ਲੱਗੇ ਹਨ ।ਜਿਵੇਂ ਕਲਮਾਂ ਦੀ ਸਿਆਹੀ ਤੋਂ ਕਾਗਜ਼ ਤੇ ਕੁੱਝ ਚੰਗਾਂ ਲਿਖਣ ਦਾ ਕੰਮ ਲੈਣ ਦੀ ਥਾਂ,ਕਲਮ ਨੂੰ ਝਟਕ ਕੇ ਸਾਹਮਣੇ ਵਾਲੇ ਦੇ ‘ਕਿਰਦਾਰ ਰੂਪੀ ਚਿੱਟੇ ਕਪੜਿਆਂ ਤੇ ਸਿਆਹੀ ਨੁੰਮਾ ਚਿੱਕੜ ਉਛਾਲਣ’ ਦਾ ਕੰਮ ਕੀਤਾ ਜਾ ਰਿਹਾ ਹੋਵੇ ।
ਕੋਈ ਤਾਜ਼ਾ ਤਾਜ਼ਾ ਘੜੀ ਕਲਮ ਕਹਿੰਦੀ ਹੈ ਕਿ :
‘ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ’ ਦੇ ਗੀਤ, ਮਹਾਨ ਸ਼ਾਇਰ ਅਤੇ ਮਹਾਨ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਚੋਰੀ ਕਰਕੇ ਗਾ ਦਿੱਤੇ ।
ਕੋਈ ਕਲਮ ਕਹਿੰਦੀ ਹੈ ਕਿ ਨਹੀਂ ਭਾਅ ਜੀ ਨਹੀਂ :
‘ਸ਼ਿਵ ਕੁਮਾਰ ਜੀ’ ਨੇ ਵੀ ਕਿਸੇ ਉਹਨਾਂ ਤੋਂ ਵੀ ਪੁਰਾਣੇ ਸ਼ਾਇਰ ਦੀਆਂ ਸਤਰਾਂ ਨੂੰ ਤਰੋੜਿਆ ਮਰੋੜਿਆ ਹੈ ।
ਅੱਜਕੱਲ੍ਹ ਕਈਂ ਨਵੇਂ ਲਿਖਾਰੂ,ਇਹਨਾਂ ਮਹਾਨ ਸ਼ਾਇਰਾਂ ਦੀ ਮਹਾਨਤਾ ਨੂੰ ਪੰਜਾਬੀ ਪ੍ਰੇਮੀਆਂ ਵੱਲੋਂ ਬਖਸ਼ੀਆਂ ‘ਸ਼ੋਹਰਤਾਂ ਅਤੇ ਸਤਿਕਾਰ ਰੂਪੀ ਪੌਸ਼ਾਕਾਂ’ ਦੀਆਂ ਕੰਨੀਆਂ ਖਿੱਚ ਖਿੱਚ ਉਹਨਾਂ ਨੂੰ ਬੇਪਰਦ ਕਰਨ ਦੀ ਨਾਕਾਮ ਕੋਸ਼ਿਸ਼ ਕਰਨ ਵਿੱਚ ਰੁੱਝੇ ਹੋਏ ਹਨ ।
ਕੋਈ ਕਹਿੰਦਾ ਹੈ ਕਿ :
‘ਦੇਵ ਥਰੀਕੇ ਵਾਲੇ ਦੀਆਂ ਕਲੀਆਂ ਕਿੱਸਿਆਂ ਚੋਂ’ ਕਾਪੀ ਮਾਰੀਆਂ ਹੋਈਆਂ ਸਨ ।
ਕੋਈ ਕਹਿ ਰਿਹਾ ਹੈ ਕਿ :
‘ਸੱਤ ਰੰਗੇ ਦੁਪੱਟਿਆਂ’ ਦੇ ਰੰਗ ਵੀ ਵਿਦੇਸ਼ੀ ਸਨ ਅਤੇ ਕੋਈ ਕਹਿੰਦਾ ਹੈ ਕਿ :
ਨਹੀਂ ਜੀ, ਗੀਤਕਾਰੀ ਇਤਿਹਾਸ ਦੀ ਜਾਣਕਾਰੀ ਮੈਨੂੰ ਤੁਹਾਡੇ ਨਾਲੋ ਜ਼ਿਆਦਾ ਹੈ
‘ਦੁਪੱਟੇ ਅਤੇ ਰੰਗ’ ਦੋਨੋਂ ਦੇਸੀ ਹੀ ਸਨ ।
ਕਈ ਕਲਮਾਂ ਵੱਲੋਂ :
‘ਜੱਜ ਸਾਹਿਬਾਂ’ ਨਾਲ ਵੀ ਬੇਇਨਸਾਫ਼ੀ ਕਰਨ ਦੀਆਂ ਖ਼ਬਰਾਂ ਸੁਰਖ਼ੀਆਂ ਵਿੱਚ ਹਨ ।
ਆਖਿਰ ਇਹ ਕਾਵਾਂ ਰੌਲੀ ਜਿਹੀ ਕੀ ਹੈ ਸਭ ਕੁੱਝ ?
‘ਦੀਵੇ ਹੇਠਾਂ ਏਨਾਂ ਕਿੰਨਾਂ ਕੁ ਹਨ੍ਹੇਰਾ ਪਸਰਿਆ ਹੈ ਕਿ ਕਿਸੇ ਨੂੰ ਕੁੱਝ ਵੀ ਨਜ਼ਰ ਨਹੀਂ ਆ ਰਿਹਾ’
‘ਵਾਰ ਵਾਰ ਉਠਦਾ ‘ਸ਼ਬਦੀ ਧੂੰਆਂ’ ਅਜਿਹੀ ਕਿਹੜੀ ਡੂੰਘੇਰੀ ਸੁਲਗ ਰਹੀ ਅਗਨੀ ਦੇ ਭਾਂਬੜ ਬਣਨ ਦਾ ਸੰਕੇਤ ਦੇ ਰਿਹਾ ਹੈ ਜਿਹੜੀ ਹਾਲੇ ਅੰਦਰੋਂ ਅੰਦਰੀ ਧੁੱਖ ਤਾਂ ਰਹੀ ਹੈ ਪਰੰਤੂ ਲਟ ਲਟ ਕਰਕੇ ਬਲ਼ਣ ਵਾਸਤੇ ਕਿਸੇ ਹੋਰ ‘ਸ਼ਬਦੀ ਹਵਾ ਦੇ ਇਸ਼ਾਰੇ’ ਦਾ ਇੰਤਜ਼ਾਰ ਕਰ ਰਹੀ ਹੈ ।
ਮੈਨੂੰ ਤਾਂ ਮੇਰੀ ਜ਼ੁਬਾਨ ਯਾਨਿ ‘ਪੰਜਾਬੀ ਮਾਂ ਬੋਲੀ ਦੇ ਮਹਾਨ ਸ਼ਾਇਰਾਂ,ਅਦਬ ਯੋਗ ਬੁੱਧੀ ਜੀਵੀਆਂ, ਪੰਜਾਬੀ ਸਾਹਿਤ ਦੇ ਆਸਮਾਨ ’ਤੇ ਪੂਰਨਮਾਸ਼ੀ ਦੇ ਚੰਦ ਨਾਲੋਂ ਵੀ ਵਧਕੇ ਚਮਕਦਿਆਂ , ਆਪਣੇ ਸ਼ਬਦਾਂ ਨੂੰ ਵਿਚਾਰਾਂ ਦੇ ਸਮੁੰਦਰਾਂ ਵਿੱਚ,ਛੱਲਾਂ ਦੇ ਤੂਫਾਨੀ ਦੌਰ ਵਿੱਚ ਵੀ ਤਾਰੀਆਂ ਲੁਆ ਲੁਆ, ਲੋਕਾਈ ਨੂੰ ਸਮਾਜਿਕ ਅਤੇ ਸਾਹਿਤਕ ਸੇਧ ਦਿੰਦੀਆਂ ਰਚਨਾਵਾਂ ਰੂਪੀ ਕਿਸ਼ਤੀਆਂ ਨੂੰ ਸਹਿਜ ’ਤੇ ਸੁਚੱਜੇ ਢੰਗ ਨਾਲ ਕਿਸੇ ਕੰਢੇ ਬੰਨੇ ਲਾਈਂ ਬੈਠੇ ‘ਪੰਜਾਬੀ ਮਾਂ ਬੋਲੀ ਦੇ ਸਹਿਤਕ ਮਲਾਹਾਂ” ਦੇ ਸਨਮਾਨ ਯੋਗ ਸੰਬੋਧਨੀ ਨਾਵਾਂ ਨੂੰ ਲਗਦੇ ਪੰਜਾਬੀ ਭਾਸ਼ਾ ਦੇ ਚਾਰ - ਛੇ ਜਾਂ ਅੱਠ ਅੱਖਰ ਵੀ ਸਹੀ ਲਿਖਣੇ ਨਾ ਆਉਣ ਵਾਲੇ ਕਈ ਲਿਖਾਰੀਆਂ ਦੀ ਸੋਚ ਬਾਰੇ ,ਸੋਚ ਸੋਚ ਹੈਰਾਨਗੀ ਅਤੇ ਦੁੱਖ ਦੋਵੇਂ ਹੋ ਰਹੇ ਹਨ ਕਿ ਮੈਂ ਕਿਉਂ :
“ਬਾਬਾ ਬੁਲ੍ਹੇ ਸ਼ਾਹ ,ਸ਼ਾਇਰ ਸ਼ਿਵ ਕੁਮਾਰ ਬਟਾਲਵੀ , ਅੰਮ੍ਰਿਤਾ ਪ੍ਰੀਤਮ, ਪ੍ਰੋ:ਮੋਹਨ ਸਿੰਘ , ਸੁਰਜੀਤ ਪਾਤਰ ਅਤੇ ਗੁਰਦਾਸ ਮਾਨ ਵਰਗੀਆਂ ਮਹਾਨ ਸਖਸ਼ੀਅਤਾਂ ਦੀਆਂ ਰਚਨਾਵਾਂ ਦੀ ਅਲੋਚਨਾ ਨੂੰ ਸੀੜੀਆਂ ਬਣਾਕੇ, ਉਹਨਾਂ ਦੀਆਂ ਹਾਸਿਲ ਕੀਤੀਆਂ ਸਿਖ਼ਰਾਂ ਨੂੰ ਛੂਹਣ ਦੀ ਨਾਕਾਮ ਕੋਸ਼ਿਸ਼ ਵਿੱਚ ਰੁੱਝਾ ਹਾਂ ਜਿੰਨ੍ਹਾ ਸਿਖ਼ਰਾਂ ਤੱਕ ਹਾਲੇ ਨਾ ਮੇਰੀ ਨਿਗ੍ਹਾ ਦੀ ਪਹੁੰਚ ਹੈ ਅਤੇ ਨਾ ਹੀ ਮੇਰੀ ਸੋਚ ਦੀ ।
ਕੀ ਮੇਰੇ ਇਹ ਲੇਖਕ ਦੋਸਤ ,ਇੱਕ ਜੁਗਨੂੰ ਜਿਹੇ ਬਣਕੇ ਪੂਰਨਿਮਾਂ ਦੇ ਚੰਦ ਨੂੰ ਰੋਸ਼ਨੀ ਮੁਕਾਬਲੇ ਲਈ ਵੰਗਾਰਨ ਦੀ ਭੁੱਲ ਨਹੀਂ ਕਰ ਰਹੇ ।
ਮੈਂ ਕਿਤੇ ਪੜ੍ਹਿਆ ਸੀ ਕਿ :
“ਸ਼ਬਦਾਂ ਨੂੰ ਹਕੀਕਤ ਦੀਆਂ ਪਰਤਾਂ ਤੱਕ ਫਰੋਲਦੇ ਰਹੋ” ।
ਹਾਂ ! ਸ਼ਾਇਦ ਅਸੀਂ ਸ਼ਬਦਾਂ ਨੂੰ ਫਰੋਲ ਤਾਂ ਰਹੇ ਹਾਂ ਲੇਕਿਨ ਉਹਨਾਂ ਨੂੰ ਫਰੋਲ ਕੇ ਕੁੱਝ ਚੰਗਾਂ ਲੱਭਣ ਦੀ ਬਜਾਏ,ਸ਼ਬਦਾਂ ਨੂੰ ਕੁਰੇਦਣ ਲੱਗ ਪਏ ਹਾਂ ।
ਕਾਸ਼ ! ਮੇਰੀਆਂ ਕਈ ਹੋਰ ਸਮਕਾਲੀ ਕਲਮਾਂ ਨੂੰ ਏਸ ਗੱਲ ਦੀ ਸਮਝ ਜਲਦੀ ਪੈ ਜਾਵੇ ਕਿ ਸਾਨੂੰ ਇਹਨਾਂ ਸ਼ਾਇਰਾਂ ਦਾ ਭੰਡੀ ਪ੍ਰਚਾਰ ਕਰਕੇ ਫੋਕੀ ਸ਼ੋਹਰਤ ਹਾਸਿਲ ਕਰਨ ਵਾਲਾ ਸੁਪਨਾ ਵੇਖਣ ਦੀ ਬਜਾਏ ਇਹਨਾਂ ਸਾਹਿਤਕਾਰਾਂ ਦੀਆਂ ਲਿਖਤਾਂ ਨੂੰ ਪੜ੍ਹ ਪੜ੍ਹ ਕੇ ਕੁੱਝ ਸਿੱਖਣ ਦੀ ਜ਼ਿਆਦਾ ਜਰੂਰਤ ਹੈ ਤਾਂ ਕਿ ਸ਼ਾਇਦ ਕਾਗਜ਼ਾਂ ਤੇ ਕਲਮ ਘਸਾਉਂਦੇ ਘਸਾਉਂਦੇ ,ਸਾਡੇ ਵਿੱਚੋਂ ਵੀ ਕਿਸੇ ਨੂੰ ਆਪਣੇ ਨਾਂ ਨਾਲ ‘ਮਹਾਨ’ ,‘ਉੱਘੇ’, ‘ਨਾਮੀਂ’ ਸ਼ਾਇਰ ਵਰਗੇ ਸ਼ਬਦਾਂ ਚੋਂ ਕੋਈ ਵਿਸੇਸ਼ਣ ਆਪਣੇ ਨਾਂ ਤੋਂ ਪਹਿਲਾਂ ਲਿਖਵਾਉਣ ਵਾਲਾ ਜਾਂ ‘ਮਹਾਨ ਸ਼ਾਇਰ’ ਲਿਖਵਾਉਣ ਵਾਲਾ ਸੁਭਾਗ ਪ੍ਰਾਪਤ ਹੋ ਜਾਵੇ ।
ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਕਲਮਾਂ ਵੱਲ, ਕਲਮਾਂ ਵਾਲਿਆਂ ਦੀਆ ਉਠਦੀਆਂ ਉਂਗਲਾਂ ਪੰਜਾਬੀ ਸਾਹਿਤਕ,ਪੰਜਾਬੀ ਗੀਤਕਾਰੀ ਨਾਲ ਸਬੰਧ ਰੱਖਣ ਵਾਲਿਆਂ ਜਾਂ ਪੰਜਾਬੀ ਪਾਠਕਾਂ ਵਾਸਤੇ ਕੋਈ ਚਿਟਕਾਰੀਆਂ ਲੈ ਲੈ ਕੇ ਪੜ੍ਹਨ ਵਾਲੀ ਖ਼ਬਰ ਨਹੀਂ ਸਗੋਂ ਦੁੱਖ ਵਿੱਚ ਸੋਗ ਮਨਾਉਂਣ ਵਾਲੀ ਮੰਦਭਾਗੀ ਗੱਲ ਹੈ , ਕਿਉਂਕਿ ਸਾਡੇ ਸਾਹਿਤਕ ਵਿਹੜੇ ,ਕਿਸੇ ਸ਼ਾਇਰ ਦੀ ਔਲਾਦ ਨਾਲੋਂ ਵੀ ਪਿਆਰੀ ਰਚਨਾ ਦਾ ਕਤਲ ਹੋ ਗਿਆ ਹੈ ਜਾਂ ਇਹ ਕਹਾਂ ਕਿ ਸਾਡੇ ਮੁਹੱਲੇ ਦੀ ਹੀ , ਦੂਜੇ ਪਾਸੇ ਦੀ ਸ਼ਰਾਰਤੀ ਕਲਮ ਨੇ ਵੱਢ ਟੁੱਕ ਦਿੱਤੀ ਹੈ । ਅਸੀਂ ਕਿਉਂ ਕਿਸੇ ਦੀ ਸਾਲਾਂ ਦੀ ਕਮਾਈ ,ਟਹਿਕਦੀ ਮਹਿਕਦੀ ਭਾਵਨਾਵਾਂ ਦੀ ਕਿਆਰੀ ਨੂੰ ਈਰਖਾਲੂ ਪੈਰਾ ਹੇਠ ਲਤਾੜ ਕੇ,ਸ਼ਬਦੀ ਹੜ੍ਹਾਂ ਵਿੱਚ ਰੋੜ੍ਹਨ ਤੋਂ ਪਹਿਲਾਂ ਇੱਕ ਨਜ਼ਰ ਆਪਣੇ ਅੰਦਰ ‘ਅੰਤਰ ਝਾਤ’ ਵਜੋਂ ਮਾਰ ਕੇ ਤਾਂ ਵੇਖੀਏ ਕਿ ਜੇ ਏਦਾਂ ਕੋਈ ਦੂਜਾ ਮੇਰੀ ਔਲਾਦ ਜਾਂ ਮੇਰੀ ਰਚਨਾ ਨਾਲ ਕਰ ਜਾਵੇ ਤਾਂ ਮੇਰੀ ਆਤਮਾ ਕਿੰਨਾਂ ਕੁ ਕੁਰਲਾਵੇਗੀ ਅਤੇ ਹਾਲ ਦੁਹਾਈ ਪਾਉਂਦੀ ਪਾਉਂਦੀ,ਆਪਣੇ ਪਿੱਟ ਸਿਆਪੇ ਨਾਲ ਆਪਣੇ ਲੀੜੇ ਤੱਕ ਪਾੜ ਕੇ ਕਿੰਨਿਆਂ ਕੁ ਹੋਰਾਂ ਦੇ ਕੰਨਾਂ ਨੂੰ ਪਾੜ ਵੀ ਦੇਵੇਗੀ ।
ਸੋਚੋ ! ਭਲਾ ਕਿਹੋ ਜਿਹੀ ਹੋਵੇਗੀ, ਉਹ ਹਾਅ ਕੁਰਲਾਹਟ ?
ਇਲਜ਼ਾਮਾਂ ਦੇ ਘੇਰੇ ਵਿੱਚ ਆਈਆਂ ਕਲਮਾਂ ਦੀ ਸਿਆਹੀ ਸਪੱਸ਼ਟੀਕਰਨ ਦੇਣ ਵਰਗੇ ਚਾਰ ਅੱਖਰ ਝਰੀਟਣ ਵਾਸਤੇ ਕਿਉਂ ਜਾਮ ਹੋ ਜਾਂਦੀ ਹੈ । ਉੱਠ ਰਹੇ ‘ਰਚਨਾ ਚੋਰੀ ਰੂਪੀ ਇਲਜ਼ਾਮਾਂ’ ਦੇ ਧੂੰਏ ਉਪਰ ‘ਸੱਚ ਕੀ ਹੈ’ ਵਾਲੀ ਦਵਾਤ ਚੋਂ ਦੋ ਬੂੰਦਾਂ ‘ਸੱਚ ਰੂਪੀ ਸਿਆਹੀ’ ਦੀਆਂ ਝਟਕ ਕੇ, ਭਾਂਬੜ ਬਣਨ ਤੋਂ ਪਹਿਲਾਂ ਪਹਿਲਾਂ ਧੂੰਏ ਨਾਲ ਕੌੜੀਆਂ ਹੋ ਰਹੀਆਂ ‘ਇਨਸਾਨੀ ਕਿਰਦਾਰ ਰੂਪੀ ਅੱਖਾਂ’ ਨੂੰ ਕਿਉਂ ਨਹੀਂ ਬਚਾਇਆ ਜਾ ਰਿਹਾ ।
ਗੱਲ ਮੇਰੀ ਸਮਝ ਤੋਂ ਬਾਹਰ ਹੈ ਜਾਂ ਇਲਜ਼ਾਮ ਝੱਲਣ ਵਾਲਿਆਂ ਦੀ ।
ਮੈਂ ਹਾਲੇ ਵੀ ਨਹੀਂ ਸਮਝ ਰਿਹਾ ਕਿ :
ਆਖਿਰ ਐਸੀ ਕਿਹੜੀ ਮਜਬੂਰੀ ਸੀ ਕਿ ਕਿਸੇ ਦੀ ਰਚਨਾ ਦਾ ਗਲਾ ਦਬਾ ਕੇ ਹੀ ਘਰ ’ਚ ਰੋਟੀ ਪੱਕਣੀ ਸੀ । ਜੇ ਇਲਜ਼ਾਮ ਗਲਤ ਹਨ ਤਾਂ ਹੁਣ ਇਲਜ਼ਾਮਾਂ ਦਾ ਖੰਡਨ ਕਰਨ ਲੱਗਿਆਂ ਕਿਹੜੀ ਆਫ਼ਤ ਆਉਣ ਲੱਗੀ ਐ ਕਿ ਖੰਡਨ ਵੀ ਨਹੀਂ ਕੀਤਾ ਜਾ ਸਕਦਾ ।
ਜੇ ਜਾਣੇ ਅਣਜਾਣੇ ਵਿੱਚ ਗਲਤੀ ਜਾਂ ਸ਼ਰਾਰਤ ਹੋ ਵੀ ਗਈ ਹੈ ਤਾਂ ਮੁਆਫ਼ੀ ਵਰਗੇ ਚਾਰ ਸ਼ਬਦ ਲਿਖਣ ਨੂੰ ਜ਼ਮੀਰ ਨਹੀਂ ਮੰਨਦੀ ਤਾਂ ਨਹੀਂ ਸਹੀ ਕਲਮ ਤਾਂ ਔਖੀ ਸੁਖਾਲੀ ਝਰੀਟ ਹੀ ਦੇਊ ਕਿਉਂਕਿ ਜ਼ਮੀਰ ਨੇ ਤਾਂ ਓਸ ਦਿਨ ਵੀ ਇਕੇਰਾਂ ਟੋਕਿਆ ਸੀ ।
ਜ਼ਮੀਰ ਦੀ ਨਾ ਉਸ ਦਿਨ ਮੰਨੀ ਨਾ ਅੱਜ ਮੰਨੋ ਬਸ !
ਲਓ ! ਤੁਹਾਡੀ ਦੁਬਿੱਧਾ - ਦੁਚਿੱਤੀ ਨੂੰ ਮੈਂ ਹੀ ਹੋਰ ਸੁਖਾਲਾ ਕਰ ਦੇਵਾਂ ।
ਮੈਂ ਕਿਸੇ ਵੀ ਦੋਸਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਇਹ ਸਤਰਾਂ ਨਹੀਂ ਲਿਖੀਆਂ, ਨਾ ਹੀ ਮੈਂ ਇਹ ਦਾਅਵਾ ਕਰਦਾ ਹਾਂ ਕਿ ਮੈਂ ਇਸ ਲੇਖ ਵਿੱਚ ਕੋਈ ਸ਼ਬਦਾਵਲੀ ,ਬਿੰਬਾਵਲੀ , ਵਿਆਕਰਨ ਜਾਂ ਭਾਸ਼ਾ ਆਦਿ ਦੀ ਵਰਤੋਂ ਕਰਨ ਦੀ ਗਲਤੀ ਨਹੀਂ ਕੀਤੀ । ਮੇਰੇ ਲੇਖ ਵਿੱਚ ਅਣਗਿਣਤ ਗਲਤੀਆਂ ਹਨ ਸੋ ਸਮੂਹ ਪੰਜਾਬੀਓ ! ਖਿਮਾਂ ਦਾ ਜਾਚਕ ਹਾਂ ।
ਸ਼ਾਲਾ ! ਕਲਮਾਂ ਦਾ ਕਲਮਾਂ ਨਾਲ ਟਕਰਾ ਨਾ ਹੋਵੇ ਹਾਂ ਜੇ ਕਲਮਾਂ ਟਕਰਾਉਣ ਵੀ ਤਾਂ ਕਿਸੇ ਅਜਿਹੇ ਮੁੱਦੇ ਤੇ ਟਕਰਾਉਣ ਜਿਸ ਟਕਰਾ ਨਾਲ ਸਮਾਜ ਵਿੱਚ ਡੂੰਘੇਰੀਆਂ ਜੜ੍ਹਾਂ ਫੈਲਾਈਂ ਬੈਠੀਆਂ ਅਨੇਕਾਂ ਭੈੜੀਆਂ ਤੋਂ ਭੈੜੀਆਂ ਅਲਾਮਤਾਂ ਦੀਆਂ ਜੜ੍ਹਾਂ ਹਮੇਸ਼ਾਂ ਹਮੇਸ਼ਾਂ ਲਈ ਪੁੱਟੀਆਂ ਜਾ ਸਕਣ ।
ਪੜ੍ਹਨ ਸੁਨਣ ਨੂੰ ਹਾਸੋ ਹੀਣੇ ਲੱਗਦੇ ਮੁੱਦੇ ਉਛਾਲ ਉਛਾਲ ਕੀ ਕਲਮਾਂ ਪੰਜਾਬੀ ਸਾਹਿਤ ਲਈ ਵਿਕਾਸਕਾਰੀ ਸਿੱਧ ਹੋਣਗੀਆਂ ਜਾਂ ਵਿਨਾਸ਼ਕਾਰੀ ? ਇਹ ਫੈਸਲਾ ਵੀ ਹਾਲ ਦੀ ਘੜੀ ਤੁਸੀਂ ਹੀ ਕਰ ਲਵੋ ।
ਗੱਲ ਹਾਲੇ ਵੀ ਮੇਰੀ ਸਮਝ ਤੋਂ ਬਾਹਰ ਹੈ ।
ਮੈਂ ਭਾਂਵੇਂ ਸੂਝਵਾਨ ਸਾਹਿਤਕਾਰਾਂ ਜਾਂ ਗੀਤਕਾਰਾਂ ਨੂੰ ਕੋਈ ਵੀ ਮੱਤ ਦੇਣ ਦੇ ਕਾਬਿਲ ਤਾਂ ਨਹੀਂ ਫਿਰ ਵੀ ਬੱਸ ਏਨਾ ਹੀ ਕਹਾਂਗਾ ਕਿ :
ਸਮੇਂ ਦੇ ਹਾਣੀਓ !
ਲਿਖਾਰੀਓ , ਸਾਹਿਤਕਾਰੋ ਅਤੇ ਪੱਤਰਕਾਰੋ ।
ਚੁੱਕੋ ਕਲਮ ਦਵਾਤ ਜ਼ਰਾ ਇੱਕ ਹੰਭਲਾ ਮਾਰੋ ।
ਨਿਘਰ ਗਏ ਸਮਾਜ ਨੇ ਕੈਸਾ ਘਾਤਕ ਕੱਟਿਆ ਮੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ ਇੱਕ ਦਿਸ਼ਾ ਦੇਣ ਦੀ ਲੋੜ ਹੈ ।
ਲੋੜ ਹੈ । ਮੇਰੇ ਲੋਕਾਂ ਨੂੰ ਇੱਕ ਸੇਧ ਦੇਣ ਦੀ ਲੋੜ ਹੈ ।
ਜਰਨੈਲ ਘੁਮਾਣ
3 comments:
ਇੱਕ ਕਲਮ ਚਲਦੀ ਹੈ ਸਿਰਫ ਵਿਰੋਧ ਲਈ , ਦੂਜੀ ਕਲਮ ਲਿਖਦੀ ਹੈ ਸਿਰਫ ਅੰਧ ਵਿਸ਼ਵਾਸ਼ ਵਿੱਚ , ਤੀਜੀ ਕਲਮ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਲਿਖਦੀ ਹੈ । ਉਸਾਰੂ ਅਲੋਚਨਾ ਕਰਨਾ ਹਰੇਕ ਦਾ ਹੱਕ ਹੈ ਪਰ ਸਿਰਫ ਤੇ ਸਿਰਫ ਵਿਰੋਧ ਲਈ ਹੀ ਲਿਖਣਾ ਕਿਸੇ ਦਾ ਕੁਝ ਨਹੀਂ ਸਵਾਰਦਾ ਸਗੋਂ ਲਿਖਣ ਵਾਲੇ ਦਾ ਵਿਗਾੜ ਜਾਂਦਾ ਹੈ ।ਲਿਖਣ ਲੱਗਿਆਂ ਮੱਤ ਨੂੰ ਉੱਚੀ ਤੇ ਮਨ ਨੀਵਾਂ ਕਰ ਕੇ ਲਿਖਿਆ ਜਾਵੇ ਪੜ੍ਹਣ ਵਾਲੇ ਦੇ ਮੂਹੋਂ ਵਾਹ ਆਪ ਮੁਹਾਰੇ ਨਿੱਕਲ਼ ਅਉਂਦਾ ਹੈ । ਘੁਮਾਣ ਜੀ ਤੁਹਾਡਾ ਲਿਖਿਆ ਪੜ੍ਹ ਕੇ ਬੱਸ ਇਹ ਹੀ ਕਹਾਂਗਾਂ......ਵਾਹ
www.sahajgeet.com
bahut hi jaroori wishe baare likhia Ghoman ji , har sabad har line wic sachai bhar ditti hai tusi, salaam hai aap di kalam nu.
@ Harjit Bolewal
Great read! I want to see a follow up to this topic..
Post a Comment