ਛਕਣ ਵਾਲਾ ਚਾਹੀਦਾ ਛਕਾਉਣੀ ਸਾਨੂੰ ਆਉਂਦੀ ਏ।
ਨਿੱਕੀ ਜਿੰਨੀ ਫੂਕ ਵੱਡੇ ਵੱਡੇ ਮੱਲ ਢਾਉਂਦੀ ਏ ।
ਅੱਜਕਲ ਇਸ ਦਾ ਰਿਵਾਜ ਆਮ ਹੋ ਗਿਆ ,
ਸਾਰੀ ਦੁਨੀਆ ਹੀ ਇਹਨੂੰ ਛਕਦੀ ਛਕਾਉਂਦੀ ਏ।
ਕਰਿਓ ਯਕੀਨ ਮੇਰਾ ਇਹ ਵੀ ਇਕ ਕਲਾ ਏ,
ਮਾੜੇ-ਧੀੜੇ ਬੰਦੇ ਤਾਂਈ ਮਾਰਨੀ ਨਾ ਆਉਂਦੀ ਏ।
ਓਨੀ ਕੁ ਛਕਾਓ ਜਿੰਨੀ ਹੱਸ ਕੇ ਕੋਈ ਛਕ ਲਵੇ,
ਵਿੱਤੋਂ ਵੱਧ ਮਾਰੀ ਫੂਕ ਗੱਡੀ ਉਲਟਾਉਂਦੀ ਏ।
ਵੇਖੇ ਮੈਂ ਗੁਬਾਰਿਆਂ ਦੇ ਵਾਂਗ ਕਈ ਫੱਟਦੇ,
ਮਾੜੇ ਮਿਹਦੇ ਵਾਲਿਆਂ ਨੂੰ ਰਾਸ ਨ ਇਹ ਆਉਂਦੀ ਏ।
ਬੜੇ-ਬੜੇ ਖੱਬੀ ਖਾਨ ਮੂਧੇ ਕਰ ਸੁੱਟਦੀ,
ਵੱਡੇ-ਵੱਡੇ ਲੀਡਰਾਂ ਦੀ ਕੁਰਸੀ ਹਿਲਾਉਂਦੀ ਏ।
ਅਫਸਰਾਂ ਦੇ ਕੰਨਾਂ ਵਿਚ ਹੌਲੀ ਜਿਹੀ ਮਾਰਿਆਂ,
ਵਰਿਆਂ ਦੇ ਰੁਕੇ ਕੰਮ ਪਲਾਂ ‘ਚ ਕਰਾਉਂਦੀ ਏ।
ਪਹਿਲੀ ਵਾਰੀ ਛਕਿਆਂ ਘਿਓ ਵਾਂਗੂ ਲੱਗਦੀ,
ਦੇਰ ਬਾਦ ਬੰਦੇ ਦੇ ਧਿਆਣ ਵਿਚ ਆਉਂਦੀ ਏ।
ਚੁਗਲੀ ਤੇ ਨਿੰਦਿਆ ਦੀ ਤੀਜੀ ਵੱਡੀ ਭੈਣ ਏ,
ਕਰ ਦੋਵਾਂ ਨਾਲੋਂ ਕੁਝ ਵੱਖਰਾ ਦਿਖਾਉਂਦੀ ਏ।
ਰੋਟੀ ਅਤੇ ਪਾਣੀ ਵਾਂਗੂ ਸਿਹਤ ਲਈ ਜ਼ਰੂਰੀ ਏ,
ਬਿਨਾ ਛਕੇ ਕਈਆਂ ਨੂੰ ਨਾ ਰਾਤੀਂ ਨੀਂਦ ਆੳਂਦੀ ਏ।
ਅੱਖੀਆਂ ਨੂੰ ਦਿਸਦੀ ਨਾ ਕੋਈ ਰੰਗ ਰੂਪ ਨਾ,
ਹਵਾ ਥਾਣੀ ਲੰਘਕੇ ਤੇ ਕੰਨਾਂ ‘ਚ ਸਮਾਉਂਦੀ ਏ।
‘ਪੁਰੇਵਾਲ’ ਸੱਚੀਂ ਤੈਨੂੰ ਲਿਖਣੇ ਦਾ ਚੱਜ ਨਾ,
ਪਾਠਕਾਂ ਦੀ ਦਿੱਤੀ ਫੂਕ ਕਵਿਤਾ ਲਿਖਾਉਂਦੀ ਏ।
No comments:
Post a Comment