
ਇਕ ਨਦੀ ਨੂੰ ਪਹਾੜਾਂ ਦੀ ਢਲਵਾਨ ਤੋਂ
ਕੋਲ਼ ਸਾਗਰ ਦੇ ਪਹਿਲਾਂ ਬੁਲਾਇਆ ਗਿਆ
ਫੇਰ ਉਸਦੀ ਰਵਾਨੀ 'ਤੇ ਕਰ ਤਬਸਰੇ
ਹੁਕਮ ਪਰਤਣ ਦਾ ਪੜ੍ਹ ਕੇ ਸੁਣਾਇਆ ਗਿਆ
ਕੀ ਪਤਾ ਕਿਉਂ ਸੀ ਉਸਦਾ ਸ਼ੁਦਾ ਹੋ ਗਿਆ
ਉਹ ਜੋ ਸੁਪਨੇ ਜਿਹਾ ਸੀ ਜੁਦਾ ਹੋ ਗਿਆ
ਨਾਮ ਦਿਲ 'ਤੇ ਇਵੇਂ ਉਹਦਾ ਲਿਖਿਆ ਪਿਐ
ਜੀਕੂੰ ਪੱਥਰ 'ਤੇ ਹੋਵੇ ਲਿਖਾਇਆ ਗਿਆ
ਰਾਜ਼ ਖ਼ੁਦ ਤੋਂ ਵੀ ਅਪਣੇ ਛੁਪਾਉਂਦਾ ਰਿਹਾ
ਰੋਜ਼ ਚਿਹਰੇ 'ਤੇ ਚਿਹਰਾ ਲਗਾਉਂਦਾ ਰਿਹਾ
ਜੋ ਨਾ ਬਦਲੇ ਹਵਾਵਾਂ ਦਾ ਰੁਖ਼ ਵੇਖਕੇ
ਮੈਥੋਂ ਆਪਾ ਨਾ ਐਸਾ ਬਣਾਇਆ ਗਿਆ
ਕਿਉਂ ਮੈਂ ਪੰਛੀ ਦੇ ਨਾਂ ਸੀ ਉਡਾਰੀ ਲਿਖੀ
ਉਹਨਾਂ ਇਸਦੀ ਸਜ਼ਾ ਮੈਨੂੰ ਭਾਰੀ ਲਿਖੀ
ਭਾਵੇਂ ਚੁਪ ਹੋ ਗਿਆ ਮੈਂ ਘੜੀ ਦੀ ਘੜੀ
ਪਰ ਨਾ ਸੋਚਾਂ ਨੂੰ ਬੰਜਰ ਬਣਾਇਆ ਗਿਆ
ਸੁੱਤਿਆਂ ਨੂੰ ਜਗਾਉਂਦੇ ਮੇਰੇ ਗੀਤ ਨੇ
ਮੇਰੇ ਬੋਲਾਂ ਤੋਂ ਤਾਂ ਹੀ ਉਹ ਭੈਭੀਤ ਨੇ
ਮੈਂ ਨਾ ਭੇਜਾਂ ਹਵਾ ਹੱਥ ਸੁਨੇਹੇ ਕਿਤੇ
ਮੇਰੇ ਬੋਲਾਂ 'ਤੇ ਪਹਿਰਾ ਲਗਾਇਆ ਗਿਆ
1 comment:
mohi bhaji gazal kamaal hai gazal de sare shair vadhia han khoob bahut khoob gurmeet khokhar
Post a Comment