ਪਾਣੀਂ ਪੰਜਾਂ ਦਰਿਆਵਾਂ ਵਾਲਾ.......... ਲੇਖ / ਹਰਮਿੰਦਰ ਕੰਗ, (ਆਸਟ੍ਰੇਲੀਆ)


ਪੰਜਾਬੀ ਜਿੱਥੇ ਵੀ ਗਏ ਹਨ ਉਹਨ੍ਹਾਂ ਆਪਣੀਂ ਮਿਹਨਤ ‘ਤੇ ਲਗਨ ਸਦਕਾ ਆਪਣੀਂ ਵਿਸ਼ੇਸ਼ ਪਹਿਚਾਂਣ ਤਾਂ ਬਣਾਈ ਹੀ ਹੈ ਨਾਲ ਹੀ ਆਪਣੀਂ ਮਾਂ ਬੋਲੀ ਪੰਜਾਬੀ ਅਤੇ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਜੋ ਯਤਨ ਆਰੰਭੇ ਹਨ ਉਹ ਵੀ ਕਾਬਿਲੇ ਤਰੀਫ ਹਨ।ਆਸਟ੍ਰੇਲੀਆ ਦੇ ਮਹਾਨਗਰ ਵਿੱਚ ਪੰਜਾਬੀ ਭਾਈਚਾਰੇ ਵਲੋਂ ਅਜਿਹੀਆਂ ਅਨੇਕਾਂ ਹੀ ਸੰਸਥਾਵਾਂ ਸਥਾਪਤ ਕੀਤੀਆਂ ਹੋਈਆਂ ਹਨ ਜੋ ਆਪਣੇ ਵਿਰਸੇ ਦੀ ਹੋਂਦ ਨੂੰ ਬਚਾਉਣ ਲਈ ਅਤੇ ਮਾਂ ਬੋਲੀ ਪੰਜਾਬੀ ਦੇ ਹੋਰ ਪਸਾਰੇ ਲਈ ਯਤਨਸ਼ੀਲ ਹਨ।ਅਜਿਹੀਆਂ ਹੀ ਸੰਸਥਾਵਾਂ ਵਿੱਚੋਂ ਇੱਕ ਸੰਸਥਾ ਹੈ ‘ਵਿਰਾਸਤ’


ਸੰਸਥਾ ਵਿਰਾਸਤ ਵੀ ਅਜਿਹੇ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ ਅਤੇ ਅਨੇਕਾਂ ਪੰਜਾਬੀ ਇਸ ਨਾਲ ਤਨੋਂ ਮਨੋਂ ਜੁੜੇ ਹੋਏ ਹਨ।‘ਵਿਰਾਸਤ’ ਵਲੋਂ ਆਰੰਭੇ ਯਤਨਾਂ ਦੀ ਲੜੀ ਤਹਿਤ ਇਸ ਵਾਰ ਸੂਫੀ ਗਾਇਕ ਸਤਿੰਦਰ ਸਰਤਾਜ ਨੂੰ ਆਸਟ੍ਰੇਲੀਆ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।ਸਤਿੰਦਰ ਸਰਤਾਜ ਨੂੰ ਜਿਸ ਕਿਸੇ ਨੇ ਵੀ ਸੁਣਿਆ ਹੈ,ਉਹ ਵਿਅਕਤੀ ਉਸ ਦੀ ਸਮਾਜਿਕ ਸੇਧ ਦੇਣ ਵਾਲੀ ਸ਼ਾਇਰੀ ਅਤੇ ਗਾਇਕੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।ਜਦੋਂ ਹੁਣ ਧੂੁਮ ਧੜਾਕੇ ਵਾਲੀ ਗਾਇਕੀ ਨੇ ਸਾਡੇ ਪੰਜਾਂ ਪਾਣੀਆਂ ਦੇ ਸੰਗੀਤ ਨੂੰ ਗੰਧਲਾ ਕੀਤਾ ਹੋਇਆ ਹੈ ਉਥੱੇ ਸਤਿੰਦਰ ਸਰਤਾਜ ਇੱਕ ਨਵੀ ਆਸ ਲੈ ਕੇ ਬਹੁੜਿਆ ਹੈ ਜਿਸਨੇਂ ਮਾਂ ਬੋਲੀ ਪੰਜਾਬੀ ਦੀ ਬੁੱਕਲ ਵਿੱਚ ਲੁਕੀਆਂ ਪਈਆਂ ਅਨੇਕਾਂ ਤਸ਼ਬੀਹਾਂ ਨੂੰ ਸਾਡੇ ਰੂਬਰੂ ਕੀਤਾ ਹੈ।ਸਾਡੇ ਭੁੱਲੇ ਵਿਸਰੇ ਬਾਗ ਬਗੀਚੇ,ਫੁੱਲ,ਪਹਾੜ ਅਤੇ ਜਜਬੇ ਉਸਦੀ ਸ਼ਾਇਰੀ ਦਾ ਸ਼ਿਗਾਰ ਬਣੇ ਹਨ।ਕੈਨੇਡਾ ਦੇ ਮੰਨੇਂ ਪ੍ਰਮੰਨੇ ਪ੍ਰਮੋਟਰ ਸ੍ਰੀ ਇਕਬਾਲ ਮਾਹਲ ਜੀ ਪਹਿਲਾਂ ਹੀ ਸਤਿੰਦਰ ਨੂੰ ਕੈਨੇਡਾ ਦੇ ਲੋਕਾਂ ਦੇ ਸਾਹਮਣੇ ਸਫਲਤਾ ਪੂਰਬਕ ਪੇਸ਼ ਕਰ ਚੁੱਕੇ ਸਨ ‘ਤੇ ਕੈਨੇਡਾ ਵਿੱਚ ਹੀ ਸਤਿੰਦਰ ਦੇ 18 ਅਠਾਰਾਂ ਸ਼ੋਅ ਸੋਲਡ ਆਊਟ ਸਨ।ਇੱਥੇ ਵੀ ਜਦ ਸੰਸਥਾ ਵਿਾਰਸਤ ਦੇ ਸੰਸਥਾਪਕ ਸ੍ਰੀ ਅਮਨਦੀਪ ਸਿੱਧੂ ਹੋਰਾਂ ਨੇ ਸਤਿੰਦਰ ਦੇ ਸ਼ੋਅ ਕਰਵਾਉਣ ਦਾ ਬੀੜਾ ਚੁੱਕਿਆ ਤਾਂ ਉਹਨਾਂ ਦੇ ਦੋਸਤ ਇਕਬਾਲ ਮਾਹਲ ਜੀ ਵੀ ਇਹਨਾਂ ਸ਼ੋਆਂ ਦੀ ਅਗਵਾਈ ਕਰਨ ਲਈ ਤਿਆਰ ਹੋ ਗਏ ‘ਤੇ ਨਾਲ ਹੀ ਪੰਜਾਬ ਵਿੱਚ ਰਹਿ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ‘ਤੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ:ਸਤੀਸ਼ ਕੁਮਾਰ ਵਰਮਾਂ ਜੀ ਨੂੰ ਵੀ ਇਹਨਾਂ ਸਾਰੇ ਸ਼ੋਆਂ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨ ਲਈ ਰਾਜੀ ਕਰ ਲਿਆ ਗਿਆ।ਡਾ ਵਰਮਾ ਜੀ ਲਈ ਇਹ ਦੌਰਾ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਸਾਬਤ ਹੋਇਆ ਕਿਉਕਿ ਇਸ ਬਹਾਨੇਂ ਉਹਨਾਂ ਨੂੰ ਸਿਡਨੀ ਰਹਿੰਦੇ ਬੇਟੇ ਪਰਮੀਸ਼ ਨਾਲ ਮਿਲਣ ਦਾ ਸੁਭਾਗ ਵੀ ਪ੍ਰਾਪਤ ਹੋ ਗਿਆ।ਡਾ.ਸਤੀਸ਼ ਕੁਮਾਰ ਵਰਮਾਂ ਜੀ ਦੇ ਪੁਰਾਣੇ ਸਟੂਡੈਂਟ ਹੋਣ ਕਰਕੇ ਮੈਨੂੰ ਵੀ ਉਹਨਾਂ ਨਾਲ ਅੱਠ ਸਾਲ ਬਾਅਦ ਮਿਲਣ ਦਾ ਵੀ ਸੁਨਹਿਰੀ ਮੌਕਾ ਮਿਲ ਗਿਆ ਕਿਉਂਕਿ ਯੂਨੀਵਰਸਿਟੀ ਪੜਦੇ ਸਮੇਂ ਤੋਂ ਹੀ ਮੈਂ ਉਹਨਾਂ ਦੀ ਸ਼ਖਸ਼ੀਅਤ ਤੋਂ ਅਤੇ ਉਹਨਾਂ ਦੀਆਂ ਲਿਖਤਾਂ ਅਤੇ ਸ਼ਬਦਾਵਲੀ ਦਾ ਮੁਰੀਦ ਹਾਂ।ਵਿਰਾਸਤ ਦੀ ਸਾਰੀ ਟੀਮ ਇਹਨਾਂ ਸ਼ੋਆਂ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਪੱਬਾਂ ਭਾਰ ਹੋ ਗਈ।ਸਾਰਿਆਂ ਦੇ ਮਨ ਵਿੱਚ ਐਨਾਂ ਚਾਅ ਜਿਵੇਂ ਆਪਦਾ ਵਿਆਹ ਧਰਿਆ ਹੋਵੇ ‘ਤੇ ਜਿੰਮੇਵਾਰੀ ਏਡੀ ਵੱਡੀ ਜਿਵੇਂ ਕਿਸੇ ਨੂੰ ਆਪਣੀ ਭੈਣ ਦੇ ਵਿਆਹ ਵੇਲੇ ਨਿਭਾਉਣੀਂ ਪੈਂਦੀ ਹੈ।ਇਕਬਾਲ ਮਾਹਲ ਜੀ ‘ਤੇ ਡਾਕਟਰ ਸਤੀਸ਼ ਵਰਮਾਂ ਜੀ ਇਉਂ ਜਾਪਣ ਜਿਵੇਂ ਨਾਨਕੇ ਮੇਲ ‘ਚ ਆਏ ਹੋਣ।ਕਿਉਂਕਿ ਸਤਿੰਦਰ ਸਰਤਾਜ ਪਹਿਲੀ ਵਾਰ ਨੂੰ ਆਸਟ੍ਰੇਲੀਆ ਵਿੱਚ ਸਰੋਤਿਆਂ ਦੇ ਰੁਬਰੂ ਹੋ ਰਹੇ ਸਨ ਤਾਂ ਮਿਹਨਤ ਵੀ ਜਿਆਦਾ ਕਰਨੀਂ ਪਈ।ਨਿੱਕੇ ਪੋਸਟਰਾਂ ਤੋਂ ਲੈ ਕੇ ਸਤਿੰਦਰ ਦੀਆਂ ਵੀਡੀਓ ਸੀਡੀਜ ਤੱਕ ਲੋਕਾਂ ਵਿੱਚ ਵੰਡੀਆਂ ਗਈਆਂ।ਮੈਨੂੰ ਜਿੰਮੇਵਾਰੀ ਸੰੌਪੀ ਗਈ ਕਿ ਸਰਤਾਜ ਦੀ ਇੰਟਰਵਿਊ ਕਰਕੇ ਇੱਥੋ ਛਪਦੇ ਪੰਜਾਬੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਈ ਜਾਵੇ।ਜਦ ਫੋਨ ‘ਤੇ ਮੈਂ ਸਤਿੰਦਰ ਨਾਲ ਇੰਟਰਵਿਊ ਕੀਤੀ ਤਾਂ ਮੈ ਉਸਦੀ ਸ਼ਖਸ਼ੀਅਤ ਤੋਂ ਐਨਾਂ ਪਭਾਵਿਤ ਹੋਇਆ ‘ਤੇ ਹੈਰਾਨ ਵੀ ਕਿ ਇਹ ਸਾਦਗੀ ਪਸੰਦ ਇਨਸਾਨ ਐਨਾਂ ਚੰਗਾ ਸ਼ਾਇਰ ‘ਤੇ ਗਾਇਕ ਹੈ?ਇੱਥੋਂ ਦੇ ਸਪਾਂਸਰਾਂ ਤੋ ਬਿਨਾਂ ਪੰਜਾਬ ਦੇ ਹਰਮਨ ਪਿਆਰੇ ਅਖਬਾਰ ‘ਅਜੀਤ’ ਨੇ ਵੀ ਮੀਡੀਆ ਪਾਰਟਨਰ ਦੀ ਭੂਮਿਕਾ ਨਿਭਾਈ। ਸੋ ਮਿਥੇ ਪ੍ਰੋਗਰਾਮ ਅਨੁਸਾਰ ਸਤਿੰਦਰ ਦਾ ਪਹਿਲਾ ਸ਼ੋਅ 22 ਨਵੰਬਰ ਨੂੰ ਬ੍ਰਿਸਬੇਨ ਸ਼ਹਿਰ ਦੇ ਚੈਡਲਰ ਥਿਏਟਰ ਵਿੱਚ ਰੱਖਿਆ ਗਿਆ।ਇਕਬਾਲ ਮਾਹਲ ਜੀ ਪੰਜਾਬ ਤੋਂ ਹੀ ਸਤਿੰਦਰ ਹੋਰਾਂ ਦੇ ਨਾਲ ਆਏ ਸਨ ਅਤੇ ਵਿਰਾਸਤ ਦੇ ਸੰਸਥਾਪਕ ਅਮਨਦੀਪ ਸਿੱਧੂ ਵੀ ਇਸੇ ਦਿਨ ਤੋ ਹੀ ਆਪਣਾਂ ਘਰ ਬਾਰ ਛੱਡ ਕੇ ਇਹਨਾਂ ਨਾਲ ਹੋ ਤੁਰੇ।ਡਾ.ਸਤੀਸ਼ ਵਰਮਾਂ ਜੀ ਹਰ ਸ਼ੋਅ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੁੰਦੇ ‘ਤੇ ਆਪਣੇ ਉਦਘਾਟਨੀਂ ਭਾਸ਼ਣ ਵਿੱਚ ਇੱਥੇ ਵਸਦੇ ਪੰਜਾਬੀਆਂ ਨੂੰ ਆਪਣੇ ਵਿਰਸੇ ਅਤੇ ਬੋਲੀ ਨਾਲ ਜੁੜੇ ਰਹਿਣ ਦੀ ਤਾਕੀਦ ਕਰਦੇ।ਬ੍ਰਿਸਬੇਨ ਵਿੱਚ ਸਤਿੰਦਰ ਨੇ ਰੂਹ ਨਾਲ ਗਾਇਆ ਤੇ ਸਰੋਤੇ ਅਸ਼-ਅਸ਼ ਕਰ ਉੱਠੇ।ਆਪਣੀ ਖੂਬਸੂਰਤ ਸ਼ਾਇਰੀ ਤੇ ਅੰਦਾਜ ਨਾਲ ਸਤਿੰਦਰ ਨੇ ਸਰੋਤਿਆ ਦੇ ਦਿਲ ਜਿੱਤ ਲਏ।ਅਗਲਾ ਸ਼ੋਅ 29 ਨਵੰਬਰ ਨੂੰ ਮੈਲਬੌਰਨ ਸ਼ਹਿਰ ਦੀ ਮੋਨਾਸ਼ ਯੂਨੀਵਰਸਿਟੀ ਦੇ ਰੌਬਰਟ ਹਾਲ ਵਿੱਚ ਰੱਖਿਆ ਗਿਆ ਸੀ।ਅਸੀਂ ਭਾਵੇ ਸਿਡਨੀਂ ਸ਼ੋਅ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸੀ ਪਰ ਆਪਣੇਂ ਮਹਿਬੂਬ ਗਾਇਕ ਨੂੰ ਸੁਣਨ ਦੀ ਤਾਂਘ ਕਰਕੇ ਰਾਤੋ ਰਾਤ ਫੈਸਲਾ ਕਰ ਕੇ ਸਵੇਰ ਸਾਰ ਹੀ ਮੈਲਬੌਰਨ ਦੀ ਫਲਾਈਟ ਫੜ ਲਈ।ਸ਼ਾਮੀ ਜਦ ਮੈਲਬੌਰਨ ਵਿੱਚ ਸਤਿੰਦਰ ਜਦ ਸਟੇਜ ਤੇ ਆਇਆ ਤਾਂ ਉਸ ਨੇ ਆਪਣੇ ਗੀਤਾਂ ਨਾਲ ਧੰਨ ਧੰਨ ਕਰਵਾ ਦਿੱਤੀ।ਆਸਟ੍ਰੇਲੀਆ ਵਸਦੇ ਖਾਸ ਤੌਰ ਤੇ ਸਟੂਡੈਂਟਸ ਲਈ ਜਦ ਉਸਨੇ ਗਾਇਆ ਕਿ;
“ਔਖੇ ਸ਼ੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ,
ਸਪਨੇਂ ਉਹ ਦੱਸੀਂ ਪੂਰੇ ਹੋਏ ਵੀ ਕਿ ਨਹੀਂ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ,ਪੁੱਤ ਸਾਡੇ ਪੈਰਾਂ ‘ਤੇ ਖਲੋਏ ਵੀ ਕਿ ਨਹੀ।“
ਤਾਂ ਹਰ ਅੱਖ ਨਮ ਹੋ ਗਈ।ਆਪਣੇ ਵਿਰਸੇ ਨੂੰ ਭੁਲਾ ਕੇ ਪੱਛਮੀ ਰੰਗਤ ਵਿੱਚ ਡੁੱਬ ਰਹੇ ਪੰਜਾਬੀਆਂ ਲਈ ਜਦ ਉਸਨੇ ਗਾਇਆ ਇਹ ਗੀਤ ਗਾਇਆ ਤਾਂ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੱਤਾ, 
“ਦੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉਤੇ,
ਮਾਣ ਭੋਰਾ ਵੀ ਨਾਂ ਰਿਹਾ ਗੁਰੁ ਦਿਆਂ ਸ਼ਾਨਾਂ ਉੱਤੇ,
ਚਾਰ ਅੱਖਰਾਂ ਨੂੰ ਬੋਲਣੇ ਦਾ ਉਹਦੇ ਕੋਲ ਹੈ ਨੀਂ ਸਮਾਂ,
ਨਾਮ ਗੁਰਮੀਤ ਸਿੰਘ ਸੀ ਜੋ ਗੈਰੀ ਹੋ ਗਿਆ,
ਪਾਣੀਂ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ,ਮੁੰਡਾ ਪਿੰਡ ਦਾ ਸੀ
ਸ਼ਹਿਰ ਆ ਕੇ ਸ਼ਹਿਰੀ ਹੋ ਗਿਆ।“
ਇੱਥੇ ਹੀ ਜਦ ਡਾ:ਸਤੀਸ਼ ਵਰਮਾਂ ਨੂੰ ਮਿਲਿਆ ਤਾਂ ਉਹਨਾਂ ਨੇ ਫੌਰਨ ਪਛਾਂਣ ਲਿਆ ਯੂਨੀਵਰਸਿਟੀ ਵਾਲੇ ਦਿਨਾਂ ਦੀਆਂ ਯਾਦਾਂ ਤਾਜੀਆਂ ਕੀਤੀਆਂ।
ਅਮਨਦੀਪ ਸਿੱਧੂ ਜੀ ਦੀ ਸਿਡਨੀਂ ਰਹਿੰਦੀ ਭੈਣ ਪਲਵਿੰਦਰ ਸੂਚ ਹੋਰਾਂ ਨੇ ਸਤਿੰਦਰ ਸਰਤਾਜ ਦੀ ਪੂਰੀ ਟੀਮ ਦੀ ਮਹਿਮਾਨ ਨਿਵਾਜੀ ਦੀ ਜਿੰਮੇਵਾਰੀ ਨਿਭਾਈ।ਇੱਥੇ ਸਾਰੇ ਇਉਂ ਘੁਲ ਮਿਲ ਗਏ ਸਨ ਜਿਵੇਂ ਇੱਕ ਹੀ ਪਰਿਵਾਰ ਦੇ ਮੈਂਬਰ ਹੋਣ।ਇੱਥੇ ਹੀ ਜਦ ਸਤਿੰਦਰ ਸਰਤਾਜ ਨੂੰ ਨਿੱਜੀ ਤੌਰ ਤੇ ਮਿਲਿਆ ਤਾਂ ਉਸਨੇ ਦੱਸਿਆ ਕਿ ਉਸ ਦੇ ਸਾਰੇ ਹੀ ਗੀਤ ਉਸਦੇ ਨਿੱਜੀ ਅਨੁਭਵਾਂ ਤੇ ਆਧਾਰਤ ਹਨ ਜਾਂ ਫਿਰ ਕੁਦਰਤ ਦਾ ਪ੍ਰੇਮੀ ਹੋਣ ਕਰਕੇ ਉਹ ਆਪਣੇ ਗੀਤਾਂ ਵਿੱਚ ਫੁੱਲਾਂ,ਰੁੱਖਾਂ,ਖੇਤਾਂ,ਕਿਸਾਨਾਂ ਜਾਂ ਰੁੱਤਾਂ ਦਾ ਬਿਆਨ ਕਰਦਾ ਹੈ।ਅਖਿਰ 5 ਦਸੰਬਰ ਦੀ ਸ਼ਾਮ ਨੂੰ ਸਿਡਨੀ ਉਲੰਪਿਕ ਪਾਰਕ ਦੇ ਸਪੋਰਟਸ ਸੈਂਟਰ ਵਿੱਚ ਸ਼ੋਅ ਦਾ ਆਯੌਜਿਨ ਕੀਤਾ ਗਿਆ ਜੋ ਕਿ ਇੱਕ ਵਿਲੱਖਣ ਤਜੁਰਬਾ ਸੀ। 3000 ਸੀਟਾਂ ਦੀ ਸਮਰੱਥਾ ਵਾਲੇ ਇਸ ਹਾਲ ਦਾ ਇੱਕ ਦਿਨ ਦਾ ਕਿਰਾਇਆ ਹੀ 30000 ਡਾਲਰ ਹੈ ‘ਤੇ ਇਸ ਹਾਲ ਵਿੱਚ ਕਿਸੇ ਪੰਜਾਬੀ ਸ਼ੋਅ ਦਾ ਹੋਣਾਂ ਪੰਜਾਬੀਆਂ ਅਤੇ ਪੰਜਾਬੀਅਤ ਲਈ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਹੈ।ਇਥੇ ਵੀ ਡਾ:ਸਤੀਸ਼ ਵਰਮਾਂ ਨੇ ਪੰਜਾਬ ਨੂੰ ਹੋਰ ਪ੍ਰਫੁੱਲਤ ਕਰਨ ਦਾ ਸੁਨੇਹਾ ਦਿੱਤਾ ਤੇ ਪੰਜਾਬੀ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਤੇ ਆਪਣੇ ਭਾਸ਼ਣਾਂ ਨੂੰ ਨਿੱਕੇ-ਨਿੱਕੇ ਸ਼ੇਅਰਾਂ ਨਾਲ ਦੁਨੀਆਂ ਵਿੱਚ ਫੈਲ ਰਹੀ ਪੰਜਾਬੀਅਤ ਦੇ ਮਾਣ ਨੂੰ ਵਧਾਉਂਦੇ ਹੋਏ ਕਿਹਾ ਕਿ
ਪੰਜਾਬੀ ਨਾਂ ਸੀਮ ਨਾਂ ਅਸੀਮ,
ਪੰਜਾਬੀ ਤਕਸੀਮ ਦਰ ਤਕਸੀਮ।
ਨਾਲ ਹੀ ਜਦ ਸਤਿੰਦਰ ਸਟੇਜ ‘ਤੇ ਆਇਆ ਤਾਂ ਸਭ ਨੇ ਖੜ ਕੇ ਉਸਦਾ ਸਵਾਗਤ ਕੀਤਾ।
ਉਸਨੇਂ ਆਪਣੇਂ ਗੀਤ ‘ਸਾਈਂ’ ਤੋਂ ਸ਼ੁਰੂ ਕਰ ਕੇ ਅਨੇਕਾਂ ਹੀ ਗੀਤ ਗਾਏ।ਪੰਜਾਬ ਦੀ ਸੁੱਖ ਸ਼ਾਂਦ ਦਾ ਸੁਨੇਹਾ ਉਸਨੇ ਗੀਤ ਰਾਹੀਂ ਦਿੰਦੇ ਕਿਹਾ ਕਿ
ਇੱਕ ਦਿਆ ਸੁਨੇਹਾਂ ਪੁੱਤਾਂ ਨੂੰ,ਰੂਹਾਂ ਤੋਂ ਵਿਛੜਿਆਂ ਬੁੱਤਾਂ ਨੂੰ,
‘ਤੇ ਰੁੱਸ ਕੇ ਆਈਆਂ ਰੁੱਤਾਂ ਨੂੰ,
ਮੈਂ ਓਸ ਪੰਜਾਬੋਂ ਆਇਆਂ ਹਾਂ,ਸ਼ੁੱਖ ਸ਼ਾਂਦ ਸੁਨੇਹਾਂ ਲਿਆਇਆਂ ਹਾਂ।
ਇਸ ਤੋਂ ਇਲਾਵਾ ਉਸਨੇਂ ਆਪਣੇ ਮਸ਼ਹੂਰ ਗੀਤ ‘ਫਿਲਹਾਲ’ “ਦਸਤਾਰ ਕਦੇ ਨੀਂ ਲਾਹੀਦੀ ਦੀ’, ‘ਪਾਣੀਂ ਪੰਜਾਂ ਦਰਿਆਵਾਂ ਵਾਲਾ,ਟੱਪੇ,ਮੋਤੀਆ,ਜੇ ਕੋਈ ਦੱਸੇ ਗੱਲ ਤਜੁਰਬੇ ਵਾਲੀ ਆਦਿ ਅਨੇਕਾਂ ਗੀਤਾਂ ਨਾਲ ਰੂਹ ਨੂੰ ਸ਼ਾਰਸ਼ਾਰ ਕਰ ਦਿੱਤਾ।
ਸਮਾਜਿਕ ਸੇਧ ‘ਤੇ ਚੰਗਾ ਸੰਦੇਸ਼ ਦੇਣ ਵਾਲਾ ਗੀਤ ਸਰੋਤਿਆਂ ਨੇ ਵਾਰ ਵਾਰ ਸੁਣਿਆ ਕਿ
“ਉਹਨਾਂ ਨੇ ਕੀ ਪੁੱਜਣਾਂ ਏ ਮੰਜਲਾਂ ‘ਤੇ ਦੱਸੋ ਭਲਾਂ,
ਜਿਹੜੇ ਰਾਹਾਂ ਛੱਡ ਬਹਿਗੇ ਪੈਰੀਂ ਚੁਭੇ ਕੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,
ਚਾਰ ਹੀ ਤਰੀਕਿਆਂ ਨਾਂ ਬੰਦਾ ਕਰੇ ਕੰਮ ਸਦਾ,
ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ”।
ਸਤਿੰਦਰ ਸਰਤਾਜ ਨੂੰ ਸੁਣ ਕੇ ਹਰ ਇੱਕ ਸਰੋਤੇ ਨੂੰ ਇੰਝ ਮਹਿਸੂਸ ਹੋਇਆ ਜਿਵੇ ਤਪਦੀ ਹਾੜ ਤੋਂ ਬਾਦ ਅੰਦਰੋਂ ਬਾਹਰੋਂ ਸੜ ਭੁੱਜ ਚੁੱਕੀ ਧਰਤੀ ‘ਤੇ ਸਾਵਣ ਦੀਆਂ ਕਣੀਆਂ ਦੀ ਆਮਦ ਹੋਵੇ।ਉਸ ਦੇ ਸੁਰੀਲੇ ਗਲੇ ਵਿੱਚ ਸੂਫੀ ਸੰਗੀਤ ਦਾ ਦਰਿਆ ਵਗਦਾ ਹੈ ‘ਤੇ ਬਾਹਰੀ ਦਿੱਖ ਤੋਂ ਬੁੱਲੇ ਸ਼ਾਹ ਜਾਂ ਵਾਰਿਸ ਸ਼ਾਹ ਵਾਂਗ ਜਾਪਦੇ ਇਸ ਦਰਵੇਸ਼ ਇਸ਼ਕ ਹਕੀਕੀ ਵਾਲੇ ਸੰਗੀਤ ਨਾਲ ਸਾਡੀ ਸਾਂਝ ਪੁਆ ਰਿਹਾ ਜਾਪਦਾ ਹੈ।ਧਰਤ ਆਕਾਸ਼ ਪਾਤਾਲ ਦੀਆਂ ਸਭ ਨਿਵਾਣਾਂ ਨੂੰ ਛੋਹਦੀ ਉਸ ਦੀ ਆਵਾਜ ਕੁੱਲ ਕਾਇਨਾਤ ਦੇ ਅਨਹਦ ਨਾਦ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ।ਹਰ ਰੂਹ ਉਸਦਾ ਧੰਨਵਾਦ ਕਰਦੀ ਜਾਪੀ ਕਿਉਂਕਿ ਉਸਨੇ ਆਪਣੀ ਨਿਵੇਕਲੀ ਕਿਸਮ ਦੀ ਗਾਇਕੀ ਦੁਆਰਾ ਸਾਡੀ ਨਵੀਂ ਪੀੜ੍ਹੀ ਉੱਤੇ ਲੱਗਦੇ ਇਸ ਦੋਸ਼ ਨੂੰ ਦੋ ਦਿੱਤਾ ਕਿ ਇਹ ਕੁੱਝ ਸਾਫ ਸੁਥਰਾ ਨਹੀਂ ਸੁਣਨਾਂ ਚਾਹੁੰਦੇ।ਇੱਥੇ ਹੀ ਜਦ ਉਸਨੇ ਬਾਬੂ ਰਜਬ ਅਲੀ ਦਾ ਬਹੱਤਰ ਕਲਾ ਛੰਦ ਸੁਣਾਇਆ ਜਿਸ ਵਿੱਚ ਰਜਬ ਅਲੀ ਲਿਖਦਾ ਹੈ ਕਿ 
‘ਗੋਰੇ ਬੜੇ ਮਿਹਨਤੀ ਜੀ ਟਿੱਬੇ ਜਿਹੇ ਢਾਹ ਲੇ,ਨਵੇਂ ਕੱਢੇ ਖਾਲ੍ਹੇ,ਜਾਣ ਕਾਰਖਾਨੀਂ,
ਯਾਦ ਆਜੇ ਨਾਨੀਂ ਬਾਰਾਂ ਬਾਰਾਂ ਘੰਟੇ ਡਿਊਟੀਆਂ ਲੱਗੀਆਂ,ਨੰਗੇ ਸੀਸ ਦੁਪਹਿਰੇ ਜੀ,
ਬੂਟ ਜਿਹੇ ਕਰੜੇ,ਰਹਿਣ ਪੱਬ ਨਰੜੇ ਜੀਨ ਦੀਆਂ ਝੱਗੀਆਂ।
ਤਾਂ ਸ਼ੋਅ ਦੌਰਾਨ ਹਾਲ ਵਿੱਚ ਲਾਈਟ,ਸਾਂਊਡ ਅਤੇ ਕੈਮਰਿਆਂ ਦਾ ਕੰਟਰੋਲ ਸੰਭਾਲ ਰਹੇ ਗੋਰਿਆ ਨੂੰ ਦੇਖ ਕੇ ਹੈਰਾਨੀ ਵੀ ਹੋ ਰਹੀ ਸੀ ‘ਤੇ ਖੁਸ਼ੀ ਵੀ ਕਿ ਜਿਨ੍ਹਾਂ ਗੋਰਿਆ ਦੀ ਅਸੀ ਡੇਢ ਸੌ ਸਾਲ ਤੋਂ ਵੱਧ ਗੁਲਾਮੀਂ ਕੀਤੀ ਹੈ ਅੱਜ ਉਹ ਸਾਡੇ ਲਈ ਕੰਮ ਕਰ ਰਹੇ ਸਨ।ਰਾਤ ਦੇ ਬਾਰਾਂ ਵਜੇ ਸੋਅ ਤੋਂ ਵਿਹਲੇ ਹੋ ਕੇ ‘ਤੇ ਸਿਰਫ ਤਿੰਨ ਘੰਟੇ ਸੌ ਕੇ ਅਗਲੇ ਦਿਨ ਸਵੇਰੇ ਫਿਰ ਸਤਿੰਦਰ ਦੀ ਪੂਰੀ ਟੀਮ ਨੇਂ ਆਖਰੀ ਸ਼ੋਅ ਲਈ ਐਡੀਲੇਡ ਲਈ ਫਲਾਈਟ
ਫੜ ਲਈ।ਐਡੀਲੇਡ ਯੂਨੀਵਰਸਿਟੀ ਦੇ ਐਲਡਰ ਹਾਲ ਵਿੱਚ ਜਦ ਸਤਿੰਦਰ ਆਇਆ ਤਾਂ ਖਚਾ ਖਚ ਭਰੇ ਹਾਲ ਨੂੰ ਦੇਖ ਕੇ ਉਸਨੇ ਸਿਡਨੀਂ ਸ਼ੋਅ ਦੀ ਥਕਾਵਟ ਅਤੇ ਰਾਤ ਦਾ ਉਨੀਂਦਰਾ ਭੁਲਾ ਕੇ ਐਸਾ ਰੰਗ ਬੰਨਿਆਂ ਤਾਂ ਇਹ ਸ਼ੋਅ ਸਾਰੇ ਸ਼ੋਆਂ ਨਾਲੋਂ ਸ਼ਫਲ ਹੋ ਨਿੱਬੜਿਆ।ਇਸ ਸ਼ੋਅ ਤੋਂ ਫੌਰਨ ਬਾਦ ਅਮਨਦੀਪ ਭਾਅ ਜੀ ਹੋਰਾਂ ਦਾ ਫੋਨ ਆ ਗਿਆ ਕੇ ਸੱਤ ਦਸੰਬਰ ਨੂੰ ਹੀ ਯਾਨੀਂ ਅਗਲੇ ਦਿਨ ਹੀ ਸ਼ਤਿੰਦਰ ਹੋਰਾਂ ਨੇ ਸ਼ਾਮ ਸੱਤ ਵਜੇ ਸਿਡਨੀਂ ਤੋਂ ਇੰਡੀਆ ਲਈ ਫਲਾਈਟ ਫੜਨੀਂ ਹੈ ‘ਤੇ ਡਿਊਟੀ ਲਗਾ ਦਿੱਤੀ ਕਿ ਦਿਨ ਦੇ ਤਿੰਨ ਵਜੇ ਉਹਨਾਂ ਨੂੰ ਡੋਮੈਸਟਿਕ ੍ਹਵਾਈ ਅੱਡੇ ਤੋਂ ਇੰਟਰਨੈਸ਼ਨਲ ਟਰਮੀਨਲ ਪਹੁੰਚਾਉਣਾਂ ਹੈ।ਮੇਰੇ ਨਾਲ ਕੁੱਝ ਹੋਰ ਵੀ ਟੀਮ ਮੈਬਰਾਂ ਦੀ ਇਹੀ ਡਿਊਟੀ ਲਗਾਈ।ਇੱਥੇ ਫਿਰ ਭੈਣ ਪਲਵਿੰਦਰ ਸੂਚ ਹੋਰੀਂ ਹੱਥੀ ਬਣਾਏ ਪਰਾਉਠਿਆਂ ਨਾਲ ਮਹਿਮਾਨ ਨਿਵਾਜੀ ਲਈ ਤਿਆਰ ਖੜ੍ਹੇ ਸਨ।ਏਅਰਪੋਰਟ ‘ਤੇ ਖੜ੍ਹੇ ਅਸੀਂ ਸਾਰੇ ਸਤਿੰਦਰ ਹੋਰਾਂ ਨਾਲ ਧੰਨਵਾਦੀ ਸ਼ਬਦਾਂ ਦਾ ਵਟਾਦਰਾਂ ਕਰ ਰਹੇ ਸਾਂ।ਜਦ ਸਤਿੰਦਰ ਦੀ ਪੂਰੀ ਟੀਮ ਜਦ ਅੰਦਰ ਜਾ ਰਹੀ ਸੀ ਤਾਂ ਭਾਵੁਕ ਹੋਏ ਮਹੌਲ ਵਿੱਚ ਅਸੀਂ ਉਸ ਨੂੰ ਅਲਵਿਦਾ ਆਖ ਰਹੇ ਸਾਂ।ਐਮੀਰੇਟਸ ਏਅਰਲਾਈਨ ਦਾ ਜਹਾਜ ਉਹਨਾਂ ਨੂੰ ਲੈ ਕੇ ਰਨਵੇਅ ਵੱਲ ਨੂੰ ਜਾ ਰਿਹਾ ਸੀ ‘ਤੇ ਅਸੀ ਸਾਰੇ ਆਪਣੀਆਂ ਆਪਣੀਆਂ ਕਾਰਾਂ ਵੱਲ।ਉਸ ਨੂੰ ਅਲਵਿਦਾ ਕਹਿ ਕੇ ਆਪਣੇ ਸ਼ਾਮ ਵਾਲੇ ਕੰਮ ਨੂੰ ਜਾਂਦੇ ਹੋਏ ਮੋਟਰਵੇਅ ਨੰਬਰ ਪੰਜ ਤੇ ਕਾਰ ਦੌੜ ਰਹੀ ਸੀ ‘ਤੇ ਜਦ ਸੀਡੀ ਪਲੇਅਰ ਦਾ ਬਟਨ ਦਬਾਇਆ ਤਾਂ ਸਤਿੰਦਰ ਦਾ ਹੀ ਗਾਣਾਂ ਫਿਰ ਚੱਲ ਪਿਆ,
ਪਾਣੀਂ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ,
ਮੁੰਡਾ ਪਿੰਡ ਦਾ ਸੀ
ਸ਼ਹਿਰ ਆ ਕੇ ਸ਼ਹਿਰੀ ਹੋ ਗਿਆ।

****



No comments: