ਅਸੂਜ ਦੀ ਬੀਜੀ ਕਣਕ ਜਦ ਸੁਨਹਿਰੀ ਭਾ ਮਾਰਨ ਲਗ ਜਾਂਦੀ ਹੈ ਕਣਕ ਦੀਆਂ ਬਾਲੀਆਂ ਦਾਣਿਆਂ ਦੇ ਭਾਰ ਨਾਲ ਸਿਰ ਝੁਕਾ ਕੇ ਕਿਰਸਾਨ ਅਗੇ ਕੁਰਬਾਨ ਹੋਣ ਲਈ ਤਿਆਰ ਬਰ ਤਿਆਰ ਹੋ ਜਾਨੀਆਂ ਹਨ । ਤਾਂ ਸਦੀਆਂ ਤੋਂ ਚਲੀ ਆਈ ਪਰੰਮਪਰਾ ਅਨੁਸਾਰ ਕਿਰਸਾਨ ਇਹਨਾਂ ਦੀ ਕੁਰਬਾਨੀ ਨੂੰ ਕਬੂਲਦਾ ਹੋਇਆ ਫਸਲ ਦੀ ਸਾਂਭ ਸੰਭਾਲ ਵਿਚ ਜੁਟ ਜਾਂਦਾ ਹੈ। ਭਰ ਗਰਮੀਆਂ ਵਿਚ ਬੜੀ ਕਰੜੀ ਘਾਲਣਾ ਕਰਕੇ ਹਾੜੀ ਦੀ ਫਸਲ ਸਾਂਭ ਸੰਭਾਲ ਕਰ ਲਈ, ਸ਼ਾਹ ਦਾ ਕੁਝ ਕਰਜ਼ਾ ਉਤਰ ਗਿਆ, ਸਾਲ ਭਰ ਦੇ ਨਿਰਬਾਹ ਲਈ ਕਣਕ ਨਾਲ ਭੜੋਲੇ ਭਰ ਲਏ, ਹੁਣ ਸਮਾਂ ਸ਼ੁਕਰਾਨਾ ਕਰਨ ਦਾ ਆਇਆ ਤਾਂ ਵਿਸਾਖ ਮਹੀਨੇ ਦਾ ਪਹਿਲਾ ਦਿਨ ਚੁਣਿਆ। ਵਿਸਾਖ ਮਹੀਨੇ ਦਾ ਨਾਮ ਵਿਸਾਖਾ ਨਛੱਤਰ ਤੋਂ ਰਖਿਆ ਗਿਆ ਹੈ । ਵਿਸਾਖਾ 27 ਨਛਤਰਾਂ ਵਿਚੋਂ ਸੋਲਵਾਂ ਨਛਤਰ ਹੈ। ਪੁਰਾਤਨ ਗਰੰਥਾਂ ਅਨੁਸਾਰ ਸਾਰੇ ਨਛਤਰਾਂ ਵਿਚੋਂ ਵਿਸਾਖਾ ਨਛਤਰ ਨੂੰ ਪਵਿਤਰ ਮਨਿਆ ਜਾਂਦਾ ਹੈ।
ਮਾਘੀ ਵਾਂਗ ਵਿਸਾਖੀ ਅਸ਼ਨਾਨ ਨੂੰ ਵੀ ਮਹਤੱਤਾ ਦਿਤੀ ਗਈ ਹੈ ਵਿਸਾਖੀ ਦੇ ਅਸ਼ਨਾਨ ਕਰਨ ਜਾਣ ਨੂੰ (ਬਸੋਆ ਨਾਉਣ ਜਾਣਾ ਵੀ ਆਖਿਆ ਜਾਂਦਾ ਹੈ)ਸ਼ੁਰੂ ਸ਼ੁਰੂ ਵਿਚ ਇਹ ਮੇਲਾ ਦਰਿਆਵਾਂ ਤੇ ਇਸ਼ਨਾਨ ਕਰਨ ਤਕ ਹੀ ਸੀਮਤ ਸੀ । ਜਿਊਂ ਜਿਊਂ ਖੁਸ਼ਹਾਲੀ ਆਈ ਮੇਲੇ ਦਾ ਤੌਰ ਤਰੀਕਾ ਵੀ ਬਦਲਿਆ। ਮੇਲਿਆਂ ਦਾ ਵਪਾਰੀ ਕਰਨ ਵੀ ਹੋਣ ਲਗਾ। ਮੁਟਿਆਰਾਂ ਅਤੇ ਗੱਭਰੂਆਂ ਲਈ ਹਾਰ ਸ਼ਿੰਗਾਰ ਅਤੇ ਬਚਿਆਂ ਲਈ ਹਟੀਆਂ ਤੇ ਪਏ ਖਿਲੌਣੇ ਖਿਚ ਦਾ ਕਾਰਨ ਬਣਦੇ । ਸਹਿਜੇ ਸਹਿਜੇ ਗਭਰੂਆਂ ਵਲੋਂ ਭੰਗੜਾ ਅਤੇ ਮੁਟਿਆਰਾਂ ਵਲੋਂ ਗਿੱਧਾ ਵੀ ਵਿਸਾਖੀ ਦੀਆਂ ਖੁਸ਼ੀਆਂ ਦਾ ਹਿਸਾ ਬਣ ਗਿਆ। ਪੰਜਾਬੀ ਗਭਰੂਆਂ ਦੇ ਖੁਲੇ ਜੁਸੇ ਦੱਗ ਦੱਗ ਕਰਦੇ ਚੇਹਰੇ ਹਥ ਸਮਾਂ ਵਾਲੀ ਡਾਂਗ ਜਾਂ ਖੂੰਡਾ , ਧਰਤੀ ਹੂੰਝਦੇ ਚਾਦਰੇ ਸਰਦੇ ਪੁਜਦਿਆਂ ਦੇ ਗਲੀਂ ਕੰਠੇ, ਮੇਲੇ ਵਿਚ ਟੋਲੀਆਂ ਬਣਾ ਕੇ ਮਸਤ ਹਾਥੀਆਂ ਵਾਂਗ ਝੂਮਦੇ ਫਿਰਨਾ ਮੇਲੇ ਦੇ ਛਿੜਨ ਵੇਲੇ ਤਕ ਪਕੌੜਿਆਂ ਦੇ ਨਾਲ ਤਿਪ ਤਿਪ ਅੰਦਰ ਜਾਣ ਨਾਲ ਚੋਬਰਾਂ ਦੀਆਂ ਅਖਾਂ ਵਿਚ ਲਾਲੀ ਦੇ ਡੋਰੇ , ਮੱਘੇ ਅਤੇ ਬੁਲਬੁਲੀਆਂ ਦੇ ਰੂਪ ਵਿਚ ਅੰਗੜਾਈਆਂ ਲੈਂਦੀ ਜਵਾਨੀ ਬਸ ਕਿਸੇ ਪਾਸਿਓਂ ਇਕ ਖੰਘੂਰਾ ਹੀ ਖੂੰਡੇ ਖੜਕਣ ਦੀ ਕਿਰਿਆ ਅਰੰਭ ਦਿੰਦਾ। ਬਸ ਆਪਮੁਹਾਰੀ ਤਾਕਤ ਦੀ ਹਾਨੀਕਾਰਕ ਪ੍ਰਦਰਸ਼ਨੀ ਸ਼ੁਰੂ ਹੋ ਜਾਂਦੀ। ਨਤੀਜਾ ਕੀ ਨਿਕਲਦਾ, ਕਈ ਦਫਾ ਗਹਿਰੀਆਂ ਸਟਾਂ ਚੋਟਾਂ ਵੀ ਲਗ ਜਾਂਨੀਆਂ ਅਤੇ ਦੁਸ਼ਮਣੀ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆ ਬਦਲੇ ਦੀ ਭਾਵਨਾ ਪਨਪਦੀ ਰਹਿੰਦੀ।
ਗੁਰੂ ਬਾਬਾ ਨਾਨਕ ਤੌਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਬ ਗੁਰੂਆਂ ਨੇ ਇਸ ਆਪ ਮੁਹਾਰੀ ਅਜਾਂਈਂ ਜਾਂਦੀ ਤਾਕਤ ਨੂੰ ਦਿਸ਼ਾ ਦੇ ਕੇ ਉਪਯੋਗੀ ਬਣਾਉਣ ਦਾ ਯਤਨ ਕੀਤਾ ਤਾਂ ਕਿ ਆਪਸ ਵਿਚ ਖੜਕਣ ਵਾਲਾ ਖੂੰਡਾ ਸਵੈ ਰਖਿਅਕ ਬਣ ਸਕੇ ।
ਇਸ ਕੰਮ ਦੀ ਸ਼ੁਰੂਆਤ ਬਾਬਾ ਨਾਨਕ ਜੀ ਨੇ ਹਰਿਦਵਾਰ ਦੀ ਵਿਸਾਖੀ ਤੇ ਜੁੜੇ ਇਕੱਠ ਨਾਲ ਸੰਵਾਦ ਰਚਾਉਣ ਲਈ ਬੜੇ ਹੀ ਨਵੇਕਲੇ ਢੰਗ ਨਾਲ ਲੋਕਾਈ ਤੋਂ ਉਲਟ ਲਹਿੰਦੇ ਪਾਸੇ ਨੂੰ ਪਾਣੀ ਦੇ ਕੇ ਫੋਕਟ ਕਰਮਾਂ ਬਾਰੇ ਲੋਕਾਈ ਨੂੰ ਸਮਝਾਇਆ। ਹਰਿਦਵਾਰ ਦੀ ਵਿਸਾਖੀ ਤੇ ਹੀ ਗੁਰੂ ਬਾਬੇ ਨੇ ਵਿਦਵਾਨ ਪੰਡਤਾਂ ਨਾਲ ਵੀ ਗੋਸ਼ਟੀਆਂ ਕੀਤੀਆਂ। ਮੇਹਰਬਾਨ ਜੀ ਨੇ ਸਾਖੀ ਵਿਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਜੀ ਨੇ ‘ ਸਚੁ ਸੰਜਮੁ ਕਰਣੀ ਕਾਰਾਂ , ਨਾਵਣ ਨਾਉ ਜਪਾਇਆ ਤਾਂ ਯਾਤਰੂਆਂ ਨੇ ਜਨੇਊ ਲਾਹਿ ਕੇ ਗੰਗਾ ਬੀਚ ਡਾਰੇ। ਉਨ੍ਹਾਂ ਦੀ ਚੰਮ ਦ੍ਰਿਸ਼ਟੀ ਦੂਰ ਹੋਈ। ਬਾਬੇ ਦੀ ਰਹਿਮਤ ਨਾਲ ਦਿਬ ਦ੍ਰਿਸ਼ਟੀ ਮਿਲੀ । ਜੀਵਨ ਤਤ ਦੱਸਦਟ ਕਿਹਾ’
ਪੰਜਾਬ ਦੀ ਧਰਤੀ ਤੇ ਬਾਬਾ ਨਾਨਕ ਜੀ ਦਾ ਜ਼ਾਤ ਪਾਤ ਰਹਿਤ ਦਾ ਸਾਂਝਾ ਮਿਸ਼ਨ ਵਧ ਰਿਹਾ ਸੀ। ਵਡੀ ਗਿਣਤੀ ਵਿਚ ਲੋਕਾਈ ਇਸ ਮਿਸ਼ਨ ਨਾਲ ਜੁੜ ਰਹੀ ਸੀ । ਉਚ ਜ਼ਾਤ ਦੇ ਅਭਿਮਾਨੀਆ ਨੂੰ ਨਾਨਕ ਦੇ ਦਰ ਵਲੋਂ ਲੋਕਾਈ ਨੂੰ ਵੈਹਮਾਂ,ਭਰਮਾਂ, ਜੰਤਰਾਂ ਮੰਤਰਾ ਦੇ ਚੱਕ੍ਰੱਵਿਊ ਵਿਚੋਂ ਕੱਢਣ ਦਾ ਉਪਰਾਲਾ ਚੰਗਾ ਨਾ ਲੱਗਾ ਉਸਨੂੰ ਆਪਣੇ ਤੋਰੀ ਫੁਲਕੇ ਦਾ ਫਿਕਰ ਲੱਗਾ ਤਾਂ ਉਚ ਜ਼ਾਤੀ ਦੇ ਲੋਕ ਤਲਮਲਾ ਉਠੇ । ਗੁਰੂ ਜੀ ਦੇ ਪੈਰੋਕਾਰਾਂ ਨਾਲ ਵੀ ਭਿਨ ਭੇਦ ਸ਼ੁਰੂ ਕਰ ਦਿਤਾ ਖੂਹਾਂ ਤੋਂ ਪਾਣੀ ਭਰਨ ਦੀ ਮਨਾਹੀ ਕਰ ਦਿਤੀ ਗਈ। ਪਾਣੀ ਦੀ ਇਸ ਸਮਸਿਆ ਨੂੰ ਹਲ ਕਰਨ ਲਈ ਗੁਰੂ ਅਮਰਦਾਸ ਜੀ ਨੇ ਗੋਇਂਦਦਵਾਲ ਵਿਚ ਇਕ ਨਵੇਲਕਲੀ ਕਿਸਮ ਦੀ ਬਾਉਲੀ ਬਣਵਾਈ। ਜਿਸ ਦਾ ਠੰਡਾ ਮਿਠਾ ਪਾਣੀ ਸਭ ਦੀਆਂ ਲੋੜਾ ਪੂਰੀਆਂ ਕਰਨ ਲੱਗਾ ।ਗੁਰੂ ਅਮਰਦਾਸ ਜੀ ਦੇ ਸੇਵਕ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਮਦ੍ਰ ਲੋਕ ਵਿਚ ਵੀ ਕਿਸੇ ਤੀਰਥ ਦੀ ਅਸਥਾਪਨਾ ਕੀਤੀ ਜਾਵੇ ਕਿਊਂਕਿ ਸਾਰੇ ਤੀਰਥ ਦੂਰ ਦੁਰਾਡੇ ਦੇਵ ਲੋਕ ਵਿਚ ਹੀ ਹਨ (ਕੁਰੂ ਕੁਸ਼ੇਤਰ ਤੋਂ ਅਗੇ ਦੇਵ ਲੋਕ ਗਿਣਿਆਂ ਜਾਂਦਾ ਸੀ ਅਤੇ ਪੰਜਾਬ ਨੂੰ ਮਦ੍ਰ ਲੋਕ ਕਹਿੰਦੇ ਸਨ) ਬੇਨਤੀ ਨੂੰ ਪਰਵਾਨ ਕਰਦਿਆਂ ਗੁਰੂ ਅਮਰਦਾਸ ਜੀ ਨੇ 1558 ਈਸਵੀ ਨੂੰ ਗੋਇਂਦਵਾਲ ਵਿਚ ਬਣ ਰਹੀ ਬਾਉਲੀ ਦਾ ਉਦਘਾਟਨ ਵਿਸਾਖੀ ਵਾਲੇ ਦਿਨ ਬਾਉਲੀ ਤੇ ਸਫੇਦ ਝੰਡਾ ਲਾ ਕੇ ਕੀਤਾ।ਗੁਰੂ ਜੀ ਦੀ ਸਿਖੀ ਸੇਵਕੀ ਲਈ ਵਿਸਾਖੀ ਹੁਣ ਮੇਲੇ ਤੋਂ ਪੁਰਬ ਬਣ ਗਈ। 1634 ਈਸਵੀ ਦੀ ਵਿਸਾਖੀ ਗੁਰੂ ਹਰਗੋਬਿੰਦ ਜੀ ਨੇ ਕਰਤਾਰ ਪੁਰ ਵਿਚ ਅਤੇ ਉਸੇ ਪਰੰਪਰਾ ਨੂੰ ਕਾਇਮ ਰਖਿਦਆਂ ਗੁਰੂ ਹਰਿਰਾਏ ਜੀ ਦੇ ਸਮੇਂ ਵੀ ਵਿਸਾਖੀ ਬੜੀ ਧੂਮ ਧਾਮ ਨਾਲ ਮਨਾਈ ਗਈ। ਵਡੇ ਵਡੇ ਇਕੱਠ ਜੁੜੇ ਦੂਰ ਦੂਰ ਤਕ ਸਿਖੀ ਦਾ ਪਰਚਾਰ ਹੋਇਆ। ਬਰਾਬਰਤਾ ਦੇ ਅਧਾਰ ਤੇ ਨਿਰਵੈਰ ਅਤੇ ਨਿਰਭੌ ਸਮਾਜ ਦੀ ਉਸਾਰੀ ਸ਼ੁਰੂ ਹੋ ਗਈ।
ਖਾਲਸੇ ਦੀ ਸਿਰਜਣਾ
ਸੂਰਜ ਚੜ੍ਹਦਾ ਹੈ ਡੁਬ ਜਾਂਦਾ ਹੈ ਦੂਜੇ ਭਲਕ ਹੀ ਬੀਤ ਚੁਕੇ ਦਿਨ ਦੀਆਂ ਯਾਦਾਂ ਧੁੰਦਲੀਆਂ ਹੋਣ ਲਗ ਜਾਨੀਆਂ ਹਨ, ਇਸੇ ਤਰਾਂ ਹਰ ਪਲ ਕੋਈ ਨਵਾਂ ਜੀਵ ਇਸ ਸੰਸਾਰ ਤੇ ਆਪਣੀ ਜੀਵਨ ਯਾਤਰਾ ਸ਼ੁਰੂ ਕਰਦਾ ਹੈ ਅਤੇ ਅੰਤਮ ਸਵਾਸ ਨਾਲ ਯਾਤਰਾ ਪੂਰੀ ਹੋ ਜਾਂਦੀ ਹੈ। ਉਸ ਦੀ ਯਾਦ ਵੀ ਫਿਕੀ ਪੈਂਦੀ ਪੈਂਦੀ ਪੈ ਜਾਦੀ ਹੈ। 30 ਮਾਰਚ 1699 ਵਾਲੇ ਦਿਨ ਗੁਰੂ ਗੋਬਿੰਦ ਰਾਏ ਜੀ ਨੇ ਕੋਹਸ਼ਵਾਲਕ ਦੀ ਪਹਾੜੀ ਤੇ ਇਕ ਵੱਡਾ ਇਕੱਠ ਬੁਲਾਇਆ। ਵਿਸਾਖੀ 30 ਮਾਰਚ ਵਾਲੇ ਦਿਨ ਹੀ ਸੀ ਜਾਂ ਇਕ ਅਧ ਦਿਨ ਅਗੇ ਪਿਛੇ ਸੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਫਰਕ ਪੈਂਦਾ ਹੈ ਉਸ ਦਿਨ ਕੀ ਵਾਪਰਿਆ ਜਿਸ ਕਾਰਨ 1699 ਦੀ ਵਿਸਾਖੀ ਇਕ ਚਾਨਣਮੁਨਾਰਾ ਬਣ ਗਈ । 1699 ਦੀ ਵੁਸਾਖੀ ਤੇ ਜੁੜੇ ਇਕਠ ਸਮੇ ਗੁਰੂ ਜੀ ਨੇ (ਸਿਰ ਧਰਿ ਤਲੀ ਗਲੀ ਮੇਰੀ ਆਉ) ਦੇ ਫੁਰਮਾਨ ਨੂੰ ਦੁਹਰਾਂਉਂਦਿਆਂ ਇਕ ਵੰਗਾਰ ਦਿਤੀ। ਗੂਰੂ ਜੀ ਦੇ ਪੰਜ ਗਹਿਰ ਗੰਭੀਰ ਸੇਵਕ ” ਸਿਰ ਦੀਜੇ ਕਾਣ ਨਾ ਕੀਜੇ “ ਦੇ ਫੁਰਮਾਨ ਨੂੰ ਸਵੀਕਾਰਦੇ ਹੋਏ ਵਾਰੋ ਵਾਰੀ ਕਣਕ ਦੇ ਭਰੇ ਭਕੁਨੇ ਸਿਟਿਆਂ ਵਾਂਗ ਸਿਰ ਝੁਕਾ ਕੇ ਕੁਰਬਾਨ ਹੋਣ ਲਈ ਹਾਜ਼ਰ ਹੋ ਗਏ। ਕੁਰਬਾਨ ਹੋਣ ਵਾਲੇ ਦਾ ਜਦ ਆਪਣਾ ਕੋਈ ਸੁਆਰਥ ਨਾ ਹੋਵੇ ਤਾਂ ਉਹ ਕੁਰਬਾਨੀ ਸਦੀਆਂ ਤਕ ਕੌਮਾਂ ਦੀ ਰਾਹ ਦਰਸੇਤਾ ਬਣ ਜਾਂਦੀ ਹੈ। ਇਸ ਤਰਾਂ ਦੀ ਕੁਰਬਾਨੀ ਕਦੇ ਅੰਜਾਂਈਂ ਨਹੀਂ ਜਾਂਦੀ। ਕਣਕ ਦੀ ਇਸ ਕੁਰਬਾਨੀ ਦਾ ਲਾਭ ਜ਼ਿਮੀਂਦਾਰ , ਸ਼ਾਹ (ਆੜਤੀਆ ), ਮਜਦੂਰ ਗਰਜ਼ਕਿ ਹਰ ਬਸ਼ਰ ਨੂੰ ਹੁੰਦਾ ਹੈ। ਅਤੇ ਗੁਰੂ ਜੀ ਦੇ ਪੰਜ ਸੇਵਕ ਕੌਮ ਦੀ ਨਵ ਉਸਾਰੀ ਵਿਚ ਜੁਟ ਜਾਂਦੇ ਹਨ। ਅਮ੍ਰਿਤ ਸੰਚਾਰ ਲਈ ਪੰਜਾ ਦਾ ਹੋਣਾ ਜ਼ਰੂਰੀ ਹੈ। 30 ਮਾਰਚ 1699 ਵਾਲੇ ਦਿਨ ਗੁਰੂ ਮਹਾਰਾਜ ਨੇ ਭਾਰਤ ਵਰਸ਼ ਦੀ ਤਵਾਰੀਖ ਵਿਚ ਇਕ ਐਸਾ ਅਧਿਆਏ ਲਿਖਿਆ ਜਿਸ ਨਾਲ ਇਕ ਐਸੀ ਤਬਦੀਲੀ , ਇਕ ਐਸਾ ਪ੍ਰੀਵਰਤਨ ਆਇਆ ਕਿ ਦਬੇ ਕੁਚਲੇ ਵਰਣਵੰਡ ਕਾਰਨ ਲਿਤਾੜੇ ਲੋਕਾਂ ਦਾ ਸਵੈਮਾਨ ਜਾਗ ਉਠਿਆ। ਇਤਹਾਸ ਗਵਾਹ ਹੈ ਕਿ ਖੰਡੇ ਬਾਟੇ ਦਾ ਅਮ੍ਰਿਤ ਪਾਨ ਕਰਨ ਵਾਲਿਆਂ ਨੇ ਧਰਮ ਰਾਜ ਦੀ ਕਲਮ ਫੜ ਕੇ ਆਪਣੀ ਤਕਦੀਰ ਆਪ ਲਿਖਣੀ ਸ਼ੁਰੂ ਕਰ ਦਿਤੀ। ਨਾਨਕ ਦੇ ਦਰ ਦਾ ਮਿਸ਼ਨ ਵੀ ਤਾਂ ਇਹੀ ਸੀ, ਕਿ ਕੌਮ ਮੰਦਰਾਂ ਵਿਚ ਨਕ ਰਗੜ ਰਗੜ ਕੇ ਜਾਂ ਵਡੇ ਵਡੇ ਯਗ ਕਰਵਾ ਕੇ ਮੰਤਰਾਂ ਦੇ ਜਾਪ ਨਾਲ ਕਿਸੇ ਅਣਡਿਠੀ ਸ਼ਕਤੀ ਦਾ ਆਸਰਾ ਭਾਲਣ ਦੀ ਬਜਾਏ ਖੁਦ ਆਪਣੇ ਕੰਮ ਆਪ ਸੰਵਾਰਨ ਯੋਗ ਹੋ ਜਾਵੇ। ਇਕ ਕਵੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦੀ ਵਿਆਖਿਆ ਕਰਨ ਲਗਿਆਂ ਕਿਡੇ ਢੁਕਵੇਂ ਸ਼ਬਦ ਵਰਤੇ ਹਨ।
ਆ ਉਰਾਂ ਥਾਂਹ ਥਾਂਹ ਉਤੇ ਗਰਦਨ ਝੁਕਾਵਣ ਵਾਲਿਆ ਅਜ਼ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦੇ ਦੇਖਣਾ।
ਤੇਰੇ ਨਿਰਬਲ ਡੌਲਿਆਂ ਵਿਚ ਪਾ ਕੇ ਹਿੰਮਤ ਦੀ ਕਣੀ ਤੇਰੇ ਹਥੋਂ ਦੇਸ਼ ਦਾ ਦੂਖ ਦੂਰ ਹੂੰਦਾ ਦੇਖਣਾ।
ਬਾਲਕੇ ਜੋਤੀ ਹਨੇਰੇ ਵਿਚ ਦਇਆ ਤੇ ਧਰਮ ਦੀ ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਦੇਖਣਾ।
“ਦੀ ਰਸਮ ਸ਼ੁਰੂ ਹੋਈ। ਨਿਗਾਹਿ ਮਰਦ ਮੋਮਨ ਸੇ , ਬਦਲ ਜਾਤੀ ਹੈਂ ਤਕਦੀਰੇਂ “
30 ਮਾਰਚ 1699 ਦੀ ਵਿਸਾਖੀ ਨੂੰ ਕੁਝ ਇਹੋ ਜਿਹਾ ਹੀ ਹੋਇਆ। ਮਰਦ ਅਗ਼ੰਮੜੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੇ ਭਾਰਤ ਹੀ ਨਹੀਂ ਸੰਸਾਰ ਦੇ ਇਤਹਾਸ ਵਿਚ ਇਕ ਨਵਾਂ ਅਧਿਆਏ ਲਿਖਿਆ। ਤਲਵਾਰ ਦੀ ਨੋਕ ਤੇ ਪੰਜਾਂ ਦੀ ਚੋਣ ਕਰਕੇ ਊਹਨਾਂ ਨੂੰ ਇਕੋ ਬਾਟੇ ਵਿਚੋਂ ਅਮ੍ਰਿਤ ਦੀ ਦਾਤ ਬਖਸ਼ ਕੇ ਉਹਨਾਂ ਨੂੰ ਇਕ ਲੜੀ ਵਿਚ ਪਰੋ ਦਿਤਾ । ਅਤੇ ਫੇਰ ਬੜੀ ਹੀ ਨਿਮ੍ਰਤਾ ਨਾਲ ਉਹਨਾਂ ਪੰਜਾ ਪਾਸੋਂ ਅਮ੍ਰਿਤ ਦੀ ਦਾਤ ਪਰਾਪਤ ਕਰਕੇ ਖੁਦ ਵੀ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਗੁਰੂ ਚੇਲੇ ਦਾ ਭੇਦ ਮਿਟਾ ਦਿਤਾ। ਸੰਸਾਰ ਦੇ ਇਤਹਾਸ ਵਿਚ ਪਹਿਲੀ ਵਾਰ ਕਿਸੇ ਨੇ ਆਪਣੀ ਤਾਕਤ ਤੇ ਖੁਦ ਰੋਕ ਲਾਈ ਹੈ। ਅਮ੍ਰਿਤ ਪਾਨ ਕਰਨ ਵਾਲੇ ਗੁਰਭਾਈ ਬਣ ਗਏ।
ਊਂਚ ਨੀਚ ਜ਼ਾਤ ਪਾਤ ਦਾ ਪਾੜਾ ਮਿਟਣ ਨਾਲ ਆਪਸੀ ਪਿਆਰ ਸਤਕਾਰ ਵੱਧਿਆ। ਗੁਰੂ ਮਹਾਰਾਜ ਨੇ ਇਕ ਪੁਰਖੀ ਤਾਕਤ ਦਾ ਭੋਗ ਪਾ ਦਿਤਾ ਅਤੇ ਆਪਣੇ ਖਾਲਸੇ ਨੂੰ ਗੁਰੂ ਗਰੰਥ ਸਾਹਿਬ ਦੇ ਲੜ ਲਾਇਆ।
ਸਰਬ ਸਾਂਝਾ ਗੁਰੂ ਗਰੰਥ ਸਾਹਿਬ ਖਾਲਸੇ ਦਾ ਰਾਹ ਦਰਸੇਤਾ ਬਣ ਗਿਆ। 1699 ਦੀ ਵਿਸਾਖੀ ਨੇ ਸੰਸਾਰ ਨੂੰ ਇਕ ਨਵੀਂ ਸੇਧ ਦਿਤੀ 1707 ਵਿਚ ਇੰਗਲੈਂਡ ਦੀ ਪਾਰਲੀਮੈਂਟ ਹੋਂਦ ਵਿਚ ਆਈ ਅਤੇ 1776 ਵਿਚ ਅਮਰੀਕਾ ਦਾ ਧਰਮ ਨਿਰਪਖ ਵਿਧਾਨ ਹੋਂਦ ਵਿਚ ਆਇਆ 1848 ਵਿਚ ਫਰੈਂਚ ਰੈਵੂਲਿਊਸ਼ਨ ਇਸ ਤਰਾਂ 1699 ਦੀ ਵਿਸਾਖੀ ਇਕ ਇਨਕਲਾਬ ਹੋ ਨਿਬੜੀ।
ਇਡੀ ਅਮੀਰ ਵਿਰਾਸਤ ਦੇ ਮਾਲਕ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਰਾਹ ਤੋਂ ਕੋਹਾਂ ਦੂਰ ਭੱਜੇ ਤੁਰੇ ਜਾ ਰਹੇ ਹਾਂ। ਅਮ੍ਰਿਤ ਛਕਾਉਣ ਸਮੇਂ ਗੁਰੂ ਮਹਾਰਾਜ ਨੇ ਅਮ੍ਰਿਤ ਦੀਆਂ ਚੰਦ ਬੂਦਾਂ ਸਿਰ ਵਿਚ ਚੁਆ ਕਿ ਆਖਿਆ ਸੀ ਕਿ ਅਜ ਤੁਹਾਡੀ ਅਣਖ ਜਾਗ ਪਈ ਹੈ ਇਹ ਸਿਰ ਸਵਾਏ ਅਕਾਲਪੁਰਖ ਦੇ ਕਿਸੇ ਅਗੇ ਨਹੀਂ ਝੁਕੇਗਾ ਫੇਰ ਕੀ ਕਾਰਨ ਹੈ ਕਿ ਅਜ ਹਰ ਸਾਧ ਦੇ ਡੇਰੇ ਤੇ ਸਿਜਦਾ ਕਰਨ ਲਈ ਵਹੀਰਾਂ ਘਤੀਆਂ ਹੋਈਆਂ ਹਨ । ਅਜ ਬ੍ਰਾਹਮਣ ਸਾਨੂੰ ਗਿਆਨ ਤੋਂ ਵਾਂਜਾਂ ਰਖਣ ਲਈ ਸਾਡੇ ਕੰਨਾ ਵਿਚ ਸਿਕਾ ਨਹੀਂ ਢਾਲਦਾ ਬਲਕਿ ਸਾਡੀ ਕੌਮ ਦੇ ਧਾਰਮਕ ਅਤੇ ਸਿਆਸੀ ਆਗੂ ਛੋਟੇ ਛੋਟੇ ਵਿਵਾਦ ਖੜ੍ਹੇ ਕਰਕੇ ਸਾਨੂੰ ਗਿਆਨ ਵਿਹੂਣੇ ਕਰ ਰਹੇ ਹਨ। ਹਰ ਇਕ ਡੇਡ੍ਹ ਇਟ ਦੀ ਮਸਜਦ ਬਣਾਈ ਖੜ੍ਹਾ ਹੈ ।ਅਮ੍ਰਿਤ ਛਕ ਕੇ ਸਾਡੀ ਆਤਮਾ ਬਲਵਾਨ ਹੋਣੀ ਚਾਹੀਦੀ ਸੀ ਪਰ ਅਫਸੋਸ ਹੈ ਨਾਹਰਿਆਂ ਅਤੇ ਜੈਕਾਰਿਆਂ ਦੇ ਸ਼ੋਰ ਵਿਚ ਸਾਡੀ ਅਜ਼ਾਦਨਾ ਸੋਚਣ ਸ਼ਕਤੀ ਵੀ ਗੁਆਚ ਗਈ ਹੈ ਅਸੀਂ ਇਕ ਮੁਠ ਸੀਰਨੀ ਬਦਲੇ ਆਗੂਆਂ ਦੀ ਕੁਕਰਮਾਂ ਵਿਚ ਭਾਈਵਾਲ ਬਣ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੀ 1699 ਦੀ ਵਿਸਾਖੀ ਦੇ ਰਚੇ ਇਨਕਲਾਬ ਤੋਂ ਅਸੀਂ ਖੁਦ ਬਾਗੀ ਹੋ ਗਏ ਹਾਂ ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼।
(530) 695-1318
No comments:
Post a Comment