ਤੇਰੇ ਜਾਣ ਮਗਰੋਂ.......... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ



ਡਾਕਟਰ  ਸਤਿੰਦਰ ਸਿੰਘ ਨੂਰ ਦੀ ਯਾਦ ਵਿਚ  

ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ
ਸੀ ਕੰਧਾਂ ਵੀ ਰੋਈਆਂ ਚੁਗਾਠਾਂ ਵੀ ਰੋਈਆਂ
ਛੱਤਾਂ ਵੀ ਰੋਈਆਂ ਮੁਹਾਠਾਂ ਵੀ ਰੋਈਆਂ
ਵਿਹੜਾ ਵੀ ਰੋਇਆ ਤੇ ਖੇੜਾ ਵੀ ਰੋਇਆ
ਜਿਸ ਨੇ ਵੀ ਸੁਣਿਆ ਸੀ ਹਰ ਕੋਈ ਰੋਇਆ
ਜਿੱਥੇ ਸਨ ਖੁਸ਼ੀਆਂ ਉਹ ਘਰ ਅੱਜ ਰੁਨਾਂ
ਭਰਿਆ ਭਕੁਨਾਂ ਲਗੇ ਸੁੱਨਾਂ ਸੁੱਨਾਂ
ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ
ਉਦਾਸੇ ਗਏ ਨੇ ਵੀਰੇ ਵੀ ਤੇਰੇ

ਤੇਰੇ ਵਿਛੋੜੇ ’ਚ ਹਾਰੇ ਨੇ ਜੇਰੇ
ਧੀਆਂ ਵੀ ਰੋਈਆਂ ਤੇ ਪੁੱਤਰ ਵੀ ਰੋਏ
ਸਭਨਾ ਦੀ ਅੱਖਾਂ ਦੇ ਗਿੱਲੇ ਨੇ ਕੋਏ
ਪਰਿਵਾਰਕ ਮਾਲਾ ਦਾ ਸੁੱਚਾ ਸੀ ਮੋਤੀ
ਬਿਖਰ ਗਈ ਨਾ ਰਹੀ ਉਹ ਪਰੋਤੀ
ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ
ਨੂਰ ਜੀ ! ਸਾਡੇ ਹੱਥ ਜੋਤੀ ਫੜਾ ਕੇ
ਆਪ ਛੁਪ ਬੈਠਾਂ ਕੋਈ ਰੋਸਾ ਮਨਾ ਕੇ
ਇਸ ਜੋਤੀ ਨਾਲ ਅੱਗੋਂ ਕੁਝ ਜੋਤਾਂ ਜਗਾ ਕੇ
ਪੰਜਾਬੀ ਦਾ ਵਿਹੜਾ ਰਖਾਂਗੇ ਸਜਾ ਕੇ
ਕਦਮ ਅੱਗੇ ਹੀ ਅੱਗੇ ਧਰਦੇ ਰਹਾਂ ਗੇ
ਤੇਰੀ ਸੌਂਹ ਕਦਮ ਇਕ ਨਾ ਪਿੱਛੇ ਧਰਾਂਗੇ
ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ
ਆਪੋਂ ਨੂਰ ਹੋਇਓਂ ਕੱਠਾ ਨੂਰ ਕਰਕੇ
ਲੋਕਾਂ ’ਚ ਵੰਡਿਆ ਕਿਤਾਬਾਂ ’ਚ ਧਰ ਕੇ
ਜੋ ਸਿੱਖਿਆ ਸੀ ਉਸ ਨੂੰ ਤੈਂ ਅੱਗੇ ਸਿੱਖਾ ਕੇ
ਬੜਾ ਕੰਮ ਕੀਤਾ ਹੋਰ ਦੀਵੇ ਜਗਾ ਕੇ
ਛੁਪ ਕੇ ਵੀ ਸਾਥੋਂ ਨੂਰ ਛੁਪ ਨਾ ਸਕੇਂਗਾ
ਕਿਤਾਬਾਂ ਦਾ ਥੱਬਾ ਦੱਸ ਕਿੱਥੇ ਧਰੇਂ ਗਾ
ਘੱਗ ਨੂੰ ਜਦੋਂ  ਯਾਦ ਤੇਰੀ ਸਤਾਊ
ਗੱਲਾਂ ਕਰ ਲਵਾਂ ਗਾ ਕਿਤਾਬ ਅੱਗੇ ਧਰ ਕੇ
ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ

****

 (530) 695-1318


No comments: