ਜੀਣਾ ਮੁਹਾਲ ਹੋਇਆ ਮਰਨਾ ਮੁਹਾਲ ਹੋਇਆ।
ਅੱਜ ਸੋਨੇ ਦੀ ਚਿੜੀ ਦਾ ਵੇਖੋ ਕੀ ਹਾਲ ਹੋਇਆ।
ਰੋਟੀ ਨੂੰ ਤਰਸਦਾ ਏ ਪਾਣੀ ਨੂੰ ਵਿਲਕਦਾ ਏ,
ਅੰਨ ਦਾਤਾ ਦੇਸ਼ ਦਾ ਸੀ ਅੱਜ ਖੁਦ ਕੰਗਾਲ ਹੋਇਆ।
ਚਿੱਟੀ ਤੇ ਹਰੀ ਕ੍ਰਾਂਤੀ ਜਿੱਥੇ ਕਦੇ ਸੀ ਆਈ,
ਕਿਹੜੀ ਕ੍ਰਾਂਤੀ ਆਖਾਂ ਲਹੂ ਵਰਗਾ ਲਾਲ ਹੋਇਆ।
ਬੰਬ ਬਰੂਦ ਗੋਲੀ ਸਬ ਕੁਝ ਹੀ ਨਿਗਲ ਜਾਵੇ,
ਵੇਖੋ ਆਦਮੀ ਦਾ ਮਿਹਦਾ ਕਿੱਡਾ ਵਿਸ਼ਾਲ ਹੋਇਆ।
ਖੁਦ ਆਪ ਫਸਦੀ ਜਾਵੇ ਮੇਰੇ ਦੇਸ਼ ਦੀ ਜਵਾਨੀ,
ਕੈਸਾ ਕਿਸੇ ਦੋਖੀ ਦਾ ਬੁਣਿਆ ਇਹ ਜਾਲ ਹੋਇਆ।
ਕੁਝ ਅੱਤਵਾਦ ਨਿਗਲੀ ਕੁਝ ਨਸ਼ਿਆਂ ਨੇ ਖਾ ਲਈ,
ਭਰਿਆ ਨਾ ਢਿੱਡ ਅਜੇ ਵੀ ਇਹ ਕੀ ਕਮਾਲ ਹੋਇਆ।
ਕੰਨਾਂ ‘ਚ ਗੂੰਜਦੀਆਂ ਮਾਸੂਮਾਂ ਦੀਆਂ ਚੀਕਾਂ,
ਨਗਮਾ ਮੁਹੱਬਤ ਵਾਲਾ ਸੁਣਨਾ ਮੁਹਾਲ ਹੋਇਆ।
ਇਨਸਾਨ ਵਿਕ ਰਿਹਾ ਏ ਈਮਾਨ ਵਿਕ ਰਿਹਾ ਏ,
ਇਜ਼ੱਤ ਵੀ ਵੇਚ ਖਾਧੀ ਏਡਾ ਕੰਗਾਲ ਹੋਇਆ।
ਊਧਮ,ਭਗਤ,ਸਰਾਭੇ ਦੀ ਰੂਹ ਪਈ ਕੁਰਲਾਵੇ,
ਡੁੱਲੇ ਬੇਰਾਂ ਨੂੰ ਸੰਭਾਲੋ ਕੁਝ ਨਹੀਂ ਵਿਚਾਲ ਹੋਇਆ।
ਥਾਂ ਥਾਂ ਤੋਂ ਛਲਣੀ ਹੋਇਆ ਪੰਜਾਬ ਸਿੰਘ ਪੁਕਾਰੇ,
ਵੈਰੀ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ ਹੋਇਆ।
ਕਦੇ ਮੁਆਫ ਨਹੀਂ ਕਰਨਾ ਇਤਿਹਾਸ ਨੇ ਤੁਹਾਨੂੰ,
ਜੇ ਵੇਲੇ ਸਿਰ ਨਾ ਕਿਧਰੇ ਵੇਲਾ ਸੰਭਾਲ ਹੋਇਆ।
ਕਿੰਨਾ ਚਿਰ ਹੋਰ ਵਗਣੀ ਕਾਲੀ ਹਨੇਰੀ ਲੋਕੋ,
ਬੜਾ ਜ਼ੋਰ ਲਾਇਆ ਮੈਂ ਤਾਂ ਬੁੱਝ ਨਾ ਸਵਾਲ ਹੋਇਆ।
ਪਤਾ ਨਹੀਂ ਕਿੱਥੇ ਉੱਡ ਗਈ ਘੁੱਗੀ ਅਮਨ ਦੀ ਯਾਰੋ,
ਨੀਲੇ ਤੇ ਚਿੱਟੇ ਕਾਂਵਾਂ ਹੱਥੋਂ ਸੱਚ ਹਲਾਲ ਹੋਇਆ।
ਦੇਸਾਂ ਚੋਂ ਦੇਸ ਸੋਹਣਾ ਮੇਰਾ ਪੰਜਾਬ ਯਾਰੋ,
ਫੁੱਲ ਵਾਂਗੂ ਟਹਿਕਦਾ ਸੀ ਹਾਲੋਂ ਬੇਹਾਲ ਹੋਇਆ।
No comments:
Post a Comment