ਪੜ੍ਹਦੇ-ਪੜ੍ਹਦੇ ਪੜ੍ਹਾਈਆਂ “ਅਸੀਂ ਕਿੱਥੋਂ ਕਿੱਥੇ ਪਹੁੰਚ ਗਏ”.......!
ਬੜਾ ਹੀ ਚਾਅ ਸੀ ਮੈਨੂੰ ਵਿਦੇਸ਼ ਜਾਣ ਦਾ, ਰੱਬ ਨੇ ਇਹ ਆਸ ਵੀ ਮੇਰੀ ਪੂਰੀ ਕਰ ਦਿੱਤੀ। ਮੈਂ ਜੁਲਾਈ 2009 ਵਿੱਚ ਸਟੱਡੀ ਵੀਜ਼ੇ ਤੇ ਇੰਗਲੈਂਡ ਪਹੁੰਚ ਗਿਆ। ਇੰਗਲੈਂਡ ਵਿਚ ਮੇਰਾ ਪਹਿਲਾ ਹੀ ਪੜਾਅ ਸਾਊਥਹਾਲ ਸੀ, ਮੈਂ ਮਨ ਹੀ ਮਨ ਬੜਾ ਖੁਸ਼ ਹੋਇਆ ਕਿ ਮੈੰ ਇੰਗਲੈਂਡ ਆ ਕੇ ਵੀ ਪੰਜਾਬੀਆਂ ਵਿੱਚ ਹੀ ਆ ਗਿਆ। ਸਾਊਥਹਾਲ ਨੂੰ ਆਮ ਕਰਕੇ ਪੰਜਾਬੀ “ਮਿੰਨੀ ਪੰਜਾਬ” ਵੀ ਕਹਿੰਦੇ ਹਨ, ਇੱਥੇ ਆਮ ਦੁਕਾਨਾਂ ਅਤੇ ਸਟੋਰਾਂ ਆਦਿ ‘ਤੇ ਵੀ ਪੰਜਾਬੀ ‘ਚ ਹੀ ਲਿਖਿਆ ਹੋਇਆ ਹੈ। ਜਗ੍ਹਾ-ਜਗ੍ਹਾ ਤੇ ਜਲੇਬੀਆਂ, ਸਮੋਸਿਆਂ ਅਤੇ ਪਕੌੜਿਆਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਸਭ ਤੋਂ ਖੁਸ਼ੀ ਦੀ ਗੱਲ ਇਹ ਕਿ ਇੱਥੇ ਮਨ ਦੀ ਸ਼ਾਂਤੀ ਲਈ, ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ ਅਤੇ ਸਾਡੇ ਧਾਰਮਿਕ ਭਾਈਚਾਰੇ ਦਾ ਪ੍ਰਤੀਕ ਮੰਦਿਰ, ਗੁਰੂਦਵਾਰਾ ਸਾਹਿਬ ਅਤੇ ਮਸਜਿਦ ਵੀ ਹਨ, ਕਹਿਣ ਤੋਂ ਭਾਵ ਕੇ “ਬਿਲਕੁਲ ਹੀ ਪੰਜਾਬ” ਇਸੇ ਕਰਕੇ ਜਿੰਨੇ ਵੀ ਮੇਰੇ ਹੋਰ ਪੰਜਾਬੀ ਭੈਣ-ਭਰਾ ਸਟੂਡੈਂਟ ਵੀਜ਼ੇ ‘ਤੇ ਇੰਗਲੈਂਡ ਆਊਂਦੇ ਹਨ, ਜਿਸਦਾ ਕੋਈ ਰਿਸ਼ਤੇਦਾਰ ਜਾਂ ਸਾਕ ਸਬੰਧੀ ਇੱਥੇ ਨਹੀਂ ਹੈ, ਤਕਰੀਬਨ ਸਭ ਦਾ ਹੀ ਪਹਿਲਾ ਪੜਾਅ ਸਾਊਥਹਾਲ ਹੁੰਦਾ ਹੈ।
ਇੱਥੇ ਆ ਕੇ ਮੈਂ ਵੇਖਿਆ ਕਿ ਹਜ਼ਾਰਾਂ ਹੀ ਪੰਜਾਬੀ ਨੌਜਵਾਨ ਮੇਰੇ ਵੀਰ ਤੇ ਭੈਣਾਂ ਸਟੱਡੀ ਵੀਜ਼ੇ ਤੇ ਆਏ ਹੋਏ ਹਨ ਅਤੇ ਹਰ ਪਾਸੇ ਮੇਲੇ ਵਰਗਾ ਮਹੌਲ ਲੱਗ ਰਿਹਾ ਸੀ। ਪੰਜਾਬੀ ਨੌਜਵਾਨ ਰੰਗ-ਬਰੰਗੀਆਂ ਪੱਗਾਂ ਬੰਨ੍ਹ ਕੇ ਅਤੇ ਮੇਰੀਆਂ ਪੰਜਾਬਣ ਭੈਣਾਂ ਪੰਜਾਬੀ ਪਹਿਰਾਵੇ (ਸੂਟ-ਸਲਵਾਰ ਅਤੇ ਸਿਰ ਉੱਤੇ ਚੁੰਨੀ) ‘ਚ ਮਾਰਕੀਟ ਵਿੱਚ ਆਪਣੀ ਰੋਜ਼ਾਨਾ ਦੀਆਂ ਵਸਤਾਂ ਦੀ ਖਰੀਦ ਕਰਦੇ ਵੇਖ ਕੇ ਮਨ ਖੁਸ਼ੀ ਨਾਲ ਝੂਮ ਉਠਿਆ ਤੇ ਆਪਣੇ ਆਪ ‘ਤੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਹੋਣ ਲੱਗਾ ਅਤੇ ਨਾਲ ਹੀ ਮਨੋਂ ਆਵਾਜ਼ ਆਈ ਕਿ “ਜੋ ਵੀ ਹੈ ਪੰਜਾਬੀਆਂ ਦੀ ਸ਼ਾਨ ਹੀ ਵੱਖਰੀ ਏ” ਪਰ ਸ਼ਾਇਦ ਇਹ ਮੇਰਾ ਵਹਿਮ ਹੀ ਸੀ। ਕੁੱਝ ਕੁ ਦਿਨਾਂ ਬਾਅਦ ਮੈਨੂੰ ਉਹ ਰੰਗ-ਬਰੰਗੀਆਂ ਪੱਗਾਂ, ਉਹ ਸੂਟ-ਸਲਵਾਰਾਂ ਅਤੇ ਸਿਰਾਂ ਉੱਤੇ ਚੁੰਨੀਆਂ ਜਿੰਨ੍ਹਾ ਨੂੰ ਵੇਖ ਕੇ ਮੈਂ “ਪੰਜਾਬੀ” ਹੋਣ ਦਾ ਮਾਣ ਮਹਿਸੂਸ ਕਰਦਾ ਸੀ, ਦਿਖਾਈ ਦੇਣੋਂ ਹਟ ਗਈਆਂ। ਉਹ ਪੰਜਾਬੀ ਜਿੰਨ੍ਹਾ ਦੇ ਸਿਰਾਂ ‘ਤੇ ਸਰਦਾਰੀ ਦਾ ਤਾਜ(ਪੱਗ) ਸੀ, ਹੁਣ ਕੇਸ ਕਟਵਾ ਕੇ ਸਿਰਾਂ ‘ਤੇ ਗਜ਼ਨੀ ਫਿਲਮ ਦੇ ਅਮੀਰ ਖਾਨ ਵਾਂਗ “ਗਜਨੀ ਕੱਟ” ਅਤੇ ਹੋਰ “ਵੇਲ-ਬੂਟੀਆਂ” ਬਣਾਈ ਫਿਰਦੇ ਸੀ। ਜਦੋਂ ਕਿ ਮੈਂ ਖੁਦ ਉਨਾਂ ਦੇ “ਸਿਰਾਂ ‘ਤੇ ਪੱਗਾਂ ਬੰਨੀਆਂ” ਵੇਖ ਕੇ ਕੇਸ ਰੱਖਣ ਦਾ ਮਨ ਬਣਾ ਲਿਆ ਸੀ। ਪਰ ਇਹ ਸਭ ਕੁਝ ਵੇਖ ਕੇ ਮਨ ਬੜਾ ਹੀ ਦੁਖੀ ਹੋਇਆ। ਪਰ ਮੈਂ ਕਿਸੇ ਨੂੰ ਕੀ ਦੋਸ਼ ਦੇ ਸਕਦਾ ਹਾਂ, ਮੈਂ ਤਾਂ ਖੁਦ ਗਲਤੀਆਂ ਦਾ ਪੁਤਲਾ ਹਾਂ ਇੱਕ ਦਹਾਕਾ ਪਹਿਲਾਂ ਮੈਂ ਵੀ ਤਾਂ ਮਾਡਰਨ ਜ਼ਮਾਨੇ ‘ਚ ਪੈਰ ਰੱਖ ਕੇ ਆਪਣੇ ਕੇਸ ਕਟਵਾਏ ਸੀ। “ਚਲੋ ਖੈਰ...... ਮੈਂ ਆਪਣਾ ਮਨ ਤਾਂ ਆਪਣੇ ਆਪ ਨੂੰ ਦੋਸ਼ੀ ਕਹਿ ਕੇ ਸਮਝਾ ਲਿਆ” ਪਰ ਸਦਮਾ ਤਾਂ ਉਦੋਂ ਲੱਗਿਆ ਜਦੋਂ ਮੈਂ ਅਪਣੀਆਂ ਹੀ ਪੰਜਾਬਣ ਭੈਣਾਂ ਨੂੰ ਆਪਣਾ ਉਹ ਸ਼ਾਨਾਮੱਤਾ ਪੰਜਾਬੀ ਪਹਿਰਾਵਾ (ਸੂਟ-ਸਲਵਾਰ ਅਤੇ ਸਿਰ ‘ਤੇ ਚੁੰਨੀ) ਜਿਸ ਦੀ ਸਾਰੀ ਦੁਨੀਆਂ ‘ਤੇ ਅਲੱਗ ਹੀ ਪਹਿਚਾਣ ਹੈ ਅਤੇ ਜਿਸਦੀ ਨਕਲ ਅੱਜ ਵਿਦੇਸ਼ੀ ਲੋਕ ਤੇ ਗੋਰੀਆਂ ਮੇਮਾਂ ਵੀ ਕਰਦੀਆਂ ਹਨ, ਉਸ ਨੂੰ ਛੱਡ ਕੇ ਪੀਪਨੀ ਵਰਗੀਆਂ ਤੰਗ ਜੀਨ ਦੀਆਂ ਪੈਂਟਾਂ ਤੇ ਛੋਟੀਆਂ-ਛੋਟੀਆਂ ਤੰਗ ਟੀ-ਸ਼ਰਟਾਂ ਪਾ ਕੇ ਆਂਪਣੇ ਆਪ ਨੂੰ ਅਗਾਂਹਵਧੂ ਹੋਣ ਦਾ ਸਬੂਤ ਦੇ ਰਹੀਆਂ ਸੀ। ਮੇਰੀਆਂ ਇਹ ਅਗਾਂਹਵਧੂ ਭੈਣਾਂ ਜਿਸ ਤਰਾਂ ਦੇ ਕੱਪੜੇ ਪਾਉਦੀਆਂ ਹਨ, ਕੋਈ ਸਮਾਂ ਸੀ ਕਿ ਇੱਕ ਪੰਜਾਬਣ ਮੁਟਿਆਰ ਦੀ ਚੁੰਨੀ ਦਾ ਵਜ਼ਨ ਵੀ ਇਨ੍ਹਾਂ ਦੇ ਸਾਰੇ ਪਹਿਨੇ ਹੋਏ ਕੱਪੜਿਆਂ ਦੇ ਵਜ਼ਨ ਤੋਂ ਜਿਆਦਾ ਹੋਣਾਂ। ਕੁਝ ਕੁ ਮੇਰੀਆਂ ਭੈਣਾਂ ਨੂੰ ਜਦੋਂ ਮੈਂ ਪੁੱਛਿਆ ਕਿ ਭੈਣ ਜੀ ਸਾਡੇ ਪੰਜਾਬੀ ਪਹਿਰਾਵੇ ਵਿੱਚ ਕੀ ਖੋਟ ਸੀ, ਜੋ ਤੁਸੀਂ ਇਹ ਪਹਿਰਾਵਾ ਅਪਣਾ ਲਿਆ? ਤਾਂ ਅੱਗੋਂ ਉਨ੍ਹਾਂ ਜੁਆਬ ਦਿੱਤਾ ਕਿ “ਭਾਅ ਜੀ ਹੁਣ ਕੋਈ ਲੈਕਚਰ ਨਾ ਲਾਉਣ ਲੱਗ ਜਾਇਓ ਪਹਿਲਾਂ ਮਾਂ-ਬਾਪ ਕੱਪੜਿਆਂ ਪਿੱਛੇ ਟੋਕਦੇ ਰਹਿੰਦੇ ਸੀ, ਤੇ ਹੁਣ ਤੁਸੀਂ ਆ ਗਏ ਓਂ ਪਤਾ ਨੀ ਕਿਧਰੋਂ। ਮਸਾਂ ਤਾਂ ਸਾਨੂੰ ਅਜਾਦੀ ਮਿਲੀ ਏ ਅਪਣੀ ਮਨ ਪਸੰਦ ਦੀ ਜ਼ਿੰਦਗੀ ਜਿਉਣ ਦੀ”।
ਜੇ ਇਹੀ ਅਜਾਦੀ ਹੈ ਤਾਂ ਉਹ ਕੀ ਸੀ ਜਿਸ ਪਿੱਛੇ ਸਾਡੇ ਦੇਸ਼ ਦੇ ਸ. ਭਗਤ ਸਿੰਘ ਜਿਹੇ ਲੱਖਾਂ ਹੀ ਨੌਜਵਾਨ ਆਪਣੀਆਂ ਜਾਨਾਂ ਵਾਰ ਗਏ? ਉਹ ਕੀ ਸੀ ਜਿਸ ਪਿੱਛੇ ਸਾਡੇ ਗੁਰੂਆਂ ਅਤੇ ਯੋਧਿਆਂ ਨੇ ਇਸ ਪੱਗ ਦੀ ਅਤੇ ਚੁੰਨੀ ਦੀ ਸ਼ਾਨ ੳੁੱਚੀ ਰੱਖਣ ਲਈ ਆਪਣੇ ਪਰਵਿਾਰਾਂ ਦੇ ਪਰਿਵਾਰ ਤੱਕ ਸ਼ਹੀਦ ਕਰਵਾ ਲਏ?
ਸਭ ਨੂੰ ਪਤਾ ਏ ਕਿ ਸਾਊਥਹਾਲ ਵਿੱਚ ਪੰਜਾਬੀ ਹੀ ਪੰਜਾਬੀ ਰਹਿੰਦੇ ਹਨ। ਜੇ ਤੁਸੀਂ ਦਸ ਸੱੈਲਾਂ ਵਾਲੀ ਬੈਟਰੀ ਲੈ ਕੇ ਵੀ ਪੂਰੇ ਸਾਊਥਹਾਲ ‘ਚ ਵੇਖੋਂਗੇ ਤਾਂ ਤੁਹਾਨੂੰ ਸ਼ਾਇਦ ਹੀ ਕੋਈ ਗੋਰਾ ਜਾਂ ਗੋਰੀ ਵੇਖਣ ਨੂੰ ਮਿਲੇ। ਕਿਉਂਕੇ ਇਹ ਸਾਰਾ ਹੀ ਏਰੀਆ ਪੰਜਾਬੀਆਂ ਨਾਲ ਭਰਪੂਰ ਹੈ। ਫਿਰ ਮੈਂ ਮੇਰੀਆਂ ਪੰਜਾਬਣ ਭੈਣਾਂ ਨੂੰ ਇਹ ਸਵਾਲ ਪੁੱਛਦਾ ਹਾਂ ਕਿ ਇਹ ਪਹਿਰਾਵਾ ਕਿਸ ਨੂੰ ਵਿਖਾਉਣ ਲਈ ਪਹਿਨਦੀਆਂ ਹਨ? ਸਿਰਫ ਆਪਣੇ ਹੀ ਪੰਜਾਬੀ ਭੈਣ, ਭਰਾਵਾਂ ਨੂੰ ਵਿਖਾਉਣ ਲਈ? ਉਹ ਪਹਿਰਾਵਾ ਜਿਸ ਨੂੰ ਪਹਿਨ ਕੇ ਅਸੀਂ ਅਪਣੇ ਭਰਾ ਜਾਂ ਬਾਪ ਅੱਗੇ ਨਾ ਜਾ ਸਕੀਏ, ਉਹ ਪਹਿਰਾਵਾ ਜਿਸ ਨੂੰ ਪਹਿਨ ਕੇ ਅਸੀਂ ਕਿਸੇ ਧਾਰਮਿਕ ਸਥਾਨ, ਗੁਰੂਦਵਾਰੇ ਜਾਂ ਮੰਦਿਰ ਵਿੱਚ ਚੰਗੀ ਤਰਾਂ ਮੱਥਾ ਵੀ ਨਾ ਟੇਕ ਸਕੀਏ। ਪਹਿਲਾਂ ਜਦੋਂ ਮੇਰੀਆਂ ਪੰਜਾਬਣ ਮਾਵਾਂ ਭੈਣਾਂ ਕਦੀ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੀਆਂ ਸਨ, ਤਾਂ ਪੰਜਾਬੀ ਪਹਿਰਾਵੇ ਵਿੱਚ ਸਿਰ ਦੇ ਉੱਤੇ ਚੁੰਨੀ ਲੈਕੇ ਅਤੇ ਦੋਵੇਂ ਹੱਥ ਜੋੜ ਕੇ ਕਿਸੇ ਦੇਵੀ ਦਾ ਰੂਪ ਲਗਦੀਆਂ ਸੀ ਤੇ ਜੋ ਵੀ ਅਰਦਾਸ ਰੱਬ ਅੱਗੇ ਕਰਦੀਆਂ ਸਨ, ਉਹ ਰੱਬ ਵੀ ਨਹੀਂ ਸੀ ਮੋੜਦਾ। ਪਰ ਅੱਜ ਕੱਲ ਆਹ ਪੈਂਟਧਾਰੀ, ਅਗਾਂਹਵਧੂ ਮੇਰੀਆਂ ਪੰਜਾਬਣ ਭੈਣਾਂ ਜਿਸ ਤਰਾਂ ਦੇ ਪਹਿਰਾਵਾ(ਜੀਨਜ਼ ਦੀਆਂ ਪੈਂਟਾਂ ਅਤੇ ਸ਼ੋਰਟ ਟੀ ਸ਼ਰਟਾਂ) ਪਾ ਕੇ ‘ਤੇ ਇੱਕ ਛੋਟੀ ਜਿਹੀ ਰੁਮਾਲ ਨਾਲ ਸਿਰ ਢੱਕ ਕੇ, ਜਦੋਂ ਮੱਥਾ ਟੇਕਣ ਜਾਂਦੀਆਂ ਹਨ ਤਾਂ ਉਨਾਂ ਦਾ ਇਕ ਹੱਥ ਤਾਂ ਪਿੱਛੇ ਪੈਂਟ ‘ਤੇ ਟੀ-ਸ਼ਰਟ ਉੱਤੇ ਹੁੰਦੈ ਕਿ ਕਿਤੇ ਦੋਵੇਂ (ਪੈਂਟ ਤੇ ਟੀ-ਸ਼ਰਟ) ਇੱਕ ਦੂਜੇ ਦਾ ਸਾਥ ਈ ਨਾ ਛੱਡ ਜਾਣ ਤੇ ਦੂਜਾ ਹੱਥ ਸਿਰ ਤੇ ਹੁੰਦੈ ਕਿ ਕਿਤੇ ਰੁਮਾਲ ਨਾ ਥੱਲੇ ਗਿਰ ਜਾਵੇ ਨਾਲ ਹੀ ਥੋੜਾ ਜਿਹਾ ਸਿਰ ਝੁਕਾ ਕੇ ਮੱਥਾ ਟੇਕ ਦਿੰਦੀਆਂ ਹਨ ਇਹ ਪਹਿਰਾਵਾ ਵੇਖ ਕੇ ਸ਼ਾਇਦ ਰੱਬ ਵੀ ਸ਼ਰਮਸਾਰ ਹੋ ਜਾਂਦਾ ਹੋਣਾ।
ਮੇਰੇ ਪੰਜਾਬੀ ਵੀਰੋ ਤੇ ਭੈਣੋਂ ਮੈਂਨੂੰ ਇੱਕ ਗੱਲ ਸਮਝ ਨੀ ਆਉਂਦੀ ਕੇ ਸਾਡੇ ਜਹਾਜ਼ ਚੜ੍ਹਦਿਆਂ ਹੀ ਸਾਡਾ ਪਹਿਰਾਵਾ ਸਾਡੇ ਲਈ ਸ਼ਰਾਪ ਕਿਉਂ ਲੱਗਣ ਲੱਗ ਜਾਂਦਾ ਹੈ? ਪੰਜਾਬੀ ਪਹਿਰਾਵੇ ਦੀ ਸ਼ਾਨ ਦੀ ਗੱਲ ਕਰੀਏ ਤਾਂ, ਜਿੱਥੇ “ਸਲਵਾਰ-ਕਮੀਜ਼” ਕਿਸੇ ਔਰਤ ਦੇ ਤਨ ਨੂੰ ਲਹਿਜੇ ਨਾਲ ਭਰਪੂਰ ਢੁਕਾਅ ਦੇ ਕੇ ਉਸਦੀ ਸੁੰਦਰਤਾ ਨੂੰ ਚਾਰ ਚੰਨ੍ਹ ਲਾਉਂਦੀ ਹੈ, ਓਥੇ “ਇੱਜਤ-ਅਣਖ ਦੀ ਪ੍ਰਤੀਕ ਚੁੰਨੀ” ਵੀ ਸਾਡੇ ਪੰਜਾਬੀਆਂ ਲਈ ਇੱਕ ਇੱਜਤ-ਅਣਖ ਦੇ ਸਵਾਲ ਵਾਂਗ ਹੈ। “ਜਿਕਰ ਯੋਗ ਹੈ ਕਿ ਪੁਰਾਣੇ ਸਮਿਆਂ ਵਿੱਚ ਜੇ ਕਿਸੇ ਵੈਲੀ ਨੇ ਕਿਸੇ ਨੂੰ ਲਲਕਾਰਨਾ ਹੁੰਦਾ ਸੀ ਤਾਂ ਉਹ ਉਸ ਦੀ ਭੈਣ ਜਾਂ ਪਤਨੀ ਨੂੰ ਬੇਸ਼ੱਕ ਕੁੱਝ ਨਾਂ ਆਖਦਾ, ਪਰ ਉਸ ਕੁੜੀ ਦੀ ਚੁੰਨੀ ਖੋਹ ਕੇ ਆਪਣੇ ਨਾਲ ਲੈ ਜਾਂਦਾ ਸੀ ਤਾਂ ਜੋ ਉਸਦੇ ਭਰਾ ਜਾਂ ਪਤੀ ਨੂੰ ਲਲਕਾਰਿਆ ਜਾ ਸਕੇ” ਕਿ “ਜੇ ਵੱਡਾ ਅਣਖੀ ਏਂ ਤਾਂ ਆਹ ਚੁੰਨੀ ਲੈ ਜਾਵੀਂ ਮੁੜਵਾ ਕੇ” ਚੁੰਨੀ ਦੀ ਇੱਜਤ ਬਰਕਰਾਰ ਰੱਖਣ ਲਈ ਅਣਖੀ ਲੋਕ ਆਪਣੀ ਜਾਨ ਦੀ ਬਾਜੀ ਲਾ ਕੇ ਚੁੰਨੀ ਮੁੜਵਾਕੇ ਲਿਆਉਂਦੇ ਸੀ ਅਤੇ ਆਪਣੇ ਅਣਖੀ ਹੋਣ ਦਾ ਸਬੂਤ ਦਿੰਦੇ ਸੀ ਤਾਂ ਜੋ ਹਿੱਕ ਤਾਂਣ ਕੇ ਜੱਗ ਉੱਤੇ ਜੀਅ ਸਕਣ। ਪਰ ਅੱਜ ਕੱਲ ਅਣਖ ਤਾਂ ਦੂਰ ਦੀ ਗੱਲ, ਨੱਕ ਡੁਬੋ ਕੇ ਮਰਨ ਲਈ ਪਾਣੀ ਦੀ ਚੱਪਣੀ ਵੀ ਨਹੀਂ ਮਿਲ ਰਹੀ। ਜਿੱਥੇ ਮੇਰੇ ਪੰਜਾਬੀ ਵੀਰ ਵਿਦੇਸ਼ੀ ਪਹਿਰਾਵੇਆਂ ‘ਚ ਰੰਗ ਗਏ ਹਨ, ਓਥੇ ਹੀ ਸਾਡੀਆਂ ਭੈਣਾਂ ਨੇ ਚੁੰਨੀ ਨੂੰ ਬੇ-ਦਾਅਵਾ ਦੇ ਕੇ ਪਤਾ ਨਹੀਂ ਕਿਹੜੇ ਪਾਸਿਓਂ ਅਗਾਂਹਵਧੂ ਹੋਣ ਦਾ ਭਰਮ ਪਾਲ ਲਿਆ ਹੈ।
ਪਰ ਅੱਜ ਵੀ ਤੁਹਾਨੂੰ ਇਸ ਤਰ੍ਹਾਂ ਦੇ ਲੋਕ ਟਾਂਵੇ-ਟਾਂਵੇ ਮਿਲ ਸਕਦੇ ਹਨ ਜੋ ਅਣਖ ਤੇ ਇੱਜਤ ਦਾ ਮਤਲਬ ਚੰਗੀ ਤਰਾਂ ਜਾਣਦੇ ਹਨ। ਪਰ ਸਾਡੇ ਮਾਡਰਨ ਤੇ ਅਗਾਂਹ ਵਧੂ ਨੌਜਵਾਨ ਭੈਣ-ਭਰਾ ਉਨ੍ਹਾਂ ਨੂੰ ਬੈਕਵਰਡ ਨਾਂ ਨਾਲ ਸੰਬੋਧਨ ਕਰਦੇ ਹਨ। ਅਗਾਂਹ ਵਧੂ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਇਸ ਦੀ ਆੜ ਵਿੱਚ ਆਪਣੇ ਹੀ ਕਲਚਰ ਨੂੰ ਅਤੇ ਅਨਮੋਲ ਵਿਰਸੇ ਦਾ ਘਾਣ ਕਰਨਾ ਜਾ ਉਸ ਨੂੰ ਭੁੱਲਣਾ ਮਾੜੀ ਗੱਲ ਹੈ।
“ਚੁੰਨੀ” ਭਾਵੇਂ ਪਿਆਜ਼ ਦੇ ਛਿਲਕੇ ਤੋਂ ਵੀ ਪਤਲੀ ਤੇ ਪਾਰਦਰਸ਼ੀ ਹੈ, ਪਰ ਇਹ ਇੱਕ ਔਰਤ ਦਾ ਓਹ ਗਹਿਣਾ ਹੈ ਜੋ ਉਸਦੇ ਤਨ ਨੂੰ ਸਿਰਫ ਢਕਦੀ ਹੀ ਨਹੀਂ ਸਗੋਂ ਉਸ ਦੇ ਮਾਨ ਸਨਮਾਨ ਨੂੰ ਵੀ ਚਾਰ ਚੰਨ ਲਾਉਂਦੀ ਹੈ। ਕੋਈ ਸਮਾਂ ਸੀ ਜਦੋਂ ਔਰਤ ਆਪਣੇ ਸਹੁਰੇ, ਜੇਠ ਤੋਂ ਅਤੇ ਸਹੁਰੇ ਪਿੰਡ ਦੇ ਬਜ਼ੁਰਗਾਂ ਤੋਂ ਆਪਣੀ ਚੁੰਨੀ ਨਾਲ ਘੁੰਡ ਕੱਢ ਕੇ ਰੱਖਦੀ ਸੀ, ਉਹ ਇਸ ਕਰਕੇ ਨਹੀਂ ਕਿ ਉਹ ਔਰਤ ਬਦਸੂਰਤ ਸੀ। ਸਿਰਫ ਇਸ ਲਈ ਕਿ ਉਹ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਜਾਣਦੀ ਸੀ। ਜਿੱਥੇ ਅੱਜ ਕੱਲ ਮੇਰੀਆਂ ਅਗਾਂਹਵਧੂ ਭੈਣਾਂ ਨੂੰ ਇਸ ਰਿਵਾਜ਼ ਨੂੰ ਹੌਲੀ ਹੌਲੀ ਖਤਮ ਕਰ ਦਿੱਤਾ। ਉਥੇ ਹੁਣ ਵੀ ਤੁਹਾਨੂੰ ਕੁੱਝ ਮੇਰੀਆਂ ਪੰਜਾਬਣ ਭੈਣਾਂ ਤੇ ਮਾਵਾਂ ਅਜਿਹੀਆਂ ਵੀ ਮਿਲਣਗੀਆਂ ਜੋ ਆਪਣੇ ਰੀਤ-ਰਿਵਾਜ਼ਾਂ ਅਤੇ ਆਪਣੇ ਸੱਭਿਆਚਾਰ ਨੂੰ ਦਿਲ ਵਿੱਚ ਸਮੋਈ ਬੈਠੀਆਂ ਹਨ। ਅੱਜ ਵੀ ਉਹ ਤੁਹਾਨੂੰ ਪੰਜਾਬੀ ਪਹਿਰਾਵੇ ‘ਚ ਅਤੇ ਸਿਰ ਚੁੰਨੀ ਨਾਲ ਢੱਕ ਕੇ ਸਤਿਕਾਰ ਨਾਲ ਕਿਸੇ ਦੇਵੀ ਦੇ ਰੂਪ ਵਿੱਚ ਮਿਲਣਗੀਆਂ।
ਕੋਈ ਸਮਾਂ ਸੀ ਜਦੋਂ ਪੰਜਾਬਣ ਮੁਟਿਆਰਾਂ ਆਪਣੇ ਹੱਥੀਂ ਫੁਲਕਾਰੀ ਕੱਢਦੀਆਂ ਸਨ ਅਤੇ ਚੁੰਨੀਆਂ ਨੂੰ ਸੋਹਣੇ ਸੋਹਣੇ ਰੰਗਾਂ ਨਾਲ ਲਲਾਰੀ ਤੋਂ ਰੰਗਵਾਉਦੀਆਂ ਸਨ, ਪਰ ਅੱਜ ਕੱਲ ਜੇ ਤੁਸੀਂ ਕਿਸੇ ਅਗਾਂਹਵਧੂ ਕੁੜੀ ਨੂੰ ਪੁੱਛੋ ਕਿ ਫਲਕਾਰੀ ਕੀ ਹੁੰਦੀ ਹੈ ਤਾਂ ਸ਼ਾਇਦ ਉਸਦਾ ਇਹੀ ਜਵਾਬ ਹੋਵੇਗਾ ਕਿ “ਕੋਈ ਫੁਲਾਵਰ ਬੁੱਕੇ ਦੀ ਵਰਾਇਟੀ ਜਾਂ ਕੋਈ ਵੈਲਨਟਾਈਨ ਗਿਫਟ ਹੋਣਾ ਏ” ਤੇ ਲਲਾਰੀ ਦਾ ਤਾਂ ਪਤਾ ਹੀ ਕੀ ਹੋਣੈ।
ਇਹ ਵੀ ਸੱਚ ਹੈ ਕਿਸੇ ਵੀ ਕੰਪਨੀ ‘ਚ ਕੰਮ ਕਰਨ ਲਈ ਉਸਦੇ ਪ੍ਰਫੈਸ਼ਨ ਮੁਤਾਬਿਕ ਡਰੈੱਸ ਪਾਉਣੀ ਪੈਂਦੀ ਹੈ। ਪਰ ਕਿਸੇ ਵੀ ਕੰਪਨੀ ਦੀ ਡਰੈੱਸ ਏਨੀ ਮਾੜੀ ਨਹੀਂ ਕੇ ਤੁਹਾਡੇ ਤਨ ਨੂੰ ਸਹੀ ਢਕਾਅ ਨਾ ਦੇ ਸਕੇ।
ਧੰਨ ਨੇ ਉਹ ਮਾਂ-ਪਿਓ ਜਿਹੜੇ ਸਾਡੇ ਤੇ ਏਨਾ ਵਿਸ਼ਵਾਸ਼ ਕਰਦੇ ਹਨ ਕਿ ਸਾਡੇ ‘ਤੇ ਲੱਖਾਂ ਰੁਪਏ ਖਰਚਾ ਕਰਕੇ ਸਾਨੂੰ ਵਿਦੇਸਾਂ ਵਿੱਚ ਪੜ੍ਹਨ ਲਈ ਭੇਜਦੇ ਨੇ, ਸ਼ਾਇਦ ਉਹ ਸਾਡੇ ਤੋਂ ਇਹੀ ਚਾਹੁੰਦੇ ਹਨ ਕਿ ਸਾਡੇ ਬੱਚੇ ਪੜ੍ਹਾਈ ਕਰਨ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਸਾਡੇ ਦੇਸ਼ ਦਾ ਅਤੇ ਸਾਡੇ ਅਨਮੋਲ ਵਿਰਸੇ ਦਾ ਨਾਮ ਵੀ ਚਮਕਾਉਣ ਤਾਂ ਜੋ ਉਨ੍ਹਾਂ ਦੇ ਮਾਂ-ਪਿਓ ਆਪਣੇ ਬੱਚਿਆਂ ਤੇ ਮਾਣ ਮਹਿਸੂਸ ਕਰ ਸਕਣ। ਪਰ ਪਤਾ ਨਹੀਂ ਕਿਉਂ ਉਹ ਵਿਦੇਸਾਂ ਵਿੱਚ ਆਉਂਦੇ ਹੀ ਆਪਣੇ ਸੱਭਿਆਚਾਰ ਨੂੰ ਭੁਲਾ ਕੇ ਨੰਗੇਜ ਭਰਪੂਰ ਪਹਿਰਾਵੇ ਨੂੰ ਜਿਆਦਾ ਤਰਜੀਹ ਦਿੰਦੇ ਹਨ। ਉਹ ਆਪਣੇ ਮਾਂ-ਪਿਓ ਨੂੰ ਭੁਲ੍ਹਾ ਕੇ ਬੁਆਏ ਫਰੈਂਡ ਅਤੇ ਗਰਲ ਫਰੈਂਡ ਦੇ ਰਿਸ਼ਤੇਆਂ ਨੂੰ ਜਿਆਦਾ ਅਹਿਮੀਅਤ ਦਿੰਦੇ ਹਨ ਅਤੇ ਆਪਣੇ ਮਾਂ-ਪਿਓ ਨਾਲ ਧੋਖਾ ਕਰ ਰਹੇ ਹਨ, ਪਰ ਮਾਂ-ਪਿਓ ਨਾਲ ਧੋਖਾ ਕਰਨਾ ਸਿੱਧਾ ਰੱਬ ਨਾਲ ਧੋਖਾ ਕਰਨਾ ਹੈ।
ਖੂਬਸੂਰਤੀ ਕਿਸੇ ਵੀ ਅੰਗ ਦਿਖਾਉ ਪਹਿਰਾਵੇ ਦੀ ਮੁਹਤਾਜ਼ ਨਹੀਂ, ਸਗੋਂ ਇਹ ਗੱਲ ਵੱਧ ਅਹਿਮੀਅਤ ਰੱਖਦੀ ਹੈ ਕਿ ਤੁਹਾਡੀ ਸ਼ਖਸੀਅਤ ਜਾਂ ਤੁਹਾਡੇ ਵਿਚਾਰ ਕਿੰਨੇ ਖੂਬਸੂਰਤ ਹਨ। ਵਿਚਾਰਾਂ ਪੱਖੋਂ ਊਣੇ ਲੋਕ ਹੀ ਆਪਣੀ ਹੋਂਦ ਨੂੰ ਦਰਸਾਉਣ ਲਈ ਅਜਿਹੇ ਢਕਵੰਝਾਂ ਦਾ ਸਹਾਰਾ ਲੈਂਦੇ ਹਨ।
ਭੈਣੋ ਤੇ ਭਰਾਵੋ ਮੇਰੀ ਤੁੱਛ ਬੁੱਧੀ ਨੇ ਜੋ ਕੁੱਝ ਵੀ ਵੇਖਿਆ, ਉਹੀ ਤੁਹਾਡੇ ਨਾਲ ਸਾਂਝਾ ਕਰ ਚੁੱਕਾ ਹਾਂ ਜੇ ਚੰਗਾ ਲੱਗੇ ਤਾਂ ਅਮਲ ਕਰਨ ਦੀ ਕੋਸ਼ਿਸ ਕਰਨਾ। ਜੇ ਤੁੱਛ ਬੁੱਧੀ ‘ਚ ਵਾਧਾ ਕਰਨ ਲਈ ਕੋਈ ਸੁਝਾਅ ਦੇ ਸਕਦੇ ਹੋ ਤਾਂ ਮੱਥੇ ਤੇ ਹੱਥ ਰੱਖ ਕੇ ਉਡੀਕਾਂਗਾ.................।
****
No comments:
Post a Comment