ਦਿਲ ਦਾ ਕਮਰਾ ਖਾਤਿਰ ਤੇਰੀ, ਸੱਜਣਾ ਖੂਬ ਸਜਾਇਆ,
ਸਾਉਣ ਮਹੀਨਾ ਲੰਘ ਚੱਲਿਆ, ਪਰ ਤੂੰ ਨਾ ਮੁੜ ਕੇ ਆਇਆ।
ਇੱਕ ਕੰਧ ਤੇ ਪਾ ਦਿੱਤੀ ਮੈਂ ਰੀਝਾਂ ਦੀ ਫੁਲਕਾਰੀ,
ਸੇਜ ਤੇਰੀ ਤੇ ਯਾਦਾਂ ਵਾਲਾ ਅੜਿਆ ਬਾਗ ਵਿਛਾਇਆ।
ਓਸ ਕੰਧ ਤੇ ਟੰਗ ਦਿੱਤੀ ਮੈਂ ਹਿਜ਼ਰ ਤੇਰੇ ਦੀ ਫੋਟੋ,
ਲਿਖ ‘ਵਿਛੋੜਾ’ ਫੱਟੀ ਉੱਤੇ ਬੂਹੇ ਤੇ ਲਟਕਾਇਆ।
ਵਿੱਚ ਤ੍ਰਿੰਝਣਾ ਰਲ ਮਿਲ ਕੁੜੀਆਂ ਪੀਂਘਾਂ ਝੂਟਣ ਆਈਆਂ,
ਪਰ ਮੈਂ ਤੱਤੜੀ ਨੇ ਨਾਂਹੀ ਅੜਿਆ ਕੋਈ ਸ਼ਗਨ ਮਨਾਇਆ।
ਰੋ-ਰੋ ਕੇ ਮਰ ਜਾਵਣ ਲੋਕੀਂ ਆਪਣਾ ਜਦ ਕੋਈ ਮਰ ਜਾਵੇ,
ਦਿਲ ਮਰਿਆ ਤਾਂ ਅੱਖੀਆਂ ਰੋਈਆਂ ਕਿਸੇ ਨਾ ਸੋਗ ਮਨਾਇਆ।
ਆਥਣ ਉੱਗਣ ਕੰਧੀ ਕੌਲੀਂ ਲੱਗ-ਲੱਗ ਕੇ ਮੈਂ ਰੋਵਾਂ,
ਕਰਾਂ ਉਡੀਕਾਂ ਪਰ ਅੱਜ ਤੱਕ ਨਾ ਟਹਿਣੇ ਵਾਲਾ ਆਇਆ।
+91 94782 77772
1 comment:
ਆਪ ਸਭ ਦਾ ਮੇਰੀ ਰਚਨਾ ਪ੍ਰਕਾਸ਼ਿਤ ਕਰਨ ਲਈ ਧੰਨਵਾਦ।
ਦੀਵਾਲੀ ਦੀਆਂ ਢੇਰ ਸਾਰੀਆਂ ਸ਼ੂੱਭ ਕਾਮਨਾਵਾਂ।
ਧੰਨਵਾਦ ਸਹਿਤ
ਗੁਰਜੀਤ ਸਿੰਘ ਟਹਿਣਾ
Post a Comment