ਰਜਾਈ ਵਿੱਚੋਂ ਨਿਕਲਕੇ ਮੈਂ ਬਜ਼ਾਰ ਵੱਲ ਤੁਰ ਪਿਆ ਸਾਂ । ਧੁੱਪ ਦਾ ਕਿਧਰੇ ਨਾਮੋਂ-ਨਿਸ਼ਾਨ ਨਹੀਂ ਸੀ, ਆਸਮਾਨ ਵਿੱਚ ਕਾਲੇ-ਚਿੱਟੇ ਬੱਦਲਾਂ ਦੀਆਂ ਪੰਡਾਂ ਖਿੰਡ ਰਹੀਆਂ ਸਨ । ਸਾਊਥਾਲ ਦੀਆਂ ਅਣਜਾਣੀਆਂ ਗਲੀਆਂ, ਤੇ ਅਣ-ਪਛਾਤੇ ਚਿਹਰੇ ! ਭੀੜ-ਭੜੱਕੇ ਵਾਲੇ ਇੱਕ ਅੰਗਰੇਜ਼ੀ ਸਟੋਰ ਉਤੇ ਹਲਕਾ ਜਿਹਾ ਪੌਪ-ਸੰਗੀਤ ਗੂੰਜ ਰਿਹਾ ਸੀ । ਸੱਜੇ ਬੰਨੇ, ਫੁੱਟ-ਪਾਥ ਉਤੇ ਕਬੂਤਰ ਚੋਗਾ ਚੁਗ ਰਹੇ ਸਨ । ਦੇਖਾਂ ਤਾਂ ਸਹੀ ਕੀ ਫਰਕ ਹੈ ਇੰਡੀਆ ਤੇ ਇੰਗਲੈਂਡ ਦੇ ਕਬੂਤਰਾਂ ਵਿੱਚ ? ਕੌਣ ਚੋਗ ਪਾਉਂਦਾ ਹੋਵੇਗਾ ਇੰਨ੍ਹਾਂ ਨੂੰ ? ਫੁੱਟ ਪਾਥ ਉਪੱਰ ਹੀ ਚਿਟਾਈ ਵਿਛਾਈ, ਬਾਹਵਾਂ ਕੱਛਾਂ ਵਿੱਚ ਦੇਈ ਇੱਕ ਗੋਰਾ ਬੈਠਾ ਸੀ । ਚਿਟਾਈ ਉਤੇ ਹੀ ਤਿੰਨ ਸੁਰ-ਮੰਡਲ ਰੱਖੇ ਹੋਏ ਸਨ, ਨਿੱਕੇ-ਨਿੱਕੇ, ਇੱਕੋ-ਜਿਹੇ ਸਨ ਤਿੰਨੋਂ ਸੁਰ-ਮੰਡਲ ! ਇੰਡੀਆ ਵਿੱਚ ਤਾਂ ਮੈਂ ਇੰਨ੍ਹਾਂ ਤੋਂ ਕਾਫੀ ਵੱਡੇ-ਵੱਡੇ ਸੁਰ-ਮੰਡਲ ਦੇਖੇ ਹੋਏ ਸਨ ਸਾਜ਼ਾਂ ਦੀਆਂ ਦੁਕਾਨਾਂ ਉਤੇ । ਮੈਂ ਇੰਨ੍ਹਾਂ ਨਿੱਕੇ-ਨਿੱਕੇ ਸੁਰ-ਮੰਡਲਾਂ ਨੂੰ ਦੇਖਣ ਲੱਗਿਆ, ਗੋਰਾ ਮੁਸਕ੍ਰਾਇਆ ਤੇ ਬੋਲਿਆ,
“ਕੀ ਹਾਲ ਐ ਤੇਰਾ ?”
“ ਮੈਂ ਬਿਲਕੁੱਲ ਠੀਕ...ਤੂੰ ਸੁਣਾ...?”
ਉਹਦੇ ਸਿਰ ਦੇ ਚਾਂਦੀ ਰੰਗੇ ਵਾਲ ਲਿਸ਼ਕੇ, ਉਹਨੇ ਨਿੱਕੀਆਂ ਬਾਰੀਕ ਅੱਖਾਂ ਕਿਸੇ ਅਦਾਕਾਰ ਵਾਂਗ ਘੁੰਮਾਈਆਂ, “ਆ ਜਾਹ...ਬੈਠ...ਜੀ ਆਏ ਨੂੰ ।” ਮੈਂ ਪੈਰਾਂ ਭਰਨੇ ਬੈਠਦੇ ਹੀ ਸਵਰ-ਮੰਡਲ ਦੀਆਂ ਤਾਰਾਂ ਨਾਲ ਉਂਗਲਾਂ ਛੁਹਾ ਦਿੱਤੀਆਂ, ਮਿੱਠੀਆਂ ਧੁਨਾਂ
ਉਭੱਰੀਆਂ ! ਬੱਦਲਾਂ ‘ਚੋਂ ਪਿਆਰੀ-ਪਿਆਰੀ, ਪਤਲੀ-ਪਤਲੀ ਭੂਰ ਡਿੱਗਣ ਲੱਗੀ।“ ਮੈਂ ਇੰਡੀਆ ਤੋਂ ਆਇਆ ਹਾਂ...ਸਾਡੇ ਤਾਂ ਉਥੇ ਇਨ੍ਹਾਂ ਤੋਂ ਵੀ ਵੱਡੇ-ਵੱਡੇ ਸੁਰ-ਮੰਡਲ ਨੇ, ਤੇ ਤੁਹਾਡੇ ਅਹਿ ਨਿੱਕੇ-ਨਿੱਕੇ, ਬੜੇ ਹੀ ਪਿਆਰੇ ਹਨ ਤੁਹਾਡੇ ਸੁਰ-ਮੰਡਲ... ।”
“ਧੰਨਵਾਦ ਤੇਰਾ ਪਿਆਰੇ, ਮੇਰੇ ਸੁਰ-ਮੰਡਲ ਪਸੰਦ ਕਰਨ ਲਈ...ਧੰਨਵਾਦ ਤੇਰਾ ।”
“ਐਥੇ ਕਿਉਂ ਲਈਂ ਬੈਠਾ ਹੈਂ ਇੰ੍ਹਨਾਂ ਨੂੰ ?”
“ਵੇਚਣ ਲਈ ।”
“ ਏਹ ਕਿਥੋਂ ਲਿਆਂਦੇ ਹਨ ?”
“ਘਰੋਂ...ਹੋਰ ਕਿਥੋਂ...?” ਉਹਦੀ ਆਵਾਜ਼ ਵਿੱਚ ਥੋੜੀ ਖਿਝ ਰਲ ਗਈ ਜਾਪਦੀ ਸੀ ।
“ਵਜਾ ਵੀ ਲੈਂਦਾ ਹੋਵੇਂਗਾ ਫਿਰ ਤਾਂ ?”
ਇਹ ਸੁਣ ਉਹ ਚੁੱਪ ਜਿਹਾ ਕਰ ਗਿਆ, ਜਾਂ ਉਹਨੂੰ ਮੇਰੀ ਪੂਰੀ ਗੱਲ ਦੀ ਸਮਝ ਨਹੀਂ ਸੀ ਪਈ, ਮੇਰੀ ਟੁੱਟੀ-ਫੁੱਟੀ ਅੰਗਰੇਜ਼ੀ ਦੀ ।
“ਹਾਂ, ਪਰ...ਹੁਣ ਤਾਂ ਮੈਂ ਇਹਨਾਂ ਨੂੰ ਵੇਚਣ ਲਈ ਹੀ ਰੱਖਿਐ।” ਉਹਦੀ ਆਵਾਜ਼ ਵਿੱਚ ਹਉਕਾ ਜਿਹਾ ਰਲ ਗਿਆ ਸੀ।
“ਕਿਉਂ ? ਏਹ ਵਾਧੂੰ ਹਨ ਤੇਰੇ ਕੋਲ ?”
“ਨਹੀ...ਨਹੀਂ...ਵਾਧੂੰ ਨਹੀਂ ਹਨ...ਹਾਂ, ਉਂਜ ਹੋਰ ਸਾਜ਼ ਵੀ ਹਨ ਮੇਰੇ ਕੋਲ...ਘਰ ਪਏ ਹਨ...ਹੌਲੀ-ਹੌਲੀ ਉਹ ਵੀ ਵੇਚ ਦਿਆਂਗਾ ...ਬਹੁਤ ਚਿਰ ਹੋ ਚੱਲਿਆ ਹੈ ਇ੍ਹੰਨਾਂ ਨੂੰ ਵਜਾਉਂਦਿਆਂ ਤੇ ਸੰਭਾਲਦਿਆਂ...ਮੇਰੀ ਹੁਣ ਉਮਰ ਬਹੁਤ ਹੋ ਚੱਲੀ ਹੈ, ਮੈਂ ਬੁੱਢਾ ਹੋ ਗਿਆ ਹਾਂ, ਮੇਰੇ ਘਰ ਵਿੱਚ ਇਹਨਾ ਨੂੰ ਸੰਭਾਲਣ ਵਾਲਾ ਕੋਈ ਨਹੀਂ...ਕੌਣ ਸੰਭਾਲੇਗਾ ਇਨ੍ਹਾਂ ਨੂੰ ਮੇਰੇ ਤੋਂ ਬਾਅਦ ? ਫਿਰ ਇਹ ਇਕੱਲੇ ਰਹਿ ਜਾਣਗੇ...ਮੈਨੂੰ ਪਤਾ ਹੈ...ਇਕੱਲਤਾ ਕੀ ਚੀਜ਼ ਹੁੰਦੀ ਹੈ...ਹਨ ਤਾਂ ਭਾਵੇਂ ਏਹ ਮੇਰੇ ਪਰਿਵਾਰ ਦੇ ਜੀਅ...ਪਰ ਹੁਣ ਮੈਂ ਇਹ ਵੇਚ ਹੀ ਦੇਣੇ ਹਨ।”
“ਨਾਲੇ ਤੂੰ ਕਹਿ ਰਿਹੈਂ ਕਿ ਮੈਂ ਇਕੱਲਾ ਹਾਂ ਘਰ ਵਿੱਚ...? ਨਾਲੇ ਤੂੰ ਇਹਨਾਂ ਨੂੰ ਆਪਣੇ ਪਰਿਵਾਰ ਦੇ ਜੀਅ ਮੰਨਦਾ ਹੈਂ...ਫਿਰ ਇਕੱਲਾ ਕਿਵੇਂ ਹੋਇਆ ?”
ਉਹ ਕੁਝ ਨਹੀਂ ਨਹੀਂ ਬੋਲਿਆ । ਉਹਦੀਆਂ ਅੱਖਾਂ ਦੇ ਕੋਨਿਆਂ ‘ਚੋਂ ਪਾਣੀ ਸਿੰਮ ਆਇਆ ਸੀ । ਉਹਦੇ ਬੁੱਲ੍ਹ ਫਰਕੇ, ਤੇ ਉਹ ਉਦਾਸ ਹੋ ਚੱਲਿਆ ਸੀ , ਮੈਂ ਸਵਰ-ਮੰਡਲਾਂ ਵੱਲ ਦੇਖੀ ਜਾ ਰਿਹਾ ਸਾਂ ।
“ ਲੈਣੇ ਹਨ ਤੂੰ ਏਹ ਸਵਰ-ਮੰਡਲ...ਦੱਸ ਮੈਨੂੰ...ਜੇ ਲੈਣੇ ਹਨ ਤਾਂ?” ਉਹਨੇ ਘਗਿਆਈ ਆਵਾਜ਼ ਵਿੱਚ ਕਿਹਾ ।
“ ਕਿੰਨੇ ਪੈਸੇ ਲਵੇਂਗਾ ਇੱਕ ਦੇ ?”
“ ਜੋ ਤੂੰ ਦੇ ਦੇਵੇਂਗਾ...ਉਹੀ ।”
ਮੈਂ ਉਹਦੀ ਫ਼ਰਾਖ਼ਤਾ ਉਤੇ ਹੈਰਾਨ ਹੋਇਆ, ਪਰ ਨਾਲ ਉਦਾਸ ਵੀ ਕਿਉਂਕਿ ਸੰਗੀਤਕਾਰ ਉਦਾਸ ਹੈ!
“ਚੰਗਾ ਫਿਰ...ਆਹ ਦੇ ਦੇਹ ਮੈਨੂੰ...।”
ਮੈਂ ਇੱਕ ਸੁਰ-ਮੰਡਲ ਪਾਸੇ ਕੱਢਦਿਆਂ ਕਿਹਾ । ਉਹਦੇ ਚੇਹਰੇ , ਤੇ ਮੁਸਕ੍ਰਾਹਟ ਫੈਲਦੀ ਜਾਪੀ । ਨਾਲ ਹੀ ਮੈਂ ਆਪਣਾ ਬਟੂਆ ਕੱਢ ਲਿਆ ਤੇ ਪੁੱਛਿਆ, “ਹਾਂ, ਦੱਸ...ਕਿੰਨੇ ਪੈਸੇ ਦੇਵਾਂ ਤੈਨੂੰ ਇਹਦੇ ?”
“ਤੈਨੂੰ ਕਿਹੈ ਨਾ...ਜੋ ਮਰਜ਼ੀ ਦੇ ਦੇਹ...ਫਿਰ ਕਿਉਂ ਪੁੱਛਦੈਂ ਹੈਂ ਤੂੰ ਮੈਨੂੰ?”
“ਨਹੀਂ...ਨਹੀਂ...ਚੀਜ਼ ਤੇਰੀ ਹੈ...ਮੁੱਲ ਵੀ ਤੂੰ ਈ ਦੱਸਣੈ...ਮੈਂ ਥੋੜ੍ਹੋ ਦੱਸਣਾ ਮੁੱਲ...?”
“ਤੂੰ ਹੋਰ ਕੁਝ ਨਾ ਕਹਿ...ਜੋ ਮਰਜ਼ੀ ਦੇ ਦੇਹ...।” ਉਸ ਕਿਹਾ।
“ ਚੰਗਾ ਫਿਰ... ਲੈ ਤੂੰ ਆਪਣੀ ਮਰਜ਼ੀ ਨਾਲ ਕੱਢ ਲੈ...ਜਿੰਨੇ ਲੈਣੇ ਹਨ...ਲੈ-ਲੈ ਆਪੇ।” ਮੈਂ ਖੁੱਲ੍ਹਿਆ ਬਟੂਆ ਉਹਦੇ ਅੱਗੇ ਕਰ ਦਿੱਤਾ ।
ਉਹਦੀਆਂ ਅੱਖਾਂ ਚਮਕੀਆਂ । ਬੁੱਲ੍ਹ ਹੱਸੇ । ਕਹਿੰਦਾ, “ਥੈਂਕਸ ਮੇਰੇ ਪਿਆਰੇ...।”
ਉਹਨੇ ਪੰਜਾਹ ਪੌਂਡ ਦਾ ਇੱਕ ਨੋਟ ਕੱਢਿਆ ਤੇ ਝਟ ਜੇਭ੍ਹ ਵਿੱਚ ਪਾ ਲਿਆ । ਕਹਿੰਦਾ, “ਏਨੇ ਈ ਬਹੁਤ ਨੇ ਪਿਆਰੇ..ਧੰਨਵਾਦ...।”
ਮੈਂ ਸੁਰ-ਮੰਡਲ ਚੁੱਕਿਆ ਤੇ ਹਿੱਕ ਨਾਲ ਲਾ ਕੇ ਤੁਰ ਪਿਆ ।
“ ਗੱਲ ਤਾਂ ਸੁਣ...ਇੱਕ ਮਿੰਟ ਆ...ਆ ਨਾ ਇੱਕ ਮਿੰਟ...?”
ਉਹਦੇ ਕਹਿਣ ‘ਤੇ ਮੈਂ ਫਿਰ ਮੁੜਿਆ । ਡਰ ਲੱਗਣ ਲੱਗਿਆ ਕਿ ਕਿਤੇ ਕਹੇ ਨਾ...ਆਹ ਚੁੱਕ ਆਪਣੇ ਪੌਂਡ...ਤੇ ਰੱਖ ਐਥੇ ਮੇਰਾ ਸਵਰ-ਮੰਡਲ...ਕਿੱਥੇ ਚੁੱਕ ਕੇ ਤੁਰ ਪਿਆ ਏਂ ਮੇਰਾ ਸੁਰ-ਮੰਡਲ?”
“ਮੈਨੂੰ ਦੱਸ ਤੂੰ ਮੇਰੇ ਪਿਆਰੇ...ਤੂੰ ਇੰਡੀਆ ਵਿੱਚ ਕੀ ਕਰਦੈ ਹੁੰਨੈ?”
“ ਮੈਂ...? ਮੈਂ ਸਾਜ਼ਾਂ ਨੂੰ ਪਿਆਰ ਕਰਦਾ ਹੁੰਨਾ...ਇਹਨਾਂ ਬਾਰੇ ਲਿਖਦਾ ਹੁੰਨਾ...ਇੰਨ੍ਹਾ ਨੂੰ ਵਜਾਉਣ –ਵਰਤਣ ਵਾਲੇ ਚੰਗੇ ਲਗਦੇ ਨੇ...ਉਹਨਾਂ ਨੂੰ ਮਿਲਦਾਂ...ਬਹੁਤ ਸਾਰੇ ਮੇਰੇ ਦੋਸਤ ਨੇ...ਉਹਨਾਂ ਬਾਰੇ ਲਿਖਿਆ ਵੀ ਐ ।”
“ ਓ...ਸੱਚ...?”
“ ਹਾਂ...ਹੋਰ ਝੂਠ...?”
“ਮੇਰੇ ਘਰ ਕਦੋਂ ਆਵੇਂਗਾ ਤੂੰ...? ਮੈਂ ਤੈਨੂੰ ਆਪਣੇ ਸਾਜ਼ ਦਿਖਾਵਾਂਗਾ...ਮੇਰਾ ਨਾਂ ਰੌਬਿਨ ਹੈ।”
“ ਜਦ ਕਹੇਂਗਾ... ਮੈਂ ਦਸ ਦਿਨਾਂ ਤੱਕ ਆਪਣੇ ਦੇਸ਼ ਇੰਡੀਆ ਚਲਾ ਜਾਣਾ ਹੈ...ਤੂੰ ਦੇਖ ਲੈ...ਜਦੋਂ ਕਹੇਂਗਾ, ਆ ਜਾਵਾਂਗਾ ਮੈਂ...।”
“ ਪੱਕਾ ਕਹਿ ਰਿਹੈਂ ਕਿ ਲਾਰਾ ਹੈ...ਤੁਸੀਂ ਇੰਡੀਅਨ ਲਾਰੇ ਵੀ ਬਹੁਤ ਲਾਉਂਦੇ ਹੋ ਨਾ ।”
“ਲਾਰਾ ਕਿਉਂ...? ਪੱਕਾ ਹੈ ਯਾਰ...।”
ਉਹਦੀਆਂ ਬਾਸ਼ਾਂ ਖਿਲ ਗਈਆਂ ਸਨ, ਜਿਵੇਂ ਕੋਈ ਗੁਆਚੀ ਚੀਜ਼ ਲੱਭ ਪਈ ਹੋਵੇ ਉਸਨੂੰ! ਉਹਨੇ ਇੱਕ ਕਾਗਜ਼ ਦੇ ਟੁਕੜੇ ਉਤੇ ਆਪਣਾ ਫੋਨ ਨੰਬਰ,ਪਤਾ, ਨਾਂ ਆਦਿ ਸਭ ਲਿਖ ਦਿੱਤਾ ਤੇ ਮੇਰਾ ਫੋਨ ਵੀ ਲਿਖ ਲਿੱਤਾ ।
“ਤੈਨੂੰ ਕੱਲ੍ਹ ਸ਼ਾਮੀਂ ਫੋਨ ਕਰਾਂਗਾ ਮੈਂ...ਪੱਕਾ ਐ...ਠੀਕ ਐ ਨਾ ਮੇਰੇ ਪਿਆਰੇ ?” ਉਹਦਾ ਗੱਲ-ਗੱਲ ‘ਤੇ ‘ਮੇਰੇ-ਪਿਆਰੇ...ਮੇਰੇ ਪਿਆਰੇ’ ਕਹਿਣਾ ਬੜਾ ਪਿਆਰਾ-ਪਿਆਰਾ ਲੱਗਦਾ ਸੀ।
ਉਹਦੇ ਘਰ ਪਏ ਸਾਜ਼ ਦੇਖਣ ਦੀ ਮੇਰੀ ਉਤਸੁਕਤਾ ਵਧ ਗਈ ਸੀ । ਕਦੋਂ ਕੱਲ੍ਹ ਸ਼ਾਮ ਆਵੇ ਤੇ ਮੈਂ ਉਹਦੇ ਘਰ ਜਾਵਾਂ ! ਉਹਦਾ ਫੋਨ ਨਹੀਂ ਸੀ ਆਇਆ । ਆਖਿਰ, ਉਡੀਕ-ਉਡੀਕ ਕੇ ਮੈਂ ਹੀ ਫੋਨ ਕੀਤਾ, ਪਰ ਕਿਸੇ ਨੇ ਚੁੱਕਿਆ ਨਹੀਂ। ਮੈਂ ਆਪਣਾ ਸੁਨੇਹਾ ਭਰ ਦਿੱਤਾ ਸੀ।
ਤਿੰਨ ਦਿਨ ਬਾਅਦ,ਉਸਦਾ ਮੇਰੇ ਫ਼ੋਨ ਵਿੱਚ ਰਿਕਾਰਡ ਹੋਇਆ ਲੰਬਾ ਸੁਨੇਹਾ ਪੁੱਿਜਆ, ਕਿਉਂਕਿ ਜਦ ਉਹਨੇ ਫ਼ੋਨ ਕੀਤਾ ਸੀ, ਮੇਰਾ ਫ਼ੋਨ ਬੰਦ ਜਾਂ ਬਿਜ਼ੀ ਹੋਣਾ, ਇਸ ਲਈ ਮੈਸਿਜ਼ ‘ਤੇ ਚਲਾ ਗਿਆ ਸੀ। ਆਪਣੇ ਭਰੇ ਸੁਨੇਹੇ ਵਿੱਚ ਉਸਨੇ ਦੱਸਿਆ ਸੀ ਕਿ ਜਿਸ ਦਿਨ ਆਪਾਂ ਮਿਲੇ ਸੀ, ਉਸ ਦਿਨ ਉਸਦੇ ਤਿੰਨੇ ਦੇ ਤਿੰਨੇ ਸੁਰ-ਮੰਡਲ ਵਿਕ ਗਏ ਸੀ ਤੇ ਉਹ ਹਲਕਾ ਫੁੱਲ ਹੋ ਕੇ ਆਪਣੇ ਘਰ ਚਲਾ ਗਿਆ ਸੀ। ਉਸਨੇ ਘਰ ਜਾਕੇ ਰੱਜ ਕੇ ਰੈੱਡ-ਵਾਈਨ ਪੀਤੀ ਸੀ ਤੇ ਥੋੜ੍ਹਾ ਕੁ ਖਾਣ ਮਗਰੋਂ ਸੌਂ ਗਿਆ ਸੀ। ਜਦ ਅੱਧੀ ਕੁ ਰਾਤ ਹੋਈ ਤਾਂ ਉਹ ਆਪਣੇ ਆਪ ਨੂੰ ਗੁੰਮ-ਸੁੰਮ ਜਿਹਾ ਤੇ ਹੇਠਾਂ ਨੂੰ ਖੁਰਦਾ ਹੀ ਖੁਰਦਾ ਜਾ ਰਿਹਾ ਮਹਿਸੂਸ ਕਰਨ ਲੱਗਿਆ। ਫ਼ੋਨ ਕਰਕੇ ਐਂਬੂਲੈਂਸ ਮੰਗਵਾਈ ਤੇ ਹਸਪਤਾਲ ਵਿੱਚ ਜਾ ਦਾਖਿਲ ਹੋਇਆ। ਕੱਲ੍ਹ ਛੁੱਟੀ ਮਿਲੀ ਹੈ। ਉਸ ਬੜੇ ਪਿਆਰ ਨਾਲ, ਜਿਵੇਂ ਵਾਸਤਾ ਜਿਹਾ ਪਾ ਕੇ ਕਿਹਾ ਸੀ-“ਮਾਈ ਡੀਅਰ, ਤੂੰ ਕੱਲ੍ਹ ਸ਼ਾਮ ਮੇਰੇ ਘਰ ਆ ਜਾਹ...ਮਿਲ ਜਾਹ ਮੈਨੂੰ।”
ਮੈਂ ਜਿਸ ਰੇਡੀਓ ਸਟੇਸ਼ਨ ਵਿੱਚ ਸੰਗੀਤਕ ਡਾਕੂਮੈਂਟਰੀਜ਼ ਤਿਆਰ ਕਰ ਰਿਹਾ ਸਾਂ, ਉਸਦੇ ਮਾਲਕ-ਸੰਚਾਲਕ ਤੋਂ ਜਾਣ ਦੀ ਆਗਿਆ ਮੰਗੀ ਤਾਂ ਉਹਨੇ ‘ਨਾਂਹ’ ਵਿੱਚ ਸਿਰ ਫੇਰ ਦਿੱਤਾ। ਮੈਂ ਉਦਾਸ ਹੋ ਕੇ ਆਪਣੇ ਫ਼ੋਨ ਦੀ ਸਵਿੱਚ ਆਫ਼ ਕਰ ਦਿੱਤੀ।
ਅਗਲੇ ਦਿਨਾਂ ਵਿੱਚ ਪਲ ਭਰ ਦੀ ਵੀ ਫੁ਼ਰਸਤ ਨਹੀ ਸੀ ਬਚੀ ਹੋਈ ਤੇ ਮੈਂ ਹਫ਼ਤੇ ਲਈ ਬਰਮਿੰਘਮ ਚਲਾ ਜਾਣਾ ਸੀ। ਮੇਰੇ ਆਪਣੇ ਦੇਸ਼ ਵਾਪਸੀ ਦੇ ਦਿਨ ਵੀ ਥੋੜ੍ਹੇ ਹੀ ਰਹਿ ਗਏ ਸਨ। ਬਰਮਿੰਘਮ ਤੋਂ ਵਾਪਿਸ ਆਉਣ ‘ਤੇ ਉਸਦਾ ਹਾਲ-ਚਾਲ ਜਾਨਣ ਲਈ ਫ਼ੋਨ ਕੀਤਾ। ਕਿਸੇ ਨਹੀਂ ਉਠਾਇਆ। ਵਤਨ ਵਾਪਸੀ ਵਿੱਚ ਦੋ ਹੀ ਦਿਨ ਬਾਕੀ ਹਨ। ਇੱਕ ਸ਼ਾਮ, ਇੱਕ ਪਾਠਕ-ਮਿੱਤਰ ਮਿਲਣ ਆਇਆ ਪੁੱਛਦਾ ਹੈ, “ਕਿਤੇ ਘੁੰਮਣ-ਫਿਰਨ ਜਾਣਾ ਹੈ ਤਾਂ ਚੱਲ।” ਮੈਂ ਉਸਨੂੰ ਬੀਮਾਰ ਸੰਗੀਤਕਾਰ ਮਿੱਤਰ ਰੌਬਿਟ ਦਾ ਹਾਲ ਪੁੱਛਣ ਜਾਣ ਦੀ ਆਪਣੀ ਇੱਛਾ ਦੱਸਦਾ ਹਾਂ ਤੇ ਸੰਗੀਤਕਾਰ ਦੇ ਠਿਕਾਣੇ ਲਿਖੇ ਵਾਲੀ ਕਾਗਜ਼ੀ ਕਾਤਰ ਬਟੂਏ ‘ਚੋਂ ਕੱਢ ਮਿੱਤਰ ਨੂੰ ਦਿੰਦਾ ਹਾਂ। ਝਾਣ ਤੋਂ ਪਹਿਲਾਂ ਫ਼ੋਨ ਕਰਦਾ ਹਾਂ, ਕੋਈ ਨਹੀਂ ਚੁੱਕਦਾ। ਅਸੀਂ ਲੱਗਭਗ ਪੌਣੇ ਘੰਟੇ ਵਿੱਚ ਉਥੇ ਪੁੱਜਦੇ ਹਾਂ।
ਇੱਕ ਝੀਲ ਦੇ ਕੰਢੇ ਉਤੇ ਉਹਦਾ ਨਿੱਕਾ ਜਿਹਾ ਘਰ ਸੀ, ਜਿਵੇ ਕਿਸੇ ਨੇ ਬਣਿਆਂ-ਬਣਾਤਾ ਡੱਬਾ ਲਿਆ ਧਰਿਆ ਹੁੰਦਾ ! ਸਾਫ਼- ਸੁੰਦਰ ਤੇ ਸ਼ਾਂਤੀ ਭਰਿਆ ਵਾਤਾਵਰਨ ! ਕਲ-ਕਲ ਕਰਕੇ ਵਹਿੰਦੀ ਝੀਲ...ਟਾਂਵੀਆਂ ਕਿਸ਼ਤੀਆਂ ਤੈਰਦੀਆਂ ਦਿਸਦੀਆਂ ਸਨ, ਬੱਤਖਾਂ ਵੀ, ਘਰ ਦੁਆਲੇ ਰੁੱਖਾਂ ਤੇ ਸੰਘਣੀਆਂ ਵੇਲਾਂ ਦਾ ਜਮ-ਘਟਾ...ਹਰਿਆਵਲ ਈ ਹਰਿਆਵਲ ਚਾਰੇ ਪਾਸੇ !
“ਹੈਂਅ...? ਏਨੀ ਸੁਹਣੀ ਜਗਾ ‘ਤੇ ਰਹਿੰਦੈ ਏਹ ਸੰਗੀਤਕਾਰ ਰੌਬਿਟ...? ਸੁਰਗ ਐ ਨਿਰਾ ਏਹ ਤਾਂ, ਸੁਰਗ...।” ਮੇਰੇ ਮੂੰਹੋਂ ਆਪ-ਮੁਹਾਰੇ ਹੀ ਨਿੱਕਲਿਆ, ਨਾਲ ਗਏ ਮਿੱਤਰ ਨੇ ਦੱਸਿਆ, “ਇਹ ਸਾਡੇ ਸ਼ਹਿਰ ਦਾ ਸਭ ਤੋਂ ਮਹਿੰਗਾ ਤੇ ਸਾਫ਼-ਸੁਥਰਾ ਇਲਾਕਾ ਹੈ...ਏਥੇ ਪੁਰਾਣੇ ਵਸੇ ਹੋਏ ਗੋਰੇ ਈ ਰਹਿੰਦੇ ਨੇ...ਹਰ ਕੋਈ ਨਹੀਂ ਰਹਿ ਸਕਦਾ ਏਥੇ।”
ਮੈਂ ਸ਼ਸੋਪੰਜ ਵਿੱਚ ਹਾਂ... ਖਵਰੈ ਘਰ ਮਿਲੇਗਾ ਵੀ ਕਿ ਨਹੀਂ ਰੌਬਿਟ! ਜੇ ਮਿਲੇਗਾ ਤਾਂ ਕਿਸ ਤਰ੍ਹਾਂ ਦਾ ਵਿਵਹਾਰ ਕਰੇਗਾ! ਯਕੋ-ਤਕੀ ਵਿੱਚ ਘੰਟੀ ਦਾ ਬਟਨ ਦੱਬਦਾ ਹਾਂ। ਨਿੱਕਾ ਘਰ ਅੰਦਰੋਂ-ਬਾਹਰੋਂ ਪੂਰੀ ਤਰ੍ਹਾਂ ਖ਼ਾਮੋਸ਼ ਹੈ। ਜਾਪਦਾ ਹੈ ਕਿ ਕਈ ਦਿਨਾਂ ਤੋਂ ਏਥੇ ਕੋਈ ਜਿਵੇਂ ਆਇਆ ਗਿਆ ਹੀ ਨਹੀਂ ਹੈ। ਵੰਨ-ਸੁਵੰਨੇ ਦਰੱਖਤਾਂ ਦੇ ਪੱਤੇ ਖਿਲਰੇ ਪਏ ਸਨ। ਫਿਰ ਫੋਨ ਕਰਦੇ ਹਾਂ। ਕੋਈ ਰਿਸਪਾਂਸ ਨਹੀਂ। ਸਾਡੀ ਬਿੜਕ ਲੈ ਕੇ ਨਾਲ ਦੇ ਘਰੋਂ ਇੱਕ ਗੋਰਾ ਬੂਹਾ ਖੋਲ੍ਹਦਾ ਹੈ, “ਕਿਸ ਨੂੰ ਮਿਲਣਾ ਹੈ ਰੌਬਿਟ ਨੂੰ...?”
ਮੇਰੇ ‘ਹਾਂ’ ਕਹਿਣ ‘ਤੇ ਉਹ ਇਕੇ-ਸਾਹੇ ਦੱਸਦਾ ਹੈ-“ ਉਸਦੀ ਕੁਝ ਦਿਨ ਪਹਿਲਾਂ ਰਾਤ ਨੂੰ ਮੌਤ ਹੋ ਗਈ ਸੀ...ਪਰਸੋਂ ਉਸਦਾ ਸਸਕਾਰ ਕਰ ਦਿੱਤਾ ਗਿਆ ਹੈ...ਉਹ ਬਹੁਤ ਦੇਰ ਤੋਂ ਡਿਪਰੈਸ਼ਂਨ ਦਾ ਮਰੀਜ਼ ਸੀ। ਉਹ ਬਹੁਤ ਉੱਘਾ ਸੰਗੀਤਕਾਰ ਸੀ। ਉਹ ਸੁਰ-ਮੰਡਲ ਦਾ ਉਸਤਾਦ ਸੀ। ਬਹੁਤ ਪਿਆਰਾ ਵਜਾਉਂਦਾ ਸੀ ਉਹ ਸੁਰ-ਮੰਡਲ! ਉਸਦੀ ਪਤਨੀ ਤੇ ਬੱਚੇ ਬਹੁਤ ਦੇਰ ਪਹਿਲਾਂ ਉਸਨੂੰ ਛੱਡ ਗਏ ਸਨ ਕਿਉਂਕਿ ਉਹ ਸਾਰਾ-ਸਾਰਾ ਸਮਾਂ ਆਪਣੀ ਸੰਗੀਤ ਸਿਰਜਣਾ ਵਿੱਚ ਹੀ ਲੱਗਿਆ ਰਹਿੰਦਾ ਸੀ। ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸੀ ਪਰ ਉਹ ਨਹੀਂ ਆਏ। ਮੈਨੂੰ ਵੀ ਬਹੁਤ ਦੁੱਖ ਹੈ ਕਿ ਮੇਰਾ ਗੁਆਂਢੀ ਸੰਗੀਤਕਾਰ ਨਹੀਂ ਰਿਹਾ...ਮੇਰੇ ਗੁਆਂਢ ਵਿੱਚ ਰਹਿੰਦੇ ਇੱਕ ਪਿਆਰੇ ਜਿਹੇ ‘ਸੁਰ-ਮੰਡਲ ਦੀ ਮੌਤ’ ਹੋ ਗਈ ਹੈ...ਅਫ਼ਸੋਸ ਹੈ ਕਿ ਤੁਸੀਂ ਵੀ ਹੁਣ ਉਸਨੂੰ ਮਿਲ ਨਹੀਂ ਸਕਦੇ...ਓਕੇ...ਬਾਏ...ਬਾਏ ਟੇਕ-ਕੇਅਰ...।”
ਇਹ ਆਖ ਉਸਨੇ ਬੂਹਾ ਭੇੜ ਲਿਆ ਸੀ। ਮੇਰੀਆਂ ਅੱਖਾਂ ਸਿੰਮ ਆਈਆਂ ਸਨ। ਉਦਾਸ ਮਨਾਂ ਨਾਲ ਮੈਂ ਤੇ ਦੋਸਤ ਕਾਰ ਕੋਲ ਆਏ ਸਾਂ। ਦੇਸ਼ ਵਾਪਸੀ ਮੌਕੇ, ਸੁਰ-ਮੰਡਲ ਨੂੰ ਨਵੇਂ ਤੌਲੀਏ ਵਿੱਚ ਲਪੇਟ ਕੇ ਅਟੈਚੀ ਵਿੱਚ ਰੱਖਦਿਆਂ ਮਨ ਭਰ ਆਇਆ ਸੀ। ਹੁਣ ਜਦ ਵੀ ਕਦੇ ਆਪਣੀ ਨਿੱਜੀ ਅਲਮਾਰੀ ਖੋਲ੍ਹਦਾ ਹਾਂ ਉਸ ‘ਸੁਰ-ਮੰਡਲ’ ‘ਤੇ ਝਾਤੀ ਪੈਂਦਿਆਂ ਹੀ ਰੌਬਿਟ ਦੀ ਨਿੱਘੀ ਯਾਦ ਤਾਜ਼ਾ ਹੋ ਜਾਂਦੀ ਹੈ।
****
No comments:
Post a Comment