ਮਾਂ ਨੂੰ......... ਨਜ਼ਮ/ਕਵਿਤਾ / ਹਰਮੰਦਰ ਕੰਗ


ਵਿਦੇਸ਼ ਵਸਦੇ ਪੁੱਤਰ ਵਲੋਂ 
                              
ਮਾਂ ਅੱਜ ਮੇਰਾ ਦਿਲ ਨਹੀਂ ਲੱਗ ਰਿਹਾ ਸੀ, ਅੱਖਾਂ ਚੋਂ ਪਾਣੀਂ ਵਗ ਰਿਹਾ ਸੀ,
ਜਜਬਾਤਾਂ ਦੇ ਵਹਿਣ ‘ਚ ਵਹਿ ਰਿਹਾ ਸੀ, ਆਪਣੇਂ ਆਪ ਨੂੰ ਕੁੱਝ ਕਹਿ ਰਿਹਾ ਸੀ,
ਫਿਰ ਸੋਚਿਆ ਤੈਂਨੂੰ ਇੱਕ ਖਤ ਪਾਵਾਂ, ਤੇਰੇ ਨਾਲ ਗੱਲਾਂ ਕਰਾਂ ‘ਤੇ ਆਪਣਾਂ ਹਾਲ ਸੁਣਾਵਾਂ।

ਮਾਂ ਵਰਿਆਂ ਤੋਂ ਜਾਨ ਲੈਣ ਵਾਲੀ ਤੇਰੇ ਢਿੱਡ ਵਿੱਚ ਉਹ ਚੰਦਰੀ ਚੀਸ ਅਜੇ ਵੀ ਪੈਂਦੀ ਹੈ?
ਪਰਦੇਸ ਗਏ ਪੁੱਤਾਂ ਸੱਖਣੇ ਘਰਾਂ ਵਿੱਚ ਚੁੱਪ ‘ਤੇ ਉਦਾਸੀ ਛਾਈ ਰਹਿੰਦੀ ਹੈ?
ਮਾਂ ਹੁਣ ਤੇਰੇ ਚਿਹਰੇ ਤੇ ਉਹ ਖੁਸ਼ੀ ਕਿਓ ਨਹੀ ਆੳਂੁਦੀ ਜੋ ਮੈਨੂੰ ਸਕੂਲ ਤੋਰਨ ਵੇਲੇ ਆਈ ਸੀ।
ਤੇ ਜਾਂ ਫਿਰ ਉਦੋਂ ਜਦੋਂ ਮੈਂ ਗੁਰਮੁਖੀ ਦੇ ਅੱਖਰ ਮੰਮੇ ਨੂੰ ਕੰਨਾਂ ਲਿਖ ਕੇ ਉਤੇ ਬਿੰਦੀ ਲਾਈ ਸੀ?


ਮਾਂ ਉਹ ਜੈਲਦਾਰਾਂ ਦੇ ਮੁੰਡੇ ਅਜੇ ਵੀ ਸੂਰਜ ਨੂੰ ਪੱਛਮ ਵਿੱਚੋਂ ਚੜਾਉਣ ਦੀਆਂ ਗੱਲਾਂ ਕਰਦੇ ਨੇਂ?
‘ਤੇ ਭਗਤ ਸਿੰਘ ਤੇ ਊਧਮ ਸਿੰਘ ਦੇ ਭਰਾ ਅਜੇ ਵੀ ਰੋਜ ਅਣਆਈ ਮੌਤੇ ਮਰਦੇ ਨੇਂ?
ਕੀ ਨਾਦਰਸ਼ਾਹੀ ਕੌਮ ਸਵਰਥੀ ਹਾਸੇ ਹੱਸਦੀ ਅਜੇ ਵੀ ਇਨਸਾਨੀਅਤ ਦਾ ਮੂੰਹ ਚਿੜਾਉਦੀ ਹੈ?
ਤੇ ਲੋਕਾਂ ਦੀ ਸਰਕਾਂਰ ਆਪਣੀ ਭੁੱਖੀ ਜਨਤਾ ਦੇ ਮੂੰਹ ਲਾਰਿਆਂ ਦੀ ਰੋਟੀ ਪਾਉਂਦੀ ਹੈ?

ਮਾਂ ਸੱਚ ਦੱਸੀ ਕਿ ਪਿੰਡ ‘ਚ ਅਜੇ ਵੀ ਵਿਆਹਾਂ ਸ਼ਾਦੀਆਂ ਮੌਕੇ ਭੰਗੜੇ ਗਿੱਧੇ ਪੈਂਦੇ ਨੇ?
‘ਤੇ ਕਿਸੇ ਦੀ ਮੌਤ ਦੀ ਖਬਰ ਸੁਣ ਲੋਕਾਂ ਦੇ ਘਰਾਂ ‘ਚ ਚੁੱਲ੍ਹੇ ਠੰਡੇ ਰਹਿੰਦੇ ਨੇ?
ਕੀ ਪਿੰਡ ‘ਚ ਅਜੇ ਵੀ ਤੱਤੀਆਂ ਹਵਾਵਾਂ ਦੇ ਬੁੱਲੇ ਵਗਦੇ ਰਹਿੰਦੇ ਨੇਂ?
ਜਲੀਲਤਾ ਦੇ ਡਰੋਂ ਫਾਹਾ ਲੈ ਲੈ ਮਰਦੇ ਅੰਨਦਾਤਿਆਂ ਦੇ ਸਿਵੇ ਮੱਘਦੇ ਰਹਿੰਦੇ ਨੇ?

ਪਿੰਡ ਦੇ ਦਿਹਾੜੀਦਾਰ ਕਾਮੇਂ ਅਜੇ ਵੀ ਦਾਰੂ ਪੀ ਕੇ ਵਹੁਟੀਆਂ ਨੂੰ ਕੁਟਦੇ ‘ਤੇ ਲਲਕਾਰੇ ਮਾਰਦੇ ਨੇਂ
‘ਤੇ ਉਹਨਾਂ ਦੇ ਬੱਚੇ ਰਾਤ ਦੀ ਰੋਟੀ ‘ਤੇ ਪੈਰਾਂ ‘ਚ ਬਿਨਾਂ ਚੱਪਲਾਂ ਦੇ ਹੀ ਸਾਰਦੇ ਨੇਂ?
ਕੰਮੀਆਂ ਦੇ ਵਿਹੜਿਆਂ ਵਿੱਚ ਅਜੇ ਵੀ ਉਦਾਸ ਰੂਹ ਵਾਲੀ ਧੁੱਪ ਆ ਬਹਿੰਦੀ ਹੈ?
ਤੇ ਅਜੇ ਵੀ ਮੀਹ ਕਣੀਂ ਵਿੱਚ ਸੱਤੂ ਤਰਖਾਣ ਦੀ ਕੁੱਲੀ ਚਿਉਂਦੀ ਰਹਿੰਦੀ ਹੈ?

ਮਾਂ ਮੇਰੇ ਪਿੰਡ ਦੇ ਲੋਕ ਅਜੇ ਵੀ ਢਾਈ ਅੱਖਰ ਪੜਿਆਂ ਤੋਂ ਉਜੱਡ ਹੀ ਕਹਾਉਂਦੇ ਨੇਂ,
‘ਤੇ ਨਿਆਣਿਆਂ ਦੇ ਮੂੰਹੋ ਦੁੱਧ ਦੀਆਂ ਘੁੱਟਾਂ ਖੋਹ-ਖੋਹ ਕੇ ਮੜ੍ਹੀਆਂ ‘ਤੇ ਲੱਸੀਆਂ ਪਾਉਂਦੇ ਨੇਂ?
ਮੈਂ ਸੋਚਦਾਂ ਮਾਂ ਕਿ ਇਹਨਾਂ ਨਾਲ ਰੁੱਸੀ ਤਕਦੀਰ ਕਦ ਇਹਨਾਂ ਦਾ ਬੂਹਾ ਖੜਕਾਊਗੀ?
ਇਹ ਵੀ ਸੋਚਦਾ ਰਹਿੰਦਾ ਹਾਂ ਕਿ ਸਦੀਆਂ ਪੁਰਾਣੀ ਇਹਨਾਂ ਦੀ ਭੋਲੀ ਸੋਚ ਵਿੱਚ ਕਦੇ ਤਬਦੀਲ਼ੀ ਵੀ ਆਉਗੀ?

ਮੈਨੂੰ ਨੀ ਲਗਦਾ ਮਾਂ ਕਿ ਹੁਣ ਚਿੜ੍ਹੀਆਂ ਆਪਣੇਂ ਵਿਹੜੇ ਵਾਲੇ ਨਿੰਮ ‘ਤੇ ਰੌਣਕਾਂ ਲਾਉਂਦੀਆਂ ਹੋਣਗੀਆਂ?
ਤੇ ਪਿੰਡ ਦੀਆਂ ਕੁੜੀਆਂ ਸਾਉਣ ਮਹੀਨੇਂ ਪਿੱਪਲੀਂ ਪੀਘਾਂ ਪਾਉਦੀਆਂ ਹੋਣਗੀਆਂ?
ਮੈਂ ਤਾਂ ਸੁਣਿਐ ਮਾਂ ਕਿ ਪੁੱਤ ਹੁਣ ਜਇਦਾਦ ਵੰਡਣ ਵੇਲੇ ਮਾਂ ਪਿਓ ਨੂੰ ਵੰਡ ਸੁੱਟਦੇ ਨੇਂ,
ਤੇ ਧਰਮ ਦੇ ਨਾਂ ਤੇ ਢਿੱਡ ਭਰਨ ਵਾਲੇ ਚੋਰ, ਸਾਧਾਂ ਦੇ ਬਾਣੇ ‘ਚ ਲੋਕਾਂ ਨੂੰ ਲੁੱਟਦੇ ਨੇਂ।

ਮਾਂ ਹੁਣ ਕਿਵੇਂ ਦੱਸ਼ਾਂ ਕਿ ਇਸ ਬਿਗਾਨੇਂ ਮੁਲਕ ਵਿੱਚ ਜਜਬਾਤਾਂ ਦਾ ਕੀ ਮੁੱਲ ਪੈਂਦੈਂ,
ਮੂਰਤਾਂ ਵਰਗੇ ਲੋਕਾਂ ਨੂੰ ਇੱਥੇ ਦਿਨ ਰਾਤ ਬੱਸ ਰੋਟੀ ਕਮਾਉਣ ਦਾ ਹੀ ਫਿਕਰ ਰਹਿੰਦੈ,
ਪਰ ਤੂੰ ਆਸ ਰੱਖੀਂ ਮਾਂ
ਹਨੇਰਿਆਂ ‘ਚ ਭਟਕਿਆ ਪਰਿੰਦਾ ਇੱਕ ਦਿਨ ਜਰੂਰ ਆਪਣੇਂ ਆਲਣੇਂ ‘ਚ ਮੁੜੇਗਾ,
‘ਤੇ ਨਹੁੰਆਂ ਨਾਲੋਂ ਵੱਖ ਹੋਇਆ ਮਾਸ ਆਖਰ ਨਹੁੰਆਂ ਨਾਲ ਹੀ ਤਾਂ ਜੁੜੇਗਾ।
      
****

1 comment:

raminderjeet said...

kang sahib kya baat hai g