ਇਹ ਰਾਤ ਤਾਂ ਸੀ ਦਰਾਂ ‘ਤੇ ਉਤਰੀ,
ਉਦਾਸੀਆਂ ਦਾ ਲਬਾਸ ਲੈ ਕੇ।
ਇਹ ਜਰਦ ਪੱਤੇ ਵੀ ਆ ਗਏ ਨੇ,
ਹਜ਼ਾਰਾਂ ਨਗ਼ਮੇ ਉਦਾਸ ਲੈ ਕੇ।
ਇਹ ਲੋਕ ਬੁੱਤਾਂ ‘ਚ ਢਲ ਗਏ ਹਨ,
ਇਹ ਸ਼ਹਿਰ ਜੰਗਲ ‘ਚ ਜ਼ਬਤ ਹੋਇਐ,
ਕਿਵੇਂ ਮੁਖ਼ਾਤਿਬ ਇਨ੍ਹਾਂ ਨੂੰ ਹੋਵਾਂ,
ਮੈਂ ਅਪਣੇ ਨਾਜ਼ੁਕ ਕਿਆਸ ਲੈ ਕੇ।
ਮੈਂ ਰੁਖ ਬਾਲਣ ‘ਚ ਢਲ ਨਾ ਜਾਵਾਂ,
ਮੈਂ ਅਪਣੀ ਅਗ ਵਿਚ ਹੀ ਜਲ ਨਾ ਜਾਵਾਂ,
ਤੂੰ ਪਹੁੰਚ ਸਕਦੀ ਏਂ ਨਦੀਏ ਆ ਜਾ,
ਮੈਂ ਪਹੁੰਚਾਂ ਕਿੱਦਾਂ ਇਹ ਪਿਆਸ ਲੈ ਕੇ।
ਉਹ ਰਿਸ਼ਤਿਆਂ ਦਾ ਸਜਾ ਕੇ ਜੰਗਲ,
ਨਿਭਣ ਦੀ ਮੇਰੇ ਤੋਂ ਆਸ ਰੱਖਣ,
ਜੋ ਆਪ ਰਾਹਾਂ ‘ਚ ਭਟਕਦੇ ਨੇ,
ਚਿਰਾਂ ਤੋਂ ਅਪਣੀ ਤਲਾਸ਼ ਲੈ ਕੇ।
ਅਖੀਰ ਸੂਰਜ ਨੇ ਅਸਤਣਾ ਸੀ,
ਮਗ਼ਰ ਚਿਰਾਗਾਂ ਨੂੰ ਇਹ ਕੀ ਹੋਇਐ,
ਇਹ ਤੇਲ ਅਪਣਾ ਹੀ ਪੀ ਗਏ ਹਨ,
ਬਣੇ ਨੇ ਕੈਸੀ ਪਿਆਸ ਲੈ ਕੇ।
****
No comments:
Post a Comment