“ਭਾਰਤ? ਓ ਭਾਰਤ? ਰੁੱਕ, ਮੈਂ ਆਈ। ਭਾਰਤ?”
ਮੈਂ ਰਿਫਰੈਸ਼ਮੈਂਟ ਬਾਰ ਵੱਲ ਜਾ ਰਿਹਾ ਸੀ ਕਿ ਪਿਛਿਉਂ ਮੈਨੂੰ ਮੇਰਾ ਨਾਮ ਲੈ ਕੇ ਕਿਸੇ ਨੇ ਆਵਾਜ਼ ਮਾਰੀ। ਮੈਂ ਮੁੜ ਕੇ ਦੇਖਿਆ। ਮਿਸ਼ੈਲ ਬਰਾਂਡੇ ਵਿੱਚ ਮੇਰੇ ਵੱਲ ਭੱਜੀ ਆ ਰਹੀ ਸੀ। ਗਰਮ ਲੰਬਾ ਪਾਇਆ ਹੋਇਆ ਓਵਰ ਕੋਟ, ਉਹਦੇ ਦੌੜਦੀ ਹੋਈ ਦੇ ਗਿੱਟੇ ਭੰਨ੍ਹ ਰਿਹਾ ਸੀ। ਉਸਨੇ ਇੱਕ ਹੱਥ ਵਿੱਚ ਛੋਟਾ ਜਿਹਾ ਬਰੀਫ਼-ਕੇਸ ਚੁੱਕਿਆ ਹੋਇਆ ਸੀ ਤੇ ਦੂਜੇ ਵਿੱਚ ਇੱਕ ਮੋਟਾ ਸਾਰਾ ਫੋਲਡਰ ਫੜ੍ਹ ਕੇ ਛਾਤੀ ਨਾਲ ਲਾਇਆ ਹੋਇਆ ਸੀ। ਜਦੋਂ ਉਹ ਮੇਰੇ ਕੋਲ ਪਹੁੰਚੀ ਤਾਂ ਮੈਂ ਹੱਸ ਕੇ ਉਹਨੂੰ ਬੁਲਾਇਆ, “ਹਾਏ ਸ਼ੈਲ, ਕਿਮੇਂ ਐਂ?”
ਉਹ ਜਿਵੇਂ ਬਹੁਤ ਜ਼ਿਆਦਾ ਭੱਜ ਕੇ ਆਈ ਹੁੰਦੀ ਹੈ, ਇੰਝ ਸਾਹੋ-ਸਾਹ ਹੋਈ ਪਈ ਸੀ। ਕੁੱਝ ਚਿਰ ਤਾਂ ਉਸ ਤੋਂ ਕੋਈ ਜੁਆਬ ਨਾ ਦੇ ਹੋਇਆ। ਉਹ ਫ਼ਾਈਲ ਵਾਲਾ ਹੱਥ ਉਵੇਂ ਹੀ ਛਾਤੀ ਨਾਲ ਲਾਈ ਧੜਕਣਾਂ ਦੇ ਠੀਕ ਹੋ ਜਾਣ ਦਾ ਇੰਤਜ਼ਾਰ ਕਰਦੀ ਰਹੀ। ਸਾਹ ਨਾਲ ਸਾਹ ਰਲੇ ਤੋਂ ਜਦ ਉਹਦੇ ਲਈ ਬੋਲਣਾ ਸੰਭਵ ਹੋਇਆ ਤਾਂ ਉਹ ਬੋਲੀ, “ਮੈਂ ਠੀਕ ਹਾਂ। ਤੂੰ ਆਪਣਾ ਸੁਣਾ? ਈਦ ਦਿਆ ਚੰਦਾ, ਖਾਸੇ ਦਿਨ ਹੋ ਗਏ, ਮਿਲਿਆ ਹੀ ਨਹੀਂ ਤੂੰ ਤਾਂ।”
ਅਸੀਂ ਰਸਮੀ ਜਿਹੀਆਂ ਗੱਲਾਂ ਕਰਨ ਲੱਗ ਗਏ। ਲੰਚ ਵੇਲਾ ਹੋਣ ਕਰਕੇ ਉਹ ਵੀ ਮੇਰੇ ਨਾਲ ਲਿਫ਼ਟ ਵਿੱਚ ਖੜ੍ਹ ਗਈ। ਵੈਸੇ ਤਾਂ ਮੈਂ ਅੰਦਾਜ਼ਾ ਲਾ ਹੀ ਲਿਆ ਸੀ ਕਿ ਉਸਨੂੰ ਕੋਈ ਜ਼ਰੂਰਤ ਮੇਰੇ ਕੋਲ ਖਿੱਚ ਕੇ ਲਿਆਈ ਹੋਵੇਗੀ। ਪਰ ਉੱਪਰ ਚੜ੍ਹਦੀ ਲਿਫ਼ਟ ਵਿੱਚ ਉਹਨੇ ਦੱਸ ਵੀ ਦਿੱਤਾ ਕਿ ਉਹਨੂੰ ਮੇਰੇ ਨਾਲ ਕੋਈ ਗਰਜ਼ ਹੈ। ਮਿਸ਼ੈਲ ਜਦੋਂ ਵੀ ਮੈਨੂੰ ਮਿਲਦੀ ਉਹਨੂੰ ਜ਼ਰੂਰ ਕੋਈ ਨਾ ਕੋਈ ਕੰਮ ਹੁੰਦਾ।
ਲਿਫ਼ਟ ਸਾਨੂੰ ਲੈ ਕੇ ਉਤਾਂਹ ਨੂੰ ਉੱਡੀ ਜਾ ਰਹੀ ਸੀ। ਮੈਂ ਮਿਸ਼ੈਲ ਦੇ ਚਿਹਰੇ ਵੱਲ ਤੱਕਿਆ। ਉਹਦੀ ਸੁੰਦਰ ਗਰਦਣ ਵਿੱਚ ਖੂਬਸੂਰਤ ਮੋਤੀਆਂ ਦੀ ਮਾਲਾ ਚਮਕ ਰਹੀ ਸੀ। ਪਿਛਲੀ ਵਾਰ ਜਦੋਂ ਸਾਡੀ ਮੁਲਾਕਾਤ ਹੋਈ ਸੀ ਤਾਂ ਉਹਦੀ ਇਹੀ ਮਾਲਾ ਉਹਦੇ ਗਲੇ ਵਿੱਚ ਨਹੀਂ ਬਲਕਿ ਜੇਬ ਵਿੱਚ ਸੀ। ਜੋ ਉਸਨੇ ਟੁੱਟ ਜਾਣ ਕਾਰਨ ਲਿਫ਼ਾਫੇ ਵਿੱਚ ਪਾ ਕੇ ਸਾਂਭੀ ਹੋਈ ਸੀ। ਮਿਸ਼ੈਲ ਦੀਆਂ ਅੱਖਾਂ ਉਨੀਂਦਰੇ ਨਾਲ ਸੁੱਝ ਕੇ ਲਾਲ ਹੋਈਆਂ ਦੇਖ ਕੇ ਮੈਂ ਕਾਰਨ ਪੁੱਛਿਆ ਸੀ ਤੇ ਫਿੱਸਿਆ ਜਿਹਾ ਹਾਸਾ ਹੱਸਦੀ ਹੋਈ ਨੇ ਉਹਨੇ ਦੱਸਿਆ ਸੀ, “ਰਾਤੀ ਟੁੱਟਗੀ ਨੀਂਦ ਨਾ ਆਈ, ਕਾਲੀ ਗਾਨੀ ਮਿੱਤਰਾਂ ਦੀ।”
ਉਹਦੇ ਜ਼ਰੂਰਤ ਤੋਂ ਘੱਟ ਦੱਸਣ ’ਤੇ ਹੀ ਮੈਂ ਜ਼ਰੂਰਤ ਤੋਂ ਵੱਧ ਸਮਝ ਗਿਆ ਸੀ। ਗਾਨੀ ਦਾ ਧਾਗਾ ਅਤੇ ਮਣਕੇ ਉਹਦੇ ਤੋਂ ਲੈ ਕੇ ਮੈਂ ਗੰਢਣ ਲੱਗ ਪਿਆ ਸੀ। ਮੈਂ ਸਾਰੇ ਦੇ ਸਾਰੇ ਮਣਕੇ ਹੀ ਧਾਗੇ ਵਿੱਚ ਪਰੋਣੇ ਚਾਹੇ ਸਨ, ਪਰ ਐਸਾ ਸੰਭਵ ਨਹੀਂ ਸੀ ਹੋ ਸਕਿਆ। ਕਿਉਂਕਿ ਧਾਗਾ ਟੁੱਟਣ ਨਾਲ ਛੋਟਾ ਹੋ ਗਿਆ ਸੀ। ਵੱਧੇ ਹੋਏ ਥੋੜ੍ਹੇ ਜਿਹੇ ਮਣਕਿਆਂ ਨੂੰ ਕੱਢ ਕੇ ਮੈਂ ਧਾਗੇ ਦੇ ਸਿਰੇ ਨੂੰ ਗੱਠ ਦੇ ਦਿੱਤੀ ਸੀ। ਹੁਣ ਮਾਲਾ ਭਾਵੇਂ ਥੋੜ੍ਹੀ ਜਿਹੀ ਛੋਟੀ ਹੋ ਗਈ ਸੀ, ਪਰ ਫੇਰ ਵੀ ਪਹਿਲਾਂ ਵਾਂਗ ਹੀ ਦੇਖਣ ਨੂੰ ਦਿਲਕਸ਼ ਲੱਗਦੀ ਸੀ ਅਤੇ ਗਲੇ ਵਿੱਚ ਪਹਿਣਯੋਗ ਬਣ ਗਈ ਸੀ।
ਮੈਂ ਤੇ ਮਿਸ਼ੈਲ ਅਸੀਂ ਦੋਨੋਂ ਸੈਂਡਵੈੱਲ ਕਾਲਜ ਵਿੱਚ ਇੱਕੋ ਮਜ਼ਮੂਨ ਯਾਨੀ ਕੰਪਿਊਟਿੰਗ ਪੜ੍ਹਾਉਂਦੇ ਹੁੰਦੇ ਸੀ। ਫਿਰ ਅਸੀਂ ਦੋਨਾਂ ਨੇ ਇੱਕਠਿਆਂ ਅਧਿਆਪਨ ਛੱਡ ਕੇ ਇਸ ਨਵੀਂ ਖੁੱਲ੍ਹੀ ਕੰਪਿਊਟਰ ਕੰਪਨੀ ਵਿੱਚ ਨੌਕਰੀਆਂ ਲੈ ਲਈਆਂ ਸਨ। ਸਾਡਾ ਕੰਮ ਮਸ਼ੀਨਾਂ ਤਿਆਰ ਹੋਣ ਮਗਰੋਂ ਉਹਨਾਂ ਦਾ ਸੁਰੱਖਿਆ ਨਿਰੀਖਣ ਕਰਨਾ, ਕੰਪਿਊਟਰਾਂ ਵਿੱਚ ਪ੍ਰੋਗਰਾਮ ਦੀ ਸਥਾਪਣਾ ਕਰਨਾ ਜਾਂ ਤਕਨੀਕੀ ਸਹਾਇਤਾ ਲਾਈਨ ’ਤੇ ਫੋਨ ਸੁਣਨਾ ਹੈ। ਤਕਨੀਕੀ ਸਹਾਇਤਾ ਲਾਈਨ ਕੰਪਨੀ ਵੱਲੋਂ ਗਾਹਕਾਂ ਦੀ ਸਹੁਲਿਅਤ ਲਈ ਸਥਾਪਤ ਕੀਤੀ ਗਈ ਹੈ। ਜਿਨ੍ਹਾਂ ਨੇ ਸਾਡੀ ਕੰਪਨੀ ਦੇ ਕੰਪਿਊਟਰ ਖਰੀਦੇ ਹੁੰਦੇ ਹਨ, ਜੇ ਉਹਨਾਂ ਨੂੰ ਮਸ਼ੀਨਾਂ ਵਰਤਦੇ ਸਮੇਂ ਕੋਈ ਸਮੱਸਿਆ ਪੇਸ਼ ਆਵੇ ਤਾਂ ਉਹ ਸਮਾਧਾਨ ਪੁੱਛਣ ਵਾਸਤੇ ਸਾਨੂੰ ਫੋਨ ਕਰਦੇ ਹਨ। ਮਿਸੈਲ ਤਾਂ ਜ਼ਿਆਦਾਤਰ ਫੋਨ ਉੱਤੇ ਰਹਿੰਦੀ ਹੈ। ਪਰ ਮੇਰੀ ਡਿਊਟੀ ਬਦਲਦੀ ਰਹਿੰਦੀ ਹੈ। ਕਦੇ ਕਦੇ ਤਾਂ ਮੈਨੂੰ ਅਸੈਮਬਲੀ ਏਰੀਏ ਵਿੱਚ ਵੀ ਜਾਣਾ ਪੈਂਦਾ ਹੈ। ਜੋ ਕਿ ਦੂਜੀ ਮੰਜਿਲ ’ਤੇ ਹੈ। ਪਿਛਲੇ ਕੁੱਝ ਰੋਜ਼ ਤੋਂ ਮੈਂ ਆਡਰ ਪੂਰੇ ਕਰਨ ਲਈ ਅਸੈਮਬਲੀ ਏਰੀਏ ਵਿੱਚ ਹੀ ਰਿਹਾ ਸੀ। ਜਿਸ ਕਾਰਨ ਸਾਡੀ ਕਾਫ਼ੀ ਚਿਰ ਤੋਂ ਮੁਲਾਕਾਤ ਨਹੀਂ ਸੀ ਹੋ ਸਕੀ।
ਪੰਜਵੇਂ ਮਾਹਲੇ ਪੁਰ ਐੱਲਵੇਇਟਰ ਵਿੱਚੋਂ ਨਿਕਲਦਿਆਂ ਹੀ ਸਾਹਮਣੇ ਕੰਟੀਨ ਹੈ। ਅਸੀਂ ਮਿਲਕ-ਸ਼ੇਕ ਨਾਲ ਸੈਂਡਵਿਚ ਲਏ ਤੇ ਖ਼ਾਲੀ ਮੇਜ਼ ਦੇਖ ਕੇ ਬੈਠ ਗਏ।
ਮਿਲਕ-ਸ਼ੇਕ ਦੀ ਪਹਿਲੀ ਘੁੱਟ ਭਰਨ ਪਿਛੋਂ ਮੈਂ ਸਟਰੋ(ਪੀਣ ਨਲੀ) ਨੂੰ ਬੁੱਲ੍ਹਾਂ ਚੋਂ ਛੱਡਦਿਆਂ ਮਿਸ਼ੈਲ ਨੂੰ ਪੁੱਛਿਆ, “ਹਾਂ ਦੱਸ ਮੈਂ ਤੇਰੀ ਕੀ ਸੇਵਾ ਕਰ ਸਕਦਾਂ?”
“ਯਾਰ, ਗੱਲ ਇੰਝ ਹੈ ਕਿ ਮੈਂ ਇੱਕ ਲੇਖ ਲਿਖਣਾ ਚਾਹੁੰਦੀ ਹਾਂ - ਤੇਰੇ ਮੁਲਖ ਇੰਡੀਆ ਬਾਰੇ।”
“ਵਾਹ ਬਈ, ਬਹੁਤ ਚੰਗੀ ਗੱਲ ਏ। ਜੰਮ-ਜੰਮ ਲਿਖ। ਮੈਂ ਕਿਵੇਂ ਤੇਰੀ ਮਦਦ ਕਰ ਸਕਦਾ ਹਾਂ?”
“ਤੈਨੂੰ ਤਾਂ ਪਤੈ ਮੈਂ ਕਦੇ ਇੰਡੀਆ ਨਹੀਂ ਗਈ। ਵੈਸੇ ਮੈਂ ਕਿਤਾਬਾਂ, ਫਿਲਮਾਂ ਅਤੇ ਇੰਨਟਰਨੈੱਟ ਜ਼ਰੀਏ ਕਾਫ਼ੀ ਅਧਿਐਨ ਕਰਿਆ ਹੈ। ਬਾਹਵਾ ਸਾਰੀ ਸਮੱਗਰੀ ਇਕੱਠੀ ਵੀ ਕਰ ਲਈ ਹੈ। ਮੈਨੂੰ ਕੁੱਝ ਵਧੇਰੇ ਜਾਣਕਾਰੀ ਚਾਹੀਦੀ ਸੀ ਤੇ ਮੇਰੀ ਨਿਗਾਹ ਵਿੱਚ ਤੇਰੇ ਨਾਲੋਂ ਜ਼ਹੀਨ ਕੋਈ ਹੋਰ ਨਹੀਂ ਹੈ। ਇਸ ਲਈ ਤੈਨੂੰ ਤਕੱਲਫ ਦੇ ਰਹੀ ਹਾਂ।”
“ਇੱਜ਼ਤ ਅਫਜ਼ਾਈ ਲਈ ਸ਼ੁਕਰੀਆ। ਖੇਚਲ ਵਾਲੀ ਕੋਈ ਗੱਲ ਨਹੀਂ। ਤੇਰੇ ਲਈ ਤਾਂ ਜਾਨ ਵੀ ਹਾਜ਼ਰ ਹੈ, ਹੁਕਮ ਕਰ?” ਮੈਂ ਹੱਸਦਿਆਂ ਹੋਇਆਂ ਦੰਦ ਮੀਚ ਕੇ ਉਹਦੀ ਗੱਲ੍ਹ ਤੋਂ ਮਾਸ ਦੀ ਚੂੰਢੀ ਭਰ ਕੇ ਛੱਡੀ।
“ਤੂੰ ਨਹੀਂ ਸੁਧਰਨਾ! ਛੱਡ ਦੇ ਇਹ ਕੰਮ। ਬੰਦਾ ਬਣ ਜਾਹ, ਹੁਣ ਤੂੰ ਵਿਆਹਿਆ ਗਿਐਂ।” ਮਿਸ਼ੈਲ ਨੇ ਮੇਰੇ ਹਲਕੀ ਜਿਹੀ ਥਪਕੀ ਮਾਰੀ।
ਮਿਸ਼ੈਲ ਨੇ ਆਪਣੇ ਹੱਥ ਵਾਲੀ ਉਹ ਫ਼ਾਈਲ ਖੋਲ੍ਹ ਕੇ ਮੇਰੇ ਮੂਹਰੇ ਰੱਖਦਿਆਂ ਕਿਹਾ, “ਆਹ ਦੇਖ, ਤੁਹਾਡੇ ਦੇਸ਼ ਦੀਆਂ ਕੁੱਝ ਮਕਬੂਲ ਹਸਤੀਆਂ ਦੀਆਂ ਮੈਂ ਤਸਵੀਰਾਂ ਇਕੱਤਰ ਕੀਤੀਆਂ ਹਨ। ਮੈਨੂੰ ਇਹਨਾਂ ਦੇ ਜੀਵਨ ਬਾਰੇ ਸੰਖੇਪ ਜਿਹਾ ਚਾਨਣਾ ਪਾ ਦੇਵੇਂ ਤਾਂ ਮੈਂ ਤੇਰੀ ਆਭਾਰੀ ਰਹਾਂਗੀ।”
ਮੈਂ ਫ਼ਾਈਲ ਆਪਣੇ ਹੱਥਾਂ ਵਿੱਚ ਲੈ ਕੇ ਖੁੱਲ੍ਹੇ ਹੋਏ ਪਹਿਲੇ ਪੰਨੇ ’ਤੇ ਘੋਖਵੀਂ ਨਜ਼ਰ ਮਾਰੀ। ਉਸ ਪੰਨੇ ਉੱਤੇ ਗੁਰੂਦੇਵ ਟੈਗੋਰ ਜੀ (1861-1941) ਦੀ ਫੋਟੋ ਲੱਗੀ ਹੋਈ ਸੀ। ਟੈਗੋਰ ਬਾਰੇ ਜਾਣਕਾਰੀ ਹੋਣ ਕਰਕੇ ਉਹ ਫੋਟੋ ਦੇਖ ਕੇ ਮੈਨੂੰ ਖੁਸ਼ੀ ਹੋਈ। ਕਿਉਂਕਿ ਡਰ ਨਿਕਲ ਗਿਆ ਸੀ ਕਿ ਜੇਕਰ ਮੈਂ ਉਹਨੂੰ ਕੁੱਝ ਦੱਸ ਨਾ ਸਕਿਆ ਤਾਂ ਬੇਇਜ਼ਤੀ ਹੋ ਜਾਵੇਗੀ।
“ਇਹ ਬਹੁਤ ਮਹਾਨ ਕਵੀ ਹੋਇਐ, ਰਵਿੰਦਰ ਨਾਥ ਟੈਗੋਰ। ਇਹਨੇ ਸਾਡੇ ਦੇਸ਼ ਦਾ ਰਾਸ਼ਟਰੀਗਾਣ ਜਨ ਗਨ ਮਨ ਲਿਖਿਆ ਸੀ।”
“ਇਹ ਬੰਗਾਲੀ ਸੀ ਨਾ?” ਮਿਸ਼ੈਲ ਨੇ ਆਪਣੀਆਂ ਅੱਖੀਆਂ ਦੇ ਖੁਦ-ਬ-ਖੁਦ ਝਪਕਣ ਵਾਲੇ ਕੁਦਰਤੀ ਕਾਰਜ ਵਿੱਚ ਭੰਗਣਾ ਪਾ ਕੇ ਪ੍ਰਸ਼ਨਵਾਚਕ ਨਜ਼ਰਾਂ ਨਾਲ ਮੇਰੀ ਤਰਫ ਦੇਖਿਆ।
“ਨਹੀਂ! ਨਹੀਂ!! ਨਹੀਂ!!! ਬੰਗਾਲੀ ਨਹੀਂ, ਇਹ ਹਿੰਦੁਸਤਾਨੀ ਸੀ, ਹਿੰਦੁਸਤਾਨੀ। ਸਿਰਫ਼ ਹਿੰਦੁਸਤਾਨੀ! ਸਮਝੀ?” ਮੈਂ ਉਹਨੂੰ ਚੰਗੀ ਤਰ੍ਹਾਂ ਤਾੜਨਾ ਕੀਤੀ। ਭਾਵੇਂ ਉਹਨੇ ਤਾਂ ਸਹਿਜ-ਸੁਭਾਅ ਹੀ ਕਿਹਾ ਸੀ। ਪਰ ਮੈਨੂੰ ਗੁੱਸਾ ਆ ਗਿਆ ਸੀ। ਮੈਂ ਚਿੱਤ ਵਿੱਚ ਸੋਚਿਆ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਤਾਂ ਇਹਨਾਂ ਗੋਰਿਆਂ ਦੇ ਖੂਨ ਵਿੱਚ ਹੀ ਹੈ। ਇਹਨਾਂ ਫਰੰਗੀਆਂ ਦੀ ਇਸੇ ਕੁਟਲ ਨੀਤੀ ਕਾਰਨ ਅੱਜ ਮੇਰਾ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਪਿਆ ਹੈ। ਇਸੇ ਤਰ੍ਹਾਂ ਇਹਨਾਂ ਅੰਗਰੇਜ਼ ਲੋਕਾਂ ਨੇ ਫੁੱਟ ਪਾ ਕੇ ਸਾਰੀ ਦੁਨੀਆਂ ’ਤੇ ਰਾਜ ਕੀਤਾ ਹੈ। ਪਰ ਅੱਜ ਸਾਰਾ ਸੰਸਾਰ ਜਾਗਰਿਤ ਹੋ ਚੁੱਕਿਆ ਹੈ। ਹੁਣ ਇਹ ਸਾਡੇ ਦੇਸ਼ ਦਾ ਹੋਰ ਕੋਈ ਟੁੱਕੜਾ ਨਹੀਂ ਨਖੇੜ ਸਕਦੇ। ਇਸੇ ਕਰਕੇ ਮੈਂ ਮਿਸ਼ੈਲ ਦੀ ਚਲਾਕੀ ਸਮਝਦਿਆਂ ਆਪਣੀ ਸਮਝਦਾਰੀ ਵਰਤਦਿਆਂ ਉਹਨੂੰ ਚੁੱਪ ਕਰਾ ਦਿੱਤਾ।
“ਆਪਣੀ ਸਰਵਉਤਮ ਰਚਨਾ ਗੀਤਾਜਲੀ ਲਈ ਸਾਹਿਤ ਦਾ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਇਹ ਪਹਿਲੇ ਭਾਰਤੀ ਹੋਏ ਹਨ।”
“ਅੱਛਾ?”
ਮਿਸ਼ੈਲ ਨੇ ਉਹ ਵਰਕਾ ਪਰਤਾ ਕੇ ਮੈਨੂੰ ਅਗਲੀ ਮੂਰਤ ਦਿਖਾਈ, ਜੋ ਤਬਲਾਬਾਧਕ ਜਾਕਿਰ ਹੁਸੈਨ ਦੀ ਸੀ। ਮੈਂ ਆਪਣੀ ਧੌਣ ਉੱਚੀ ਚੁੱਕੀ।
“ਇਹ ਮੇਰੇ ਭਾਰਤ ਦਾ ਮਸ਼ਹੂਰ ਤਬਲਚੀ ਜਾਕਿਰ ਹੂਸੈਨ ਹੈ। ਇਹ ਤਬਲੇ ਦੇ ਧਾਮੇ ’ਤੇ ਉਂਗਲਾਂ ਨਾਲ ਐਨੀ ਗਜ਼ਬ ਦੀ ਥਾਪ ਮਾਰਦਾ ਹੈ ਕਿ ਇਹਦਾ ਤਬਲਾ ਸੁਣਦਾ ਸੁਣਦਾ ਮਗਨ ਹੋਇਆ ਬੰਦਾ ਆਪਣੀ ਸੁੱਧ-ਬੁੱਧ ਭੁੱਲ ਕੇ ਕਿਸੇ ਹੋਰ ਹੀ ਦੁਨੀਆਂ ਵਿੱਚ ਗੁਆਚ ਜਾਂਦਾ ਹੈ।”
“ਸੱਚੀਂ?” ਮਿਸ਼ੈਲ ਨੂੰ ਹੈਰਾਨੀ ਹੋਈ।
“ਪ੍ਰਮਾਤਮਾ ਦੀ ਸਹੁੰ ਲੱਗੇ। ਦਿੱਲੀ ਦੂਰਦਰਸ਼ਨ ਨੇ ਇਹਦੇ ਜੀਵਨ ਉੱਤੇ ਅਧਾਰਤ ਡਾਕੂਮੈਂਟਰੀ ਬਣਾਈ ਸੀ। ਮੇਰੇ ਕੋਲ ਵਿਡਿਓ-ਰੀਲ ਉੱਪਰ ਭਰ ਕੇ ਮਹਿਫ਼ੂਜ ਰੱਖੀ ਹੋਈ ਹੈ। ਮੈਂ ਤੈਨੂੰ ਦਿਖਾਊਂ।”
ਮੈਂ ਅਗਲਾ ਸਫ਼ਾ ਉਲੱਧਦਿਆਂ ਗਰਜ (ਗੱਦਾ) ਚੁੱਕੀ ਖੜ੍ਹੇ ਧਰਮੂਚੱਕੀਏ ਮੱਲ ਦੀ ਫੋਟੋ ਸੀ। ਮੈਂ ਆਪਣਾ ਸਿਰ ਹੋਰ ਉਤਾਂਹ ਕਰਿਆ, “ਇਸ ਛੇ ਫੁੱਟ ਇੱਕ ਇੰਚ ਦੇ ਪਹਿਲਵਾਨ ਨੂੰ ਦਾਰਾ ਸਿੰਘ ਰੰਧਾਵਾ ਕਹਿੰਦੇ ਨੇ। ਉਂਝ ਅਸਲੀ ਨਾਮ ਤਾਂ ਇਹਦਾ ਦਿਦਾਰ ਸਿੰਘ ਹੈ। ਇਹਨੇ ਹੀ ਘੋਲਾਂ ਵਿੱਚ ਡੈੱਡਲਾਕ ਦਾ ਦਾਅ ਇਜ਼ਾਦ ਕਰਿਆ ਸੀ। ਸਾਡਾ ਪੰਜਾਬੀ ਭਰਾ ਹੀ ਏ।”
“ਅਜੇ ਵੀ ਘੁਲਦਾ ਕਿ ਰਿਟਾਇਰ ਹੋ ਗਿਆ?”
“ਨਹੀਂ ਹੁਣ ਤਾਂ ਬੁੜ੍ਹਾ ਹੋ ਗਿਐ। ਏਸ ਵੇਲੇ ਤਾਂ ਸੱਤਰ ਸਾਲ ਦੇ ਕਰੀਬ ਹੋਊ ਉਮਰ, ਉਨੀ ਨੰਵਬਰ 1928 ਦਾ ਜਨਮ ਹੈ ਇਹਦਾ। 1954 ਵਿੱਚ ਇਹ ਰੁਸਤਮ-ਏ-ਹਿੰਦ ਬਣਿਆ ਸੀ ਤੇ 29 ਮਈ 1968 ’ਚ ਇਹਨੇ ਬੰਬਈ ਦੇ ਬਲਵਭਾਈ ਪਟੇਲ ਸਟੇਡੀਅਮ ਵਿੱਚ ਲੂ ਥੈਜ਼ ਨੂੰ ਢਾਹ ਕੇ ਰੁਸਤਮ-ਏ-ਜਮਾਂ (ਵਿਸ਼ਵ ਚੈਂਪੀਅਨ) ਦਾ ਖਿਤਾਬ ਜਿੱਤਿਆ ਸੀ। 5 ਜੂਨ 1983 ਵਿੱਚ ਦਿੱਲੀ ਵਿਖੇ ਇੰਦਰਾਪ੍ਰਸਥਾ ਸਟੇਡੀਅਮ ’ਚ ਅੰਤਿਮ ਕੁਸ਼ਤੀ ਲੜ੍ਹਨ ਉਪਰੰਤ ਦਾਰੇ ਨੇ ਕੁਸ਼ਤੀਆਂ ਤੋਂ ਸਨਿਆਸ ਲੈ ਲਿਆ ਸੀ। ਅਦਾਕਾਰੀ ਦੇ ਖੇਤਰ ਵਿੱਚ ਵੀ ਦਾਰਾ ਸਿੰਘ ਪਿੱਛੇ ਨਹੀਂ ਰਿਹਾ। ਬੇਅੰਤ ਫਿਲਮਾਂ ਅਤੇ ਡਰਾਮਿਆਂ ਵਿੱਚ ਅਭਿਨੇ ਦੇ ਜ਼ੌਹਰ ਦਿਖਾ ਚੁੱਕਾ ਹੈ। ਇਹਨੇ ਆਪਣੀ ਆਤਮਕਥਾ ਵੀ ਲਿਖੀ ਸੀ। ਮੈਂ ਉਹਦਾ ਤੈਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਦੇ ਦੇਊਂ।”
“ਪਲੀਜ਼? ਇਹ ਤਾਂ ਤੇਰਾ ਬਹੁਤ ਵੱਡਾ ਅਹਿਸਾਨ ਹੋਊ ਮੇਰੇ ਉੱਤੇ।”
ਜਿਸ ਅਦਾ ਨਾਲ ਮਿਸ਼ੈਲ ਨੇ ਇਹ ਵਾਕ ਕਿਹਾ ਸੀ, ਉਸ ਅਦਾ ਨਾਲ ਤਾਂ ਦੁਨੀਆਂ ਦੀ ਕੋਈ ਵੀ ਔਰਤ ਕਿਸੇ ਵੀ ਮਰਦ ਤੋਂ ਕੁੱਝ ਵੀ ਕਰਾ ਸਕਦੀ ਹੈ।
ਅਗਲਾ ਸਫ਼ਾ ਖੋਲ੍ਹਦਿਆਂ ਹੀ ਅਦਾਕਾਰ ਤੇ ਨਰਤਕ, ਪ੍ਰਭੂ ਦੇਵੇ ਦਾ ਚਿੱਤਰ ਮੇਰੇ ਸਨਮੁੱਖ ਸੀ। ਮੈਂ ਮਿਸ਼ੈਲ ਦੇ ਬਰਾਬਰ ਬੈਠਾ ਹੋਇਆ ਵੀ ਆਪਣੇ ਆਪ ਨੂੰ ਉਸ ਨਾਲੋਂ ਉੱਚੀ ਜਗ੍ਹਾ ਬੈਠਾ ਮਹਿਸੂਸ ਕੀਤਾ, “ਇਹ ਬਹੁਤ ਉਮਦਾ ਨਚਾਰ ਹੈ, ਪ੍ਰਭੂ ਦੇਵਾ। ਪਤਾ ਹੈ, ਦੇਵਾ ਨੱਚਦਾ ਹੋਇਆ ਆਪਣੇ ਅੰਗਾਂ ਨੂੰ ਰਬੜ ਵਾਂਗੂੰ ਮਰੋੜ ਤਰੋੜ ਲੈਂਦਾ ਹੈ? ਇਸੇ ਲਈ ਅਸੀਂ ਮਾਣ ਨਾਲ ਇਹਨੂੰ “੍ਰੂਭਭਓ੍ਰ ਧੌਲ਼ਲ਼ ੌਢ ੀਂਧੀਅ” ਵੀ ਕਹਿੰਦੇ ਹਾਂ।”
“ਕੀ ਇਹ ਉਹੀ ਪ੍ਰਭੂ ਦੇਵਾ ਹੈ, ਜਿਸ ਨੂੰ ਮੁੰਬਈ ਦੇ ਸ਼ੋਅ ਦੌਰਾਨ ਨੱਚਦਾ ਦੇਖ ਕੇ ਮਾਇਕਲ ਜੈਕਸਨ ਵੀ ਮੰਨ ਗਿਆ ਸੀ?”
“ਹਾਂ ਆਂ… ਆਂ…ਆਂ, ਤੂੰ ਠੀਕ ਬੁੱਝਿਐ। ਇਹ ਉਹੀ ਹੈ।” ਫਖਰ ਨਾਲ ਮੇਰੀ ਛਾਤੀ ਕਈ ਗਜ਼ ਚੌੜੀ ਹੋ ਗਈ।
ਉਸ ਤੋਂ ਬਆਦ ਵਾਲਾ ਸਫ਼ਾ ਕੱਢ ਕੇ ਦਿਖਾਉਂਦਿਆਂ ਹੋਇਆਂ ਮਿਸ਼ੈਲ ਨੇ ਤਸਵੀਰ ਮੁਤੱਲਕ ਜਾਨਣਾ ਚਾਹਿਆ ਤਾਂ ਮੈਂ ਦੱਸਿਆ, “ਵਾਹ, ਡਾਂ ਕਿਰਨ ਬੇਦੀ। ਭਾਰਤੀ ਜੇਲ੍ਹਾਂ ਦੀ ਪਲੇਠੀ ਮਹਿਲਾ ਇੰਸਪੈਕਟਰ ਜਨਰਲ। ਪਰਮੇਸ਼ ਨੇ 1995 ਵਿੱਚ “ੀ ਦੳਰੲ!” ਦੇ ਸਿਰਲੇਖ ਹੇਠ ਇਹਦੀ ਬਾਇਉਗਰਾਫ਼ੀ (ਜੀਵਨਕਥਾ) ਲਿਖੀ ਸੀ। ਅੱਜ-ਕੱਲ੍ਹ ਇਹ ਖੁਦ ਵੀ ਯਖਦ ‘ੀਟ’ਸ ੳਲਾੳੇਸ ਪੋਸਸਬਿਲੲ’ ਨਾਮੀ ਕਿਤਾਬ ਲਿਖ ਰਹੀ ਹੈ।”
“ਕਿਰਨ ਦੇ ਬਹੁਤ ਕਿੱਸੇ ਪੜ੍ਹੇ-ਸੁਣੇ ਨੇ। ਸੁਣਿਆ ਹੈ, ਬੜੀ ਦਲੇਰ ਔਰਤ ਹੈ?”
“ਇਸ ਵਿੱਚ ਕਿਹੜੀ ਸ਼ੱਕ ਹੈ? ਉਹ ਕਿਤਾਬ, ਲੈ ਜੀਂ ਮੈਥੋਂ, ਪੜ੍ਹ ਲੀਂ। ਤੂੰ ਖੁਦ ਜਾਣ ਜਾਏਂਗੀ। - ਦੇਖ ਲਾ ਫੇਰ। ਤੂੰ ਆਪ ਹੀ ਅੰਦਾਜ਼ਾ ਲਗਾ ਲੈ ਕਿ ਜਿਸ ਮੁਲਕ ਦੀਆਂ ਜਨਾਨੀਆਂ ਦਲੇਰ ਹੋਣ, ਉਥੋਂ ਦੇ ਬੰਦੇ ਕੀ ਹੋਣਗੇ?”
ਮੈਂ ਤਾਂ ਮਿਸ਼ੈਲ ਉੱਤੇ ਪ੍ਰਭਾਵ ਪਾਉਣ ਲਈ ਕਿਹਾ ਸੀ। ਪਰ ਉਹਨੂੰ ਮੇਰਾ ਸੈਕਸਿਸਟ(ਲਿੰਗਵਾਦੀ) ਵਿਚਾਰ ਸੁਣ ਕੇ ਬੁਰਾ ਲੱਗਿਆ। ਮੈਂ ਇਹ ਗੱਲ ਫੌਰਨ ਤਾੜ ਗਿਆ ’ਤੇ ਉਹਦਾ ਧਿਆਨ ਉਲਝਾਉਣ ਲਈ ਬੋਲ ਪਿਆ। 9 ਜੂਨ 1949 ਨੂੰ ਡਾ: ਕਿਰਨ ਅੰਮ੍ਰਿਤਸਰ ਵਿਖੇ ਜਨਮੀ ਸੀ।
“ਅੰਮ੍ਰਿਟ-ਸਾਰ।” ਮਿਸ਼ੈਲ ਨੇ ਓਪਰੀ ਭਾਸ਼ਾ ਦਾ ਸ਼ਬਦ ਹੋਣ ਕਰਕੇ ਬੜੀ ਔਖੀ ਜਿਹੀ ਹੋ ਕੇ ਉਚਾਰਿਆ।
“ਹਾਂ ਬਈ, ਅੰਮ੍ਰਿਤਸਰ। ਇੱਕ ਸ਼ਹਿਰ ਦਾ ਨਾਂ ਹੈ।”
“ਮੈਂ ਪਹਿਲਾਂ ਸੁਣਿਆ ਹੈ ਕਿਤੇ? ਕਿੱਥੇ ਸੁਣਿਐ?” ਉਹ ਮੱਥੇ ਉੱਤੇ ਹੱਥ ਰੱਖ ਕੇ ਸੋਚਣ ਲੱਗ ਗਈ।
“ਅਵੱਸ਼ਯ ਸੁਣਿਆ ਹੋਵੇਗਾ। ਅੰਮ੍ਰਿਤਸਰ ਇੱਕ ਪਵਿੱਤਰ ਨਗਰ ਹੈ ਤੇ ਸਭ ਤੋਂ ਵੱਡੀ ਖਾਸੀਅਤ ਤਾਂ ਇਹ ਹੈ ਕਿ ਇੱਥੇ ਸਵਰਨ ਮੰਦਰ ਹੈ।”
“ਆਹੋ ਗੋਲਡਨ ਟੈੱਮਪਲ ਬਾਰੇ ਹੀ ਪੜ੍ਹਿਆ ਸੀ। ਤਾਂ ਹੀ-ਤਾਂ ਹੀ, ਮੈਂ ਵੀ ਕਹਾਂ ਅੰਮ੍ਰਿਤਸਰ ਸ਼ਬਦ ਤੋਂ ਤਾਂ ਮੈਂ ਵਾਕਫ਼ ਹਾਂ। ਤੂੰ ਗਿਐਂ ਕਦੇ ਉੱਥੇ?”
“ਹਾਂ ਤਿੰਨ ਚਾਰ ਵਾਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੈ। ਉੱਥੇ ਜਾ ਕੇ ਇੱਕ ਅਜ਼ੀਬ ਜਿਹੀ ਆਤਮਿਕ ਸ਼ਾਂਤੀ ਮਿਲਦੀ ਹੈ।”
“ਹੈਂ? ਕੀ ਉਹ ਇਮਰਾਤ ਸੋਨੇ ਦੀ ਬਣੀ ਹੈ ਜਾਂ ਉਈਂ ਕਹਿੰਦੇ ਨੇ? ਮੇਰਾ ਮਤਲਬ ਸਾਰਾ ਅਸਲੀ ਸੋਨੇ ਦਾ ਬਣਿਆ ਹੈ?”
“ਹਾਂ, ਹੋਰ ਕਿਤੇ ਨਕਲੀ। ਐਵੇਂ ਥੋੜ੍ਹੈ, ਸੱਚੀਂ-ਮੁੱਚੀਂ ਦਾ ਸੋਨਾ ਲੱਗਿਐ।”
“ਬਹੁਤ ਸੁੰਦਰ ਹੋਊ ਫੇਰ ਤਾਂ? - ਕਾਸ਼! ਮੈਂ ਦੇਖ ਸਕਦੀ।” ਮਿਸ਼ੈਲ ਇੱਕਦਮ ਨਿਰਾਸ਼ ਤੇ ਉਦਾਸ ਜਿਹੀ ਹੋ ਗਈ। ਜਿਵੇਂ ਉਹ ਕਿਸੇ ਅਜ਼ੀਮ ਖੁਸ਼ੀ ਤੋਂ ਵਾਂਝੀ ਰਹਿ ਗਈ ਹੋਵੇ।
“ਕਿਉਂ? ਜਾ ਕਿਉਂ ਨਹੀਂ ਸਕਦੀ? ਕਿਰਾਇਆ ਹੀ ਲਗਣੈ, ਲਗਾ ਕੇ ਜਦੋਂ ਮਰਜੀ ਜਾ ਆਇਆ। ਤੇਰੀ ਤਾਂ ਦੋ ਹਫਤਿਆਂ ਦੀ ਤਨਖਾਹ ਨਾਲ ਹੀ ਸਰ ਜਾਣਾ ਹੈ।”
“ਮੈਂ ਜਾ ਸਕਦੀ ਆਂ ਉੱਥੇ? ਮੇਰੇ ਕਹਿਣ ਦਾ ਭਾਵ ਮੇਰੇ ਜਾਣ ਵਿੱਚ ਕੋਈ ਧਾਰਮਿਕ ਅੜਚਨ ਤਾਂ ਨਹੀਂ।” ਮਿਸ਼ੈਲ ਦੇ ਮੰਨ ਵਿੱਚੋਂ ਸ਼ੰਕੇ ਉੱਭਰ ਕੇ ਬਾਹਰ ਆਉਣ ਲੱਗੇ।
“ਨਾਂਹ ਨਾ, ਇਹੋ ਜਿਹਾ ਸੁਆਲ ਹੀ ਪੈਦਾ ਨਹੀਂ ਹੁੰਦਾ।”
“ਪਰ ਜਦੋਂ ਮਹਾਰਾਣੀ ਇਲਿਜ਼ਬਥ ਭਾਰਤ ਗਈ ਸੀ ਤਾਂ ਉਹਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਤੋਂ ਰੋਕਿਆ ਗਿਆ ਸੀ। ਉਸ ਦੇ ਰਾਹ ਵਿੱਚ ਅੜਚਣਾਂ ਖੜ੍ਹੀਆਂ ਕਰੀਆਂ ਗਈਆਂ ਸਨ। ਬੜ੍ਹਾ ਹੁਲੱੜ ਪਿਆ ਸੀ।”
“ਉਹ ਤਾਂ ਕੁੱਝ ਨ੍ਹੀਂ ਐਵੇਂ ਹੀ ਪ੍ਰੈਸ ਵਾਲਿਆਂ ਨੇ ਵਧਾ-ਚੜ੍ਹਾ ਕੇ ਲਿਖ ਦਿੱਤਾ ਸੀ। ਉਹ ਤਾਂ ਦੂਜੇ ਮੁਲਖ ਸਾਡੇ ਦੇਸ਼ ਨੂੰ ਬਦਨਾਮ ਕਰਨ ਲਈ ਸਿਆਸਤੀ ਚਾਲਾਂ ਚੱਲਦੇ ਨੇ। ਮੇਰੇ ਵਤਨ ਦੇ ਭੋਲੇ-ਭਾਲੇ ਲੋਕ ਉਹਨਾਂ ਦੇ ਮਗਰ ਲੱਗ ਜਾਂਦੇ ਨੇ। ਚੱਲ ਛੱਡ ਤੈਂ ਇਹਨਾਂ ਫਜ਼ੂਲ ਗੱਲਾਂ ਤੋਂ ਕੀ ਲੈਣੈ?” ਮੈਂ ਉਹਦੀ ਗੱਲ ਨੂੰ ਲਾਪਰਵਾਹੀ ਨਾਲ ਲਿਆ।
“ਨਹੀਂ ਮੈਂ ਸੈਟਾਲਾਈਟ ਵਰਲਡ ਨਿਊਜ਼(ਉਪਗ੍ਰਹਿ ਵਿਸ਼ਵ ਖਬਰਨਾਮਾ) ਵਿੱਚ ਟੈਲੀ ’ਤੇ ਆਪਣੇ ਅੱਖੀਂ ਦੇਖਿਆ ਸੀ ਲੋਕ ਅੰਮ੍ਰਿਤਸਰ ਨੂੰ ਜਲੂਸ ਦੀ ਸ਼ਕਲ ਵਿੱਚ ਜਾ ਕੇ ਘਿਰਾਓ ਕਰਦੇ ਸਨ। ਬਹੁਤ ਸਾਰੇ ਲੋਕ ਸ਼ੋਰਗੁੱਲ ਮਚਾਉਂਦੇ ਹੋਏ ਨਾਹਰੇ ਲਗਾ ਰਹੇ ਸਨ ਕਿ ਮਲਕਾ ਨਹੀਂ ਇੱਥੇ ਆ ਸਕਦੀ ਵਗੇਰਾ ਵਗੇਰਾ।” ਉਹ ਮੇਰੇ ਨਾਲ ਜ਼ਿੱਦ ਪਈ।
“ਨਾਂਹ, ਇਹੋ ਜਿਹੀ ਘਾਣੀ ਈ ਕੋਈ ਨ੍ਹੀਂ। ਜੋ ਮਲਕਾ ਨਾਲ ਹੋਇਆ ਸੀ, ਉਹ ਇੱਕ ਰਾਜਨੀਤਕ ਚਾਲ ਸੀ। ਮੈਂ ਆਪ ਨਾਲ ਚੱਲੂੰ ਤੇਰੇ, ਤੂੰ ਜਦੋਂ ਕਹੇਂ ਤੈਨੂੰ ਜ਼ਿਆਰਤ ਕਰਵਾ ਲਿਆਉਂਦਾ ਹਾਂ। ਇਹਦੇ ਵਿੱਚ ਕਿਹੜੀ ਗੱਲ ਹੈ? ਤੂੰ ਜਾ ਕੇ ਦੇਖੀਂ ਸ਼੍ਰੀ ਦਰਬਾਰ ਸਾਹਿਬ ਦੇ ਚਾਰ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਹਨ, ਜੋ ਕਿ ਇਸ ਗੱਲ ਦੇ ਸੂਚਕ ਹਨ ਕਿ ਸਭ ਧਰਮਾਂ, ਰੰਗਾਂ, ਨਸਲਾਂ ਦੇ ਬੰਦੇ ਉਥੇ ਬਿਨਾਂ ਕਿਸੇ ਭੇਦ-ਭਾਵ ਦੇ ਆ ਜਾ ਸਕਦੇ ਹਨ।”
“ਅੱਛਾ! ਕਿੰਨੀ ਚੰਗੀ ਗੱਲ ਹੈ।”
ਮੇਰੇ ਵਿਚਾਰ ਸਰਵਣ ਕਰਕੇ ਉਹਦਾ ਮਨ ਤੀਰਥ ਯਾਤਰਾ ਦੀ ਇੱਛਾ ਅਤੇ ਸ਼ਰਧਾ ਨਾਲ ਭਰ ਗਿਆ।
ਮੈਂ ਐਲਬੰਮ ਦੇ ਪੰਨੇ ਦਰ ਪੰਨੇ ਪਲਟਦਾ ਉਹਨੂੰ ਜਾਣਕਾਰੀ ਦਿੰਦਾ ਗਿਆ। ਇਹ ਭਾਰਤੀ ਇਹ ਹਿੰਦੁਸਾਤਨੀ…ਇਹ ਇੰਡੀਅਨ…।
ਮੇਰਾ ਸਿਰ ਮਾਣ ਨਾਲ ਉੱਚਾ… ਉੱਚਾ… ਹੋਰ ਬੁਲੰਦ ਹੁੰਦਾ ਗਿਆ।
ਸਾਰੀਆਂ ਤਸਵੀਰਾਂ ਮੁੱਕਣ ਪਿੱਛੋਂ ਮੈਂ ਉਹਨੂੰ ਫ਼ਾਈਲ ਬੰਦ ਕਰਕੇ ਦੇ ਦਿੱਤੀ। ਉਹਨੇ ਫ਼ਾਈਲ ਸਾਂਭ ਕੇ ਭੁਜਿਉਂ ਬਰੀਫ਼-ਕੇਸ ਚੁੱਕ ਕੇ ਮੇਜ਼ ਉੱਪਰ ਰੱਖਿਆ ਅਤੇ ਕੁਫ਼ਲ ਖੋਲ੍ਹ ਕੇ ਪਿਛਲੇ ਹਫਤੇ ਦਾ ਰਾਸ਼ਟਰੀ ਅਖਬਾਰ ਕੱਢ ਕੇ ਮੇਰੇ ਮੂਹਰੇ ਰੱਖ ਦਿੱਤਾ, “ਤੈਨੂੰ ਪਤਾ ਹੈ ਮਨੀਸ਼ ਪਟੇਲ ਕੌਣ ਐ?”
“ਨਹੀਂ, ਕਿਉਂ ਤੂੰ ਵਿਆਹ ਕਰਵਾਉਣ ਲੱਗੀ ਏਂ ਉਹਦੇ ਨਾਲ?” ਮੈਂ ਮਖੌਲ ਕੀਤਾ।
“ਨਹੀਂ, ਆਹ ਅਖਬਾਰ ਦੇਖ। ਇਸ ਏਸ਼ੀਅਨ ਬੰਦੇ ਨੇ ਅਲੜ ਸਕੂਲ ਵਿਦਆਰਥਣ ਦਾ ਰੇਪ ਕੀਤਾ ਸੀ।”
ਮੈਂ ਅਖਬਾਰ ਚੁੱਕ ਕੇ ਮਨੀਸ਼ ਪਟੇਲ ਦੀ ਫੋਟੋ ਦੇਖੀ।
“ਉਹ ਹਾਂ, ਯਾਦ ਆਇਆ। ਮੈਂ ਵੀ ਪੜ੍ਹਿਆ ਸੀ ਇਹਦੇ ਬਾਰੇ। ਮੈਂ ਉਸ ਕੇਸ ਬਾਰੇ ਜਾਣਦਾ ਸੀ। ਕਿਸੇ ਗੁਜਰਾਤੀ ਬੰਦੇ ਨੇ ਨਾਬਾਲਗ ਕੁੜੀ ਨਾਲ ਜਬਰ-ਜਿਨਾਹ ਕਰ ਦਿੱਤਾ ਸੀ ਤੇ ਮੀਡੀਏ ਨੇ ਇਸ ਖਬਰ ਨੂੰ ਕਾਫ਼ੀ ਉਛਾਲਿਆ ਸੀ।”
“ਇਹਦੇ ਬਾਰੇ ਦੱਸ ਕੁੱਝ?” ਜਿਵੇਂ ਪੱਤਰਕਾਰ ਸੁਆਲ ਪੁੱਛਦੇ ਹਨ ਉਹ ਉਸ ਅੰਦਾਜ਼ ਵਿੱਚ ਬੋਲੀ।
ਮਿਸ਼ੈਲ ਵੱਲੋਂ ਕਰੇ ਸਾਰੇ ਸਵਾਲਾਂ ਦੇ ਸਿਲਸਲੇ ਵਿੱਚ ਇਹ ਪਹਿਲਾ ਪ੍ਰਸ਼ਨ ਸੀ ਜਿਸ ਦਾ ਮੈਂ ਉਸਨੂੰ ਉੱਤਰ ਨਹੀਂ ਸੀ ਦੇਣਾ ਚਾਹੁੰਦਾ। ਇਸ ਲਈ ਮੈਂ ਬਹਾਨਾ ਬਣਾ ਕੇ ਛੁੱਟਕਾਰਾ ਪਾਉਣ ਲਈ ਉੱਠ ਕੇ ਖੜ੍ਹਾ ਹੋ ਗਿਆ, “ਮਿਸ਼ੈਲ ਮੈਂ ਚਲਦਾਂ, ਕਾਫ਼ੀ ਟੈਮ ਹੋ ਗਿਐ।”
“ਅਜੇ ਤਾਂ ਬਰੇਕ ਖਤਮ ਹੋਣ ਵਿੱਚ ਪੰਦਰਾਂ ਮਿੰਟ ਹੋਰ ਰਹਿੰਦੇ ਨੇ। ਤੂੰ ਤਾਂ ਕਹਿੰਦਾ ਸੀ ਅੱਧੇ ਘੰਟੇ ਲਈ ਵਿਹਲਾ ਹੈਂ।”
ਉਹਨੇ ਮੇਰੀ ਬਾਂਹ ਖਿੱਚ ਕੇ ਮੈਨੂੰ ਬੈਠਾ ਲਿਆ, “ਸਿੱਧੀ ਤਰ੍ਹਾਂ ਜੁਆਬ ਦੇ, ਮੈਂ ਤੈਥੋਂ ਕੁੱਝ ਪੁੱਛਿਆ ਸੀ?”
ਪਹਿਲਾਂ ਤਾਂ ਮੇਰਾ ਜੀਅ ਕੀਤਾ ਬਈ ਉਹਨੂੰ ਆਕੜ ਕੇ ਕਹਾਂ ਕਿ ਜਦੋਂ ਅੰਗਰੇਜ਼ ਇਹੋ ਜਿਹੇ ਕੁਕਰਮ ਕਰਦੇ ਨੇ ਤਾਂ ਤੁਸੀਂ ਗੌਲਦੇ ਨਹੀਂ ਤੇ ਜੇ ਇੱਕ ਏਸ਼ੀਅਨ ਨੇ ਕੁੱਝ ਕਰ ਦਿੱਤਾ ਤਾਂ ਕੀ ਥੋਡਾ ਲੰਡਨ ਬਰਿੱਜ ਟੁੱਟ ਗਿਐ?
ਇਹ ਸੁਣ ਕੇ ਮਿਸ਼ੈਲ ਗੁੱਸੇ ਨਾ ਹੋ ਜਾਏ, ਇਸ ਲਈ ਮੈਂ ਚੁੱਪ ਹੀ ਰਿਹਾ। ਪਰ ਬਹੁਤੀ ਦੇਰ ਖਾਮੋਸ਼ ਨਹੀਂ ਸੀ ਰਿਹਾ ਜਾ ਸਕਦਾ।
‘ਇੱਕ ਦੀ ਗਲਤੀ ਲਈ ਸਾਰਿਆਂ ਨੂੰ ਬਦਨਾਮ ਕਰਕੇ ਦੰਡ ਥੋੜ੍ਹਾ ਦਿੱਤਾ ਜਾ ਸਕਦੈ।’ ਮੈਂ ਦਿਮਾਗ ਵਿੱਚ ਇਸ ਵਾਕ ਦੀ ਬਣਤਰ ਮੁਕੰਮਲ ਕਰਕੇ ਉਚਾਰਨ ਦੀ ਕੋਸ਼ਿਸ਼ ਕੀਤੀ। ਪਰ ਮੇਰੇ ਮੂੰਹੋਂ ਕੁੱਝ ਹੋਰ ਹੀ ਨਿਕਲ ਗਿਆ।
“ਕੀ ਦੱਸਾਂ ਇਹਦੇ ਬਾਰੇ। ਇਹ ਗੁਜਰਾਤੀ ਹੈ।”
“ਗੁਜਰਾਤੀ? ਗੁਜਰਾਤੀ ਯਾਨੀ?” ਉਹ ਸਮਝ ਨਾ ਸਕੀ।
“ਮਿਸ਼ੈਲ ਦਰਅਸਲ ਹਿੰਦੋਸਤਾਨ ਕਈ ਸੂਬਿਆਂ ਵਿੱਚ ਵੰਡਿਆ ਹੋਇਆ ਹੈ। ਮੈਂ ਪੰਜਾਬ ਪ੍ਰਾਂਤ ਨਾਲ ਸੰਬੰਧਤ ਹਾਂ। ਇਸ ਲਈ ਮੈਂ ਪੰਜਾਬੀ ਹਾਂ। ਉਹਦਾ ਤਅੱਲਕ ਗੁਜਰਾਤ ਰਾਜ ਦਾ ਹੋਣ ਕਰਕੇ ਉਹ ਗੁਜਰਾਤੀ ਹੈ। ਪੰਜਾਬ ਤੇ ਗੁਜਰਾਤ ਵਿੱਚ ਭੂਗੋਲਿਕ ਦੂਰੀ ਹੋਣ ਕਰਕੇ ਬਹੁਤ ਫ਼ਰਕ ਹੈ। ਸਾਡਾ ਪੰਜਾਬੀਆਂ ਦਾ ਤਾਂ ਗੁਜਰਾਤੀਆਂ ਨਾਲ ਕੋਈ ਵਾਸਤਾ ਹੀ ਨਹੀਂ।”
“ਭਾਵੇਂ ਗੁਜਰਾਤੀ ਹੈ, ਪਰ ਹੈ ਤਾਂ ਉਹ ਵੀ ਇੰਡੀਅਨ ਹੀ ਨਾ?” ਮਿਸ਼ੈਲ ਦੇ ਬੋਲ ਅਸਮਾਨੀ ਬਿਜਲੀ ਵਾਂਗ ਮੇਰੇ ਦਿਲ ’ਤੇ ਆ ਕੇ ਡਿੱਗੇ।
“ਅੱਮ ਮਿਸ਼ੈਲ…ਅ।” ਮੈਂ ਕਿੰਨਾ ਚਿਰ ਤੱਕ ਕੋਈ ਹੋਰ ਗੱਲ ਛੇੜ ਕੇ ਗੱਲਬਾਤ ਦਾ ਵਿਸ਼ਾ ਬਦਲਣ ਲਈ ਸੋਚਦਾ ਰਿਹਾ। ਪਰ ਮੈਨੂੰ ਕੁੱਝ ਨਾ ਔੜਿਆ। ਉਹਨੇ ਮੇਰੀ ਬੋਲਤੀ ਹੀ ਬੰਦ ਕਰ ਦਿੱਤੀ ਸੀ।
ਮੈਂ ਸਭ ਸਮਝ ਗਈ, “ਹਿੰਦੁਸਤਾਨ ਇੱਕ ਮਾਲਾ ਦੀ ਤਰ੍ਹਾਂ ਹੈ, ਜਿਸਦੇ ਸਾਰੇ ਪ੍ਰਾਂਤ ਮੋਤੀ ਹਨ। ਸਭਨਾਂ ਹਿੰਦੁਸਤਾਨੀਆਂ ਦੀ ਏਕਤਾ ਧਾਗੇ ਦੀ ਤਰ੍ਹਾਂ ਹੈ। ਜਿਉਂ ਹੀ ਧਾਗਾ ਟੁੱਟਿਆ, ਸਾਰੀ ਮਾਲਾ ਮਣਕਾ-ਮਣਕਾ ਹੋ ਕੇ ਖਿੱਲਰ ਜਾਵੇਗੀ। -ਦੇਖੀ ਮੈਂ ਕਿੰਨਾ ਵਧੀਆਂ ਲੇਖ ਲਿਖਾਂਗੀ।” ਉਹਦੀਆਂ ਅੱਖਾਂ ਵਿੱਚ ਇੱਕ ਸ਼ਰਾਰਤ ਭੰਗੜਾ ਪਾਉਣ ਲੱਗੀ। ਉਹ ਮੁਸਕੜੀਏ ਹੱਸੀ ਜਾ ਰਹੀ ਸੀ। ਮੈਨੂੰ ਲੱਗਿਆ ਜਿਵੇਂ ਉਹ ਮੇਰਾ ਮਜ਼ਾਕ ਉਡਾ ਰਹੀ ਹੋਵੇ।
ਮੇਰਾ ਸਿਰ ਸ਼ਰਮ ਨਾਲ ਧਰਤੀ ਵਿੱਚ ਖੁੱਭ ਗਿਆ।
“ਸਹਿਯੋਗ ਲਈ ਸ਼ੁਕਰੀਆ। ਲੇਖ ਪੂਰਾ ਕਰਕੇ ਸਭ ਤੋਂ ਪਹਿਲਾਂ ਪਰੂਫ-ਰੀਡਿੰਗ ਤੇ ਸੋਧ-ਸਧਾਈ ਲਈ ਜ਼ਰੂਰ ਤੈਨੂੰ ਦਿਖਾਵਾਂਗੀ।” ਉਹ ਆਪਣਾ ਸਮਾਨ ਚੁੱਕ ਕੇ ਖੜ੍ਹੀ ਹੋ ਗਈ।
ਸਮਾਂ ਪੂਰਾਂ ਹੋਣ ਕਾਰਨ ਉਹ ਤਾਂ ਚਲੀ ਗਈ। ਮੈਨੂੰ ਧੱੜਕਾ ਜਿਹਾ ਲੱਗ ਗਿਆ ਕਿ ਮਿਸ਼ੈਲ ਪਤਾ ਨਹੀਂ ਕੀ ਕੀ ਲਿਖੂਗੀ? ਹੁਣ ਮੈਂ ਸੀਸ ਝੁਕਾਈ ਬੈਠਾ ਉਸਦੀ ਅਣਲਿਖੀ ਤਹਿਰੀਰ ਬਾਰੇ ਸੋਚਦਾ ਹੋਇਆ ਗ਼ਮਜ਼ਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮਿਸ਼ੈਲ ਦੇ ਮਗਰ ਜਾ ਕੇ ਉਸਨੂੰ ਕੋਈ ਜੁਆਬ ਦੇਵਾਂ। ਪਰ ਕੀ ਕਹੂੰਗਾ? ਮੇਰਾ ਸਿਰ ਸ਼ਰਮ ਨਾਲ ਨੀਵੀਂ ਹੋਇਆ ਪਿਆ ਹੈ।
ਐ ਭਾਰਤਵਾਸੀਓ ਹੁਣ ਤਾਂ ਤੁਸੀਂ ਹੀ ਆਪਸੀ ਫੁੱਟ ਨੂੰ ਖਤਮ ਕਰਕੇ ਅਜਿਹਾ ਕੁੱਝ ਕਰ ਸਕਦੇ ਹੋ ਜਿਸ ਨਾਲ ਮੈਂ ਹਿੰਦੁਸਤਾਨ ਮੁੜ ਮਿਸ਼ੈਲ, ਯਾਨੀ ਕਿ ਸੰਸਾਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਸਕਾਂ! ਕਰੋਂਗੇ ਨਾ?
****
No comments:
Post a Comment