ਪੰਜਾਬੀ ਸਾਹਿਤਿਕ ਹਲਕਿਆਂ ਵਿਚ ਇਹ ਕਹਾਵਤ ਬੜੀ ਮਸ਼ਹੂਰ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ, “ਜਾ ਤੇਰੀ ਉੱਮਰ ਲੋਕਗੀਤ ਜਿੰਨੀ ਹੋਵੇ।” ਅਤੇ ਜੇਕਰ ਬਦਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ, “ਜਾ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ।”
ਲੋਕਗੀਤ ਕਦੇ ਮਰਦੇ ਨਹੀਂ ਬਲਕਿ ਹਮੇਸ਼ਾ ਲੋਕ ਮਨਾਂ ਵਿਚ ਜਿਉਂਦੇ ਰਹਿੰਦੇ ਹਨ ਅਤੇ ਦੁਜੇ ਪਾਸੇ ਜੇਕਰ ਕਿਸੇ ਵਿਅਕਤੀ ਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ ਉਹ ਜਿਉਂਦਿਆਂ ਜੀਅ ਹੀ ਮਰਿਆਂ ਬਰਾਬਰ ਹੁੰਦਾ ਹੈ।
ਕਹਿੰਦੇ ਹਨ ਕਿ ਇਕ ਭਾਸ਼ਾ ਮਾਹਿਰ ਵਿਅਕਤੀ ਕਈ ਭਾਸ਼ਾਵਾਂ ਨੂੰ ਇਤਨੀ ਚੰਗੀ ਤਰ੍ਹਾਂ ਬੋਲ ਲੈਂਦਾ ਸੀ ਕਿ ਕਿਸੇ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਸੀ ਕਿ ਇਹ ਵਿਅਕਤੀ ਜਿਹੜੀ ਬੋਲੀ ਬੋਲ ਰਿਹਾ ਹੈ ਉਹ ਇਸ ਦੀ ਮਾਂ ਬੋਲੀ ਨਹੀਂ। ਇਸ ਦੇ ਨਾਲ ਹੀ ਕੋਈ ਵਿਅਕਤੀ ਇਹ ਨਹੀਂ ਸੀ ਦੱਸ ਸਕਦਾ ਕਿ ਇਸ ਦੀ ਮਾਤ ਭਾਸ਼ਾ ਕਿਹੜੀ ਹੈ?
ਇਕ ਵਾਰੀਂ ਉਸ ਵਿਅਕਤੀ ਦੀ ਸ਼ਰਤ ਲੱਗ ਗਈ ਕਿ ਜਿਹੜਾ ਵਿਅਕਤੀ ਮੇਰੀ ਮਾਤ ਭਾਸ਼ਾ ਦੱਸ ਦੇਵੇਗਾ ਮੈਂ ਉਸ ਨੂੰ 5,000 ਰੁਪਏ ਇਨਾਮ ਵੱਜੋਂ ਦੇਵਾਂਗਾ। ਉਸ ਦੀ ਮਾਤ ਭਾਸ਼ਾ ਦਾ ਪਤਾ ਲਗਾਉਣ ਲਈ ਕਈ ਵਿਅਕਤੀ ਆਏ ਪਰ ਸਾਰੇ ਹੀ ਹਾਰ ਕੇ ਚਲੇ ਗਏ ਕਿਉਂਕਿ ਉਸ ਵਿਅਕਤੀ ਨੂੰ ਦੂਜੀਆਂ ਭਾਸ਼ਾਵਾਂ ਵਿਚ ਇਤਨੀ ਮੁਹਾਰਤ ਹਾਸਲ ਸੀ ਕਿ ਇਹ ਪਤਾ ਨਹੀਂ ਸੀ ਲੱਗ ਸਕਦਾ ਕਿ ਇਸ ਦੀ ਮਾਤ ਭਾਸ਼ਾ ਕਿਹੜੀ ਹੈ?
ਕਈ ਦਿਨਾਂ ਬਾਅਦ ਇਕ ਵਿਅਕਤੀ ਉਸ ਕੋਲ ਆਇਆ ਤੇ ਕਹਿਣ ਲੱਗਾ, “ ਮੈਂ ਪਤਾ ਲਗਾ ਸਕਦਾ ਹਾਂ ਕਿ ਤੁਹਾਡੀ ਮਾਤ ਭਾਸ਼ਾ ਕਿਹੜੀ ਹੈ?”
ਭਾਸ਼ਾ ਮਾਹਿਰ ਵਿਅਕਤੀ ਨੇ ਕਿਹਾ, “ ਠੀਕ ਹੈ ਜੇ ਤੂੰ ਪਤਾ ਲਗਾ ਦੇਵੇਂ ਤਾਂ ਮੈਂ ਤੈਨੂੰ 5,000 ਰੁਪਏ ਇਨਾਮ ਵੱਜੋਂ ਦੇ ਦੇਵਾਂਗਾ।”
ਉਸ ਵਿਅਕਤੀ ਨੇ ਭਾਸ਼ਾ ਮਾਹਿਰ ਵਿਅਕਤੀ ਨੂੰ ਕਿਹਾ, “ ਤੁਸੀਂ ਕੁੱਝ ਦਿਨ ਮੇਰੇ ਨਾਲ ਮੇਰੇ ਘਰ ਰਹੋ ਤਾਂ ਮੈਂ ਪਤਾ ਲਗਾ ਲਵਾਂਗਾ ਕਿ ਤੁਹਾਡੀ ਮਾਂ ਬੋਲੀ ਕਿਹੜੀ ਹੈ?”
ਭਾਸ਼ਾ ਮਾਹਿਰ ਨੇ ਕਿਹਾ, “ ਠੀਕ ਏ।”
ਇਸ ਤਰ੍ਹਾਂ ਉਹ ਭਾਸ਼ਾ ਮਾਹਰ ਵਿਅਕਤੀ ਉਸ ਵਿਅਕਤੀ ਦੇ ਘਰ ਰਹਿਣ ਲਈ ਚਲਾ ਗਿਆ। ਅਜੇ ਇਕ ਦੋ ਦਿਨ ਹੀ ਹੋਏ ਸਨ ਕਿ ਇਕ ਦਿਨ ਦੁਪਹਿਰ ਨੂੰ ਭਾਸ਼ਾ ਮਾਹਿਰ ਵਿਅਕਤੀ ਆਰਾਮ ਨਾਲ ਮੰਜੀ ਤੇ ਸੁੱਤਾ ਹੋਇਆ ਸੀ ਕਿ ਅਚਾਨਕ ਦੂਜੇ ਵਿਅਕਤੀ ਨੇ ਆ ਕੇ ਠੰਡੇ ਪਾਣੀ ਦੀ ਬਾਲਟੀ ਉਸ ਭਾਸ਼ਾ ਮਾਹਿਰ ਉੱਪਰ ਪਾ ਦਿੱਤੀ। ਭਾਸ਼ਾ ਮਾਹਿਰ ਅਚਾਨਕ ਉੱਠਿਆ ਤੇ ਬੋਲਿਆ, “ਹਾਏ ਮਾਂ ਮਾਰ’ਤਾ।” ਕੋਲ ਖੜੇ ਦੂਜੇ ਵਿਅਕਤੀ ਨੇ ਝੱਟ ਕਿਹਾ, “ ਤੁਹਾਡੀ ਮਾਤ ਭਾਸ਼ਾ ਪੰਜਾਬੀ ਹੈ।”
ਭਾਸ਼ਾ ਮਾਹਿਰ ਹੈਰਾਨ ਸੀ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੇਰੀ ਮਾਤ ਭਾਸ਼ਾ ਪੰਜਾਬੀ ਹੈ ਤਾਂ ਦੂਜਾ ਵਿਅਕਤੀ ਕਹਿਣ ਲੱਗਾ, “ ਬੰਦਾ ਜਿਤਨਾ ਮਰਜ਼ੀ ਗਿਆਨਵਾਨ ਹੋਵੇ ਪਰ ਜਦੋਂ ਉਹ ਅਚਨਚੇਤ ਬੋਲਦਾ ਹੈ ਜਾਂ ਜਦੋਂ ਕੋਈ ਵੱਡੀ ਮੁਸੀਬਤ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਆਪਣੀ ਮਾਂ ਯਾਦ ਆਉਂਦੀ ਹੈ ਅਤੇ ਮਾਂ ਨੂੰ ਯਾਦ ਕਰਨ ਲਈ ਉਹ ਉਸੇ ਭਾਸ਼ਾ ਦਾ ਪ੍ਰਯੋਗ ਕਰਦਾ ਹੈ ਜੋ ਉਸ ਨੇ ਆਪਣੀ ਮਾਂ ਤੋਂ ਸਿੱਖੀ ਹੁੰਦੀ ਹੈ ਅਤੇ ਜਿਹੜੀ ਭਾਸ਼ਾ ਮਾਂ ਕੋਲੋਂ ਸਿੱਖੀ ਹੁੰਦੀ ਹੈ ਉਹ ਹੀ ਉਸ ਇਨਸਾਨ ਦੀ ਮਾਤ ਭਾਸ਼ਾ ਹੁੰਦੀ ਹੈ।”
ਇਸ ਤਰ੍ਹਾਂ ਉੱਪਰ ਪੇਸ਼ ਕੀਤੀ ਗਈ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮਾਤ ਭਾਸ਼ਾ ਸਾਡੇ ਅੰਤਰਮਨ ਵਿਚ ਵੱਸੀ ਹੋਈ ਹੈ। ਇਸ ਨੂੰ ਭੁਲਾਇਆ ਨਹੀਂ ਜਾ ਸਕਦਾ ਪਰ ਜੇ ਪੰਜਾਬੀ ਮਾਂਵਾਂ ਹੀ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਨਾਲ ਨਾ ਜੋੜਨ ਤਾਂ ਬੱਚੇ ਨੇ ਮਾਤ ਭਾਸ਼ਾ ਹਿੰਦੀ ਜਾਂ ਅੰਗ੍ਰੇਜ਼ੀ ਨੂੰ ਹੀ ਸਮਝਣਾ ਹੈ। ਉਸ ਬੱਚੇ ਨੂੰ ਪੰਜਾਬੀ ਜ਼ੁਬਾਨ ਨਾਲ ਮੌਹ ਕਿਸ ਤਰ੍ਹਾਂ ਹੋ ਸਕਦਾ ਹੈ ਜਿਸ ਦੀ ਮਾਂ ਨੇ ਕਦੇ ਉਸ ਨਾਲ ਪੰਜਾਬੀ ਵਿਚ ਗੱਲ ਹੀ ਨਹੀਂ ਕੀਤੀ?
ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਪੰਜਾਬੀ ਲੋਕ ਵੱਡੀ ਗਿਣਤੀ ਵਿਚ ਵੱਸਦੇ ਹਨ। ਮੌਜੂਦਾ ਸਮੇਂ ਵਿਚ ਪੰਜਾਬ ਦੇ ਨਾਲ ਹੀ ਦੂਜੇ ਸੂਬਿਆਂ ਦੇ ਸ਼ਹਿਰੀ ਖੇਤਰਾਂ ਵਿਚ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਨਾਲੋਂ ਤੋੜਿਆ ਜਾ ਰਿਹਾ ਹੈ। ਇਸ ਲਈ ਸਾਡਾ ਘਰੇਲੂ ਮਾਹੌਲ ਅਤੇ ਸਕੂਲੀ ਸਿੱਖਿਆ ਜ਼ਿੰਮੇਵਾਰ ਹਨ। ਖਾਸ ਗੱਲ ਇਹ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਦੀ ਪੜਾਈ ਨਹੀਂ ਹੋ ਰਹੀ ਬਲਕਿ ਹੁਣ ਤਾਂ ਪੰਜਾਬੀ ਘਰਾਂ ਵਿਚ ਵੀ ਬੱਚਿਆਂ ਨਾਲ ਹਿੰਦੀ ਜਾਂ ਅੰਗ੍ਰੇਜ਼ੀ ਵਿਚ ਹੀ ਗੱਲਬਾਤ ਕੀਤੀ ਜਾਂਦੀ ਹੈ।
ਹਰਿਆਣਾ ਅਤੇ ਪੰਜਾਬ ਦੇ ਕਈ ਸ਼ਹਿਰਾਂ ਦੇ ਸਿੱਖ ਅਤੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬੀ ਲਿਖਣੀ’ਤੇ ਬੜੀ ਦੂਰ ਦੀ ਗੱਲ ਪੜਣੀ ਵੀ ਨਹੀਂ ਆਉਂਦੀ। ਆਮਤੋਰ ਦੇ ਦੇਖਿਆ ਜਾਂਦਾ ਹੈ ਕਿ ਘਰ ਵਿਚ ਬਜ਼ੁਰਗਾਂ ਨੁੰ ਛੱਡ ਕੇ ਬਾਕੀ ਕਿਸੇ ਜੀਅ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਘਰ ਵਿਚ ਆਪਸੀ ਗੱਲਬਾਤ ਹਿੰਦੀ ਵਿਚ ਹੁੰਦੀ ਹੈ ਹੋਰ ਤਾਂ ਹੋਰ ਗੁਰਬਾਣੀ ਦਾ ਪਾਠ ਕਰਨ ਲਈ ਹਿੰਦੀ ਦੇ ਗੁਟਕਿਆਂ ਦੀ ਮੰਗ ਅੱਜ-ਕੱਲ ਵਧੇਰੇ ਹੋਣ ਲੱਗ ਪਈ ਹੈ।
ਪਤਾ ਨਹੀਂ ਲੋਕ ਕਿਸ ਸ਼ਾਨ ਖ਼ਾਤਰ ਪੰਜਾਬੀ ਜ਼ੁਬਾਨ ਦਾ ਗਲ੍ਹਾ ਘੁੱਟ ਰਹੇ ਹਨ। ਜੇ ਅਸੀਂ ਉਸ ਘਰ ਪੈਦਾ ਹੋਏ ਹਾਂ ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ ਤਾਂ ਫਿਰ ਸਾਨੂੰ ਪੰਜਾਬੀ ਬੋਲਣ ਜਾਂ ਲਿਖਣ ਵਿਚ ਸ਼ਰਮ ਕਿਸ ਗੱਲ ਦੀ ਹੈ? ਸਾਨੂੰ ਤਾਂ ਆਪਣੇ ਪੰਜਾਬੀ ਹੋਣ ਤੇ ਮਾਣ ਕਰਨਾ ਚਾਹੀਦਾ ਹੈ।
ਇਕ ਅਹਿਮ ਗੱਲ ਹੋਰ ਕਿ ਵਿਅਕਤੀ ਲਈ ਦੂਜੀਆਂ ਭਾਸ਼ਾਵਾਂ ਦਾ ਗਿਆਨ ਵੀ ਬਹੁਤ ਜ਼ਰੂਰੀ ਹੈ ਪਰ ਜੇ ਆਪਾਂ ਪੰਜਾਬੀ ਲੋਕ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਹੀ ਭੁੱਲ ਗਏ ਤਾਂ ਫਿਰ ਉਹ ਗੱਲ ਹੋਵੇਗੀ ਕਿ, “ਕਾਂ ਚਲਿਆ ਹੰਸ ਦੀ ਚਾਲ ਅਤੇ ਆਪਣੀ ਵੀ ਭੁੱਲ ਬੈਠਾ।”
ਆਪਣੀ ਜ਼ੁਬਾਨ ਵਿਚ ਆਪਣਾ ਇਤਿਹਾਸ, ਸਭਿਆਚਾਰ, ਸੰਸਕ੍ਰਿਤੀ, ਕਾਰ-ਵਿਹਾਰ, ਸਾਹਿਤ ਅਤੇ ਰਹਿਣ-ਸਹਿਣ ਦੇ ਢੰਗ ਦਾ ਗਿਆਨ ਪ੍ਰਾਪਤ ਕਰਨਾ ਬੜਾ ਸੁਖਾਲਾ ਹੁੰਦਾ ਹੈ ਬਜਾਏ ਦੂਜੀਆਂ ਭਾਸ਼ਾਵਾਂ ਦੇ ਪਰ ਅਫ਼ਸੋਸ ਇਹ ਗੱਲ ਸਾਡੀ ਸਮਝ ਵਿਚ ਨਹੀਂ ਆ ਰਹੀ। ਅੱਜ ਸਾਡੇ ਵਿਚ ਅੰਗ੍ਰੇਜ਼ ਬਨਣ ਦੀ ਹੋੜ ਲੱਗੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਭਾਵੇਂ ਬੋਲਣ ਜਾਂ ਨਾ ਬੋਲਣ ਪਰ ਅੰਗ੍ਰੇਜ਼ੀ ਵਧੀਆ ਅਤੇ ਫਰਾਟੇਦਾਰ ਢੰਗ ਨਾਲ ਬੋਲਣ। ਅਸੀਂ ਧੜਾਧੜ ਹਿੰਦੀ ਅਤੇ ਅੰਗ੍ਰੇਜ਼ੀ ਦੇ ਪ੍ਰਸ਼ੰਸਕ ਬਣਦੇ ਜਾ ਰਹੇ ਹਨ।
ਅੱਜ ਲੋੜ ਹੈ ਮਾਤਾਵਾਂ ਨੂੰ ਆਪਣੀ ਜਿ਼ਮੇਵਾਰੀ ਸੰਭਾਲਣ ਦੀ ਅਤੇ ਪੰਜਾਬੀ ਜ਼ੁਬਾਨ ਦੇ ਵਿਕਾਸ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਦੀ। ਜੇਕਰ ਅਜੋਕੇ ਸਮੇਂ ਪੰਜਾਬੀ ਮਾਂਵਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਠੀਕ ਢੰਗ ਨਾਲ ਨਾ ਨਿਭਾਇਆ ਤਾਂ ਆਉਣ ਵਾਲੇ ਸਮੇਂ ਵਿਚ ਸਾਡੇ ਬੱਚੇ ਪੰਜਾਬੀ ਭਾਸ਼ਾ ਤੋਂ ਹੀ ਅਣਜਾਨ ਬਣ ਜਾਣਗੇ ਅਤੇ ਇਸ ਦੀ ਜ਼ਿੰਮੇਵਾਰੀ ਖਾਸਕਰ ਕਰਕੇ ਮਾਤਾਵਾਂ ਦੀ ਹੋਵੇਗੀ।
ਮਾਤਾਵਾਂ ਦੇ ਨਾਲ-ਨਾਲ ਘਰ ਦੇ ਦੂਜੇ ਮੈਂਬਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਾਲ ਨਿਆਂ ਕਰਨਾ ਪਵੇਗਾ। ਘਰ ਵਿਚ ਜਦੋਂ ਪਤੀ ਆਪਣੀ ਪਤਨੀ ਨਾਲ ਪੰਜਾਬੀ ਵਿਚ ਗੱਲਬਾਤ ਕਰੇਗਾ ਤਾਂ ਬੱਚਾ ਖ਼ੁਦ ਹੀ ਆਪਣੇ ਪਿਤਾ ਦੀ ਨਕਲ ਕਰੇਗਾ ਅਤੇ ਪੰਜਾਬੀ ਬੋਲੇਗਾ। ਪਰ ਜੇ ਪਤੀ-ਪਤਨੀ ਆਪਸ ਵਿਚ ਹੀ ਹਿੰਦੀ ਜਾਂ ਅੰਗ੍ਰੇਜ਼ੀ ਵਿਚ ਗੱਲਬਾਤ ਕਰਨਗੇ ਤਾਂ ਬੱਚੇ ਨੇ ਤਾਂ ਆਪੇ ਹੀ ਅੰਗ੍ਰੇਜ਼ ਬਣਨਾ ਹੈ। ਇਸ ਵਿਚ ਕਿਸੇ ਹੋਰ ਨੂੰ ਦੋਸ਼ੀ ਕਿਸ ਤਰ੍ਹਾਂ ਠਹਿਰਾਇਆ ਜਾ ਸਕਦਾ ਹੈ?
ਬੱਚਿਆਂ ਨੂੰ ਮਾਤ-ਭਾਸ਼ਾ ਨਾਲ ਜੋੜੀ ਰੱਖਣਾ ਅਤੇ ਉਹਨਾਂ ਨੂੰ ਪੰਜਾਬੀ ਸਾਹਿਤ ਦੀ ਅਮੀਰ ਵਿਰਾਸਤ ਬਾਰੇ ਜਾਣਕਾਰੀ ਦੇਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਘਰ ਵਿਚ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰਨੀ ਚਾਹੀਦੀ ਹੈ। ਉਹਨਾਂ ਨੂੰ ਪੰਜਾਬੀ ਸੰਗੀਤ, ਪੰਜਾਬੀ ਸਾਹਿਤ, ਸਭਿਆਚਾਰ ਅਤੇ ਪ੍ਰਾਚੀਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਘਰ ਵਿਚ ਅੰਗ੍ਰੇਜ਼ੀ/ਹਿੰਦੀ ਅਖ਼ਬਾਰਾਂ ਦੇ ਨਾਲ-ਨਾਲ ਪੰਜਾਬੀ ਅਖ਼ਬਾਰ ਵੀ ਲਗਵਾਉਣੇ ਚਾਹੀਦੇ ਹਨ।
ਪੰਜਾਬੀ ਜ਼ੁਬਾਨ ਨੂੰ ਉਤਸ਼ਾਹਤ ਕਰਨ ਹਿੱਤ ਘਰਾਂ ਵਿਚ ਪੰਜਾਬੀ ਸਾਹਿਤਿਕ ਅਤੇ ਧਾਰਮਿਕ ਰਸਾਲੇ ਲਗਵਾਉਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਪੰਜਾਬੀ ਅਖ਼ਬਾਰ/ਰਸਾਲੇ ਪੜ੍ਹਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿ ਸਕਣ।
ਸ਼ਾਲਾ... ਰੱਬ ਮਿਹਰ ਕਰੇ। ਸਾਡੀ ਮਾਤ ਭਾਸ਼ਾ ਪੰਜਾਬੀ ਦਿਨੋ-ਦਿਨ ਬੁਲੰਦੀਆਂ ਨੂੰ ਛੂਹੇ ਅਤੇ ਸਾਡੇ ਨਾਲ-ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀ ਹੋਣ ਤੇ ਮਾਣ ਕਰ ਸਕਣ। ਇਹੀ ਅਰਦਾਸ ਹੈ ਮੇਰੀ...।
_________________________________________________________
ਖੋਜ ਵਿਦਿਆਰਥੀ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਸ਼ਕਸ਼ੇਤਰ।
ਮੋਬਾਈਲ ਨੰਬਰ +91 80161 14698
No comments:
Post a Comment