ਫਰਜ਼ੀ ਵਿਆਹ ਕਰਵਾਕੇ ਵਿਦੇਸ਼ੀਂ ਗਏ 'ਲਾੜਾ ਲਾੜੀਆਂ' ਦੇ ਫਰਜ਼ੀ ਤਲਾਕਾਂ ਦੀ ਨੌਬਤ ਸਿਰ 'ਤੇ.......... ਲੇਖ / ਜਰਨੈਲ ਘੁਮਾਣ


"ਜਿੱਥੇ ਚੱਲੇਂਗਾ, ਚੱਲੂਗੀਂ ਨਾਲ ਤੇਰੇ ,
ਟਿਕਟਾਂ ਦੋ ਲੈ ਲਈਂ"


ਪੁਰਾਣੇ ਸਮਿਆਂ ਵਿੱਚ ਇਹ ਗੱਲ ਕਮਾਈਆਂ ਕਰਨ ਜਾਂਦੇ ਸੁਹਿਰਦ ਪਤੀਆਂ ਨੂੰ ਉਹਨਾਂ ਦੀਆਂ ਸੂਝਵਾਨ ਪਤਨੀਆਂ ਕਿਹਾ ਕਰਦੀਆਂ ਸਨ । ਬੇਸ਼ੱਕ ਉਹ ਪ੍ਰੀਵਾਰਕ ਮਜਬੂਰੀਆਂ ਕਰਕੇ ਉਹਨਾਂ ਨਾਲ ਨਹੀਂ ਸਨ ਜਾਇਆ ਕਰਦੀਆਂ ਪਰੰਤੂ ਇਹਨਾਂ ਬੋਲਾਂ ਵਿੱਚ ਉਹ ਇੱਕ ਆਪਣੇਪਣ ਦਾ ਅਹਿਸਾਸ , ਇੱਕ ਸੁਨੇਹਾ ਆਪਣੇ ਪਰਦੇਸੀ ਜਾਂਦੇ ਬਾਲਮਾਂ ਦੇ ਸੀਨੇ ਵਿੱਚ ਉਕਰ ਦਿੰਦੀਆਂ ਸਨ ਕਿ ਤੁਸੀਂ ਜਿੱਥੇ ਵੀ ਜਾਵੋਂ , ਜਿਸ ਹਾਲ ਵਿੱਚ ਵੀ ਰਹੋਂ , ਘਬਾਰਾਉਣਾ ਨਹੀਂ ਅਸੀਂ ਹਮੇਸ਼ਾ ਤੁਹਾਡੇ ਅੰਗ ਸੰਗ ਹਾਂ ਅਤੇ ਤੁਹਾਡੀ ਚੜ੍ਹਦੀ ਕਲਾ ਲਈ ਦੁਆਵਾਂ ਮੰਗਦੀਆਂ ਰਹਾਂਗੀਆਂ ਪਰ ਹੁਣ ਦੋ ਟਿਕਟਾਂ ਲੈ ਕੇ ਵਿਦੇਸ਼ਾਂ ਨੂੰ ਉੱਡਣ ਵਾਲੇ 'ਫਰਜ਼ੀ ਪਤੀ ਪਤਨੀਆਂ' ਨੇ ਇਹਨਾਂ ਸਤਰਾਂ ਨੂੰ ਝੂਠਲਾਕੇ ਆਪਣੇ ਲਈ ਨਵੀਆਂ ਸਤਰਾਂ ਘੜ ਲਈਆਂ ਹਨ ;

ਟਿਕਟਾਂ ਦੋ ਲੈ ਲਈਂ ,ਪੰਜ ਬੈਂਡ ਨੇ ਆਇਲਟਸ ਵਿੱਚ ਮੇਰੇ ।
ਚੱਲ ਜੇ ਵਲੈਤ ਚੱਲਣਾ , ਪੈਸੇ ਹੋਣਗੇ ਖਰਚ ਕਾਕਾ ਤੇਰੇ ॥

ਵਿਦੇਸ਼ ਜਾਣ ਦੀ ਚਕਾਚੌਂਹਧ ਨੇ ਪੰਜਾਬੀਆਂ ਨੂੰ ਹਮੇਸ਼ਾ ਹੀ ਵਰਗਲਾਇਆ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਜੋਖ਼ਮ ਉਠਾਉਣ ਵਾਸਤੇ ਮਜਬੂਰ ਕੀਤਾ ਹੈ । ਉਹ ਜੋਖ਼ਮ ਭਾਵੇਂ ਮਾਲਟਾ ਕਿਸ਼ਤੀ ਕਾਂਢ ਹੋਵੇ ਭਾਵੇਂ ਅਜਿਹਾ ਕੋਈ ਹੋਰ ਕਾਂਢ , ਪੰਜਾਬੀ ਜੇ ਹੋਰ ਕੰਮਾਂ ਨੂੰ ਸ਼ੇਰ ਹਨ ਤਾਂ ਬਿਨਾਂ ਸ਼ੱਕ ਅਜਿਹੇ ਕੰਮਾਂ ਨੂੰ ਵੀ ਸ਼ੇਰ ਹੀ ਹਨ । ਬਿਨਾਂ ਸੋਚੇ ਸਮਝੇ ਅਣਜਾਣ ਰਾਹਾਂ 'ਤੇ ਤੁਰ ਪੈਣ ਦਾ ਜ਼ੇਰਾ ਸਿਰਫ਼ ਪੰਜਾਬੀਆਂ ਵਿੱਚ ਹੀ ਹੈ । ਮੰਜ਼ਿਲਾਂ ਤੱਕ ਅੱਪੜਨ ਦੇ ਨਤੀਜੇ ਜੋ ਵੀ ਹੋਣ ,ਪੰਜਾਬੀ ਇਹ ਸਭ ਬਾਅਦ ਵਿੱਚ ਹੀ ਸੋਚਦੇ ਹਨ । ਵਿਦੇਸ਼ਾਂ ਵਿੱਚ ਜਾ ਕੇ ਵਸਣ ਦੀ ਚਕਾਚੌਂਹਧ ਨੇ ਪੰਜਾਬੀਆਂ ਨੂੰ ਜਿਵੇਂ ਨਿਕੰਮੇ ਜਿਹੇ ਬਣਾ ਦਿੱਤਾ ਹੈ । ਪੜ੍ਹਨ ਲਿਖਣ ਵਿੱਚ ਘੱਟ ਦਿਲਚਸਪੀ ਲੈਣਾ ਵੀ ਇਸੇ ਗੱਲ ਦਾ ਨਤੀਜਾ ਹੀ ਹੈ ਕਿਉਂਕਿ ਅੱਜ ਦੇ ਪਾੜ੍ਹੇ ਇਹ ਸੋਚ ਕੇ ਕਿਤਾਬਾਂ ਨੂੰ ਚੁੱਕਣਾ ਮੁਨਾਸਿਬ ਨਹੀਂ ਸਮਝਦੇ ਕਿ ਚਾਰ ਪੈਸੇ ਖਰਚ ਕੇ ਬਾਹਰ ਹੀ ਜਾਣਾ ਹੈ ਫਿਰ ਦਿਨ ਰਾਤ ਕਿਤਾਬੀ ਕੀੜੇ ਬਣਕੇ ਪੜੀ੍ਹ ਜਾਣਾ ਵੀ ਕਿਸ ਕੰਮ ਦਾ । ਵੈਸੇ ਵੀ ਸਾਡੇ ਮੁਲਕ ਦੀ ਵਧ ਰਹੀ ਬੇਰੁਜ਼ਗਾਰੀ ਪੜਾਕੂਆਂ ਨੂੰ ਕੁੱਝ ਚੰਗੇ ਪਾਸੇ ਵੱਲ ਪ੍ਰੇਰਨ ਵਿੱਚ ਹਮੇਸ਼ਾਂ ਨਾਕਾਮਯਾਬ ਹੀ ਰਹੀ ਹੈ । ਚੰਗਾ ਪੜ੍ਹ ਲਿਖਕੇ ਵੀ ਸਾਡੇ ਮੁਲਕ ਦੇ ਬੱਚੇ ਨੌਕਰੀਆਂ ਨਾ ਮਿਲਣ ਦੀ ਹਾਲਤ ਵਿੱਚ ਖ਼ੁਦਕੁਸ਼ੀਆਂ ਕਰਨ ਵਾਸਤੇ ਮਜਬੂਰ ਹਨ ।

ਵਿਦੇਸ਼ਾਂ ਦੇ ਸੁਪਨੇ ਸਜੋਈਂ ਬੈਠੇ ਘੱਟ ਪੜ੍ਹੇ ਲਿਖੇ ਮੁੰਡੇ ਆਪਣੇ ਮਾਂ ਬਾਪ ਦੀ ਵਿਰਾਸਤ ਜਾਂ ਜ਼ਿੰਦਗੀ ਭਰ ਵਿੱਚ ਮੁਸ਼ਕਿਲ ਨਾਲ ਜੋੜੇ ਚਾਰ ਪੈਸੇ ਅਤੇ ਜਾਂ ਫਿਰ ਗਹਿਣੇ ਗੱਟੇ ਵੇਚ ਕੇ ਇਕੱਤਰ ਕੀਤੀ ਦੌਲਤ ਨੂੰ ਬਹੁਤ ਬੇਕਿਰਕੀ ਨਾਲ ਲੁਟਾਉਂਦੇ ਆ ਰਹੇ ਹਨ ਕਿਉਂਕਿ ਉਹਨਾਂ ਨੂੰ ਸਿਰਫ਼ ਤੇ ਸਿਰਫ਼ ਵਿਦੇਸ਼ ਦਿਖਦਾ ਹੈ ਭਾਵੇਂ ਕਨੇਡਾ , ਅਮਰੀਕਾ , ਅਸਟਰੇਲੀਆਂ ਪਹੁੰਚਣ ਵਾਸਤੇ , ਕੋਈ ਵੀ ਪਾਪੜ ਕਿਉਂ ਨਾ ਵੇਲਣੇ ਪੈਣ । ਪੈਸੇ ਬਟੋਰੂ ਟਰੈਵਲ ਏਜੰਸੀਆਂ ਸਮੇਂ ਸਮੇਂ 'ਤੇ ਪੰਜਾਬੀਆਂ ਦੀ ਇਸ ਵਿਦੇਸ਼ੀ ਚਾਹਤ ਦਾ ਫਾਇਦਾ ਚੁੱਕਦੀਆਂ ਆ ਰਹੀਆਂ ਹਨ ਅਤੇ ਨਵੀਆਂ ਨਵੀਆਂ ਲੋਕ ਲੁਭਾਉਣੀਆਂ 'ਵੀਜ਼ਾ ਲਗਵਾਉ' ਕਾਢਾਂ ਵੀ ਕੱਢਦੀਆਂ ਰਹੀਆਂ ਹਨ । ਵਿਦੇਸ਼ੀ ਇੰਮੀਗਰੇਸ਼ਨ ਕਾਨੂੰਨਾ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਣ ਵਾਸਤੇ ਪੰਜਾਬੀ ਹਮੇਸ਼ਾਂ ਹੀ ਮੋਹਰੀ ਰਹੇ ਹਨ । ਉਸ ਵਾਸਤੇ ਇਹਨਾਂ ਨੂੰ ਭਾਵੇਂ ਆਪਣੀ ਹੀ ਸਕੀ ਭੈਣ ਨੂੰ ਪਤਨੀ ਜਾਂ ਆਪਣੇ ਭਰਾ ਨੂੰ ਪਤੀ ਹੀ ਕਿਉਂ ਨਾ ਬਣਾਉਣਾ ਪਿਆ ਹੋਵੇ ਪਰ ਇਹ ਸਭ ਕੁੱਝ ਕਰ ਕਰਾ ਕੇ ਵਿਦੇਸ਼ ਪਹੁੰਚਦੇ ਹੀ ਰਹੇ ਹਨ । ਭਾਂਵੇਂ ਫਰਜ਼ੀ ਵਿਆਹ -ਤਲਾਕ , ਤਲਾਕ - ਫਿਰ ਤੋਂ ਵਿਆਹ ਕਰਵਾਉਣ ਦਾ ਸਿਲਸਿਲਾ ਕਾਫ਼ੀ ਪੁਰਾਣਾ ਹੈ ਅਤੇ ਇਹ ਕੁੱਝ ਅਰਸੇ ਤੋਂ ਨਿਰੰਤਰ ਚਲਦਾ ਆ ਰਿਹਾ ਹੈ । ਫਿਰ ਵੀ ਪਿਛਲੇ ਦੋ ਕੁ ਵਰ੍ਹਿਆਂ ਤੋਂ ਆਸਟਰੇਲੀਆ, ਨਿਊਜ਼ੀਲੈਂਡ , ਯੂ.ਕੇ. ਅਤੇ ਕਨੇਡਾ ਵਿੱਚ 'ਜੀਵਨ ਸਾਥੀ ਵੀਜ਼ਾ' ( Spouse Visa ) ਕੇਸਾਂ ਦੀ ਭਰਮਾਰ ਰਹੀ ਹੈ । ਜਿਹਨਾਂ ਵਿੱਚ ਨੱਬੇ ਪ੍ਰਤੀਸ਼ਤ ਕੇਸ ਫਰਜ਼ੀ ਵਿਆਹ ਕਰਵਾਕੇ ਵਿਦੇਸ਼ ਪੜ੍ਹਨ ਖਾਤਿਰ ਜਾਣ ਵਾਲੇ ਲਾੜਾ ਲਾੜੀਆਂ ਦੇ ਹੀ ਸਨ । ਪੈਸਾ ਬਟੋਰੂ ਏਜੰਟਾਂ ਨੇ ਇਸ ਵੀਜ਼ਾ ਪ੍ਰਣਾਲੀ ਦਾ ਭਰਭੂਰ ਫਾਇਦਾ ਚੁੱਕਿਆ ਅਤੇ ਵੀਜ਼ਾ ਲੱਗਣ ਵਿੱਚ ਅੜਿੱਕਾ ਡਾਹੁੰਦੇ ਸਾਰੇ ਕਾਗਜ਼ਾਂ ਨੂੰ ਬਾਖ਼ੂਬੀ ਦਰੁੱਸਤ ਤੰਦਰੁਸਤ ਬਣਾ ਕੇ ਅੰਬੈਸੀਆਂ ਵਿੱਚ ਪੇਸ਼ ਕੀਤਾ ਜਾਂਦਾ ਰਿਹਾ । ਧੜਾ ਧੜ ਵੀਜ਼ੇ ਲਗਦੇ ਰਹੇ ,ਇਹ ਸਮਝੋ ਕਿ ਚੋਰ ਰਾਸਤਿਆਂ ਰਾਹੀਂ ਵਿਦੇਸ਼ਾਂ ਨੂੰ ਜਾਣ ਦੇ ਚਾਹਵਾਨਾਂ ਨੂੰ ਇੱਕ ਸੁਖਾਲਾ ਰਾਸਤਾ ਮਿਲ ਗਿਆ । ਏਜੰਟਾਂ ਨੇ ਆਪਣੇ ਕਾਰੋਬਾਰ ਦੇ ਵਾਧੇ ਵਾਸਤੇ ਸਭ ਹੱਥਕੰਡੇ ਵਰਤੇ , ਭੀੜ ਵਧਾਉਣ ਵਾਸਤੇ ਅਖ਼ਬਾਰਾਂ ਵਿੱਚ ਇਸ਼ਤਿਹਾਰਬਾਜ਼ੀ ਵੀ ਖ਼ੂਬ ਹੁੰਦੀ ਰਹੀ । ਅਖ਼ਬਾਰਾਂ ਵਿੱਚ 'ਵਰ ਦੀ ਲੋੜ' ਇਸ਼ਤਿਹਾਰਾਂ ਦੀ ਸਮੱਗਰੀ ਤੱਕ ਬਦਲ ਬਦਲ ਕੇ ਛਪਦੀ ਰਹੀ ;

'ਪੰਜ ਬੈਂਡ ਆਇਲਟਸ ਪਾਸ ਲੜਕੀ ਲਈ ਸਿਰਫ਼ ਕਾਗਜ਼ੀ ਵਿਆਹ ਕਰਵਾਕੇ ,ਵਿਦੇਸ਼ ਜਾਣ ਦੇ ਚਾਹਵਾਨ ਵਰ ਦੀ ਲੋੜ ਹੈ , ਵਿਦੇਸ਼ ਜਾਣ ਦਾ ਸਾਰਾ ਖਰਚਾ ਲੜਕੇ ਵਾਲੇ ਕਰਨਗੇ' 

ਵੀਜ਼ਾ ਏਜੰਟਾਂ ਵੱਲੋਂ ਕੀਤੀ ਜਾਂਦੀ ਇਸ ਤਰਾਂ ਦੀ ਇਸ਼ਤਿਹਾਰਬਾਜ਼ੀ ਘੱਟ ਪੜ੍ਹੇ ਲਿਖੇ ਵਿਹਲੜਾਂ ਨੂੰ ਆਪਣੇ ਮੱਕੜੀ ਜਾਲ ਵਿੱਚ ਫਸਾਉਣ ਵਾਸਤੇ ਕਾਫ਼ੀ ਸੀ । ਇਹਨਾਂ ਠੱਗਨੁੰਮਾ ਏਜੰਟ ਕੰਪਨੀਆਂ ਨੇ ' ਗਾਵਾਂ ਦੀਆਂ ਵੱਛੇ ਵੱਛੀਆਂ ਮੱਝਾਂ ਹੇਠ ਅਤੇ ਮੱਝਾਂ ਦੇ ਕੱਟੇ ਕੱਟੀਆਂ ਗਾਵਾਂ ਹੇਠ' ਪਾਉਣ ਦੀ ਕੋਈ ਕਸਰ ਬਾਕੀ ਨਾ ਛੱਡੀ । ਪਿਛਲੇ ਦੋ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਅੰਤਰਜਾਤੀ ਵਿਆਹਾਂ ਨੇ ਦਰਜ ਹੋਣ ਦੇ ,ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ । ਏਜੰਟਾਂ ਨੇ ਆਪਣੀ ਪੈਸੇ ਕਮਾਉਣ ਦੀ ਅਤੇ ਨੌਜਵਾਨ ਮੁੰਡੇ ਕੁੜੀਆਂ ਨੇ ਵਿਦੇਸ਼ ਜਾਣ ਦੀ ਲਾਲਸਾ ਨੂੰ ਅੰਜ਼ਾਮ ਦੇਣ ਵਾਸਤੇ ਕਿਸੇ ਤਰ੍ਹਾਂ ਦੀ ਮਰਿਆਦਾ ਜਾਂ ਗੁਰਮਰਿਆਦਾ ਦੀ ਪ੍ਰਵਾਹ ਤੱਕ ਨਾ ਕੀਤੀ । ਇਹਨਾਂ ਫਰਜ਼ੀ ਲਾੜੇ ਲਾੜੀਆਂ ਦੇ ਨਾਲ ਨਾਲ ਫਰਜ਼ੀ ਫੇਰੇ, ਫਰਜ਼ੀ ਲਾਵਾਂ , ਫਰਜ਼ੀ ਬਰਾਤਾਂ ਅਤੇ ਫਰਜ਼ੀ ਚਾਹ ਦਾਅਵਤਾਂ ( Reception/Tea Parties ) ਦਾ ਦੌਰ ਖੂਬ ਚਲਦਾ ਰਿਹਾ ਅਤੇ ਹਾਲੇ ਵੀ ਨਿਰੰਤਰ ਚੱਲ ਰਿਹਾ ਹੈ । ਏਜੰਟਾਂ ਦੇ ਇਸ ਫਰਜ਼ੀਵਾੜੇ ਨਾਲ ਪੜ੍ਹਾਈ ਵਿੱਚ ਨਲਾਇਕ ਅਮੀਰਜ਼ਾਦੇ , ਵਿਹਲੜ ਹੱਡ ਹਰਾਮੀ ਮੁੰਡੇ , ਨਸ਼ੇੜੀ , ਬਿਗੜੈਲ ਅੱਠਵੀਂ ਫੇਲ੍ਹ ਨਿਰ੍ਹੇ ਅਣਪੜ੍ਹ , ਗੱਲ ਕੀ ਸਭ ਤਰਾਂ ਦੀ ਵੰਨਗੀ ਵਿਦੇਸ਼ੀਂ ਜਾ ਪੁੱਜੀ । ਇਹਨਾਂ ਫਰਜ਼ੀ ਸ਼ਾਦੀਆਂ ਵਿੱਚ 'ਕੋਰਿਟ ਮੈਰਿਜ'(Court Marrige ) ਕਰਵਾਉਣ ਵਾਲੇ ਫਰਜ਼ੀ ਗਵਾਹਾਂ , ਅਸਲੀ ਵਕੀਲਾਂ ਅਤੇ ਫਰਜ਼ੀ ਵਿਆਹਾਂ 'ਤੇ ਅਸਲੀ ਸਰਕਾਰੀ ਮੋਹਰਾਂ ਲਗਾ ਕੇ ਮਾਣਤਾ ਦੇਣ ਵਾਲੇ ਅਫ਼ਸਰਾਂ ਦੀ ਦਿਵਾਲੀ ਵੀ ਖੂਬ ਮੰਨਦੀ ਰਹੀ । ਫਰਜ਼ੀ ਵਿਆਹ ਕਰਵਾਕੇ ਜ਼ਹਾਜ਼ੇ ਚੜ੍ਹ ਵਿਦੇਸ਼ ਪੁੱਜਣ ਤੱਕ ਫਰਜ਼ੀ ਪਤੀ ਪਤਨੀਆਂ ਨੂੰ ਸਭ ਜਾਇਜ਼ ਨਜਾਇਜ਼ ਠੀਕ ਠਾਕ ਅਤੇ ਸੌਖਾ ਸੌਖਾ ਨਜ਼ਰ ਆ ਰਿਹਾ ਸੀ ਪਰੰਤੂ ਇਹ 'ਨਵਵਿਆਹੁਤਾ ਕੰਜੋੜ ਜੋੜੀਆਂ' ਉੱਥੇ ਜਾ ਕੇ ਆਉਣ ਵਾਲੀਆਂ ਔਕੜਾਂ ਤੋਂ ਉੱਕਾ ਹੀ ਅਣਜਾਣ ਸਨ ਅਤੇ ਨਾ ਹੀ ਏਜੰਟਾਂ ਨੇ ਹੀ ਇਹਨਾਂ ਨੂੰ ਕੁੱਝ ਸਮਝਾਉਣ ਦੀ ਜਰੂਰਤ ਹੀ ਸਮਝੀ ਸ਼ਾਇਦ ਏਜੰਟਾਂ ਨੂੰ ਏਸ ਗੱਲ ਦਾ ਖਦਸ਼ਾ ਹੋਵੇ ਕਿ ਕਿਤੇ ਹੱਥ ਆਈ ਮੁਰਗੀ ਕੁੱਝ ਸੁਣਕੇ, ਸਮਝਕੇ ਫੁਰਰ ਹੀ ਨਾ ਹੋ ਜਾਵੇ ।ਇਹਨਾਂ ਵਿੱਚੋਂ ਜ਼ਿਆਦਾਤਰ ਦੇ ਮਾਂ ਬਾਪ ਘੱਟ ਪੜ੍ਹੇ ਲਿਖੇ ਅਤੇ ਭੋਲੇ ਭੰਡਾਰੇ ਸਨ ਸੋ ਜਿਵੇਂ ਜਿਵੇਂ ਕਾਕੇ - ਕਾਕੀਆਂ ਕਹਿੰਦੇ ਗਏ ਵਿਚਾਰੇ ਉਸ ਤਰ੍ਹਾਂ ਕਰਦੇ ਗਏ । ਜਿਵੇਂ ਕਿਵੇਂ ਸੱਤ ਸੱਤ, ਅੱਠ ਅੱਠ ਲੱਖ ਰੁਪਿਆ ਇਕੱਠਾ ਕਰਕੇ ਆਪਣੇ ਲਾਡਲਿਆਂ ਨੂੰ, ਇਸ ਉਮੀਦ ਨਾਲ ਜ਼ਹਾਜ਼ ਚੜਾ ਦਿੱਤਾ :

'ਕਿ ਸ਼ਾਇਦ ਹੁਣ ਵਿਦੇਸ਼ਾਂ ਵਿੱਚ ਜਾ ਕੇ ਮੇਰਾ ਲਾਡਲਾ ਵੀ ਹੋਰਨਾਂ ਵਾਗੂੰ ਡਾਲਰ ਕਮਾਏਗਾ'

'ਕਿ ਸ਼ਾਇਦ ਹੁਣ ਮੇਰੀ ਚਿਰਾਂ ਤੋਂ ਗਹਿਣੇ ਪਈ ਜ਼ਮੀਨ ਲੰਬੜਾਂ ਤੋਂ ਜਲਦੀ ਛੁੱਟ ਜਾਏਗੀ'

'ਕਿ ਸ਼ਾਇਦ ਹੁਣ ਮੇਰਾ ਖੱਬੇ ਹੱਥ ਅੰਗੂਠਾਂ ਆੜਤੀਏ ਦੀਆਂ ਲਾਲ ਬਹੀਆਂ ਹੋਰ ਕਾਲੀਆਂ ਨਹੀਂ ਕਰੇਗਾ'

'ਕਿ ਸ਼ਾਇਦ ਮੇਰੀ ਨਾਮੁਰਾਦ ਬਿਮਾਰੀ ਦਾ ਇਲਾਜ਼ ਵੀ ਹੁਣ ਕਿਸੇ ਵੱਡੇ ਹਸਪਤਾਲ ਤੋਂ ਪੈਸੇ ਖਰਚਕੇ ਹੋ ਹੀ ਜਾਏਗਾ'

'ਕਿ ਸ਼ਾਇਦ ਮੈਂ ਵੀ ਹੁਣ ਆਪਣੀ ਚੰਨੀ ਦੇ ਹੱਥ ਪੀਲੇ ਕਰਨ ਦਾ ਸੁਪਨਾ ,ਕਿਸੇ ਆਲੀਸ਼ਾਨ ਪੈਲੇਸ ਦੀਆਂ ਬਰੂਹਾਂ ਤੱਕ ਅੱਪੜਕੇ ਅਤੇ ਬੜੀ ਧੂੰਮ ਧਾਮ ਨਾਲ ਪੂਰਾ ਕਰਕੇ , ਸ਼ਰੀਕੇ ਵਿੱਚ ਧੌਣ ਉੱਚੀ ਚੁੱਕ ਤੁਰਨ ਜੋਗਾ ਹੋ ਜਾਵਾਂਗਾ'

ਇਹਨਾਂ ਭੋਲਿਆਂ ਮਾਪਿਆਂ ਨੂੰ ਦੋ ਤਿੰਨ ਸਾਲ ਬਾਅਦ ਆਪਣੀਆਂ ਉਮੀਦਾਂ ਦੀ ਫਸਲ ਉਪਰ ਗੜ੍ਹੇਮਾਰ ਮੀਂਹ ਵਰ ਜਾਣ ਦਾ ਕਿਤੇ ਦੂਰ ਦੂਰ ਤੱਕ ਵੀ ਅੰਦਾਜ਼ਾ ਨਹੀਂ ਹੋਣਾ । ਬਾਹਰਲੇ ਮੁਲਕਾਂ ਵਿੱਚ ਜਾਣ ਦੀ ਹੋੜ ਵਿੱਚ ਲੱਗਿਆ ਹਰ ਇਨਸਾਨ ਸ਼ਾਇਦ ਇਹ ਸੋਚਦਾ ਹੈ ਕਿ ਉੱਥੇ ਡਾਲਰ ਜਾਂ ਪੌਂਡ ਸੜਕਾਂ ਉਪਰ ਰੁਲਦੇ ਫਿਰਦੇ ਹੋਣਗੇ ,ਬੱਸ ਮੇਰੇ ਬਾਹਰ ਜਾਣ ਦੀ ਦੇਰ ਹੈ ਕਿ ਸੜਕਾਂ ਤੋਂ ਰੋੜੀਆਂ ਵਾਗੂੰ ਇਕੱਠੇ ਕਰ ਕਰ ਝੋਲੀ ਵਿੱਚ ਹੀ ਪਾਉਣੇ ਹਨ ਅਤੇ ਵੈਸਟਰਨ ਯੂਨੀਅਨ ( Wetren Union) ਵਿੱਚ ਜਮ੍ਹਾਂ ਕਰਵਾਕੇ ਪੰਜਾਬ ਵਿੱਚ ਆਪਣੇ ਘਰ ਭੇਜ ਦੇਣੇ ਹਨ । ਜਦੋਂ ਕਿ ਉੱਥੇ ਇਹਨਾਂ ਸਭ ਗੱਲਾਂ ਦੇ ਉਲਟ ਸਭ ਤੋਂ ਵੱਡੀ ਦਿੱਕਤ ਕੰਮ ਨਾ ਮਿਲਣ ਦੀ ਹੈ । ਅਨਪੜ੍ਹ ਬੰਦੇ ਨੂੰ ਜਾਂ ਥੋੜ੍ਹਾ ਘੱਟ ਪੜ੍ਹੇ ਲਿਖੇ ਨੂੰ ਕੰਮ ਵੀ ਬਹੁਤ ਘੱਟ ਮਿਲਦਾ ਹੈ ਕਿਉਂਕਿ ਜਿਹੜੇ ਪੜਾਕੂ ਸਿਰਫ਼ 'ਜੈਸ ਸਰ, ਨੋ ਸਰ' ਤੱਕ ਹੀ ਟੁੱਟੀ ਫੁੱਟੀ ਅੰਗਰੇਜ਼ੀ ਬੋਲਣ ਜਾਣਦੇ ਹਨ ਉਹਨਾਂ ਨੂੰ ਉੱਥੇ ਕੋਈ ਝਾੜੂ ਪੋਚਾ ਯਾਨਿ ਕਿ ਸਾਫ਼ ਸਫ਼ਾਈ ਕਰਨ ਵਾਸਤੇ ਵੀ ਨਹੀਂ ਰੱਖਦਾ ਸੋ ਕੰਮ ਨਾ ਮਿਲਣ ਕਰਕੇ 'ਫਰਜ਼ੀ ਲਾੜਿਆਂ' ਨੂੰ ਉੱਥੇ ਦੋ ਬੰਦਿਆਂ ਦੇ ਰਹਿਣ , ਖਾਣ ਪੀਣ ਦੇ ਖਰਚੇ ਅਤੇ ਕਾਗਜ਼ਾਂ ਵਿੱਚ ਵਿਆਹ ਕੇ ਲਿਆਂਦੀ ਲਾੜੀ ਦੇ ਕਾਲਜ ਦੀਆਂ ਫੀਸਾਂ ਜੋਗੇ ਪੈਸੇ ਕਮਾਉਣੇ ਮੁਸ਼ਕਿਲ ਹੋ ਜਾਂਦੇ ਹਨ । ਜੇ ਕਿਸੇ ਨੇ ਉੱਥੇ ਜਾ ਕੇ ਟੈਕਸੀ ਵੀ ਚਲਾਉਣੀ ਹੈ ਤਾਂ ਵੀ ਉੱਥੋਂ ਦਾ ਡਰਾਇਵਿੰਗ ਲਾਈਸੈਂਸ ਲੈਣ ਵਾਸਤੇ ਟੈਸਟ ਦੇਣਾ ਜਰੂਰੀ ਹੈ ਜਿਸ ਵਿੱਚ ਅੰਗਰੇਜ਼ੀ ਭਾਸ਼ਾ ਬੋਲਣੀ ਅਤੇ ਸਮਝ ਆਉਣੀ ਲਾਜ਼ਮੀਂ ਹੁੰਦੀ ਹੈ । 
'ਸੋ ਜੋ ਇੱਥੇ ਨਿਕੰਮੇ , ਉਹ ਬਾਹਰ ਜਾ ਕੇ ਮਹਾਂ ਨਿਕੰਮੇ ਹੋ ਨਿਬੜਦੇ ਹਨ'

ਖੇਤਾਂ ਵਿੱਚ ਕੰਮ ਕਰ ਕਰ ਥੋੜਾ ਬਹੁਤ ਕਮਾ , ਕੁੱਝ ਏਧਰੋਂ ਉਧਰੋਂ ਫੜ ਫੜਾ ਕੇ ਵਕਤ ਤਾਂ ਕੱਢ ਲੈਂਦੇ ਹਨ ਪਰੰਤੂ ਘਰ ਭੇਜਣ ਨੂੰ ਇੱਕ ਡਾਲਰ ਵੀ ਨਹੀਂ ਜੁੜ ਪਾਉਂਦਾ । ਵਿਦੇਸ਼ੀ ਸਰਕਾਰਾਂ ਖਾਸ ਕਰਕੇ ਆਸਟਰੇਲੀਆ ਨੂੰ ਜਦੋਂ ਇਹ ਪਤਾ ਲੱਗਾ ਕਿ 'ਆਹ ਗੱਲ ਗੱਲ 'ਤੇ ਜੈਸ ਨੋ, ਥੈਂਕ ਯੂ' ਕਹਿਣ ਵਾਲੇ ਸਾਡੀ 'ਜੀਵਨ ਸਾਥੀ ਵੀਜ਼ਾ' ( Spouse Visa ) ਵਿਚਲੀ ਕਮਜ਼ੋਰੀ ਦੀ ਉਪਜ ਹੈ ਤਾਂ ਉਸਨੇ ਇਹਨਾਂ ਤੋਂ ਖਹਿੜਾ ਛੁਡਵਾਉਣ ਵਾਸਤੇ ਆਪਣਾ ਦਿਮਾਗ਼ ਲੜਾਕੇ ਸਭ ਫਰਜ਼ੀ ਲਾੜਾ ਲਾੜੀਆਂ ਦਾ ਦਿਮਾਗ਼ ਟਿਕਾਣੇ ਲਾਉਣ ਨੂੰ ਇੱਕ ਮਿੰਟ ਨੀ ਨਹੀਂ ਲਗਾਇਆ । ਆਸਟਰੇਲੀਆ ਸਰਕਾਰ ਨੇ ਇਹਨਾਂ ਨੂੰ ਪੱਕੇ ਤੌਰ 'ਤੇ ਰਹਿਣ ( Permanent Residence) ਲਈ ਸਿੱਧਾ ਜੁਵਾਬ ਨਾ ਦੇ ਕੇ ਜਿੱਦਾ ਦਾ ਵਿੰਗ ਵਲਾਵਾਂ ਪਾ ਕੇ ਇਹ ਏਥੇ ਅੱਪੜੇ ਸਨ ਉਸ ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਵਿੰਗ ਵਲਾਵਾਂ ਆਪਣੇ ਕਾਨੂੰਨਾ ਵਿੱਚ ਪਾ ਕੇ ਇਹਨਾਂ ਫਰਜ਼ੀ ਵਿਆਦੜਾਂ ਨੂੰ ਆਪਣੇ ਮੁਲਕੋਂ ਵਾਪਿਸ ਚਲੇ ਜਾਣ ਦਾ ਅਸਿੱਧਾ ਜੁਵਾਬ ਦੇ ਦਿੱਤਾ । ਜਿਸ ਮੁਤਾਬਿਕ ਇਹ 'ਫਰਜ਼ੀ ਵਿਆਦੜ ਜਾਂ ਪਤੀ ਪਤਨੀ' ਲੱਖ ਚਾਹੁੰਣ ਦੇ ਬਾਵਜੂਦ ਵੀ ਅਗਲੇ ਚਾਰ ਪੰਜ ਸਾਲ ਏਥੇ ਪੱਕੇ ਨਹੀਂ ਹੋ ਸਕਦੇ ਅਤੇ ਨਾ ਹੀ ਇਸ ਫਰਜ਼ੀ ਵਿਆਹਾਂ ਰਾਹੀਂ ਏਥੇ ਪੱਕੇ ਹੋ ਕੇ ਆਪਣੀ ਫਰਜ਼ੀ ਘਰਵਾਲੀ ਜਾਂ ਘਰਵਾਲੇ ਨੂੰ ਤਲਾਕ ਦੇ ਕੇ , ਅੱਗੇ ਅਸਲੀ ਵਿਆਹੁਤਾ ਜ਼ਿੰਦਗੀ ਜੀਣ ਬਾਰੇ ਵਿਊਂਤਬੰਦੀ ਕਰ ਸਕਦੇ ਹਨ ਸੋ ਹੁਣ ਇਹਨਾਂ ਕੰਜੋੜ ਰਿਸ਼ਤਿਆਂ ਨੇ ਏਥੋਂ ਦੇ ਇੰਮੀਗਰੇਸ਼ਨ ਕਾਨੂੰਨਾਂ ਦੀਆਂ ਤਾਜ਼ਾ ਤਬਦੀਲੀਆਂ ਸਾਹਮਣੇ ਦਮ ਤੋੜਨਾ ਸ਼ੁਰੂ ਕਰ ਦਿੱਤਾ ਹੈ । ਆਇਲੈਟਸ ਵਿੱਚੋਂ ਪੰਜ ਜਾਂ ਸਾਢੇ ਪੰਜ ਬੈਂਡ ਹਾਸਿਲ ਕਰਕੇ ਦੂਜਿਆਂ ਦੇ ਪੈਸੇ ਨਾਲ ਵਿਦੇਸ਼ ਪੁੱਜੀਆਂ ਕੁੜੀਆਂ ਵੀ ਲੋੜੀਂਦੇ ਛੇ ਬੈਂਡ ਹਾਸਿਲ ਕਰਨ ਵਿੱਚ ਲਗਭਗ ਅਸਮਰੱਥ ਹਨ । ਇਹਨਾਂ ਵਿੱਚੋਂ ਪੰਜ ਦਸ ਪ੍ਰਤੀਸ਼ਤ ਨੂੰ ਛੱਡ ਕੇ ,ਵਿਦੇਸ਼ ਪੜਾਈ ਕਰਨ ਵਾਸਤੇ ਗਈਆਂ ਕੁੜੀਆਂ ਵਿੱਚੋਂ ਬਾਕੀ ਸਭ ਏਸੇ ਫਰਜ਼ੀ ਵਿਆਹ ਫਾਰਮੂਲੇ ਰਾਹੀਂ ਹੀ ਜਹਾਜ਼ ਦੇ ਹੂਟੇ ਲੈਣ ਵਿੱਚ ਕਾਮਯਾਬ ਹੋਈਆਂ ਸਨ ਹੁਣ ਉਹਨਾਂ ਦੀ ਹੋਰ ਵਧੀਆਂ ਨਾ ਪੜ੍ਹ ਪਾਉਣ ਦੀ ਨਾ ਕਾਮਯਾਬੀ ਦੋ ਪ੍ਰੀਵਾਰਾਂ ਵਾਸਤੇ ਇੱਕ ਗੰਭੀਰ ਨਾਮੋਸ਼ੀ ਦਾ ਕਾਰਨ ਬਣ ਚੱਲੀ ਹੈ ।

ਵੈਸੇ ਵੀ ਇਕੱਲੀਆਂ ਇਕਹਿਰੀਆਂ ਮੁਟਿਆਰਾਂ ਨੂੰ ਬੇਗ਼ਾਨੇ ਮੁੰਡਿਆਂ ਨਾਲ ਅਣਜਾਣ ਥਾਵਾਂ 'ਤੇ ਭੇਜਕੇ ਅਸੀਂ ਪਤਾ ਨਹੀਂ ਕਿਹੜੀ ਨਵੀਂ ਕਰਾਂਤੀ ਲਿਆਉਣ ਚੱਲੇ ਸਾਂ । ਕੁੱਲ ਮਿਲਾ ਕੇ ਫਰਜ਼ੀ ਵਿਆਹਾਂ ਵਾਲਾ ਇਹ ਫਾਰਮੂਲਾ ਕਿਸੇ ਨੂੰ ਹਜ਼ਮ ਨਹੀਂ ਹੋ ਸਕਿਆ , ਨਾ ਵਿਆਦੜ ਜੋੜੀਆਂ ਨੂੰ ਅਤੇ ਨਾ ਹੀ ਅਣਖ ਨਾਲ ਵੱਸ ਰਹੇ ਵਿਦੇਸ਼ਾਂ ਵਿਚਲੇ ਪੰਜਾਬੀਆਂ ਨੂੰ । ਇਹਨਾਂ ਵਿੱਚੋਂ ਜੇ ਕੁੱਝ ਪੜ੍ਹਾਈ ਵਿੱਚ ਸੁਹਿਰਦ ਮੁੰਡੇ ਕੁੜੀਆਂ , ਸਭ ਕੁੱਝ ਠੀਕ ਠਾਕ ਰੱਖ ਵੀ ਰਹੇ ਹਨ ਤਾਂ ਵੀ ਸਰਕਾਰਾਂ ਦੇ ਸਖ਼ਤ ਰਵੱਈਏ ਸਾਹਮਣੇ ਅਗਲੇ ਚਾਰ ਪੰਜ ਸਾਲ ਇਹਨਾਂ ਰਿਸ਼ਤਿਆਂ ਦਾ ਹੋਰ ਨਿਭਣਾ ਬਹੁਤ ਮੁਸ਼ਕਿਲ ਹੋ ਚੱਲਿਆ ਹੈ । ਆਸਟਰੇਲੀਆਂ ਵਾਂਗ ਬਾਕੀ ਮੁਲਕਾਂ ਵਿੱਚ ਵੀ ਪੱਕੇ ਤੌਰ 'ਤੇ ਰਹਿ ਪਾਉਣ ਵਾਲੇ ਕਨੂੰਨ ਬੜੀ ਤੇਜ਼ੀ ਤੇਜ਼ੀ ਲਗਭਗ ਬਦਲ ਹੀ ਰਹੇ ਹਨ । ਦੁਨੀਆਂ ਤੋਂ ਚੋਰੀ ਚੋਰੀ ਹੋਏ ਰਿਸ਼ਤੇ ਹੁਣ ਜੱਗ ਜ਼ਾਹਿਰ ਹੋਣ ਲੱਗੇ ਹਨ । ਸਭ ਪਾਸੇ ਇੱਕ ਦੂਜੇ 'ਤੇ ਤੁਹਮਤਬਾਜ਼ੀ ਲਾਉਣ ਦਾ ਦੌਰ ਵੀ ਜਾਰੀ ਹੋ ਚੁੱਕਾ ਹੈ ਅਤੇ ਪੰਚਾਇਤਾਂ ਨੂੰ ਪੇਂਡੂ ਮਸਲੇ ਨਬੇੜਨ ਦੇ ਨਾਲ ਨਾਲ , ਨਬੇੜਨ ਵਾਸਤੇ ਇੱਕ ਨਵਾਂ ਮਸਲਾ ਆ ਚਿੰਬੜਿਆ ਹੈ । ਸੋ ਹੁਣ ਜ਼ਿਆਦਾਤਰ 'ਫਰਜ਼ੀ ਲਾੜੇ ਲਾੜੀਆਂ' ਨੂੰ ਲੱਖ਼ਾਂ ਰੁਪਏ ਖੇਹ ਖ਼ਰਾਬ ਕਰਨ ਤੋਂ ਬਾਅਦ ਵੀ ਆਪਣੀ ਇਸ ਫਰਜ਼ੀ ਜ਼ਿੰਦਗੀ ਤੋਂ ਤੋਬਾ ਕਰਕੇ , ਅਸਲੀ ਜ਼ਿੰਦਗੀ ਵਿੱਚ ਪਰਤਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ । ਆਖਿਰਕਾਰ ਸਭ ਪਾਸਿਓਂ ਬੂਰੀ ਤਰ੍ਹਾਂ ਘਿਰ ਚੁੱਕੇ , ਫਰਜ਼ੀ ਕਾਗਜ਼ਾਂ ਰਾਹੀਂ ਪਤੀ ਪਤਨੀ ਬਣੇ ਇਹਨਾਂ ਲਾੜਾ ਲਾੜੀਆਂ ਨੂੰ ਆਪਣੇ ਅਸਲੀ ਵਿਆਹ ਕਰਵਾਉਣ ਵਾਸਤੇ , ਫਰਜ਼ੀ ਵਿਆਹਾਂ ਨੂੰ ਫਰਜ਼ੀ ਤਲਾਕ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਜੇ ਇਹਨਾਂ ਲਈ ਇਹ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ;

' ਲੌਟ ਕੇ ਬੁੱਧੂ ਘਰ ਕੋ ਆਏ'

ਭਾਂਵੇਂ ਕਮਾਈਆਂ ਕਰਨ ਵਾਸਤੇ ਆਪਣਾ ਮੁਲਕ ਛੱਡ ਵਿਦੇਸ਼ਾਂ ਵੱਲ ਨੂੰ ਭੱਜਣਾ , ਹੁਣ ਸਾਡੇ ਵਿੱਚੋਂ ਬਹੁਤਿਆਂ ਦੀ ਮਜਬੂਰੀਨੁੰਮਾ ਲੋੜ ਵੀ ਬਣ ਚੁੱਕੀ ਹੈ ,ਫਿਰ ਵੀ ਵਿਦੇਸ਼ੀਂ ਜਾਣ ਬਾਰੇ ਸੋਚਣ ਦੇ ਨਾਲ ਨਾਲ ਸਾਨੂੰ ਉਹਨਾਂ ਮੁਲਕਾਂ ਦੇ ਕਾਇਦੇ ਕਨੂੰਨਾਂ ਬਾਰੇ ਸੰਪੂਰਨ ਜਾਣਕਾਰੀ ਰੱਖਣੀ ਚਾਹੀਂਦੀ ਹੈ । ਜਾਇਜ਼ ਨਜਾਇਜ਼ ਤਰੀਕਿਆਂ ਨਾਲ ਵਿਦੇਸ਼ੀ ਪੁੱਜਣ ਦੇ ਚਾਹਵਾਨ ਹਮੇਸ਼ਾਂ ਠੱਗੇ ਜਾਂਦੇ ਰਹੇ ਹਨ ਸੋ ਪੈਸੇ ਖਰਚਣ ਦੇ ਨਾਲ ਨਾਲ ਏਧਰੋਂ ਲੋੜੀਂਦੀ ਪੜ੍ਹਾਈ ਹਾਸਿਲ ਕਰਕੇ ਅਤੇ ਉੱਥੇ ਜਾ ਕੇ ਪੱਕੇ ਹੋਣ ਵਾਸਤੇ ਲੋੜੀਂਦੇ ਅੰਕ ਪ੍ਰਾਪਤ ਕਰਨ ਦੀ ਤਿਆਰੀ ਵੀ ਨਾਲੋ ਨਾਲ ਕਰਨੀ ਚਾਹੀਂਦੀ ਹੈ । ਵੈਸੇ ਵੀ ਜੇ ਅਸੀਂ ਈਮਾਨਦਾਰੀ ਨਾਲ ਸੋਚੀਏ ਤਾਂ ਦੂਜੇ ਦੇ ਮੋਢਿਆਂ 'ਤੇ ਰੱਖਕੇ ਚਲਾਉਣ ਵਾਲਾ ਰੁਝਾਨ ਹਮੇਸ਼ਾਂ ਅਸਫ਼ਲ ਹੀ ਰਿਹਾ ਹੈ ਅਤੇ ਅੱਗੋਂ ਵੀ ਅਸਫ਼ਲ ਹੀ ਰਹੇਗਾ ।

No comments: