ਦਿਲਾਂ ਦਾ ਮਹਿਰਮ ਦੂਰ ਗਿਆ........ ਲੇਖ / ਨਿੰਦਰ ਘੁਗਿਆਣਵੀ


ਸਾਂਈ ਜ਼ਹੂਰ ਅਹਿਮਦ ਦੀ ‘ਹੂਕ’ ਤੇ ‘ਹੇਕ’ ਹਮੇਸ਼ਾ ਮੇਰਾ ਪਿੱਛਾ ਕਰਦੀ ਰਹਿੰਦੀ ਐ...ਅੱਲਾ ਹੂ... ਊ... ਅੱਲਾ... ਹੂ... ਅੱਲਾ ਈ ਅੱਲਾ... ਓ ਅੱਲਾ... ਅੱਲਾ ਹੂ...!  ਲ਼ਗਦਾ ਹੈ ਕਿ ਉਹ ਹੁਣੇ ਈ ਕਿੱਧਰੋਂ ਸਾਹਮਣੇ ਆਉਂਦਾ ਮਿਲ ਪਵੇਗਾ। ਮੈਂ ਉਹਦੇ ਪੈਰੀਂ ਪੈ ਜਾਵਾਂਗਾ, “ਓਹ ਗੁਰੂ...ਮੈਂ ਤਾਂ ਤੈਨੂੰ ਕਦੋਂ ਦਾ ਲੱਭਦਾ ਫਿਰਦਾ ਆਂ...ਤੂੰ ਕਿੱਥੋਂ ਆਣ ਪ੍ਰਗਟ ਹੋਇਐਂ ਅਚਾਨਕ...ਵਾਹ-ਵਾਹ...ਧੰਨਭਾਗ...।”
ਸਾਂਈ ਮੇਰੇ ਸਿਰ ‘ਤੇ ਹੱਥ ਧਰੇਗਾ, ਮੇਰੇ ਨਾਲ ਤੁਰ ਪਵੇਗਾ ਤੇ ਕਹੇਗਾ, “ਚੱਲ...ਚੱਲ ਕੇ ਗਾਈਏ...ਅੱਲਾ ਨਾਲ ਰੂਹਾਂ ਜੋੜੀਏ, ਐਵੇਂ ਕਿਉਂ ਭਟਕਦਾ ਫਿਰਦਾ ਏਂ?”
ਇਸ ਸਾਲ ਜਦ ਕੈਨੇਡਾ ਸਾਂ, ਨੈੱਟ ਉੱਤੇ ਬਹਿਣ ਦਾ ਵੇਲਾ ਰੋਜ਼ ਵਾਂਗ ਹੀ ਮਿਲਦਾ ਸੀ। ਯੂ-ਟੂਬ ਖੋਲ੍ਹਦਾ ਤੇ ਝਟ ਹੀ ਸਾਂਈ ਜ਼ਹੂਰ ਅਹਿਮਦ ਕੋਲ ਚਲਿਆ ਜਾਂਦਾ ਸਾਂ। ਸਾਂਈ ਦਾ ਤੂੰਬਾ ਟੁਣਕਦਾ ...ਅੱਖਾਂ ਮੁੰਦੀ ਉਹ ਸਿਰ ਝਟਕਦਾ ...ਪੈਰੀਂ ਬੱਧੇ ਘੁੰਗਰੂ ਛਣਕਦੇ
...ਹੇਕ ਗੂੰਜਦੀ...ਸੁਰਾਂ ਦਾ ਸਾਗਰ ਜਿਵੇਂ ਛਲਕਣ ਹੀ ਲਗਦਾ...ਮੈਂ ਸਾਂਈ ਦੇ ਸੰਗੀਤ ਵਿੱਚ ਖੋਅ ਜਾਂਦਾ। ਸਾਂਈ ਦਿਲ ਦਾ ਮਹਿਰਮ ਬਣ ਬੈਠਾ ਸੀ।
ਸਾਂਈ ਨਾਲ ਮੇਰੀ ਆੜੀ ਕਿਵੇਂ ਪਈ? ਇਹ ਕਿੱਸਾ ਵੀ ਸੁਣ ਈ ਲਓ!
ਸਾਲ-2005 ਦੀ ਗੱਲ ਹੈ। ਇੰਗਲੈਂਡ ਫੇਰੀ ਸਮੇਂ ਸਾਊਥਾਲ ਦੇ ‘ਦੇਸੀ ਰੇਡੀਓ’ ਸਟੇਸ਼ਨ ਵਿੱਚ ਤਿੰਨ ਕੁ ਮਹੀਨੇ ਠਹਿਰਿਆ ਸਾਂ। ਇੱਥੇ ਮੈਂ ਸੰਗੀਤ ਬਾਰੇ ਇੱਕ ਪ੍ਰੋਜੈਕਟ ਉੱਤੇ ਰੇਡੀਓ ਲਈ ਕੁਝ ਪ੍ਰੋਗਰਾਮ ਤਿਆਰ ਕਰ ਰਿਹਾ ਸਾਂ। ਇੱਕ ਆਥਣ , ਰੇਡੀਓ ਸਟੇਸ਼ਨ ਦਾ  ਕਾਰਜ-ਕਰਤਾ ਅਜੀਤ ਖਹਿਰਾ ਆਖਣ ਲੱਗਿਆ, “ਅੱਜ ਆਪਾਂ ਰਾਤੀ ਇੱਕ ਸ਼ੋਅ ਦੇਖਣ ਜਾਣੈਂ ਰੱਖਕੇ ਜ਼ਰਾ...ਰੈਡੀ ਰਹੀਂ...ਓ ਕੇ...? ਸਪੈਸ਼ਲੀ ਸੱਦਾ ਆਇਆ ਆ ਰਖਕੇ ਜ਼ਰਾ...।” ਅਜੀਤ ਦਾ ਗੱਲ-ਗੱਲ ‘ਤੇ ‘ਰੱਖਕੇ ਜ਼ਰਾ...ਰੱਖਕੇ ਜ਼ਰਾ’ ਮੈਨੂੰ ਬੜਾ ਪਿਆਰਾ ਲਗਦਾ। ਇਹ ਉਹਦਾ ਤਕੀਆ ਕਲਾਮ ਸੀ। ਅਜੀਤ ਹੱਸਦਾ, ਉੱਚਾ ਠਹਾਕਾ ਲਾਉਂਦਾ ਤਾਂ ਉਹਦਾ ਲੰਬਾ ਦਾਹੜਾ ਵੀ ਹੱਸ ਰਿਹਾ ਹੁੰਦਾ, ਉਹ ਤਾੜੀ ਮਾਰਦਾ ਤੇ ਕਹਿੰਦਾ, “ਰੱਖਕੇ ਜ਼ਰਾ...ਵਾਹ ਬਈ ਵਾਹ...ਹੈਂ?...ਈਮੇਜਿ਼ੰਗ...ਰੱਖਕੇ ਜ਼ਰਾ...।” ਮੈਂ ਆਪਣਾ ਕੰਮ ਕਰਦਾ-ਕਰਦਾ  ਅਜੀਤ ਦੀ ਰੱਖਕੇ ਜ਼ਰਾ ਸੁਣ ਕੇ ਖ਼ੁਸ ਼ਹੋ ਜਾਂਦਾ।
“ਪਰ ਭਾਜੀ, ਅੱਜ ਸ਼ਾਮ ਤਾਂ ਮੈਨੂੰ ਰਣਜੀਤ ਧੀਰ ਨੇ ਰੋਟੀ ‘ਤੇ ਬੁਲਾਇਆ ਐ...ਮੈਂ ਹਾਂ ਕਰੀ ਬੈਠਾ ਵਾਂ।” ਮੈਂ ਕਿਹਾ।
“ਡੌਂਟ ਵਰੀ...ਓ ਕੇ ਆ...ਓ ਕੇ ਆ...ਤੂੰ ਜਾਇਆ ਰਖਕੇ ਜ਼ਰਾ ਧੀਰ ਦੇ...ਮੈਂ ਇਕੱਲਾ ਈ ਜਾਵਾਂਗਾ ਸ਼ੋਅ ਦੇਖਣ...ਰਖਕੇ ਜ਼ਰਾ...।”
ਧੀਰ ਦੇ ਘਰ ਬੈਠਿਆ ਵੀ ਮੈਂ ਸੋਚਦਾ ਈ ਰਿਹਾ, ਭਲਾ ਕਿੱਥੇ ਜਾਣਾ ਹੋਇਆ ਅਜੀਤ ਭਾ ਨੇ? ਕਾਹਦਾ ਸ਼ੋਅ ਹੋਇਆ ਹੋਣਾ? ਚੰਗਾ ਹੁੰਦਾ ਜੇ ਮੈਂ ਅਜੀਤ ਭਾਅ ਦੇ ਨਾਲ ਈ ਚਲਿਆ  ਜਾਂਦਾ। ਧੀਰ ਦੀ ਰੋਟੀ ਕਦੇ ਫਿਰ ਖਾ ਲੈਂਦਾ। ਦੇਰ ਰਾਤੀਂ ਧੀਰ ਦੇ ਘਰੋਂ ਆਣ ਕੇ ਮੈਂ ਕਮਰੇ ਵਿੱਚ ਸੌਂ ਗਿਆ। ਅਜੀਤ ਭਾਅ ਤਾਂ ਹਾਲੇ ਵੀ ਨਹੀਂ ਸੀ ਆਇਆ।
ਸਵੇਰ ਦੀ ਚਾਹ ਪੀਂਦਿਆਂ ਅਜੀਤ ਭਾਅ ਚਹਿਕ ਰਿਹਾ ਸੀ, “ਓ ਨਿੰਦਰ ਕਮਲਿਆ...ਤੂੰ ਰਾਤੀ ਮੇਰੇ ਨਾਲ ਈ ਜਾਣਾ ਸੀ ਰਖਕੇ...ਓ ਤੇਰੀ ਕਿਸਮਤ ਖੋਟੀ ਆ...ਆਏ...ਹਾਏ...ਹਾਏ...ਯਾਰ  ਅਨੰਦ ਆ ਗਿਆ...ਰਖਕੇ ਜ਼ਰਾ...।” ਮੈਂ ਛੇੜਿਆ, “ਭਾਅ ਜੀ, ਅਨੰਦ ਤਾਂ ਜਲੰਧਰ ਬੈਠਾ ਆ ‘ਨਵਾਂ ਜ਼ਮਾਨਾ’ ਦੇ ਦਫ਼ਤਰ ਏਥੇ ਕਿੱਥੇ ਆ ਗਿਆ ਅਨੰਦ...ਜਗਜੀਤ ਸਿੰਘ ਅਨੰਦ...?”
ਅਜੀਤ ਨੇ ਮੇਰੀ ਛੇੜ ਨੂੰ ਨਜ਼ਰ-ਅੰਦਾਜ ਼ਕਰ ਦਿੱਤਾ ਸੀ, “ਯਾਰ, ਇੱਕ ਸਾਂਈ ਆਇਆ  ਪਾਕਿਸਤਾਨ ਤੋਂ...ਗੋਰਿਆਂ ਦਾ ਸ਼ੋਅ ਸੀ...ਉਹਨਾਂ ਸੱਦਿਆ ਰਖਕੇ ਜ਼ਰਾ...ਇੱਕ ਤਾਰੇ ਨਾਲ ਗਾਣ ਡਿਹਾ ਯਾਰ ਉਹ ਤੇ...ਪੈਰੀਂ ਘੂੰਗਰੂਆਂ ਦਾ ਤਾਲ ਦਏ ਪਿਆ...ਬਾਬੇ ਬੁੱਲ੍ਹੇ ਸ਼ਾਹ ਦਾ ਰੂਪ ਨਿਰਾ...ਕਲਾਮ ਵੀ ਬਾਬੇ ਬੁੱਲ੍ਹੇ ਦੇ ਗਾਵੇ...ਰਖਕੇ ਜ਼ਰਾ...ਉਹਨੇ ਗਾਇਆ ਯਾਰ...ਕੰਜਰੀ ਬਣਿਆਂ ਮੇਰੀ ਜ਼ਾਤ ਨਾ ਘਟਦੀ ਨੀਂ ਮੈਨੂੰ ਨੱਚਕੇ ਯਾਰ ਮਨਾਵਣ ਦੇ...ਕਿਆ ਨਾਚ ਕੀਤਾ ਰਖਕੇ ਜ਼ਰਾ... ਹਾਏ..ਹਾਏ...ਹਾਏ...ਗੋਰੇ ਮਸਤ ਹੋਏ-ਹੋਏ ਕੂਕਾਂ ਮਾਰਨ ਡਹੇ ਉਹਦੀ ਅਦਾ ‘ਤੇ...ਮੈਂ ਨਿਹਾਲ ਹੋ ਗਿਆ...ਰਖਕੇ ਜ਼ਰਾ...ਜਦ ਸ਼ੋਅ ਮੁੱਕਿਆ ਤਾਂ ਸਟੇਜ ਦੇ ਪਿੱਛੋਂ ਦੀ ਭੱਜਕੇ ਸਾਂਈ ਦੇ ਮਗਰੇ ਕਮਰੇ ਵਿੱਚ ਜਾ ਵੜਿਆ...ਸਾਂਈ ਨੂੰ ਜਾ ਗਲਵੱਕੜੀ ਪਾਈ ਰਖਕੇ ਜ਼ਰਾ ਮੈਂ...ਆਪਣਾ ਬੋਝਾ (ਜੇਭ੍ਹ) ਫੋਲਿਆ...ਜਿੰਨੇ ਪੈਹੇ ਸਨ...ਸਾਂਈ ਦੇ ਬੋਝੇ ਵਿੱਚ ਪਾ ਦਿੱਤੇ ਕਿ...ਸਾਂਈ ਨੇ ਮੈਨੂੰ ਨਿਸ਼ਾਨੀ ਦਿੱਤੀ ਇਆ ਯਾਰ, ਆਪਣਾ ਇੱਕ, ਆਡੀਓ ਟੇਪ...ਇੱਕ ਵੀਡੀਓ ਟੇਪ...ਆਪਾਂ ਸ਼ਾਮੀਂ ਦੇਖਾਂਗੇ ਯਾਰ ਰਖਕੇ ਜ਼ਰਾ...ਨਾਲੇ ਰੈੱਡ ਵਾਈਨ ਪੀਆਂਗੇ...।”
ਮੈਂ ਮਨ ਹੀ ਮਨ ਪਛਤਾਉਣ ਲੱਗਿਆ ਕਿ ਕਿਉਂ ਨਾ ਗਿਆ ਮੈਂ ਅਜੀਤ ਨਾਲ...ਮੈਂ ਵੀ ਉਸ ਸਾਂਈ ਦੇ ਦੀਦਾਰ ਕਰ ਲੈਂਦਾ।
ਅੱਜ ਤਾਂ ਦਿਨ ਲੰਬਾ ਹੀ ਲੰਬਾ ਹੁੰਦਾ ਜਾਂਦਾ ਸੀ। ਆਪਣੇ ਕੰਮ ਵਿੱਚ ਮਸਤ ਹੁੰਦਿਆਂ ਵੀ ਮੈਂ ਕਈ ਵਾਰ ਬਾਰੀ ਵਿੱਚ ਦੀ ਡੁੱਬਦਾ ਸੂਰਜ ਦੇਖਿਆ ਸੀ ਕਦੋਂ ਸ਼ਾਮ ਪਵੇ ਤੇ ਅਸੀਂ ਸਾਂਈ ਦੇ ਦੀਦਾਰ ਕਰੀਏ। ਜਦ ਸੂਰਜ ਛੁਪਿਆ ਤਾਂ ਅਜੀਤ ਨੇ ਸਾਥੀ ਅਮਰ ਨੂੰ ਕਿਹਾ, “ਓ ਅਮਰ ਕਿੱਥੇ ਆ ਤੇਰੀ ਵਾਈਨ ਲਿਆ ਜ਼ਰਾ ਰਖਕੇ...ਓ ਯਾਰ ਪਾ ਖਾਂ ਸਾਂਈ ਦਾ ਤਵਾ ਕੰਪਿਊਟਰ ‘ਚ...।” ਵਾਈਨ ਦੀ ਬੋਤਲ ਖੁੱਲ੍ਹ ਗਈ ਸੀ। ਅਜੀਤ ਨੇ ਆਪਣੀ ਮੇਜ਼ ਦੀ ਦਰਾਜ਼ ਵਿੱਚੋਂ ਮੂੰਗਫਲੀ ਦਾ ਲਿਫਾਫਾ ਕੱਢ ਲਿਆ ਸੀ। ਮੇਰਾ ਮਨ ਸਾਂਈ ਦੇ ਦੀਦਾਰਾਂ ਲਈ ਉਤਾਵਲਾ ਹੋ ਰਿਹਾ ਸੀ।
ਕੰਪਿਊਟਰ ਸੀ. ਡੀ. ਲੋਡ ਕਰਨ ਲੱਗਿਆ। ਮੈਂ ਇੱਕ-ਟਕ ਕੰਪਿਊਟਰ-ਸਕਰੀਨ ਵੱਲ ਦੇਖ ਰਿਹਾ ਸਾਂ। ਸਾਂਈ ਆਣ ਪ੍ਰਗਟ ਹੋਇਆ। ਏਹ ਤਾਂ ਬਾਬਾ ਬੁੱਲ੍ਹੇ ਸ਼ਾਹ ਈ ਆ ਗਿਆ ਸੀ ਕਿ...! ਉਹੀਓ ਵੇਸ ਤੇ ਭੇਸ...ਕਾਲੀ ਪੱਗੜੀ ਮੰਡਾਸੇ ਮਾਰ...ਗਲ ਵਿੱਚ ਕਈ ਮਾਲਾਵਾਂ ਤੇ ਤਬੀਤ...ਉਂਗਲਾਂ ‘ਚ ਛਾਪਾਂ-ਛੱਲੇ...ਤਿੱਖੀਆਂ-ਚੁੰਧੀਆਂ ਅੱਖਾਂ...ਕਤਰੀ ਦਾਹੜੀ...ਸੁੱਕਾ ਮੂੰਹ...ਕਾਲਾ ਚੋਲਾ...ਹੱਥ ਵਿੱਚ ਤੂੰਬਾ...ਵੰਨੇ-ਵੰਨੇ ਫੁੱਲਾਂ ਤੇ ਝਾਲਰਾਂ ਨਾਲ ਲੱਦਿਆ ਪਿਆ ਤੂੰਬਾ...ਟੁਣ...ਟੁਣ... ਟੁਣਕੇ!
ਸਾਂਈ ਨਾਲ ਗੱਲਾਂ ਕਰਨ ਵਾਲਾ ਸਾਥੀ ਇਵੇਂ ਲੱਗੇ ਜਿਵੇਂ ਕਿਸੇ ਚਰਚ ਦਾ ਪੜ੍ਹਿਆ-ਲਿਖਿਆ ਪਾਦਰੀ। ਸਾਂਈ ਨੂੰ ਪੁੱਛਦਾ ਹੈ, “ਏਹ ਸਿਲਸਿਲਾ ਕਿਵੇਂ ਸ਼ੁਰੂ ਹੋਇਆ?”
ਸਾਂਈ ਦੀ ਉਰਦੂ-ਬੋਲੀ ਸਿੱਧ-ਪੱਧਰੀ ਹੈ ਪੇਂਡੂ। ਉਹ ਆਪਣੀਆਂ ਨਿੱਕੀਆਂ ਅੱਖਾਂ ਨਾਲ ਸਵਾਲ ਕਰ ਰਹੇ ਸਾਥੀ ਦਾ ਚਿਹਰਾ ਨਿਹਾਰਦਾ ਦਸਦਾ ਹੈ, “ਖ਼ਾਬ ਸੀ ਰੋਜ਼ ਦਾ...ਸਾਡੇ ਇੱਕ ਦਰਬਾਰ ਸੀ...ਬਾਵਾ ਹਾਮਦ ਲਾਲ ਦਾ...ਉਥੇ ਇੱਕ ਮਲੰਗ ਰੈਂਹਦਾ ਸੀ...ਸਾਂਈ ਰੌਣਕ ਸ਼ਾਹ...ਸਰਾਇਕੀ ‘ਚ ਗਾਂਦਾ ਸੀ ਇੱਕ ਤਾਰੇ ਨਾਲ...ਤੈਨੂੰ ਸੁੱਤਿਆਂ ਜਾਗ ਨਾ ਆਈ ਤੇ ਚਿੜੀਆਂ ਬੋਲ ਪਈਆਂ...ਬੁੱਲੇ ਸ਼ਾਹ ਨੁੰ ਮਕਸਦ ਏ ਮੇਰਾ ਗਾਵਣ ਦਾ...ਕਿ ਦਿਲਾਂ ‘ਚ ਅਸਰ ਪਵੇ...ਕੋਈ ਸੁਣੇ...।” ਗੱਲਾਂ ਦੱਸਕੇ ਸਾਂਈ ਗਾਉਣ ਲੱਗਦਾ ਹੈ:
                       ਕੀ ਜਾਣਾ ਮੈਂ ਕੌਣ
                       ਓ ਬੁੱਲਿਆ, ਕੀ ਜੀਣਾ ਮੈਂ ਕੌਣ...
ਮੈਂ, ਅਜੀਤ ਤੇ ਅਮਰ ਵਾਈਨ ਦੇ ਗਿਲਾਸ ਭੁੱਲ ਕੇ ਸਾਂਈ ਦੇ ਹੋ ਗਏ ਹਾਂ।
“ਸੂਫ਼ੀ ਗਾਇਕੀ ਕੀ ਏ?” ਸਾਂਈ ਨੂੰ ਪੁੱਿਛਆ ਗਿਆ।
ਉਹ ਮੁਸਕਰਾ ਕੇ ਕਹਿੰਦੈ, “ਜਿਹਨੂੰ ਸੁਣ ਕੇ ਮੁਹੱਬਤ ਪਵੇ...ਦੁਨੀਆ ਪਿਆਰ ਨਾਲ...ਜੰਗ ਨਾਲ ਤੇ ਨਹੀਂ ਨਾ...ਪਿਆਰ ਨਾਲ ਜਿੱਤੀ ਜਾ ਸਕਦੀ ਏ...।”
ਸਾਂਈ ਆਪਣੇ ਇੱਕ ਤਾਰੇ ਦਾ ਸਿਰ ਆਪਣੇ ਕੰਨ ਨਾਲ ਲਾਉਂਦਾ ਹੈ।ਤਾਰ ਉੱਤੇ ਵੱਜ ਰਹੀ ਉਂਗਲੀ ‘ਤੇ ਛੱਲਾ ਪਾਇਆ ਹੋਇਐ। ਭੋਲ ਚੁੱਕਦਾ ਹੈ:
                    ਤੰਨ...ਤੰਨ...ਤੰਨ...ਵੱਜਦਾ...ਤਾਰਾ
                     ਓ ਤੰਨ...ਤੰਨ..ਤੰਨ...
ਇਸ ਤੋਂ ਪਿੱਛੋਂ ਉਹ ਕੁਝ ਟੋਟੇ-ਟੋਟੇ ਕਰਕੇ ਬੋਲ ਉਚਾਰਦਾ ਹੈ:
                    ਜੀਣਾ ਇੰਜ ਛਣੀਂਦਾ ਯਾਰ
                    ਵੱਜੇ ਅੱਲਾ ਵਾਲੀ ਤਾਰ
                    ਓ ਵੱਜੇ ਮੁਰਸ਼ਦ ਵਾਲੀ ਤਾਰ
                    ਜੀਣਾ ਇੰਜ ਛਣੀਂਦਾ ਯਾਰ...
                    -ਨੀਂ ਮੈਂ ਕਮਲੀ ਆਂ 
                    ਯਾਰ ਤੇਰੀ ਕਮਲੀ ਆਂ...
ਗਾਉਂਦਿਆਂ ਨਾਚ ਕਰਦਾ ਹੈ। ਪੈਂਰੀ ਬੱਧੇ ਘੂੰਗਰੂਆਂ ਦੀ ਛਣਕਾਰ...ਹਾਰਮੋਨੀਅਮ ਦੀਆਂ ਸੁਰਾਂ ਤੇ ਢੋਲਕ ਦੀ ਤਾਲ ਰਲ-ਮਿਲ ਕੇ ਆਲੌਕਿਕ ਸੰਗੀਤਕ ਨਜ਼ਾਰਾ ਬੰਨ੍ਹ ਦਿੰਦੀਆਂ ਹਨ । ਤੂੰਬੇ ਨਾਲ ਬੱਧੀਆਂ ਝੂੰਮ ਰਹੀਆਂ ਲੋਗੜੀ ਦੇ ਫ਼ੁੱਲਾਂ ਦੀਆਂ ਲੜੀਆਂ ਪਿਆਰੀਆਂ ਲੱਗਣ ਲੱਗਦੀਆ ਹਨ। ਨੱਚ ਰਿਹਾ ਸਾਂਈ ਹਫਦਾ ਨਹੀਂ, ਸਹਿਜ ਹੈ, ਸ਼ਾਂਤ ਹੈ, ਸੁਰ ਵਿੱਚ ਗੁਆਚਾ ਹੋਇਆ ਮਸਤ ਹੈ।
ਸੰਗੀਤ ਤੇ ਸੂਫ਼ੀਆਨਾ ਕਲਾਮ ਬਾਰੇ ਸਾਂਈ ਦੀਆਂ ਗੱਲਾਂ ਅਟੇ-ਸਟੇ ਵਾਲੀਆਂ ਹੋਣ ਕਾਰਨ ਪੁੱਛਣ ਵਾਲੇ ਦੀ ਤਸੱਲੀ ਨਹੀਂ ਹੋਈ ਜਾਪ ਰਹੀ ਪਰ ਸਾਂਈ ਦਾ ਸੰਗੀਤ ਸਭ ਕੁਝ ਨੂੰ ਭੁਲਾਈ ਜਾ ਰਿਹਾ ਸੀ। ਉਹ ਗਾ ਰਿਹਾ ਸੀ:
               ਨਿੰਮਰਾਂ ‘ਤੇ ਚੜ੍ਹ ਬਾਂਗਾ ਦੇਂਦੇ,ਨੀਅਤ ਜਿੰਨ੍ਹਾਂ ਦੀ ਖੋਟੀ
               ਜੇਕਰ ਬੁੱਲ੍ਹਿਆ ਰੱਬ ਨੁੰ ਪਾਉਣਾ, ਕਰ ਸਾਫ਼ ਅੰਦਰ ਦੀ ਬੋਟੀ        
              ਨੀਂ ਮੈਂ ਕਮਲੀ ਆਂ...ਯਾਰ ਤੇਰੀ ਕਮਲੀ ਆਂ... 
ਸਾਂਈ ਉਸਤਾਦ ਨੁਸਰਤ ਫ਼ਤਹਿ ਅਲੀ ਖਾਂ ਦੀ ਤਾਰੀਫ਼  ਕਰਦਾ , ਕਹਿੰਦਾ ਹੈ, “ਇੱਕ ਕੱਵਾਲੀ ਨੂੰ ਉਸਨੇ ਕਈ ਰੰਗਾਂ ਵਿੱਚ ਗਾ ਕੇ ਪੂਰੀ ਦੁਨੀਆਂ ਦੇ ਵਿੱਚ ਘਮਾਅ ਦਿੱਤਾ ਏ...।”

***

ਸਾਂਈ ਦੀ ਆਵਾਜ਼ ਦਾ ਜਾਦੂ ਤੇ ਨਾਚ ਦੀ ਅਦਾ ਤਾਂ ਸਾਡੇ ਸਿਰਾਂ ਨੂੰ ਚੜ੍ਹ ਗਈ ਸੀ। ਹਰ ਸ਼ਾਮ, ਵਾਈਨ, ਮੂੰਗਫਲੀ ਤੇ ਸਾਂਈ ਦਾ ਸੰਗੀਤ! ਜਿਹੜਾ ਆਵੇ, ਉਸੇ ਨੂੰ ਲਾ ਵਿਖਾਈਏ। ਬਹੁਤੀ ਵਾਰ, ਆਪ ਮੁਹਾਰਾ ਹੀ, ਸੁੱਤਾ-ਜਾਗਦਾ ਮੈਂ ਸਾਂਈ ਦੇ ਪਿੰਡ ਜਾ ਪੁੱਜਦਾ ਹਾਂ। ਕੱਚੀ ਮਿੱਟੀ ਦੇ ਲਿੱਪੇ-ਪੋਚੇ ਘਰ ਦੇ ਕੱਚੇ ਵਿਹੜੇ ਵਿੱਚ ਬੈਠਾ ਸਾਂਈ ਤੂੰਬਾ ਵਜਾ ਰਿਹਾ ਹੈ। ਕਦੀ ਉਹ ਖੇਤਾਂ ਦੀਆਂ ਵੱਟਾਂ-ਬੰਨਿਆਂ ‘ਤੇ ਤੁਰਿਆ ਫਿਰਦਾ ਹੇਕਾਂ ਲਾਉਂਦਾ ਦਿਸਦਾ ਹੈ। ਬਹੁਤ ਵਾਰ ਸੋਚਦਾ ਹਾਂ ਕਿ ਜਦ ਵੀ ਪਾਕਿਸਤਾਨ ਜਾਵਾਂਗਾ ਸਭ ਤੋਂ ਪਹਿਲਾਂ ਭੱਜਕੇ ਸਾਂਈ ਦੇ ਵਿਹੜੇ ਜਾ ਵੜਾਂਗਾ ਤੇ ਉਹਨੂੰ ਕਹਾਂਗਾ, “ਬਾਬਾ ਚੱਲ ਮੇਰੇ ਨਾਲ...ਤੂੰ ਸਾਡੇ ਕੋਲ ਈ ਰਹਿ ਚੱਲਕੇ...।”
ਇੰਡੀਆ ਵਾਪਿਸ ਆਣ ਲੱਗਾ ਤਾਂ ਸਾਂਈ ਵਾਲੀ ਵੀ. ਸੀ. ਡੀ. ਸਾਂਭ ਕੇ ਹੈਂਡ ਬੈਗ ਵਿੱਚ ਪਾ ਲਈ ਸੀ। ਇੱਥੇ ਆਣ ਕੇ ਉਹਦੀਆਂ ਕਈ-ਕਈ ਕਾਪੀਆਂ ਕਰ-ਕਰ ਆਪਣੇ ਦੋਸਤਾਂ ਤੇ ਜਾਣੂੰਆਂ ਨੁੰ ਵੰਡਣ ਲੱਗਿਆ, ਉਹ ਵੀ ਕਾਪੀਆਂ ਕਰ-ਕਰ ਅਗਾਂਹ ਵੰਡੀ ਜਾਣ, ਜਿਹੜਾ ਸੁਣੇ, ਸਾਂਈ ਦਾ ਹੋ ਹੀ ਰਹਿ ਜਾਏ! ਮੇਰੇ ਸਾਰੇ ਦੋਸਤ ਸਾਂਈ ਦੇ ਸ਼ੈਦਾਈ ਹੋ ਬੈਠੇ। ਪੌਪ ਸੰਗੀਤ ਨੂੰ ਭੁੱਲ ਕੇ ਉਹ ਤੂੰਬੇ ‘ਤੇ ਡੁੱਲ੍ਹ ਗਏ। 
 ਸਾਰੇ ਕਿਹਾ ਕਰਨ-“ਜਦੋਂ ਸਾਂਈ ਆਪਣੇ ਮੁਲਕ ਵਿੱਚ ਆਵੇ...ਆਪਾਂ ਉਹਨੂੰ ਆਪਣੇ ਘਰ ਲਿਆਈਏ ਤੇ ਸਾਹਮਣੇ ਬਹਿਕੇ ਸੁਣੀਏ।”

                                 ***

ਇੱਕ ਦਿਨ ਸਵੇਰੇ-ਸਵੇਰੇ ਖੁਸ਼ੀ ਦੀ ਕੋਈ ਹੱਦ ਨਾ ਰਹੀ, ਜਦੋਂ ਇੱਕ ਅਖ਼ਬਾਰ ਵਿੱਚ ਤੂੰਬਾ ਫੜ੍ਹੀ ਖੜ੍ਹਾ ਗਾਉਂਦਾ ਸਾਂਈ ਦਿਖਾਈ ਦਿੱਤਾ, ਖਬਰ ਦਾ ਕੈਪਸ਼ਨ ਸੀ- “ਸਾਂਈ ਜਹੂਰ ਅਹਿਮਦ ਨੇ ਅੰਬਰਸਰੀਏ ਝੂੰਮਣ ਲਾਏ।” ਜਿਹੜੀ ਘੜੀ ਦੀ ਅਸੀਂ ਸਾਰੇ ਉਡੀਕ ਕਰ ਰਹੇ ਸਾਂ, ਉਹ ਆਣ ਢੁੱਕੀ ਸੀ। ਸਾਂਈ ਤਾਂ ਅੰਮ੍ਰਿਤਸਰ ਆਇਆ ਹੋਇਆ ਸੀ। ਕਾਹਲੀ-ਕਾਹਲੀ ਨਾਲ ਦੋਸਤਾਂ ਵੱਲ ਫੋਨ ਕੀਤੇ ਤੇ ਅੰਮ੍ਰਿਤਸਰ ਰਹਿੰਦੇ ਮਿੱਤਰ ਭੁਪਿੰਦਰ ਸੰਧੂ ਆਲਮੀ ਵਿਰਾਸਤ ਵਾਲੇ ਨੂੰ ਫੋਨ ਕਰ ਕੇ ਪੁੱਛਿਆ, “ਸਾਂਈ ਜੀ ਕਿੱਥੇ ਹਨ? ਮਿਲਣ ਆ ਰਹੇ ਹਾਂ।” ਉਹਨੇ ਦੱਸਿਆ, “ਕੱਲ੍ਹ ਉਹਨਾਂ ਦਾ ਸ਼ੋਅ ਸੀ, ਧੰਨ-ਧੰਨ ਕਰਵਾ ਗਿਆ ਬਾਬਾ, ਆ ਜਾਓ, ਦਰਸ਼ਨ ਕਰ ਲਵੋ, ਹਾਲੇ ਇੱਥੇ ਹੀ ਹੋਣਾ, ਇਸ ਬਾਬੇ ਨੇ ਤਾਂ ਵਰਲਡ ਮਿਊਜਿ਼ਕ 2006 ਦਾ ਐਵਾਰਡ ਵੀ ਜਿੱਤਿਆ ਹੋਇਆ ਤੇ ਬੇ-ਸ਼ੁਮਾਰ ਲੋਕਾਂ ਦੇ ਦਿਲ ਵੀ ਜਿੱਤੀ ਬੈਠਾ।” ਸੰਧੂ ਨੇ ਇੱਕ ਪ੍ਰਬੰਧਕ ਦਾ ਮੋਬਾਇਲ ਨੰਬਰ ਦੇ ਦਿੱਤਾ। ਏਨੇ ਨੂੰ ਦੋਸਤਾਂ ਨੇ ਜਾਣ ਲਈ ਗੱਡੀ ਕੱਢ ਲਈ।
ਮੈਂ ਸਾਂਈ ਦੇ ਦੀਦਾਰ ਹੋ ਜਾਣ ਦੇ ਚਾਅ ਵਿੱਚ ਪ੍ਰਬੰਧਕ ਨਾਲ ਗੱਲਾਂ ਕਰ ਰਿਹਾ ਸੀ, ਗੱਲ ਮੁਕਾਉਂਦਿਆਂ ਉਹਨੇ ਦੱਸਿਆ, “ਭਾਅ ਜੀ, ਪੰਜ ਮਿੰਟ ਹੀ ਹੋਏ ਨੇ, ਹੁਣੇ ਈਂ ਸਾਂਈ ਜੀ ਨੂੰ ਵਾਹਗਾ ਬਾਰਡਰ ਤੋਂ ਵਿਦਾ ਕਰਕੇ ਹਟੇ ਆਂ, ਉਹ ਤਾਂ ਚਲੇ ਗਏ ਪਰ ਸਾਡੇ ਦਿਲ ਲੁੱਟ ਕੇ ਨਾਲ ਲੈ ਗਏ ਨੇ।”
“ਹੁਣ ਕਦੋਂ ਆਉਣਗੇ?”
ਜਵਾਬ ਮਿਲਿਆ, “ਭਾਅ ਜੀ, ਜੱਗ ਜਿਉਂਦਿਆਂ ਦੇ ਮੇਲੇ ਨੇ।”
“ਨਾਤੀ ਧੋਤੀ ਰਹਿ ਗਈ ਤੇ ਨੱਕ ਤੇ ਮੱਖੀ ਬਹਿ ਗਈ” ਵਾਲੀ ਗੱਲ ਹੋਈ ਸੀ ਸਾਡੇ ਨਾਲ। ਸਾਰੇ ਰਲ ਕੇ ਗਾਉਣ ਲੱਗੇ:
             ਦਿਲ ਦਾ ਮਹਿਰਮ ਦੂਰ ਗਿਆ 
             ਕੋਈ ਮੋੜ ਲਿਆਵੋ…
ਸਭ ਦੇ ਮਨ ਮਸੋਸੇ ਗਏ ਸਨ। ਅਸੀਂ ਤਾਂ ਵੇਲਿਓਂ ਖੁੰਝ ਗਏ ਸਾਂ। ਸਾਂਈ ਜਹੂਰ ਦੇ ਗਾਏ ਬੋਲ ਯਾਦ ਆ ਰਹੇ ਸਨ:
ਰਾਤ ਹਨੇਰੀ, ਵੇਲੇ-ਕੁਵੇਲੇ,
  ਮਾਹੇਂ ਨੀਂ ਢੂੰਡਾਂ, ਜੰਗਲ ਬੇਲੇ, 
  ਕੁੱਝ ਵੱਸ ਨਹੀਂ ਏਂ ਮੈਡੇ ਮਾਹੀ,
ਓ ਤੈਨੂੰ ਗਾਫਿ਼ਲਾ ਜਾਗ ਨਾ ਆਈ,
                     ਤੇ ਚਿੜੀਆਂ ਬੋਲ ਪਈਆਂ
                     ਤੇ ਚਿੜੀਆਂ ਬੋਲ ਪਈਆਂ...

***

ਇੱਕ ਦਿਨ, ਗਾਇਕ ਮਾਹੀਨੰਗਲ ਨੇ ਦੱਸਿਆ ਕਿ ਸਾਂਈ ਮੋਹਾਲੀ ਆਇਆ ਸੀ ਤੇ ਉਹ ਲਗਭਗ ਦਸ ਦਿਨ ਉਥੇ ਰਿਹਾ। ਉਸਨੇ ਦੱਸਿਆ ਕਿ ਗੋਰਿਆਂ ਵੱਲੋਂ ਬਣਾਈ ਜਾ ਰਹੀ ਇੱਕ ਫਿਲਮ ‘ਵੈਸਟ ਇਜ਼ ਵੈਸਟ’ ਦੀ ਸ਼ੂਟਿੰਗ ਤੇ ਗੀਤਾਂ ਦੀ ਰਿਕਾਰਡਿੰਗ ਲਈ ਸੰਗੀਤਕਾਰ ਦਿਲਖ਼ੁਸ਼ ਕੋਲ ਆਈ ਟੀਮ ਵਿੱਚ ਆਇਆ ਸੀ। ਇਹ ਗੱਲ ਸੁਣ ਕੇ ਮੈਂ ਪਛਤਾਏ ਬਿਨਾਂ ਨਾ ਰਹਿ ਸਕਿਆ ਕਿ ਸਾਂਈ ਫਿਰ ਨੇੜਿਓਂ ਆਣ ਕੇ ਮੁੜ ਗਿਆ ਹੈ। ਦਿਲਖ਼ੁਸ਼ ਨੂੰ ਮੈਂ ਉਦੋਂ ਤੋ,ਂ ਬੜਾ ਪੁਰਾਣਾ ਜਾਣਦਾ ਹਾਂ, ਜਦੋਂ ਤੋਂ ਉਹ ਨਿਰਮਲ ਸਿੱਧੂ ਪਾਸੋਂ ਸੰਗੀਤ ਸਿੱਖਦਾ ਹੁੰਦਾ ਸੀ ਤੇ ਦੂਜਾ ਉਸ ਨਾਲ ਲਗਾਵ ਇਸ ਕਰਕੇ ਵੀ ਹੈ ਕਿ ਉਹ ਮੇਰੇ ਨਾਨਕਿਆਂ ਤੋਂ ਹੈ ਗੁਰੂ ਹਰ ਸਹਾਏ ਦਾ ਜੰਮਪਲ। ਸਾਂਈ ਜ਼ਹੂਰ ਅਹਿਮਦ ਦੇ ਗੀਤਾਂ ਵਿੱਚ ਉਸਨੇ ਸੰਗੀਤ ਦਿੱਤਾ...ਇਹ ਗੱਲ ਮੇਰੀ ਖ਼ੁਸ਼ੀ ਤੇ ਮਾਣ ਨੂੰ ਦੂਣਾ-ਚੌਣਾ ਕਰਨ ਵਾਲੀ ਸੀ।
ਜੇਕਰ ਕਿਸੇ ਅਖ਼ਬਾਰ ਦੀ ਕੰਨੀਂ ‘ਤੇ ਖ਼ਬਰ ਛਪ ਜਾਂਦੀ ਕਿ ਸਾਂਈ ਜੀ ਮੋਹਾਲੀ ਪਧਾਰੇ ਹੋਏ ਹਨ ਤਾਂ ਮੈਂ ਭਲਾ ਕਿਉਂ ਨਾ ਉਸਦੇ ਦਰਸ਼ਨ ਕਰਦਾ? ਦੇਰ ਪਹਿਲਾਂ ਜਦ ਮੈਂ ਸਾਂਈ ਬਾਰੇ ਇੱਕ ਲੰਬਾ ਮਜ਼ਮੂਨ ਲਿਖਕੇ ਪੰਜਾਬੀ ਟ੍ਰਿਬਿਊਨ ਦੇ ਐਤਵਾਰਤਾ ਅੰਕ ਵਿੱਚ ਛਪਵਾਇਆ ਸੀ ਤਾਂ ਵੱਡੀ ਗਿਣਤੀ ਵਿੱਚ ਪਾਠਕਾਂ ਨੇ ਮੇਰੇ ਪਾਸੋਂ ਉਸਦੀ ਵੀ.ਸੀ.ਡੀ ਪ੍ਰਾਪਤ ਕਰਨ ਲਈ ਚਿੱਠੀਆਂ ਪਾਈਆਂ, ਈਮੇਲਾਂ ਕੀਤੀਆ ਅਤੇ ਫੋਨ ਕਰੇ ਸਨ। ਉਸ ਵੇਲੇ ਦੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਿੱਧੂ ਦਮਦਮੀ ਨੇ ਭੇਜੀ ਹੋਈ ਵੀ.ਸੀ.ਡੀ ਦੇਖ ਕੇ ਕਿਹਾ ਸੀ-“ਬਸ...ਸਿਰਾ ਹੈ ਸਾਂਈ...ਯੂਨੀਕ...।”
 ਲੰਡਨ ਵਿਖੇ ਸਾਲ 2005 ਵਿੱਚ ਅਜੀਤ ਖਹਿਰਾ ਨੇ ਸਾਂਈ ਦਾ ਜਿਹੜਾ ਵਿਜ਼ਟਿੰਗ ਕਾਰਡ ਮੈਂਨੂੰ ਦਿੱਤਾ ਸੀ, ਉਹ ਮੈਂ ਆਪਣੇ ਬਟੂਏ ਵਿੱਚ ਉਦੋਂ ਤੋਂ ਹੀ ਸਾਂਭਿਆ ਹੋਇਆ ਸੀ। ਵਿਜ਼ਟਿੰਗ ਕਾਰਡ ਕੱਢ ਕੇ ਦੇਖਦਾ ਹਾਂ ਤੇ ਦਿੱਤੇ ਹੋਏ ਦੋ ਨੰਬਰਾਂ ‘ਤੇ ਫ਼ੋਨ ਘੁੰਮਾਂਦਾ ਹਾਂ ਪਰ ਸਾਂਈ ਦੀ ‘ਹੈਲੋ’ ਸੁਣਨੀ ਨਸੀਬੇ ਵਿੱਚ ਨਾ ਆਈ।
ਮਾਹੀਨੰਗਲ ਨਾਲ ਇੱਕ ਦਿਨ ਉਸਦੀ ਰਿਕਾਰਡਿੰਗ ਦੇ ਸਿਲਸਿਲੇ ਸਬੰਧੀ ਦਿਲਖ਼ੁਸ਼ ਦੇ ਸਟੂਡੀਓ ਵਿੱਚ ਮੋਹਾਲੀ ਜਾਣਾ ਹੋਇਆ। ਦਿਲਖ਼ੁਸ਼ ਨੇ ਬੜੀ ਖ਼ੁਸ਼ੀ ਨਾਲ ਆਪਣੇ ਕੰਪਿਊਟਰ ਵਿੱਚੋਂ ਸਾਂਭੀਆਂ ਸਾਂਈ ਦੀਆਂ ਯਾਦਗਾਰੀ ਫੋਟੂਆਂ ਦਿਖਾਈਆਂ। ਉਸਨੇ ਦੱਸਿਆ ਕਿ ਸਾਂਈ ਨੇ ਗੋਰਿਆਂ ਦੀ ਇਸ ਫਿਲਮ ਵਿੱਚ ਚਾਰ ਗੀਤ ਗਾਏ ਹਨ, ਜਿੰਨ੍ਹਾਂ ਨੂੰ ਰਿਕਾਰਡ ਕਰਦਿਆਂ ਤੇ ਆਪਣਾ ਸੰਗੀਤ ਦਿੰਦਿਆਂ ਉਸਨੇ ਸਾਂਈ ਨੂੰ ਬੜੀ ਨੇੜਿਓਂ ਦੇਖਿਆ। ਕਹਿਣ ਲੱਗਿਆ, “ਸਾਂਈ ਭਾਵੇਂ ਅਨਪੜ੍ਹ ਹੈ ਪਰ ਬੜਾ ਦਿਲਚਸਪ ਬੰਦਾ ਏ...ਉਹਨਾਂ ਦੀ ਟੀਮ ਵਿੱਚ ਆਈ ਇੱਕ ਗੋਰੀ, ਜੋ ਕਿ ਫਿ਼ਲਮ ਦੀ ਡਾਇਰੈਕਟਰ ਸੀ, ਇੱਕ ਦਿਨ, ਪੰਜਾਬੀ ਸੂਟ ਪਾ ਕੇ...ਬੜੀ ਸੱਜ-ਧੱਜ ਕੇ ਨਿਕਲੀ ਤਾਂ ਸਾਂਈ ਨੇ ਚਹਿਕ ਕੇ ਕਿਹਾ, ‘ਵਈ ਅੱਜ ਤਾਂ ਪਟਾਕਾ ਈ ਲੱਗਦੀ ਏ।’ ਸਾਰੇ ਹੱਸ ਪਏ। ਸਾਂਈ ਦਿਨ ਵਿੱਚ ਨਿਰੀਆਂ ਹੀ ਸਿਗਰਟਾਂ ਫੂਕਦਾ...ਗੱਲੀਂ-ਗੱਲੀਂ ਨਾਲ ਦਿਆਂ ਨੂੰ ਗਾਲ੍ਹਾ ਵੀ ਕੱਢਦਾ ਸੀ ਪਰ ਪਿਆਰ ਨਾਲ... ਇੱਕ ਮੁੰਡਾ ਸਾਂਈ ਨਾਲ ਆਇਆ ਹੋਇਆ ਸੀ...ਉਹ ਰਿਕਾਰਡਿੰਗ ਕਰਨ ਸਮੇਂ ਜਾਂ ਉਂਝ ਹੀ ਸਾਂਈ ਨੂੰ ਵਿੱਚ-ਵਿੱਚ ਬੜਾ ਖਰਵ੍ਹਾ ਬੋਲਦਾ ਸੀ...ਬਾਅਦ ਵਿੱਚ ਪਤਾ ਚੱਲਿਆ ਕਿ ਉਹ ‘ਸਾਂਈ ਦਾ ਪੁੱਤਰ’ ਸੀ। ਉਸ ਫਿਲਮ ਵਿੱਚ ਸਾਂਈ ਦਾ ਅਖਾੜਾ ਲੱਗਿਆ ਹੋਇਆ ਫਿਲਮਾਇਆ ਗਿਆ ਹੈ।”
ਦਿਲਖ਼ੁਸ਼ ਦੇ ਸਟੂਡੀਓ ਵਿੱਚ ਕੰਮ ਕਰਦਾ ਹਰਵਿੰਦਰ ਨਾਂ ਦਾ ਅਲੂੰਆਂ ਜਿਹਾ ਮੁੰਡਾ ਵੀ ਸਾਂਈ ਨਾਲ ਇੱਕ ਫੋਟੋ ਵਿੱਚ ਦਿਸ ਰਿਹਾ ਸੀ। ਜਦ ਮੈਂ ਉਸਨੂੰ ਆਖਿਆ ਕਿ ਯਾਰ ਤੂੰ ਤਾਂ ਬੜਾ ਖ਼ੁਸ਼ਕਿਸਮਤ ਹੈਂ ਜਿਸ ਨੇ ਸਾਂਈ ਨੂੰ ਏਨੀ ਨੇੜਿਓਂ ਦੇਖਿਆ ਤੇ ਉਸ ਨਾਲ ਗੱਲਾਂ ਕੀਤੀਆਂ ਨੇ! ਤਾਂ ਉਸ ਮੁੰਡੇ ਨੇ ਦੱਸਿਆ, “ਬਿਲਕੁਲ ਠੀਕ ਹੈ ਤੁਹਾਡੀ ਗੱਲ। ਮੈਂ ਦਿਨ ਵਿੱਚ ਕਈ ਵਾਰ ਸਾਂਈ ਜੀ ਨੂੰ ਚਾਹ ਬਣਾ ਕੇ ਦਿੰਦਾ...ਉਹ ਫਿ਼ਰੋਜ਼ਪੁਰੀ ਬੋਲੀ ਵਿੱਚ ਗੱਲਾਂ ਕਰਦਾ ਬੜਾ ਪਿਆਰਾ ਲੱਗਦਾ ਤੇ ਆਪਣੇ ਤੂੰਬੇ ਨੂੰ ਆਪਣੇ ਤੋਂ ਜ਼ਰਾ ਜਿੰਨਾ ਵੀ ਜੁਦਾ ਨਾ ਹੋਣ ਦਿੰਦਾ। ਉਹ ਆਪਣੀ ਟੀਮ ਨਾਲ ਇੱਕ ਹੋਟਲ ਵਿੱਚ ਰਹਿੰਦਾ ਸੀ। ਹੋਟਲ ਵਿੱਚੋਂ ਕਾਰ ਵਿੱਚ ਬਹਿ ਕੇ ਸਟੂਡੀਓ ਆ ਜਾਂਦੇ ਸਨ। ਇੱਕ ਦਿਨ ਉਹਨਾਂ ਨੇ ਸਵੇਰੇ ਸੱਤ ਵਜੇ ਆਉਣ ਦਾ ਵਕਤ ਦਿੱਤਾ ਸੀ ਪਰ ਆਏ ਉਹ ਗਿਆਰਾਂ ਵਜੇ। ਉਨੀ ਦੇਰ ਦਿਲਖੁਸ਼ ਤੇ ਉਸਦਾ ਚੇਲਾ ਉਹਨਾਂ ਦੀ ਉਡੀਕ ਕਰਦੇ ਰਹੇ। ਸਾਂਈ ਨੇ ਦੱਸਿਆ ਸੀ ਕਿ ਉਸਨੇ ਪੂਰੇ ਵਰਲਡ ਦਾ ਟੂਰ ਲਗਾ ਲਿਆ ਹੋਇਆ ਹੈ। ਸਾਂਈ ਨਾਲ ਆਇਆ ਉਸਦਾ ਮੈਨੇਜਰ ਦੋਭਾਸ਼ੀਏ ਦਾ ਕੰਮ ਵੀ ਕਰਦਾ ਸੀ, ਸਾਂਈ ਦੀ ਗੱਲ ਗੋਰਿਆਂ ਨੂੰ ਤੇ ਗੋਰਿਆਂ ਦੀ ਗੱਲ ਸਾਂਈ ਨੂੰ ਦੱਸਦਾ। ਸਾਂਈ ਕੋਲ ਫ਼ੋਨ ਨਹੀਂ ਸੀ। ਉਸਦਾ ਮੁੰਡਾ ਤੇ ਮੈਨੇਜਰ ਹੀ ਫੋਨ ਸੁਣਦੇ ਸਨ, ਜੇਕਰ ਲੋੜ ਪੈਂਦੀ ਤਾਂ ਉਹ ਆਪਣੇ ਫੋਨ ‘ਤੋਂ ਸਾਂਈ ਨਾਲ ਗੱਲ ਕਰਵਾ ਦਿੰਦੇ। ਇੱਕ ਦਿਨ, ਬਜ਼ਾਰੋਂ ਬ੍ਰੇਕਫਾਸਟ ਮੰਗਵਾਇਆ ਗਿਆ, ਮਿੱਠੀ ਲੱਸੀ, ਦਹੀਂ ਤੇ ਆਲੂਆਂ ਵਾਲੇ ਪਰੌਂਠੇ। ਸਭ ਨੇ ਆਪਣਾ-ਆਪਣਾ ਖਾ ਲਿਆ। ਸਾਂਈ ਜੀ ਦਾ ਰੱਖ ਦਿੱਤਾ ,ਕਿਉਂਕ ਉਹ ਗਾ ਰਿਹਾ ਸੀ। ਦੁਪਹਿਰ ਵੇਲੇ ਜਦ ਉਹ ਸਟੂਡੀਓਂ ਵਿੱਚੋਂ ਬਾਹਰ ਆਇਆ ਤੇ ਕਿਹਾ,  ਮੇਰਾ ਹਿੱਸਾ ਕਿੱਥੇ ਰੱਖਿਆ ਏ? ਉਸਨੇ ਪਰੌਂਠੇ ਦੇਖਕੇ ਕਿਹਾ ਕਿ ਇਨ੍ਹਾਂ ਨੂੰ ਗਰਮ ਕਰਨ ਦੀ ਲੋੜ ਨਹੀਂ ਏਂ...ਮੈਂ ਠੰਢੇ ਹੀ ਖਾਵਾਂਗਾ...ਦਹੀਂ ਵੀ ਥੋੜ੍ਹਾ ਹੀ ਸੀ... ਉਸਨੇ ਕਿਹਾ ਕਿ ਉਹ ਇਸੇ ਨਾਲ ਵੀ ਗੁਜ਼ਾਰਾ ਕਰ ਲਵੇਗਾ....ਲੱਸੀ ਦਾ ਵੀ ਇੱਕੋ ਗਿਲਾਸ ਬਚਿਆ ਹੋਇਆ ਉਸਨੇ ਪੀਤਾ। ਉਹ ਏਨਾ ਕੁ ਖਾਕੇ ਹੀ ਬਹੁਤ ਸੰਤੁਸ਼ਟ ਸੀ। ਕਹਿੰਦਾ ਸੀ ਕਿ ਮੇਰੀ ਖ਼ੁਰਾਕ ਤਾਂ ਮੇਰਾ ਸੰਗੀਤ ਹੀ ਏ।”

****

No comments: