ਵੀਰ ਰਿਸ਼ੀ ਜੀ, ਵੀਰ ਪਰੇਮ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਨਾਲ ਬੜੀ ਠੇਸ ਪੁਜੀ ਹੇ।
ਇਸ ਸੰਸਾਰ ਦੇ ਵਡਅਕਾਰੀ ਮੰਚ ਤੇ ਹਰ ਘੜੀ ਹਰ ਪਲ ਸੰਜੋਗ ਵਿਯੋਗ ਦਾ ਡਰਾਮਾ ਚਲ ਰਿਹਾ ਹੈ।“ ਘਲੇ ਆਵੇ ਨਾਨਕਾ” ਦਾ ਫੁਰਮਾਨ ਸ਼ੁਰੂਆਤ ਹੈ , ਸੰਜੋਗ ਹੈ ਖੁਸ਼ੀਆਂ ਖੇੜਿਆਂ ਦਾ ਸਮਾਂ ਹੈ ਸ਼ਾਦਿਆਨੇ ਵਜਦੇ ਹਨ ਦੂਰ ਦੁਰਾਡੇ ਵਸੇਂਦੇ ਸਜਣਾਂ ਨੂੰ ਵੀ ਖਬਰ ਦੇ ਕੇ ਖੁਸ਼ੀ ਵੰਡੀ ਜਾਂਦੀ ਹੈ ਅਤੇ ” ਸਦੇ ਉਠੀ ਜਾਹ” ਨਾਲ ਉਹ ਫੁਰਮਾਨ ਹੀ ਨਹੀਂ ਪੂਰਾ ਹੁੰਦਾ ਬਲਕਿ ਜੋ ਕਹਾਣੀ ਪਹਿਲੇ
ਸਵਾਸ ਨਾਲ ਸ਼ੁਰੂ ਹੋਈ ਸੀ ਉਹ ਆਖਰੀ ਸਵਾਸ ਨਾਲ ਪੂਰੀ ਹੋ ਜਾਂਦੀ ਹੈ। ਸਦੀਵੀ ਵਿਛੋੜੇ ਦੇ ਪਲ ਤਿਖੀਆਂ ਚੋਭਾਂ ਬਣ ਆਤਮਾਂ ਨੂੰ ਛਨਣੀ ਕਰਨ ਲਗ ਜਾਂਦੇ ਹਨ। ਜਗ ਰੀਤ ਹੈ। ਕੇਰਾਂ ਮੋਰ ਲਾ ਜਾਣ ਉਡਾਰੀ ਫੇਰ ਨਾ ਬਾਗੀਂ ਆਉਂਦੇ।
ਨਾ ਆਵਾਜ਼ ਫਜ਼ਾ ਵਿਚ ਘੂਕੇ ਨਾ ਫਿਰ ਪੈਲਾਂ ਪਾਉਂਦੇ।
ਬੋਲੀ ਦੀ ਵੀ ਸਾਂਝ ਨਾ ਕੋਈ ਨਾ ਕੋਈ ਪਤਾ ਟਿਕਾਣਾ।
ਅਖੀਆਂ ਤੋਂ ਉਹਲੇ ਹੋ ਜਾਂਦੇ ਕੁਝ ਸੁਣਦੇ ਨਾ ਸੁਣਾਉਂਦੇ।
ਰਿਸ਼ੀ ਵੀਰ ਪਰਦੇਸ ਨੂੰ ਆਉਣ ਸਮੇਂ ਪਤਾ ਹੁੰਦਾ ਹੈ ਕਿ ਦੇਰ ਸਵੇਰ ਫੇਰ ਮੇਲ ਹੋਵੇਗਾ। ਅਜ ਦੇ ਯੁਗ ਵਿਚ ਤਾਂ ਟੈਲੀਫੂਨ ਤੇ ਜਦ ਮਰਜ਼ੀ ਆਵਾਜ਼ ਸਾਂਝੀ ਕੀਤੀ ਜਾ ਸਕਦੀ ਹੈ ਫੇਰ ਵੀ ਵਿਛੜਨ ਵੇਲੇ ਅਖਾਂ ਛਲਕ ਪੈਂਦੀਆਂ ਹਨ। ਪ੍ਰੇਮ ਤਾਂ ਇਕ ਅਣਡਿਠੇ ਦੇਸ਼ ਦਾ ਵਾਸੀ ਬਣ ਬੈਠਾ ਹੇ ਜਿਸ ਦਾ ਨਾ ਕੋਈ ਸਰਨਾਮਾਂ ਹੈ ਅਤੇ ਨਾ ਹੀ ਬੋਲੀ ਦੀ ਸਾਂਝ । ਬਸ ਵਿਛੋੜਾ ਉਹ ਵੀ ਸਦੀਵੀ ਫੇਰ ਬੇਬਸ ਇਨਸਾਨ ਧਾਅ ਨਾ ਮਾਰੇ ਤਾਂ ਕੀ ਕਰੇ।
ਵੀਰ ਮੇਰਿਆ ਜਿਸ ਤਨ ਲਾਗੇ ਸੋਈ ਜਾਣੇ ਵਿਛੋੜੇ ਦੀ ਪੀੜਾ ਬੜੀ ਡਾਡ੍ਹੀ ਹੁੰਦੀ ਹੈ।ਜਾਣ ਵਾਲਾ ਤਾਂ ਚਲਾ ਜਾਂਦਾ ਹੈ। ਪਿਛੇ ਪ੍ਰਿਵਾਰ ਨੂੰ ਬਿਰਹੋਂ ਦੀ ਪੀੜਾ ਸੱਲੜ ਦਿੰਦੀ ਹੈ।
ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਓਦਿ
ਬਾਝ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ
( ਮਾਰੂ ਡਖਣੇ ਮਹਲਾ 5)
ਰਿਸ਼ੀ ਵੀਰ ਜਦ ਇਹ ਦੁਖ ਭਰੀ ਖਬਰ ਮੈਂ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਦੇ ਹੋਰ ਸਾਥੀਆਂ ਨਾਲ ਸਾਂਝੀ ਕੀਤੀ ਸਭ ਨੇ ਤੇਰੇ ਦੁਖ ਨੂੰ ਮਹਿਸੂਸ ਕੀਤਾ। ਵੀਰ ਤਰਲੋਚਨ ਸਿੰਘ ਦੁਪਾਲ ਪੁਰ ਨੇ ਭਾਈਆਂ ਦੇ ਵਿਛੋੜੇ ਦਾ ਹਵਾਲਾ ਦਿੰਦਿਆਂ ਆਖਿਆ “ ਭਾਈ ਮਰੇ ਤਾਂ ਬਾਂਹ ਭਜਦੀ ਅਖੀਓਂ ਨਾ ਸੁਕਦਾ ਨੀਰ”
ਕਮਲ ਬੰਗਾ ਜੀ ਆਖਣ ਲਗੇ, ਘੱਗ ਸਾਹਿਬ, ਰਿਸ਼ੀ ਜੀ ਦੇ ਜੀਵਨ ਵਿਚ ਹੁਣ ਉਹ ਮਿਠਾਸ ਨਹੀ ਰਹਿਣੀ “ ਤੂਫਾਨ ਦੀ ਮਾਰ ਪੈਂਦੀ ਜਿਨ੍ਹਾਂ ਵੀ ਬੂਟਿਆਂ ਨੂੰ, ਮਿਠਾਸ ਫਿਰ ਨਾ ਰਿਹੰਦੀ ਉਨ੍ਹਾਂ ਦੇ ਫਲਾਂ ਅੰਦਰ”
ਨੀਲਮ ਸੈਣੀ ਨੇ ਵੀਰ ਦੇ ਰਿਸ਼ਤੇ ਦੀ ਗੱਲ ਕੁਝ ਇਸ ਤਰਾਂ ਕਹੀ।
ਇਕ ਰਿਸ਼ਤਾ ਮੇਰਾ ਵੀਰ ਕਹਾਇਆ,
ਮਿਲਿਆ ਬਣ ਉਹ ਅਮਾਂ ਜਾਇਆ।
ਜਗ ਵਿਚ ਉਸਨੇ ਸੀਰ ਰਲਾਇਆ।
ਰਬਾ ਕਹਾਂ, ਇਹ ਰਿਸ਼ਤਾ ਤਾਂ ਹਰ ਕੋਈ ਪਾਵੇ
ਪਰ ਵੀਰ ਕਿਸੇ ਦਾ ਵਿਛੜ ਨਾ ਜਾਵੇ।
ਦਲਵੀਰ ਦਿਲ ਆਖਣ ਲੱਗਾ ਘੱਗ ਸਾਹਿਬ,
ਮੋਢਾ ਦੇਣਾ ਪੈ ਜਾਵੇ ਅਜ਼ੀਜ਼ਾਂ ਦੇ ਜਨਾਜ਼ੇ ਨੂੰ ਜੇ।
ਜਿਉਂਦਿਆਂ ਜੀ ਹੀ ਉਦੋਂ ਮਰ ਜਾਈਦਾ।
ਯਾਦਾਂ ਦੀਆਂ ਸੂਲਾਂ ਫੇਰ ਸੀਨੇ ਵਿਚ ਛੇਦ ਪਾਉਣ
ਸਲ ਵਿਛੋੜੇ ਦਾ ਤਾ-ਉਮਰ ਹੰਢਾਈਦਾ।
ਮਨਜੀਤ ਕੌਰ ਸੇਖੋਂ ਨੇ ਕਿਹਾ।
ਰਿਸ਼ੀ ਵੀਰ! ਸਾਡੇ ਨਾ ਇਹ ਵਸ ਦੀ ਗੱਲ
ਇਹ ਸੰਸਾਰ ਦੀ ਰੀਤ।
ਵਾਰੋ ਵਾਰੀ ਸਭ ਤੁਰ ਜਾਂਦੇ ਛਡ ਕੇ ਆਪਣੇ ਮੀਤ।
ਰਿਸ਼ੀ ਵੀਰ ਸਰੀਰ ਦੇ ਕਿਸੇ ਵੀ ਇਕ ਅੰਗ ਨੂੰ ਪੀੜਾ ਹੋਵੇ ਸਾਰਾ ਸਰੀਰ ਪਿੰਜਿਆ ਜਾਂਦਾ ਹੈ। ਤੂੰ ਇਕ ਵਡ ਅਕਾਰੀ ਨਾਦੀ ਪ੍ਰਿਵਾਰ ਦਾ ਅੰਗ ਹੈ। ਇਸ ਦੁਖ ਸਮੇਂ ਤੇਰਾ ਇਹ ਕਲਮਾਂ ਦੀ ਸਾਂਝ ਰਖਣ ਵਾਲਾ ਪ੍ਰਿਵਾਰ ਤੇਰੇ ਦੁਖ ਵਿਚ ਸ਼ਰੀਕ ਹੁੰਦਾ ਹੈ। ਵੀਰ ਰਿਸ਼ੀ , ਸਮੁਚੀ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਅਰਦਾਸ ਕਰਦੀ ਹੈ ਕਿ ਤੁਹਾਡਾ ਮਨੋਬਲ ਤੁਹਾਨੂੰ ਇਸ ਦੁਖ ਦੀ ਘੜੀ ਨੂੰ ਬਰਦਾਸ਼ਤ ਕਰਨ ਦਾ ਬੱਲ ਬਖਸ਼ੇ ਅਤੇ ਤੂੰ ਫਿਰ ਜੀਵਨ ਦੇ ਮਿਥੇ ਨਸ਼ਾਨੇ ਦੀ ਪਰਾਪਤੀ ਦਾ ਪਾਂਧੀ ਬਣ ਜਾਵੇਂ।
ਹਰਬੰਸ ਸਿੰਘ ਜਗਿਆਸੂ ਪਧਾਨ, ਹਰਪਾਲ ਸਿੰਘ ਖੇੜਾ ਮੀਤ ਪਰਧਾਨ, ਸਕਤਰ ਜਿਓਤੀ ਸਿੰਘ, ਮੀਤ ਸਕਤਰ ਦਲਬੀਰ ਦਿਲ। ਬੇ ਏਰੀਆ ਯੂਨਟ ਕੁਲਦੀਪ ਸਿੰਘ ਢੀਂਡਸਾ ਪਰਧਾਨ, ਨੀਲਮ ਸੈਣੀ ਸਕਤਰ,ਨੌਸ਼ਾਦ ਅਖਤਰ ਮੀਤ ਸਕਤਰ। ਸਟਾਕਟਨ ਯੂਨਟ ਹਰਜਿੰਦਰ ਪੰਧੇਰ ਪਰਧਾਨ ਜਸਵੰਤ ਸ਼ਾਦ ਸਕਤ੍ਰ।
ਮੁਹਿੰਦਰ ਸਿੰਘ ਘੱਗ
(530) 695-1318
No comments:
Post a Comment