ਸੁਭਾ ਉੱਠਕੇ ਅੰਮ੍ਰਿਤ ਵੇਲੇ ਮੈਂ ਵੈਣ ਪੜ੍ਹਦਾ ਹਾਂ।
ਤੇਰੇ ਨਾਮ ਜ਼ਹਿਰ ਪਿਆਲੇ ਪੀਕੇ ਆਥਣੇ ਮਰਦਾ ਹਾਂ।
ਗ਼ਮ-ਸੁੰਦਰੀ ਗਲ਼ ਬਾਹਾਂ ਪਾਕੇ ਬਾਹਰ ਨੂੰ ਜਾਵਾਂ
ਸੀਨੇ ਵਿੰਨਿਆਂ ਗੀਤ ਗਾਕੇ ਉਸਦਾ ਮਨ ਪਰਚਾਵਾਂ
ਰੁੱਸੇ ਤਾਂ ਹੰਝੂਆਂ ਦੇ ਕਮਲ ਫ਼ੁੱਲ ਦੇਕੇ ਮਨਾਵਾਂ
ਰੀਝ ਉੱਠੇ ਕੋਈ ਚੰਚਲ, ਝੁਕਕੇ ਬੁੱਲ੍ਹ ਚੁੰਮਦਾ ਹਾਂ।
ਬੋਤਲ ਵਿੱਚ ਭਰੇ ਰੰਗੀਲੇ ਸ਼ਰਬਤ ਦੇ ਵਿੱਚ ਨ੍ਹਾਵਾਂ
ਲੈਕੇ ਨਜਾਰਾ ਸੁਰਗਾਂ ਦਾ ਬੇਹੋਸ਼ੀ ਵਿੱਚ ਡੁੱਬ ਜਾਵਾਂ
ਤਾਰੇ ਚੁਗ ਚੁਗ ਸੂਈ ਨਾਲ ਪਰੋਕੇ ਵਰਮਾਲਾ ਬਣਾਵਾਂ
ਤੇਰੀਆਂ ਚਿੱਠੀਆਂ ਨੂੰ ਦੀਵੇ ਦੇ ਚਾਨਣੇ ਪੜ੍ਹਦਾ ਹਾਂ।
ਪੀੜ ਦੀ ਉੰਗਲੀ ਵਿੱਚ ਮੰਗਣੀ ਦੀ ਮੁੰਦਰੀ ਪਾਕੇ
ਤੇਰੀ ਮੜ੍ਹੀ ਦੁਆਲੇ ਸੱਤ ਫੇਰੇ ਲੈ, ਲਿਆਇਆ ਵਿਆਹਕੇ
ਦਰਦ ਵਿਹੜੇ ਭੰਗੜੇ ਪਾਵੇ ਪਿੰਡ ਸਾਰੇ ਸ਼ੀਰਣੀ ਵੰਡਾਕੇ
ਸ਼ਰੀਂਹ ਪੱਤ ਫੜ੍ਹਕੇ ਮੌਤ ਦੇ ਜੰਮਣ ਦਾ ਇੰਤਜਾਰ ਕਰਦਾ ਹਾਂ।
1 comment:
very nice ji.
Post a Comment