ਧੀ ਦੀ ਹੂਕ.......... ਨਜ਼ਮ/ਕਵਿਤਾ / ਦੇਵਿੰਦਰ ਕੌਰ


ਮਾਤਾ ਗਊ ਤੋਂ ਵੱਛਾ ਖੋਂਹਦੇ,
ਮਾਂ ਦੀ ਕੁੱਖ ਚੋਂ ਧੀ ਨੂੰ,
ਪੱਥਰਾਂ ਨੂੰ ਖ਼ੁਦ ਪੂਜਣ ਵਾਲੇ,
ਪੱਥਰ ਸਮਝਣ ਧੀ ਨੂੰ।

ਲੱਖਾਂ ਧੀਆਂ ਅੱਗ ‘ਚ ਸੜਦੀਆਂ,
ਕੀ ਕੀ ਜ਼ੁਲਮ ਨਹੀਂ ਹੋਇਆ,
ਪੜ੍ਹ ਕੇ ਖ਼ਬਰਾਂ ਮੁੱਖ ਸਫ਼ੇ ਤੇ,
ਦਿਲ ਦਾ ਪੰਛੀ ਰੋਇਆ।



ਢੇਰ ਦਾ ਕੂੜਾ ਢੇਰੀ ਸੁੱਟਣਾ,
ਇਹੀ ਖ਼ਿਤਾਬ ਨੇ ਦਿੰਦੇ,
ਜਿਮੀਦਾਰ ਅਖਵਾਉਣ ਵਾਲੇ,
ਧੀ ਨੂੰ ਜਮੀਨ ਨਾ ਦਿੰਦੇ।

ਚਾਰ ਕੁ ਲੀਰਾਂ ਦੇ ਕੇ ਤੋਰਨ,
ਸੁਹਰੇ ਦਿੰਦੇ ਤਾਂਹਨੇਂ ।
ਦਾਜ ਦਾਜ ਦਾ ਰੌਲਾ ਪਾਉਂਦੇ,
ਆਪਣੇਂ ਬਣੇ ਬਿਗਾਨੇ।

ਪੁੱਤ ਪੀਵੇ ਬਦਾਮ ਦੇ ਬੱਤੇ,
ਧੀ ਲਈ ਹਉਕੇ ਭਰਦੇ ।
ਧੀ ਨੂੰ ਪਿਉ ਦੀ ਪੱਗੜੀ ਆਖਣ ।
ਪੁੱਤ ਨੇ ਖਾਂਦੇ ਜਰਦੇ

ਭੈਣ ਸਦਾ ਭਰਾ ਦਾ ਸੋਚੇ,
ਕੀ ਕੀ ਸਿਤਮ ਉਠਾਂਦੀ।
ਇਕ ਭੈਣ ਭਰਾ ਲਈ ਦੇਖੀ,
ਜੇਲ੍ਹੀਂ ਚੱਕਰ ਖਾਂਦੀ।

ਬਾਹਰੌਂ ਆਇਆ ਮੁੰਡਾਂ ਸੁਣਕੇ
ਧੀ ਦਾ ਰਿਸ਼ਤਾ ਕਰਦੇ।
ਇਕ ਅੱਧਾ ਖੇਤ ਵੇਚ ਕੇ,
ਵਿਆਹ ਦਾ ਸੌਦਾ ਕਰਦੇ,

ਮੌਜ ਲਵਾਂਗੇ ਟੱਬਰ ਸਾਰਾ ,
ਵਿਚ ਜਹਾਜੇ ਚ੍ਹੜ ਕੇ,
ਧੀ ਦਾ ਦਿਲ ਨਾ ਜਾਣੇ ਕੋਈ,
ਹੌਲ ਨੇ ਪੈਂਦੇ ਪ੍ਹੜ ਕੇ।

ਦਿਲੋਂ ਕੁਆਰੀਆਂ ਉਂਞ ਵਿਆਹੀਆਂ,
ਕਈਆਂ ਕੋਲ਼ ਨੇ ਬੱਚੇ,
ਬਾਹਰਲੇ ਲਾੜੇ ,ਪੰਛੀ ਉੱਡ ਗਏ,
ਕਿੰਝ ਕੋਈ ਪੈੜਾਂ ਨੱਪੇ ।

ਧੀਆਂ ਵਾਲ਼ਿਓ! ਘਰ ਨੂੰ ਮੁੜ ਜਾਉ,
ਹੋਰ ਉਲ਼ਝ ਜਾਊ ਤਾਣੀ,
ਚੁੱਲ੍ਹੇ ਤੁਹਾਡੇ ਅੱਗ ਨਹੀ ਰਹਿਣੀ,
ਘੜੇ ਨਹੀ ਰਹਿਣਾ ਪਾਣੀ।

ਬੀਤ ਗਏ ਪਲ ਹੱਥ ਨਹੀ ਆਂਉਣੇਂ,
ਕਹਿ ਗਏ ਕਈ ਸਿਆਣੇ,
ਰਹਿੰਦੀ ਖੂੰਹਦੀ ਇੱਜ਼ਤ ਲੁੱਟ ਜੂ,
ਵਿਚ ਕਚਿਹਰੀਆਂ, ਥਾਣੇ।

ਚੀਸ ਦਿਲਾਂ ਦੀ ਮਹਿਰਮ ਜਾਣੇ,
ਰਹਿ ਗਏ ਕੱਲੇ ਕੱਲੇ ।
ਕਦੇ ਨੀ ਮੁੜਦੇ ਦਿੱਤੇ ਹੋਏ,
ਮੁੰਦੀਆਂ ਛਾਪਾਂ ਛੱਲੇ।

ਇਹੀ ਪੈਸਾ ਲਾ ਕੇ ਜੇਕਰ,
ਧੀ ਪੜ੍ਹਾਈ ਕਰਦੀ,
ਤਰ ਜਾਣੀਆਂ ਸੀ ਕਈ ਕੁੱਲਾਂ,
ਧੀ ਨਾ ਮਰਦੀ ਘਰਦੀ ।

ਮੈਂ ਹਾਂ ਪੁੱਤਰੀ ਭਾਰਤ ਮਾਂ ਦੀ,
ਅਜੇ ਗੁਲਾਮੀ ਕਰਦੀ,
ਭਾਰਤ ਭਾਵੇਂ ਅਜਾਦ ਹੋ ਗਿਆ,
ਮੈ ਅੱਜ ਵੀ ਅੱਗੀ ਸੜਦੀ ।

5 comments:

ਦਰਸ਼ਨ ਦਰਵੇਸ਼ said...

Vadhia hai....

lovey Gill said...

nice aah ji..great writing

tsdeogan said...

bahut khoobsurat likheya hai.. punjab de jyadatar ghara'n te kudiyan di kahani tusi bahut sohne shabda'n ch piroyi hai.. bahut mubarak ji..

kuldip said...

madm, slaam tuhaadi lekhnee nu

AKHRAN DA VANZARA said...

ਬਹੁਤ ਵਧੀਆ ਕਵਿਤਾ .. ਵਾਕਈ ਧੀ ਦੀ ਹੂਕ ਏਹੀਓ ਹੈ ...