ਜਦੋਂ ਮੈਂ ਸੁਰਤ ਸੰਭਾਲੀ ਉਦੋਂ ਗੁਰਦਾਸ ਆਪਣੇ ਨਿਵੇਕਲੇ ਅੰਦਾਜ਼-ਅਵਾਜ਼ ਸਦਕਾ ਚਾਰੇ- ਪਾਸੇ ਪੂਰੀ ਤਰਾਂ ਛਾਇਆ ਹੋਇਆ ਸੀ। ਮੇਰੇ ਬਚਪਨ ਤੋਂ ਰੋਜ਼ੀ ਰੋਟੀ ਦੇ ਗੇੜ 'ਚ ਉਲਝਣ ਤੱਕ ਸੁਨਹਿਰੀ ਦਿਨ ਗੁਰਦਾਸ ਦੇ ਗੀਤਾਂ ਨੂੰ ਸੁਣਦਿਆਂ ਤੇ ਗੁਣ- ਗੁਣਾਉਂਦਿਆਂ ਲੰਘੇ। ਇਸ ਕਰਕੇ ਸੰਗੀਤਕ ਹਸਤੀਆਂ ਦੇ ਵਿਸ਼ਾਲ ਬ੍ਰਹਿਮੰਡ ਵਿਚੋਂ ਗੁਰਦਾਸ ਮੈਨੂੰ ਧਰੂ ਤਾਰੇ ਵਾਂਗ ਲਗਦਾ ਸੀ। ਗੁਰਦਾਸ ਦੀ ਲੋਕਪ੍ਰਿਅਤਾ ਕਿਸੇ ਖ਼ਾਸ ਵਰਗ ਤੱਕ ਸੀਮਤ ਨਹੀਂ, ਉਹ ਬੱਚੇ, ਬੁੱਢੇ, ਨੌਜਵਾਨਾਂ ਪੇਂਡੂ ਅਤੇ ਸ਼ਹਿਰੀ, ਹਰ ਵਰਗ 'ਚ ਹਰਮਨ ਪਿਆਰਾ ਹੈ। ਜਿੰਨਾਂ ਸਮਿਆਂ 'ਚ ਗੁਰਦਾਸ ਗਾਇਕੀ ਦੇ ਖ਼ੇਤਰ ਵਿਚ ਆਇਆ ਉਸ ਸਮੇਂ ਇਹ ਕੋਈ ਬਹੁਤੀ ਇੱਜ਼ਤ ਮਾਣ ਵਾਲਾ ਕੰਮ ਨਹੀਂ ਸੀ ਮੰਨਿਆ ਜਾਂਦਾ, ਅੱਵਲ ਤਾਂ ਇਹ ਕੰਮ ਕਿਸੇ ਖ਼ਾਸ ਬਰਾਦਰੀ ਨਾਲ ਹੀ ਸੰਬਧਿਤ ਮੰਨਿਆ ਜਾਂਦਾ ਸੀ, ਇਸ ਕਰਕੇ ਇਸਦਾ ਵਿਕਾਸ ਬੇਹੱਦ ਸੀਮਤ ਤੇ ਸੁਸਤ ਜਿਹੀ ਰਫ਼ਤਾਰ ਨਾਲ ਹੋ ਰਿਹਾ ਸੀ। ਗਾਇਕੀ ਸਾਹਿਬਾਂ-ਹੀਰ ਨੂੰ ਭੰਡਣ, ਜੀਜੇ-ਸਾਲੀ, ਜੇਠ-ਭਰਜਾਈ ਦੇ ਰਿਸ਼ਤਿਆਂ ਦੇ ਦੋ- ਅਰਥੀ ਗੀਤਾਂ ਤੱਕ ਸੀਮਤ ਸੀ।
ਗੁਰਦਾਸ ਹੱਥ ਡੱਫਲੀ ਫੜ ਆਪਣੇ ਨਿਵੇਕਲੇ ਅੰਦਾਜ਼ ਅਤੇ ਅਪਣੇ ਲਿਖੇ ਸ਼ੋਖ ਤੇ ਸਭਿਅਕ ਗੀਤਾਂ ਨਾਲ ਲੋਕਾਂ ਦੇ ਸਨਮੁੱਖ ਪੇਸ਼ ਹੋਇਆ, ਲੋਕਾਂ ਉਸ ਨੂੰ ਹੱਥਾਂ 'ਤੇ ਚੁੱਕ ਲਿਆ, ਉਦੋਂ ਤੋਂ ਅੱਜ ਤੱਕ ਗੁਰਦਾਸ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ, ਪਿਛਲੇ 20-25 ਸਾਲਾਂ ਤੋਂ ਦਿਨੋਂ-ਦਿਨ ਜਵਾਨ ਹੋ ਰਹੇ ਇਸ ਇਸ ਗੱਭਰੂ ਨੇ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀਆਂ ਤਬਦੀਲੀਆਂ ਦੇ ਹਾਣ ਦਾ ਹੋ ਪੰਜਾਬੀ ਗੀਤ -ਸੰਗੀਤ (ਖੇਤਰੀ- ਸੰਗੀਤ) ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਉਸਨੂੰ ਮਿਲੀ ਬੇਥਾਹ ਦੌਲਤ-ਸ਼ੁਹਰਤ ਨੇ ਨਵੇਂ ਪੜੇ - ਲਿਖੇ ਨੌਜਵਾਨਾਂ ਨੂੰ ਗਾਇਕੀ ਵੱਲ ਅਕਰਸ਼ਿਤ ਕੀਤਾ, ਇੱਕ ਵੱਡਾ ਕਾਫ਼ਲਾ ਉਸਦੇ ਪਿਛੇ ਹੋ ਤੁਰਿਆ, ਨਿੱਤ ਨਵੇਂ ਤਜ਼ਰਬੇ ਹੋਣ ਲੱਗੇ, ਪੰਜਾਬੀ ਸੰਗੀਤ ਦਾ ਪੱਧਰ ਉੱਚਾ ਹੋਇਆ, ਉਹ ਪਿੰਡਾਂ ਦੀਆਂ ਸੱਥਾਂ 'ਚ ਹੁੰਦਾ ਹੋਇਆ ਗ਼ੈਰ-ਪੰਜਾਬੀ ਘਰਾਂ, ਵਿਆਹਾਂ- ਸ਼ਾਦੀਆਂ, ਫਿਲਮੀ ਪਾਰਟੀਆਂ 'ਚ ਵੀ ਵੱਜਣ ਲੱਗਾ, ਇੱਕ ਸਮਾਂ ਐਸਾ ਆਇਆ ਪੰਜਾਬੀ ਕੈਸਿਟਾਂ ਦੀ ਵਿਕਰੀ ਪੌਪ ਸਿੰਗਰ ਮਾਈਕਲ ਜੈਕਸਨ ਦੇ ਰਿਕਾਰਡ ਨੂੰ ਪਛਾੜ ਗਈ। ਸਾਡੇ ਲਈ ਬੜੇ ਮਾਣ ਵਾਲੀ ਗੱਲ ਸੀ, ਆਪਣੀ ਇਸ
ਪ੍ਰਾਪਤੀ ਲਈ ਜਿਸ ਸਟੇਜ਼ (ਪੱਧਰ) ਤੇ ਖੜੇ ਗਾਇਕ ਆਪੋ -ਆਪਣੀ ਕਾਬਲੀਅਤ ਦੀਆਂ ਡੀਗਾਂ ਮਾਰ ਰਹੇ ਹਨ। ਉਸਨੂੰ ਨੀਹਾਂ ਤੋਂ ਸਿਖ਼ਰ ਤੱਕ ਗੁਰਦਾਸ ਨੇ ਆਪਣੇ ਖੂਨ- ਪਸੀਨੇ ਨਾਲ ਸਿਰਜਿਆ ਹੈ। ਜਿਸ ਲਈ ਉਹ ਵਧਾਈ ਦਾ ਪਾਤਰ ਹੈ।
ਕੈਸਿਟ ਕਲਚਰ 'ਚ ਅੱਜਕਲ ਕਲਾ ਨਾਲੋਂ ਜਿਆਦਾ ਤਕਨੀਕ ਦਾ ਸਹਾਰਾ ਲਿਆ ਜਾ ਰਿਹੈ, ਮਾੜੀ ਤੋਂ ਮਾੜੀ ਆਵਾਜ਼ ਨੂੰ ਇਫੈਕਟਸ ਦੇ ਕੇ ਮਿਊਜ਼ਕ ਸਹਾਰੇ ਸਰੋਤਿਆਂ ਸਾਹਮਣੇ ਪਰੋਸਿਆ ਜਾ ਰਿਹਾ, ਕੈਸਿਟਾਂ ਹਿੱਟ ਵੀ ਹੋ ਰਹੀਆਂ ਪਰ ਸਟੇਜ਼ ਤੇ ਆਉਂਦਿਆਂ ਹੀ ਅਜਿਹੇ ਗਾਇਕਾਂ ਦੀ ਅਸਲੀਅਤ ਲੋਕਾਂ ਸਾਹਮਣੇ ਆ ਜਾਂਦੀ ਹੈ। ਪਰ ਗੁਰਦਾਸ ਬਾਰੇ ਕੋਈ ਮੰਨਦਾ ਹੈ, ਕਿ ਉਹ ਸਟੇਜ਼ ਦਾ ਬੇਤਾਜ਼ ਬਾਦਸ਼ਾਹ ਹੈ। ਸਟੇਜ਼ ਤੇ ਉਸ ਦੀ ਪੇਸ਼ਕਾਰੀ ਕੈਸਟਾਂ ਨਾਲੋਂ ਵੀ ਵੱਧ ਨਿਖੱਰ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੰਦੀ ਹੈ। ਕਢਾਈ ਵਾਲੇ ਕੁੜਤੇ, ਚਾਦਰੇ 'ਚ ਸਜਵਿਆਹੀ ਵਹੁਟੀ ਵਾਂਗ ਸਜਿਆ ਸੁਲਫੇ ਦੀ ਲਾਟ ਵਰਗਾ ਗੱਭਰੂ ਜਦੋਂ ਸਟੇਜ਼ ਨੂੰ ਸਿਰ ਝੁਕਾਉਂਦਾ ਦਰਸ਼ਕਾ ਸਾਹਮਣੇ ਆ ਖੜਦੇ ਤਾਂ ਉਸਦਾ ਨੂਰਾਨੀ ਮੁੱਖੜਾ ਦਰਸ਼ਕਾਂ ਦੀ ਭੁੱਖ ਲਾਹ ਦਿੰਦਾ, ਫਿਰ ਗੁਰਦਾਸ ਦੀਆਂ ਉਗਲਾਂ ਦੇ ਇਸ਼ਾਰਿਆਂ ਤੇ ਥਿਰਕਦੇ ਸਾਜ਼ਿਦਿਆਂ ਦੇ ਸਾਜਾਂ ਦੀ ਤਾਲ ਤੇ ਪੈਰੀਂ ਘੁੰਗਰੂ ਬੰਨ ਉਹ ਮਸਤੀ ਵਿੱਚ ਨਚਦਾ-ਗਾਉਂਦੈ ਤਾਂ ਦੇਖਣ ਵਾਲਿਆਂ ਦੀ ਰੂਹ ਨਸ਼ਿਆ ਦਿੰਦਾ, ਜਦੋਂ ਦਰਸ਼ਕ ਰੂਪੀ ਮੁਰਸ਼ਦ ਨੂੰ ਖੁਸ਼ ਕਰਨ ਲਈ ਬੇਪ੍ਰਵਾਹ ਹੋ ਨਚਦੈ ਤਾਂ ਇੰਝ ਲਗਦਾ ਜਿਵੇਂ ਅਸੀਂ ਸ਼ਾਹ ਇਨਾਅਤ ਦੇ ਦਰਾਂ ਮੂਹਰੇ ਅਰਜ਼ ਗੁਜ਼ਾਰਦੇ ਬਾਬਾ ਬੁੱਲੇ ਸ਼ਾਹ ਦੇ ਦਰਸ਼ਨ ਕਰ ਲਏ ਹੋਣ।
ਉਸ ਦੀ ਲੇਖਣੀ ਵਿਚ ਵੀ ਬਾਬਾ ਬੁਲੇ ਸ਼ਾਹ ਵਾਂਗ ਧਾਰਮਿਕ ਅੰਡਬਰਾਂ ਦੇ ਖਿਲਾਫ਼ ਬਗਾਵਤੀ ਸੁਰਾਂ ਉਭਰਦੀਆਂ ਹਨ-
ਹਿੰਦੂ ਕਹਿੰਦਾ ਮੰਦਰ ਆ, ਮੁੱਲਾਂ ਆਖੇ ਮਸਜਿਦ ਜਾ
ਕਹਿਣ ਇਸਾਈ ਰੌਲਾ ਪਾ, ਸਭ ਤੋਂ ਹੈ ਗਿਰਜਾ ਅੱਛਾ
ਛੱਡ ਧਰਮਾਂ ਦੇ ਝਗੜੇ ਝੇੜੇ, ਨਾ ਵੱਸ ਤੇਰੇ ਨਾ ਵੱਸ ਮੇਰੇ....
ਮਸਤੀ ਮਨਾ....
ਜਾਂ
ਪੱਥਰਾਂ 'ਚ ਸਾਨੂੰ ਕੀ ਮਿਲਣੈ, ਪੱਥਰ ਨਹੀਂ ਨਹੀਂ ਰੱਬ ਮਿਲਾ ਸਕਦੇ
ਦੁਨੀਆ ਦੇ ਵਹਿਮ ਭੁਲੇਖੇ ਨੇ, ਪੱਥਰ ਨਹੀਂ ਸੁਰਗ ਦਿਖਾ ਸਕਦੇ।
ਸਿਆਸਤਦਾਨਾਂ ਦੇ ਪਿੱਛੇ ਲੱਗ ਲੋਕ ਮਰੀ ਕੀ ਜਾਂਦੇ,
ਰਾਮ ਮੁਹੰਮਦ ਨਾਨਕ ਤੇਰੇ ਲੋਕ ਕਰੀ ਕੀ ਜਾਂਦੇ।
ਗਿਣਤੀਆਂ ਮਿਣਤੀਆਂ ਕਰ ਆਪਣੇ ਇਸ਼ਟ ਤੇ ਅਹਿਸਾਨ ਜਿਹਾ ਜਿਤਾਉਂਦੇ ਪਖੰਡੀ ਲੋਕਾਂ ਨਾਲੋਂ ਆਪਣੇ-ਆਪ ਨੂੰ ਵੱਖਰਾ ਕਰਦਾ ਉਹ ਲਿਖਦਾ - ''ਛੱਡ ਦਿੱਤਾ ਮਾਲਾ ਉੱਤੇ ਨਾਮ ਤੇਰਾ ਜਪਨਾ, ਯਾਰਾਂ ਨਾਲ ਪਿਆਰ ਦਾ ਹਿਸਾਬ ਕਾਹਦਾ ਰੱਖਣਾ। ''
ਪੱਥਰ ਨੂੰ ਛੱਡ ਚੜਿਆ ਸ਼ੇਰਾਂ ਦੀ, ਹੱਦਾਂ ਤੇ ਮਰੇ (ਸ਼ਹੀਦ) ਜਵਾਨਾਂ ਦੀ ਕਦਰ ਕਰਨ ਲਈ ਪ੍ਰੇਰਦਾ ਹੈ ਤਾਂ ਲੋਕਾਂ ਸਾਹਮਣੇ ਇੱਕ ਸੁਧਾਰਵਾਦੀ ਕਵੀ ਦੀ ਤਰਾਂ ਪੇਸ਼ ਹੁੰਦਾ ਹੈ। ਕਈ ਵਾਰ ਸਮੇਂ ਦੀ ਮੰਗ ਨੂੰ ਧਿਆਨ 'ਚ ਰੱਖ ਕੇ ਲਿਖੇ ਉਸ ਦੇ ਗੀਤ ਓਪਰੀ ਨਜ਼ਰ ਮਾਰਿਆਂ ਭਾਂਵੇ ਮਾਰਕੀਟ ਪੱਧਰ ਦੇ ਹੀ ਲਗਦੇ ਹੋਣ, ਪਰ ਉਹ ਗੁੜ 'ਚ ਲਪੇਟ ਕੇ ਕੁਨੀਨ ਦੇਣੀ ਵੀ ਖੂਬ ਜਾਣਦਾ, ਸਮਾਜਿਕ ਬੁਰਾਈਆਂ ਉੱਤੇ ਵਿਅੰਗ ਅਤੇ ਜਿੰਦਗੀ ਦੇ ਕੌੜੇ ਸੱਚ ਵੀ ਉਸ ਦੇ ਗੀਤਾਂ ਦਾ ਸ਼ਿੰਗਾਰ ਹਨ। ਉਸ ਦੀ ਲੇਖਣੀ ਦੀ ਇੱਕ ਹੋਰ ਖਾਸੀਅਤ ਮੈਨੂੰ ਚੰਗੀ ਲਗਦੀ ਹੈ, ਉਹ ਗੀਤਕਾਰੀ ਦੇ ਸਥਾਪਤ ਨਿਯਮਾਂ ਦੀ ਪਾਲਣਾ ਕਰਨ ਵਿਚ ਹੀ ਵਿਚਾਰਾਂ ਦਾ ਘਾਣ ਨਹੀਂ ਹੋਣ ਦਿੰਦਾ, ਗੀਤ ਦੀ ਲੋੜ ਮੁਤਾਬਿਕ ਸਤਰਾਂ ਦੀ ਲੰਬਾਈ ਜਾਂ ਗਿਣਤੀ ਵੱਧ ਸ਼ਾਹਕਾਰ ਸਿਰਜ ਦਿੰਦਾ ਹੈ ਤਾਂ ਸੁਰਜੀਤ ਪਾਤਰ ਦੀਆਂ ਸਤਰਾਂ-
ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾ ਤਾਂ ਰਾਹ ਬਣਦੇ,
ਯੁੱਗਾਂ ਤੱਕ ਕਾਫਲੇ ਆਉਂਦੇ ਮੇਰੇ ਸੱਚ ਦੇ ਗਵਾਹ ਬਣਦੇ।
ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਦ ਆਉਂਦੇ ਨੇ,
ਮੇਰੇ ਹਾਉਂਕੇ ਹੀ ਪਹਿਲਾਂ ਤਾਂ ਮੇਰੀ ਵੰਜਲੀ ਦੇ ਸਾਹ ਬਣਦੇ।
'ਪਾਤਰ' ਸਾਹਿਬ ਵਾਂਗ ਹੀ ਗੁਰਦਾਸ ਦੀ ਕਾਰਜਸ਼ੈਲੀ 'ਤੇ ਵੀ ਪੂਰੀ ਤਰਾਂ ਢੁਕਦੀਆਂ ਹਨ। ਸਫ਼ਲਤਾ ਦੇ ਨਸ਼ੇ 'ਚ ਚੂਰ 'ਰਾਗ ਦੇ ਪੰਡਤਾਂ ਨੂੰ ਮੱਤਾਂ ਦਿੰਦਾਂ ਲਿਖਦੈ- 'ਰੱਬ ਕੋਲੋਂ ਡਰ ਅਭੀਮਾਣ ਨਾ ਕਰ, ਸ਼ੁਕਰ ਕਰੀ- ਜਾਹ ਮਾਣ ਨਾ ਕਰ।' ਪੰਜਾਬੀ ਸੰਗੀਤ ਦੇ ਵਿਹੜੇ ਗਈ ਹਵਾਵਾਂ ਵਗੀਆਂ, ਉਹ ਬਾਬਾ ਬੋਹੜ ਬਣ ਆਪਣੀ ਥਾਂਵੇਂ ਅਡੋਲ ਖੜਾ ਰਿਹਾ ਅਤੇ ਉਸਦੇ ਵਿਸ਼ਾਲ ਟਾਹਣਿਆਂ ਤੇ ਨਿੱਤ ਨਵੀਆਂ ਕਰੂੰਬਲਾਂ ਫੁਟਦੀਆਂ ਰਹੀਆਂ, ਕਈ ਵਾਰ ਵਕਤੀ ਝਖੇੜਿਆਂ ਨੂੰ ਵੰਗਾਰਦਿਆਂ ਉਹ ਲਿਖਦੈ- 'ਤੇਰੇ ਕੋਲੇ ਤਾਣਪੂਰੇ ਸਾਡੇ ਕੋਲ ਖੰਜਰੀ, ਕਿੰਨਾਂ ਚਿਰ ਦੇਖਾਂਗੇ ਕਲੋਲ ਕਰੂ ਕੰਜੀ।'
ਉਸਦੇ ਕਰੀਬੀ ਦੋਸਤ ਦੱਸਦੇ ਨੇ ਉਹ ਬਹੁਤ ਹੀ ਧੀਰਜ ਤੇ ਹੋਂਸਲੇ ਵਾਲਾ ਸਖ਼ਸ਼ ਹੈ, ਦੁਨੀਆਂ ਦੀ ਹਰ ਵਧੀਕੀ ਨੂੰ ਸਹਿ ਜਾਣ ਦਾ ਹੋਂਸਲਾ ਉਸ ਵਿਚ ਹੈ। ਪਰ ਉਸ ਅੰਦਰਲੇ ਸੰਵੇਦਨਸ਼ੀਲ ਕਵੀ ਦਾ ਮਨ ਆਪਣੇ ਹਾਵ-ਭਾਵ ਗੀਤਾਂ ਰਾਹੀਂ ਆਪਣੇ ਸਰੋਤਿਆਂ ਨਾਲ ਸਾਂਝੇ ਕਰ ਲੈਦਾਂ। ਗੁਰਦਾਸ ਨੇ ਜੋ ਵੀ ਲਿਖਿਆ ਤਹਿਦਿਲ ਚੋਂ ਲਿਖਿਆ, ਚਾਹੇ ਉਹ 1972-73 ਦੀ ਰਚਨਾ ''ਪੀੜ ਤੇਰੇ ਜਾਣ ਦੀ...'' ਹੋਵੇ ਜਾਂ ਤੇਜਪਾਲ ਨੂੰ ਸਮਰਪਿਤ ਗੀਤ ''ਸਵਾਰੀ'' ਹੋਵੇ, ਉਸ ਆਪਣੇ ਹਰ ਦਰਦ ਨੂੰ ਆਪਣੇ ਸਰੋਤਿਆਂ ਸਾਹਮਣੇ ਰੂਹ ਨਾਲ ਗਾਇਆ।
ਪਰ ਇਸ ਦਾ ਇਹ ਭਾਵ ਨਹੀਂ ਕਿ ਉਸ ਨੇ ਸਿਰਫ਼ ਆਪਣੀ ਗੱਲ ਹੀ ਕੀਤੀ, ਉਸ ਨੇ ਲੋਕਾਈ ਦੇ ਦਰਦ ਨੂੰ ਆਪਣੇ ਗੀਤਾਂ ਵਿਚ ਵਿਸ਼ੇਸ਼ ਥਾਂ ਦਿੱਤੀ, ਉਸ ਦਾ ਗੀਤ 'ਮੈਂ ਧਰਤੀ ਪੰਜਾਬ ਦੀ.....' ਗੁਰਦਾਸ ਦੀ ਲੇਖਣੀ ਅਤੇ ਪੇਸ਼ਕਾਰੀ ਦਾ ਬੇ-ਮਿਸਾਲ ਨਮੂਨਾ ਹੈ ਹੈ। ਉਸ ਗੀਤ ਦੀਆਂ ਦੋ ਸਤਰਾਂ-
ਅਜਾਦੀ ਦੇ ਝੂਠੇ ਲੀਡਰ ਕੁਰਸੀ ਲੈ ਕੇ ਬਹਿ ਗਏ
ਰਾਜਗੁਰੂ, ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ
ਹੀ ਆਜ਼ਾਦੀ ਦੀ ਲੜਾਈ ਦੇ ਪੂਰੇ ਦੁਖਾਂਤ ਦੀ ਤਾਰਜਮਨੀ ਕਰਦੀਆਂ ਹਨ। ਇਸ ਪੂਰੇ ਗੀਤ ਵਿਚ ਉਹ ਗੀਤਕਾਰ ਨਾ ਹੋ ਕੇ ਹੋਕੇ ਇੱਕ ਚੇਤੰਨ ਇਤਹਾਸਕਾਰ ਵਾਂਗ ਵਿਚਰਦਾ ਹੈ। ''ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ.....''ਗੀਤ 'ਚ ਪੰਜਾਬੀ ਬੋਲੀ ਦੇ ਮਾਣਮੱਤੇ ਇਤਹਾਸ ਦਾ ਜ਼ਿਕਰ ਕਰਦਾ ਹੋਇਆ ਉਹ ਅਜੋਕੇ ਸਮੇਂ ਅਪਣਿਆਂ ਵੱਲੋਂ ਹੀ ਕੀਤੀ ਇਸ ਦੁਰਦਸ਼ਾ ਉੱਤੇ ਦੁੱਖ ਤੇ ਗੁੱਸਾ ਜ਼ਾਹਿਰ ਕਰਦਾ ਹੈ। ਉਸਦਾ ਗੀਤ 'ਕੁੜੀਏ ਕਿਸਮਤ ਪੁੜੀਏ...' ਮਿਆਰੀ ਗੀਤਕਾਰੀ ਦੇ ਖੇਤਰ 'ਚ ਮੀਲ ਪੱਥਰ ਵਾਂਗ ਸਥਾਪਤ ਹੋ ਗਿਆ, ਉਸ ਇਸ ਗੀਤ ਰਾਹੀ ਨਾਰੀ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਦਾ ਵਿਸ਼ਲੇਸ਼ਨ ਕਰਨ ਲਈ ਝੰਜੋੜਿਆਂ । ਉਸਨੇ ਜਿੰਦਗੀ ਨਾਲ ਸੰਬਧਿਤ ਹਰ ਵਿਸ਼ੇ ਤੇ ਲਿਖਿਆ, ਵਧੀਆ ਤੇ ਮਿਹਨਤੀ ਖਿਡਾਰੀ ਹੋਣ ਨਾਤੇ ਆਪਣੀ ਸਿਹਤ ਨੂੰ ਤਾਂ ਉਸ ਬੜੇ ਵਧੀਆ ਤਰੀਕੇ ਸੰਭਾਲਿਆ ਹੀ ਹੈ ਆਪਣੇ ਸਰੋਤਿਆਂ ਨੂੰ ਵੀ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜਰੂਰੀ ਹੈ........ ਵਰਗੇ ਗੀਤਾਂ ਰਾਹੀਂ ਨਿਰੋਗ ਜਿੰਦਗੀ ਜਿਉਣ ਦਾ ਸੁਨੇਹਾ ਦੇਣਾ ਨਹੀਂ ਭੁਲਦਾ। ਆਪਣੇ ਪ੍ਰੇਰਨਾ ਸ੍ਰੋਤ ਨੂੰ ਯਾਦ ਕਰਨਾ ਵੀ ਉਹ ਕਦੇ ਨਹੀਂ ਭੁੱਲਦਾ 'ਮਰਜਾਣੇ ਦੇ ਅੰਦਰ ਵਸਦੀਏ ਕੁੜੀਏ ਜਿਉਂਦੀ ਰਹਿ, ਤੁੰ ਕਮਲੀ ਮੈਂ ਕਮਲਾ ਤੇਰਾ ਗੀਤ ਲਿਖਾਉਂਦੀ ਰਹਿ,..... ਜਾਂ ਇਸ਼ਕ ਨਾ ਰਹਿਮਤ ਕਰਦਾ ਕੀਹਨੇ ਲਿਖਣਾ-ਗਾਉਣਾ ਸੀ, ਮਾਨ ਤੇਰਾ ਮਰ ਜਾਣਾ ਕਿਧਰੇ ਮੁਨਸ਼ੀ ਹੋਣਾ ਸੀ.... ਬਚਪਨ ਤੇ ਪਿੰਡਾਂ ਦੀਆਂ ਯਾਦਾਂ ਤਾਂ ਜਿਵੇਂ ਉਸਦੇ ਗੀਤਾਂ ਦੀ ਜਿੰਦੋਜਾਨ ਹਨ। 'ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ....' ਗੀਤ 'ਚ ਆਪਣੇ ਸਮਕਾਲੀ ਕੁਲਦੀਪ ਮਾਣ ਦੀ ਮਹਾਨਤਾ ਨੂੰ ਸਵੀਕਾਰ ਕਰਦਾ ਹੋਇਆ 'ਜਿਉਣ ਜੋਗਾ ਮਾਨ' ਨਿਮਾਣਾ ਹੋ ਮਹਾਨਤਾ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਜਾਂਦਾਂ। ਉਸਦੀ ਲਿਖੀ ਹਰ ਲਾਈਨ ਧਿਆਨ ਮੰਗਦੀ ਹੈ, ਜੇ ਉਸ ਦੇ ਗੀਤਾਂ ਬਾਰੇ ਵਿਸਥਾਰ ਨਾਲ ਲਿਖਣਾ ਹੋਵੇ ਤਾਂ ਇੱਕ ਮੋਟੀ ਕਿਤਾਬ ਬਣ ਜਾਵੇਗੀ। ਇਸ ਲੇਖ ਵਿਚ ਸਮੇਟਣਾ ਮੇਰੇ ਵੱਸੋਂ ਬਾਹਰ ਦੀ ਗੱਲ ਹੈ।
ਉਸਦੀ ਬਹੁਪੱਖੀ ਸ਼ਖਸ਼ੀਅਤ ਵਿਚ ਹੀ ਸ਼ਾਮਲ ਹੈ। ਉਸਦਾ ਬਾ- ਕਮਾਲ ਐਕਟਰ ਹੋਣਾ, ਸ਼ੁਰੂਆਤੀ ਦੌਰ ਦੀਆਂ ਫਿਲਮਾਂ-ਲੌਂਗ ਦਾ ਲਿਸ਼ਕਾਰਾ, ਮਾਮਲਾ ਗੜਬੜ ਹੈ ਅਤੇ ਕੀ ਬਣੂ ਦੂਨੀਆਂ ਦਾ ਵਿਚ ਉਸਦੇ ਕੰਮ ਤਾਰੀਫ ਨੇ ਉਸ ਸਿਰ ਵੱਡੀ ਜਿੰਮੇਵਾਰੀ ਪਾ ਦਿੱਤੀ। ਉਹ ਲਗਾਤਾਰ ਸਰਗਰਮ ਰਿਹਾ, ਸ਼ਹੀਦੇ ਮੁਹੱਬਤ ਬੂਟਾ ਸਿੰਘ ਤੱਕ ਆਉਂਦਿਆਂ ਆਉਂਦਿਆਂ ਉਸਨੇ ਆਪਣੀ ਅਦਾਕਾਰੀ ਵਿਚ ਬੇਮਿਸਾਲ ਨਿਖਾਰ ਲੈ ਆਂਦਾ। ਇਸ ਦਰਮਿਆਨ ਪੰਜਾਬੀ ਫਿਲਮ ਇੰਡਸਟਰੀ ਵਿਚ ਜੱਟਵਾਦ, ਗੰਡਾਸਿਆਂ ਤੇ ਪਾਕਸਤਾਨੀ ਫਿਲਮਾਂ ਦੀ ਤਰਜ ਤੇ ਡਾਈਲਾਗ ਚੱਬ-ਚੱਬ ਕੇ ਬੋਲਣ ਦਾ ਬੋਲਬਾਲਾ ਰਿਹਾ ਬੱਲਿਆ ਅ ਆ......,।
ਪਰ ਉਸਨੇ ਕਦੇ ਵੀ ਆਪਣੇ - ਆਪ ਨੂੰ ਭੀੜ 'ਚ ਸ਼ਾਮਲ ਨਹੀਂ ਕੀਤਾ। ਲੜੀਵਾਰ 'ਪਰਮਜੀਤ ਚੱਕਰ'' ਵਿਚ ਉਸਦੀ ਅਦਾਕਾਰੀ ਨੂੰ ਦਰਸ਼ਕ ਅਜੇ ਤੱਕ ਨਹੀਂ ਭੁੱਲੇ। 'ਸ਼ਹੀਦ ਊਧਮ ਸਿੰਘ' ਰਾਜ ਬੱਬਰ, ਜੂਹੀ ਚਾਵਲਾ ਵਰਗੇ ਸਥਾਪਤ ਕਲਾਕਾਰਾਂ ਦੀ ਵਧੀਆ ਫਿਲਮ ਸੀ, ਗੁਰਦਾਸ ਸ਼ਹੀਦ ਭਗਤ ਸਿੰਘ ਦੀ ਭੂਮਿਕਾ 'ਚ ਭਾਵੇਂ ਥੋੜਾ ਚਿਰ ਹੀ ਸਕਰੀਨ ਤੇ ਰਿਹਾ, ਪਰ ਇੰਨੇ ਕੁ ਸਮੇਂ ਵਿਚ ਹੀ ਉਹ ਮੇਲਾ ਲੁੱਟ ਕੇ ਲੈ ਗਿਆ, ਆਪਣੀ ਜਿੰਦਗੀ ਵਿਚ ਮੈਂ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ 'ਚ ਕਿਸੇ ਐਂਟਰੀ ਤੇ ਏਨੀਆਂ ਤਾੜੀਆਂ ਵੱਜਦੀਆਂ ਦੇਖੀਆਂ ਸਨ, ਸਾਰਾ ਹਾਲ ਹੀ ਤਾੜੀਆਂ ਨਾਲ ਗੂੰਜ ਉੱਠਿਆ, ਪੰਜਾਬੀਆਂ ਦਾ ਮਹਿਬੂਬ ਅਦਾਕਾਰ ਮਹਾਨ ਸ਼ਹੀਦ ਦੀ ਭੂਮਿਕਾ ਨੂੰ ਪਰਦੇ ਤੇ ਸਜੀਵ ਕਰ ਰਿਹਾ ਸੀ, ਬਿਲਕੁਲ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ।
ਹਿੰਦੀ ਫਿਲਮਾਂ ਵਾਲੇ ਵੀ ਉਸ ਦੀ ਦੀ ਮਕਬੂਲੀਅਤ ਦਾ ਫਾਇਦਾ ਉਠਾਉਂਦੇ ਰਹੇ ਨੇ ਫਿਮਲ 'ਸਿਰਫ਼ ਤੁਮ' ਉਸ ਦੀ ਐਂਟਰੀ ਭਾਂਵੇ ਉਸਦੀ ਸਖਸ਼ੀਅਤ ਦੇ ਅਨਕੂਲ ਨਹੀਂ ਸੀ ਪਰ ਨਿਰਮਾਤਾ ਨੇ ਉਸਦੇ ਨਾਂ ਤੇ ਦਰਸ਼ਕਾਂ ਦੀ ਭੀੜ ਖਿੱਚਣ ਦੀ ਪੂਰੀ ਕੋਸ਼ਿਸ਼ ਕੀਤੀ। ਯਸ਼ ਚੋਪੜਾ ਵਰਗੇ ਵੱਡੇ ਫਿਲਮਸਾਜ਼ ਨੇ 'ਵੀਰਜਾਰਾ' ਵਿਚ ਅਮਿਤਾਭ ਬੱਚਨ ਦੇ ਪਲੇਬੈਕ ਲਈ ਗੁਰਦਾਸ ਦੀ ਅਵਾਜ ਵਿਚ ਗੀਤ ਰਿਕਾਰਡ ਕੀਤੇ, ਉਹ ਬਹੁਤ ਪਸੰਦ ਕੀਤੇ ਗਏ। ਸਕਰੀਨ ਤਦੇ ਮਲੇਨੀਅਮ ਦੀਆਂ ਦੋ ਮਹਾਨ ਹਸਤੀਆਂ ਆਵਾਜ਼ ਤੇ ਅੰਦਾਜ਼ ਨਾਲ ਇਕਰੂਪ ਸਨ। (ਇੱਕਰੂਪਤਾ ਇਹਨਾਂ ਦੋਵਾਂ ਵਿਚ ਹੈ, ਸੂਰਜ ਸਿਖਰ ਦੁਪਹਿਰ ਤੋਂ ਬਾਅਦ ਸ਼ਾਮ ਵਲ ਢਲਨਾ ਸ਼ੁਰੂ ਹੋ ਜਾਂਦਾ ਹੈ, ਹਮੇਸ਼ਾ ਸਿਖਰ ਤੇ ਖੜਾ ਨਹੀਂ ਰਹਿ ਸਕਦਾ। ਇਹ ਕੁਦਰਤ ਦਾ ਨਿਯਮ ਹੈ, ਪਰ ਇੰਨਾਂ ਦੋਵਾਂ ਤੇ ਹੀ ਇਹ ਨਿਯਮ ਲਾਗੂ ਨਹੀਂ ਹੁੰਦਾ।) ਪੰਜਾਬੀ ਪਿੱਠਭੂਮੀ ਦੀ ਇਸ ਫਿਲਮ 'ਚ ਉਹਨਾਂ ਸਕਰੀਨ ਤੇ ਵੀ ਗੁਰਦਾਸ ਦੀ ਹਾਜ਼ਰੀ ਲਵਾਉਂਣੀ ਜਰੂਰੀ ਸਮਝੀ। ਜਿੰਦਗੀ ਖ਼ੂਬਸੂਰਤ ਹੈ ਨਾਂ ਦੀ ਹਿੰਦੀ ਫਿਲਮ ਪਰਿਵਾਰ ਵੀ ਬੇਹੱਦ ਸੰਵੇਦਨਸ਼ੀਲ ਕਹਾਣੀ ਸੀ, ਬੜੀ ਰੂਹ ਨਾਲ ਗੁਰਦਾਸ ਨੇ ਫਿਲਮ ਵਿਚਲੇ ਆਪਣੇ ਕਿਰਦਾਰ ਨੂੰ ਪਰਦੇ ਤੇ ਸਜੀਵ ਕੀਤਾ। ਇਸ ਤੋਂ ਇਲਾਵਾ ਉਸਦੇ ਸੈਂਕੜੇ ਵੀਡੀਓਜ਼ 'ਚ ਵੀ ਉਸਦੀ ਅਦਾਕਾਰੀ ਦੇ ਜਲਵੇ ਦੇਖਣ ਨੂੰ ਮਿਲਣੇ ਰਹਿੰਦੇ ਹਨ। ਕੈਸਿਟ 'ਹੀਰ' ਦੇ ਟਾਈਟਲ ਗੀਤ ਵਿਚ ਹੀਰ ਦੀ ਡੋਲੀ ਲੈ ਜਾਣ ਤੋਂ ਬਾਅਦ ਏਨਾਂ ਦੁੱਖ ਝਲਕਿਆ ਦਾ ਇੱਕ ਕਲਿੱਪ ਲੱਗਾ ਸੀ, ਮੀਆਂ ਰਾਂਝਾਂ ਦੇ ਚਿਹਰੇ ਤੇ ਵੀ ਸ਼ਾਇਦ ਹੀ ਹੀਰ ਦੇ ਖੇੜੀਂ ਜਾਣ ਤੋਂ ਬਾਅਦ ਏਨਾਂ ਦੁੱਖ ਝਲਕਿਆ ਹੋਵੇਗਾ ਜਿੰਨਾਂ ਗੁਰਦਾਸ ਹੁਰਾਂ ਉਸ ਵੀਡੀਓ ਵਿਚ ਰੂਪਮਾਨ ਕਰ ਦਿਖਾਇਆ। ਉਹ ਇਸ ਖ਼ੇਤਰ ਵਿਚ ਵੀ ਨਿੱਤ ਨਵੀਆਂ ਪੈੜਾਂ ਕਰਦਾ ਜਾ ਰਿਹਾ, ਗੁਰਦਾਸ ਦੇ ਛੂਹਲੇ ਪੈਰਾਂ ਤੇ ਰੁਕਣ ਦਾ ਇਲਜਾਮ ਨਹੀਂ।
ਗੁਰਦਾਸ ਵਧੀਆ ਗਾਇਕ, ਗੀਤਕਾਰ ਅਤੇ ਅਦਾਕਾਰ ਹੈ, ਪਰ ਇਸ ਤੋਂ ਵੀ ਵਧਕੇ ਉਹ ਇੱਕ ਵਧੀਆ ਇਨਸਾਨ ਹੈ। ਜੋ ਇੱਕ ਵਾਰ ਵੀ ਉਸ ਨੂੰ ਮਿਲ ਲਵੇ ਬਸ ਬਾਕੀ ਰਹਿੰਦੀ ਸਾਰੀ ਉਮਰ ਉਸ ਦੇ ਗੁਣ ਗਾਉਂਦਾ ਰਹਿੰਦਾ ਹੈ, ਉਸਦੀ ਨਿਮਰਤਾ ਤੇ ਦੂਜਿਆਂ ਸਤਿਕਾਰ ਦੇਣ ਦੀਆਂ ਗੱਲਾਂ 'ਸਾਖੀਆਂ' ਵਾਂਗ ਆਮ ਲੋਕਾਂ ਵਿਚ ਪ੍ਰਚਲਿਤ ਹਨ।
ਰਮਜੂ ਭਾਈ ਰਿਦਮ ਪਲੇ ਦੇ ਖੇਤਰ 'ਚ ਸਥਾਪਿਤ ਹਸਤੀ ਨੇ , ਉਹਨਾਂ ਦੀਆਂ ਉਗਲਾਂ ਢੋਲਕ ਤੇ ਏਸ ਤਰਾਂ ਥਿਰਕੀਆਂ ਕਿ ਇਤਿਹਾਸ ਸਿਰਜ ਦਿੱਤਾ, ਹਰ ਕੋਈ ਉਹਨਾਂ ਦਾ ਸਤਿਕਾਰ ਕਰਦਾ, ਪਰ ਸਾਡੇ ਗੁਰਦਾਸ ਦਾ ਅੰਦਾਜ਼ ਹੀ ਨਿਰਾਲਾ, ਉਹ ਗੱਡੀ 'ਚ ਉਤਰੇ ਤਾਂ ਦੇਖਿਆ ਸਾਹਮਣੇ ਰਮਜੂ ਭਾਈ ਖੜੇ ਸਨ, ਸਤਿਕਾਰ ਨਾਲ ਨਮਸਕਾਰ ਕਰਨ ਲਈ ਦੂਰੋਂ ਹਥ ਜੋੜ ਸੜਕ ਤੇ ਹੀ ਲੰਮੇ ਪੈ ਗਏ (ਡੰਡੌਤ ਕੀਤੀ) ਇੱਕ ਵਾਰ ਉਹ ਪ੍ਰੋ: ਮੋਹਨ ਸਿੰਘ ਦਾ ਮੇਲੇ ਤੇ ਆਏ, ਉਸ ਸਾਲ ਜੱਸੋਵਾਲ ਦੀ ਟੀਮ ਵੱਲੋਂ ਮਾਣਕ ਸਾਹਿਬ ਦਾ ਸਨਮਾਨ ਰੱਖਿਆ ਸੀ । ਹਰ ਕੋਈ ਬੜੀ ਗਰਮਜੋਸ਼ੀ ਨਾਲ ਹੱਥ ਮਿਲਾ ਸੀ ਕੋਈ ਜੱਫ਼ੀਆਂ ਪਾ ਮਣਕ ਸਾਹਿਬ ਨੂੰ ਵਧਾਈਆਂ ਦੇ ਰਿਹਾ ਸੀ, ਗੁਰਦਾਸ ਨੇ ਦੂਰ ਹੀ ਜੁੱਤੀ ਉਤਾਰੀ ਤੇ ਫਿਰ ਆਕੇ ਮਾਣਕ ਸਾਹਿਬ ਦੇ ਪੈਰੀ ਹੱਥ ਲਾਏ। ਇੱਕ ਹੋਰ ਮਲੇਰਕੋਟਲੇ ਦੀ ਗੱਲ ਇੱਕ ਦੋਸਤ ਨੇ ਦੱਸੀ, ਬੀਬੀ ਰਣਜੀਤ ਕੌਰ ਨੇ ਸਦੀਕ ਸਾਹਿਬ ਨਾਲੋਂ ਗਾਉਣਾ ਛੱਡ ਦਿੱਤਾ ਸੀ, ਸਦੀਕ ਸਾਹਿਬ ਨਵੀਂ ਕੁੜੀ ਸੁਖਜੀਤ ਨਾਲ ਪ੍ਰੋਗਰਾਮ ਪੇਸ਼ ਕਰ ਰਹੇ ਸਨ, ਮਾਨ ਸਾਹਿਬ ਆਏ ਸਦੀਕ ਸਾਹਿਬ ਦੇ ਪੈਰੀਂ ਹੱਥ ਲਾਉਣ ਦੇ ਨਾਲ ਸੁਖਜੀਤ ਦੇ ਵੀਂ ਪੈਰੀਂ ਹੱਥ ਲਾਏ। ਉਸ ਇਤਰਾਜ ਕੀਤਾ ਮੈਂ ਤਾਂ ਗਾਇਗੀ 'ਚ ਵੀ ਉਮਰ 'ਚ ਵੀ ਤੁਹਾਡੇ ਬਹੁਤ ਛੋਟੀ ਹਾਂ। ਤਾਂ ਗੁਰੂਆਂ ਦੇ ਦਾਸ ਨੇ ਨਿਮਰਤਾ ਨਾਲ ਕਿਹਾ ''ਬੀਬਾ ਇਹ ਮੇਰਾ ਤੇਰੀ ਗੱਦੀ ਨੂੰ ਸਲਾਮ ਐ''।
ਭਗਵੰਤ ਮਾਨ ਦੇ ਵਿਆਹ ਦੀ ਗੱਲ ਹੈ, ਸ਼ੋਕਤ ਅਲੀ ਸਾਹਿਬ ਗਾ ਰਹੇ ਸਨ, ਸਾਰੇ ਦੋਸਤ- ਮਿੱਤਰ ਤੇ ਰਿ²ਸ਼ਤੇਦਾਰ ਪੰਡਾਲ 'ਚ ਕੁਰਸੀਆਂ ਤੇ ਬਿਰਾਜਮਾਨ ਸਨ, ਕੁਝ ਸਿਖਾਦਰੂ ਤੇ ਸੰਗੀਤ ਨਾਲ ਵਾਹ ਰਾਸਤਾ ਰੱਖਣ ਵਾਲੇ ਮਿੱਤਰ ਸ਼ੌਕਤ ਸਾਹਿਬ ਦੇ ਸਤਿਕਾਰ ਵਜੋਂ ਸਟੇਜ਼ ਮੂਹਰੇ ਵਿਛੀਆਂ ਦਰੀਆਂ ਤੇ ਬੈਠੇ ਸਨ, ਮਾਨ ਸਾਹਿਬ ਆਏ ਸਭਾ ਨੂੰ ਮਿਲ ਕੇ ਸਟੇਜ਼ ਮੂਹਰੇ ਦਰੀ ਉੱਤੇ ਹੀ ਥੌੜੀ ਖਾਲੀ ਜਗਾ ਦੇਖ ਕੇ ਬੈਠ ਵਧੀਆ ਗਾਇਕੀ ਦਾ ਆਨੰਦ ਮਾਨਣ ਲੱਗੇ। ਇੱਕ ਪਾਸੇ ਕਿਸੇ ਨੇ ਸ਼ੌਕਤ ਸਾਹਿਬ ਨਾਲ ਗੁਣ- ਗੁਣਾਉਣਾ ਸ਼ੁਰੂ ਕੀਤਾ, ਅਵਾਜ਼ ਬੜੀ ਸੁਰੀਲੀ ਸੀ, ਗੁਰਦਾਸ ਆਪਣੇ ਮਕਬੂਲ ਅੰਦਾਜ 'ਚ ਪੁੱਛਿਆ ''ਸੁਰ ਕਿਧਰੋਂ ਆਏ ਸੀ ਬਾਬਿਓ'' ਆਸੇ-ਪਾਸੇ ਵਾਲਿਆਂ ਛੋਟੀ ਜਿਹੀ ਉਮਰ ਦੇ ਸਥਾਪਿਤੀ ਲਈ ਸੰਘਰਸ਼ ਕਰ ਰਹੇ ਸਲੀਮ ਅਖ਼ਤਰ ਨਾ ਮੁੰਡੇ ਵੱਲ ਇਸ਼ਾਰਾ ਕਰਦਿਆਂ ਕਿਹਾ ਇਹ ਗਾ ਰਿਹਾ ਜੀ, ਇਸ ਸਭ ਵਿਚਕਾਰ ਹੀ ਵੇਟਰ ਕੌਫੀ ਲੈ ਕੇ ਆ ਗਿਆ, ਮਾਨ ਸਾਹਿਬ ਨੇ ਕੌਫੀ ਦਾ ਕੱਪ ਚੁੱਕਿਆ ਤੇ ਸਲੀਮ ਅਖ਼ਤਰ ਮੂਹਰੇ ਕਰਦਿਆਂ ਕਿਹਾ ''ਦੋ ਕੁ ਸੁਰ ਮੈਨੂੰ ਵੀ ਬਖ਼ਸ਼ ਦਿਓ'', ਸਲੀਮ ਝਿਜਕ ਰਿਹਾ ਸੀ ਪਰ ਮਾਨ ਸਾਹਿਬ ਨੇ ਉਸ ਕੱਪ ਵਿਚੋਂ ਦੋ ਘੁੱਟ ਸਲੀਮ ਨੂੰ ਪਿਆਉਣ ਤੋਂ ਬਾਅਦ ਹੀ ਕੌਫੀ ਪੀਤੀ । ਇੱਕ ਮੁਕਾਮ ਹਾਸਲ ਕਰ ਲੈਣ ਪਿੱਛੋਂ ਵੀ ਏਨੀ ਨਿਮਰਤਾ ਬਰਕਰਾਰ ਰੱਖ ਸਕਨੀ ਸਿਰਫ਼ ਤੇ ਸਿਰਫ਼ ਗੁਰਦਾਸ ਦੇ ਹਿੱਸੇ ਹੀ ਆਇਆ ਹੈ।
ਕਈ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਚੈਨਲਾਂ ਦਾ ਹੜ ਜਿਹਾ ਆਇਆ ਸੀ ਸਾਰੇ ਗਾਇਕਾਂ ਤੇ ਕੰਪਨੀਆਂ ਦਾ ਰੁਝਾਣ ਇੰਨਾਂ ਚੈਨਲਾਂ ਵੱਲ ਹੋ ਗਿਆ, ਇਸ ਦਰਮਿਆਨ ਗੁਰਦਾਸ ਵੀ ਦੂਰਦਰਸ਼ਨ ਤੋਂ ਗਾਇਬ ਰਿਹਾ। ਪਿੰਡ ਸਮਾਲਸਰ (ਮੋਗਾ) ਦਾ ਵਕੀਲ ਨਾਂ ਦਾ ਗੁਰਦਾਸ-ਭਗਤ ਆਪਣੀ ਟੁੱਟੀ- ਫੁੱਟੀ ਜਿਹੀ ਲਿਖਾਈ 'ਚ ਉਲਾਮਾਂ ਲਿਖ ਨਕੋਦਰ ਮੁਰਾਦ ਸ਼ਾਹ ਜੀ ਦੇ ਡੇਰੇ ਭੀੜ - ਭੜੱਕੇ ਵਿਚ ਦੀ ਗੁਰਦਾਸ ਦੇ ਹੱਥ ਫੜਾ ਆਇਆ, ਮੀਹ ਬਹੁਤ ਪੈ ਰਿਹਾ ਸੀ ਕਾਗਜ਼ ਵੀ ਗਿਲਾ ਹੋ ਗਿਆ ਤੇ ਲਿਖਾਈ ਵੀ ਬਹੁਤ ਮਾੜੀ ਸੀ, ਉਹ ਵਾਪਸ ਆਉਂਦਾ ਸੋਚ ਰਿਹਾ ਸੀ'' ਏਨਾ ਹੀ ਬਹੁਤ ਆ ..... ਬਾਈ ਨੇ ਚਿੱਠੀ ਫੜਲੀ, ਪੜਨੀ ਤਾਂ ਉਹਨੇ ਕਾਹਦੀ ਐ, ਗੱਡੀ ਬੈਠ ਜਦੋਂ ਗਿਲਾ ਜਿਹਾ ਕਾਗਜ਼ ਉਹਨੇ ਦੇਖਣੈ ਤਾਂ ਪਾੜ ਕੇ ਸਿਟ ਦੇਣੈ ਬਾਹਰ ... ਪਰ ਸੱਚੈ ਪਾਤਸ਼ਾਹ ਇੱਕ ਵਾਰੀ ਉਹ ਪੜ ਜਰੂਰ ਲਵੇ....'' ਅਰਦਾਸਾਂ ਕਰਦਾ ਉਹ ਵਾਪਸ ਆ ਆਪਣੇ ਕੰਮਾਂ- ਕਾਰਾਂ ਵਿਚ ਰੁਝ ਗਿਆ। ਚਿੱਠੀ 'ਚ ਵਕੀਲ ਨੇ ਦੱਸਿਆ ਉਸ ਨੇ ਆਪਣੇ ਮਨ ਦੀਆਂ ਕਈ ਗੱਲਾਂ ਲਿਖੀਆਂ ਪਰ ਮੇਨ ਤਾਂ ਇਹੀ ਸੀ''.. ਆ ਸ਼ਹਿਰਾਂ ਵਾਲਿਆਂ ਦੇ ਕੇਬਲਾਂ- ਕੁਬਲਾਂ ਤੇ ਤਾਂ ਯਾਰ ਰੋਜ਼ ਹੀ ਆਉਂਦਾ ਰਹਿੰਨਾ.. ਸਾਡੇ ਕੋਠਿਆਂ ਤੇ ਆਹ ਤੰਗਲੀਆਂ ਜੇਈਆਂ ਲੱਗੀਆਂ ਇਨਾ 'ਚ ਨੀਂ ਆਉਂਦੇ ਤੇਰੇ ਪ੍ਰੋਗਰਾਮ .²ਅਸੀ. ਤਾਂ ਉਡੀਕਦੇ ਈ ਰਹਿਣੈ ਆਂ ਜਾਵੇ ਕੁੱਲੀ ਦਾ ਕੀ ਬਣਨਾ.... ਮੇਰੇ ਮਨ ਦਾ ਇਹੋ ਜਿਹਾ ਹਾਲ ਸੀ। ਮੈਂ ਤਾਂ ਸੁੰਨ ਜਿਹਾ ਕਿਸੇ ਗਰੀਬ ਦੀ ਕੁੱਲੀ 'ਚ ਜਿਵੇਂ ਹਾਥੀ ਆ ਜਾਵੇ ਕੁੱਲੀ ਦਾ ਬਨਣਾ ...... ਮੇਰੇ ਮਨ ਦਾ ਇਹੋ ਜਿਹਾ ਹਾਲ ਸੀ। ਮੈਂ ਤਾਂ ਸੁੰਨ ਜਿਹਾ ਹੋ ਗਿਆ'' ਗੁਰਦਾਸ ਉਸਨੂੰ ਕਲਾਵੇ 'ਚ ਲੈ ਬਹੁਤ ਚਿਰ ਗੱਲਾਂ ਕਰਦਾ ਰਿਹਾ ਤੇ ਆਖਰ ਗੁਰਦਾਸ ਨੇ ਵਕੀਲ ਨਾਲ ਯਾਦਗਾਰੀ ਫੋਟੋ ਖਿਚਵਾਈ ਉਦੋਂ ਤੱਕ ਗੁਰਦਾਸ ਦੇ ਆਉਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ, ਭੀੜ ਹੱਦੋਂ ਵੱਧਣ ਲੱਗੀ ਗੁਰਦਾਸ ਨੇ ਆਪਣੇ ਚਹੇਤਿਆਂ ਤੋਂ ਇਜਾਜਤ ਲਈ ਲੋਕ ਉਸਦੇ ਵਡੱਪਣ ਦੀਆਂ ਅਜੇ ਤੱਕ ਗੱਲਾਂ ਕਰਦੇ- ਨੇ ਮੈਂ ਜਦੋਂ ਸਾਰੀ ਘਟਨਾ ਬਾਰੇ ਜਾਨਣ ਲਈ ਸਮਾਲਸਰ ਗਿਆ, ਇੱਕ ਦੁਕਾਨਦਾਰ ਤੋਂ ਵਕੀਲ ਦਾ ਘਰ ਪੁੱਛਿਆ ਤਾਂ ਉਸਨੂੰ ਪੱਕਾ ਪਤਾ ਨਹੀਂ ਸੀ ਉਸਨੇ ਨਾਲ ਦੇ ਦੁਕਾਨਦਾਰ ਤੋਂ ਪਤਾ ਕੀਤਾ ਤਾਂ ਉਹ ਸਹਿਜ ਭਾ ਹੀ ਬੋਲਿਆ'' ਕਿਹੜਾ.... ਵਕੀਲ..... ਅੱਛਾ ਉਹ ਗੁਰਦਾਸ ਮਾਨ ਵਾਲਾ... ਉਹ ਤਾਂ ਸੇਖੇ ਵਾਲੇ ਰਾਹ' ਤੇ ਰਹਿੰਦੈ.... ਬਾਈ।'' ਅੱਜ ਵਕੀਲ ਨੂੰ ਗੁਰਦਾਸ ਮਾਨ ਵਾਲਾ ਵਕੀਲ ਕਿਹਾ ਜਾਂਦਾ ਹੈ। ਮੈਨੂੰ ਕਮਲੀ ਯਾਰ ਦੀ ਵਿਚੋਂ ਲਾਇਨਾਂ - ਰਾਂਝਾ ਰਾਂਝਾ ਕਰਦੀ ਨੀਂ ਮੈਂ ਆਪਣੇ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ ਨੀ ਮੈਨੂੰ ਹੀਰ ਨਾ ਆਖੋ ਕੋਈ..' ਯਾਦ ਆਈਆਂ। ਧੰਨ ਹੁੰਦੀਆਂ ਜਿਹੜੀਆਂ ਸੱਜਣਾਂ ਦੇ ਨਾਂ ਨਾਲ ਜਾਣੀਆਂ ਜਾਂਦੀਆਂ, ਭਾਗਾਂਵਾਲੀਆਂ ਤੇ ਹੀ ਉਨਾਂ ਦੇ ਪੀਰਾਂ ਦੀ ਨਿਗਾ ਸਵੱਲੀ ਹੁੰਦੀ ਹੈ। ਗੁਰਦਾਸ ਬਾਰੇ ਵਕੀਲ ਕਹਿੰਦਾ '' ਉਹ ਸਿਰਫ ਗਾਇਕ ਜਾਂ ਗੀਤਕਾਰ ਤਾਂ ਹੁਣ ਰਿਹਾ ਈ ਨਹੀਂ, ਉਹਦੇ ਨਾਲ ਆਹ ਜਿਵੇਂ ਆਪਾਂ ਕਹਿ ਦਿੰਨੇ ਫੈਨ ਜਾਂ ਸਰੋਤਿਆਂ ਵਾਲੀ ਕੋਈ ਗੱਲ ਨੀਂ.... ਸਾਨੂੰ ਤਾਂ ਉਹ ਫਕੀਰ ਲਗਦਾ ਉਸ ਦੇ ਮੁੱਖੋਂ ਨਿਕਲਿਆ ਹਰ ਸ਼ਬਦ ਇਲਾਹੀ ਫੁਰਮਾਨ ਜਿਹਾ ਲਗਦਾ, ਉਹ ਤਾਂ ਆਪਾਂ ਜਿਵੇਂ ਕਹਿ ਦਿੰਨੇ ਆ ਵੀ ਉਹ ਤਾਂ ਇੱਕ ਵੱਖਰੀ ਵਿਚਾਰਧਾਰਾ , ਇੱਕ ਵੱਖਰਾ ਪੰਥ ਹੀ ਬਣ ਗਿਆ, ਆਪਾਂ ਸਾਰੇ ਹੀ ਉਹਦੇ ਸ਼ਰਧਾਲੂ ਹਾਂ।'' ਵਕੀਲ ਦੀ ਗੱਲ ਸੁਣ ਮੈਨੂੰ ਇੱਕ ਹੋਰ ਗੱਲ ਯਾਦ ਆਈ, ਕੋਟਕਪੂਰੇ ਤੋਂ ਦੱਸ ਕੁ ਕਿਲੋਮੀਟਰ ਦੂਰ ਪਿੰਡ ਪੰਜਗਰਾਈ ਵਿਚੋਂ ਲੰਘ ਰਿਹਾ ਸੀ , ਕੋਈ ਕੰਮ ਯਾਦ ਆਇਆ, ਇੱਕ ਐਸ.ਟੀ.ਡੀ. ਤੇ ਗੱਡੀ ਰੋਕੀ ਅੰਦਰ ਗਿਆ ਤਾਂ ਦੇਖਿਆ ਉਥੇ ਮਨਜੀਤ ਮਾਨ, ਗੁਰਇੱਕ ਤੇ ਗਰਦਾਸ ਦੀਆਂ ਕਾਫੀ ਫੋਟੋਆਂ ਲੱਗੀਆਂ ਸਨ। ਮੈਂ ਸੋਚਿਆ ਇਹ ਵੀ ਗੁਰਦਾਸ ਮਾਨ ਦਾ ਵੱਡਾ ਫੈਨ ਲਗਦੈ, ਫੋਨ ਕਰ ਮੈਂ ਵਾਪਸ ਮੁੜਨ ਲੱਗਾ ਤਾਂ ਦੇਖਿਆ ਉਪਰ ਦੋ ਵੱਡੀਆਂ ਧਾਰਮਿਕ ਹਸਤੀਆਂ ਦੇ ਬਰਾਬਰ ਉਸ ਗੁਰਦਾਸ ਦੀ ਫੋਟੋ ਵੀ ਲਾਈ ਸੀ, ਇੱਕ ਅਗਰਬੱਤੀ ਦੂਜੀਆਂ ਫੋਟੋਆਂ ਵਿਚਾਲੇ ਦੂਜੀ ਗੁਰਦਾਸ ਦੀ ਫੋਟੋ ਥੱਲੇ ਲਾਈ ਸੀ। ਮੈਂ ਪੁੱਛਿਆ ਤਾਂ ਉਸ ਲੰਬੀ ਦਾੜੀ ਤੇ ਸਲੀਕੇਦਾਰ ਪੱਗ ਬੰਨੀ ਬੈਠੇ ਨੌਜਵਾਨ ਨੇ ਕਿਹਾ ''ਸਾਨੂੰ ਤਾਂ ਗੁਰਦਾਸ ਵੀ ਰੱਬ ਹੀ ਲੱਗਦੇ'' ਅੱਜ ਫਿਰ ਦੋਬਾਰਾ ਜਦੋਂ ਮੈਂ ਉਹ ਗੁਰਦਾਸ ਮੰਦਰ ਦੇਖਣ ਗਿਆ ਤਾਂ ਹੈਰਾਨ ਰਹਿ ਗਿਆ ਕੈਬਿਨ ਵਿਚ ਕੋਈ ਫੋਟੋ ਨਹੀਂ ਸੀ, ਮੈਂ ਫਿਰ ਕਾਰਨ ਪੁੱÎਛਿਆਂ ਤਾਂ ਉਹ ਬੋਲਿਆ ਕਈ ਲੋਕ ਸ਼ਰਾਬ ਪੀ ਕੇ ਆ ਜਾਂਦੇ ਐ.. ਫੋਨ ਕਰਨ, ਦੁਕਾਨਦਾਰੀ ਆ ਰੋਕਿਆ ਵੀ ਨਹੀਂ ਜਾ ਸਕਦਾ ਕਿਸੇ ਨੂੰ ਮੈਂ ਸੋਚ ਰਿਹਾ ਸੀ ਧੰਨ ਹੈ ਗੁਰਦਾਸ ਮਾਨ ਤੇ ਧੰਨ ਹਨ ਉਸਨੂੰ ਚਾਹੁਣ ਵਾਲੇ। ਗੁਰਦਾਸ ਦੀ ਨਿਮਰਤਾ ਦੀਆਂ ਇਹ ਚੰਦ ਕੁ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਝੀਆਂ ਕੀਤੀਆਂ ਇੱਕ ਬਹੁਤ ਵੱਡੀ ਲੜੀ ਦਾ ਬਹੁਤ ਛੋਟਾ ਜਿਹਾ ਹਿੱਸਾ ਹਨ, ਹੋਰ ਵੇਰਵੇ ਮੈਂ ਇਕੱਠੇ ਕਰ ਸਕਿਆ ਤਾਂ ਫਿਰ ਇੱਕ ਵਧੀਆ ਕਿਤਾਬ ਲੈ ਤੁਹਾਡੇ ਸਨਮੁੱਖ ਪੇਸ਼ ਹੋਵਾਂਗਾ।
ਇਸ ਯੁਗਪੁਰਸ਼ ਦੀ ਸ਼ਖਸ਼ੀਅਤ ਦੇ ਬਹੁਤ ਸਾਰੇ ਰੂਪ ਮੇਰੇ ਜ਼ਿਹਨ 'ਤੇ ਛਾਏ ਹੋਏ ਹਨ, ਕਦੇ ਕਦੇ ਉਹ ਮੈਨੂੰ ਆਪਣੇ ਪ੍ਰਾਇਮਰੀ ਸਕੂਲ ਦੇ ਕਿਸੇ ਜਮਾਤੀ ਵਾਂਗ ਆਪਣਾ ਆਪਣਾ ਜਿਹਾ ਲਗਦੈ, ਕਦੇਂ ਉਹ ਸਿਆਣੀ ਮਾਂ ਵਾਂਗ ਮੈਨੂੰ ਆਪਣੇ ਗੀਤਾਂ, ਰਾਹੀਂ ਸਮਝਾਉਂਦਾ ਤੇ ਝਿੜਕਦਾ ਵੀ ਰਹਿੰਦੈ, ਕਦੇ ਉਸ ਦੇ ਗੀਤ ਮੇਰੇ ਗੁਲਾਬੀ ਰੰਗ ਦੇ ਹਸੀਨ ਸੁਪਨਿਆਂ ਸੰਗ ਮਸਕਾਉਂਦੇ- ਹੱਸਦੇ-ਖੇਡਦੇ ਤੇ ਨਚਦੇ ਰਹਿੰਦੇ ਨੇ ਕਦੇ ਕਦੇ ਮੈਂ ਉਸਦੇ ਗੀਤਾਂ ਦੇ ਗੱਲ ਲਗ ਲਗ ਧਾਹਾ ਮਾਰ ਹੋਇਆ ਵੀ ਹਾਂ, ਮੈਨੂੰ ਲਗਦੈ ਉਹ ਮੇਰੀ ਜਿੰਦਗੀ ਦਾ ਹਰ ਰਾਜ ਜਾਣਦਾ ਹਮਉਮਰ ਦੋਸਤ ਹੋਵੇ, ਪਰ ਅਗਲੇ ਹੀ ਪਲ ਜਦੋਂ ਕਦੇ ਕਲਪਨਾ ਦੀਆਂ ਉਡਾਰੀਆਂ ਚੋਂ ਬਾਹਰ ਨਿਕਲੀਏ ਤਾਂ ਧਿਆਨ ਆਉਂਦਾ ਉਹ ਐਡਾ ਵੱਡਾ ਸਟਾਰ ਹੈ ਕਿ ਉਸ ਨੂੰ ਸਾਹਮਣੇ ਬੈਠ ਗਾਉਂਦਿਆਂ ਸੁਣਨਾ- ਦੇਖਣਾ ਮੇਰੇ ਵਰਗੇ ਵਿਤੋਂ ਬਾਹਰ ਦੀ ਗੱਲ ਹੈ। ਫਿਰ ਵੀ ਇਹੀ ਦੁਆ ਹੈ ਕਿ ਉਹ ਨਿੱਤ ਨਵੀਆਂ ਮੰਜ਼ਲਾਂ ਸਰ ਕਰਦਾ ਜਾਵੇ, ਸ਼ਾਲਾਂ ਉਸ ਦੀਆਂ ਬੁਲੰਦੀਆਂ ਸਾਹਮਣੇ ਅਸਮਾਨ ਵੀ ਛੋਟਾ ਪੈ ਜਾਵੇ।
No comments:
Post a Comment