ਆਧੁਨਿਕਤਾ ਅਤੇ ਮਨੋਰੰਜਨ ਜਿਸਨੇ ਮਾਪੇ ਕਾਤਲ ਬਣਾ ਦਿੱਤੇ..........ਲੇਖ / ਗਗਨ ਹੰਸ, ਮੈਲਬੌਰਨ (ਆਸਟ੍ਰੇਲੀਆ)


ਪਿਛਲੇ ਕੁਝ ਸਮੇਂ ਤੋਂ ਇਕ ਅਜੀਬ ਤਰ੍ਹਾਂ ਦੀਆਂ ਖਬਰਾਂ ਸੁਰਖੀਆਂ ਬਣ ਰਹੀਆਂ ਹਨ।ਇਹ ਖਬਰਾਂ ਹਨ, ਇਜ਼ਤ/ਅੱਣਖ ਲਈ ਕੀਤੇ ਜਾਣ ਵਾਲੇ ਕਤਲ। ਇਹਨਾਂ ਕੇਸਾਂ ਵਿੱਚ ਪਰਿਵਾਰਕ ਮੈਬਰਾਂ ਵਲੋਂ ਹੀ ਆਪਣੀ ਧੀ, ਭੈਣ ਤੇ ਉਸਦੇ ਜੀਵਨ ਸਾਥੀ ਨੂੰ ਪਰਿਵਾਰ ਦੀ ਅਣਖ/ਇਜ਼ਤ ਬਚਾਉਣ ਦੇ ਨਾਂ ਤੇ ਮਾਰ ਦਿੱਤਾ ਗਿਆ । ਕਿਉਂਕਿ ਇਹਨਾਂ ਧੀਆਂ, ਭੈਣਾਂ ਨੇ ਸਦੀਆਂ ਪੁਰਾਣੀਆ ਸਮਾਜਿਕ ਰਵਾਇਤਾ ਅਤੇ ਪ੍ਰੰਪਰਾਵਾਂ ਦੇ ਵਿਰੁੱਧ ਜਾ ਕੇ ਆਪਣੇ ਜੀਵਨ ਸਾਥੀ ਆਪ ਚੁਨਣ ਦੀ ਹਿੰਮਤ ਕਰਕੇ ਪ੍ਰੇਮ ਵਿਆਹ ਕਰਨ ਦੀ ਗੁਸਤਾਖੀ ਕੀਤੀ, ਜੋ ਇਹਨਾਂ ਦੇ ਪਰਿਵਾਰਾ ਨੂੰ ਪਸੰਦ ਨਹੀਂ ਸੀ ।

ਬੇਸ਼ਕੀਮਤੀ ਮਨੁੱਖੀ ਜਿੰਦਗੀ ਦਾ ਬਿਨਾਂ ਕਿਸੇ ਗੁਨਾਹ ਤੋਂ ਇਹ ਘਾਣ ਬਹੁਤ ਦੇਰ ਤੋਂ ਤਕਰੀਬਨ ਸਾਰੀ ਦੁਨੀਆਂ ਵਿੱਚ ਪ੍ਰਚਲਿਤ ਹੈ। ਯੂ.ਐੈਨ.ਉ. ਦੀ ਇੱਕ ਰਿਪੋਰਟ ਅਨੁਸਾਰ ਹਰ ਸਾਲ ਦੁਨੀਆਂ ਭਰ ਵਿੱਚ 5000 ਤੋਂ ਵੱਧ ਮੌਤਾਂ ਅਣਖ ਲਈ ਹੁੰਦੇ ਕਤਲਾਂ ਦੇ ਹਿੱਸੇ ਆਉਦੀਆਂ ਹਨ। ਭਾਰਤ ਵਿੱਚ ਪਿਛਲੇ ਕੁੱਝ ਸਾਲਾਂ ਤੋ ਇਹਨਾਂ ਘਟਨਾਵਾਂ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ । ਖਾਸ ਕਰਕੇ ਹਰਿਆਣਾ,
ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ ਵਿੱਚ ਇਸ ਤਰਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆ ਹਨ ।ਕੁਝ ਅਜਿਹੇ ਕੇਸ ਵੀ ਸਾਹਮਣੇ ਆਏ ਹਨ ਜਿਹਨਾਂ ਵਿੱਚ ਵਿਦੇਸ਼ ਵਿੱਚ ਵਸਦੇ ਭਾਰਤੀਆਂ ਵਲੋਂ ਆਪਣੀਆਂ ਧੀਆਂ ਇਜ਼ਤ ਦੇ ਨਾਂ ਤੇ ਭਾਰਤ ਲਿਆ ਕੇ ਕਤਲ ਕੀਤੀਆਂ  ਗਈਆ ਜਾਂ ਕਰਵਾਈਆਂ ਗਈਆ। ਕੁੱਝ ਨਵੇਂ ਵਿਆਹੇ ਜੋੜਿਆਂ ਵਲੋਂ ਆਪਣੇ ਰਿਸ਼ਤੇਦਾਰਾਂ ਤੋਂ ਡਰਦੇ ਖੁਦਕੁਸ਼ੀ ਕਾਰਨ ਹੋਣ ਵਾਲੀਆਂ ਮੌਤਾਂ ਵੀ ਅਣਖ ਲਈ ਹੁੰਦੇ ਕਤਲਾਂ ਦਾ ਹੀ ਹਿੱਸਾ ਹਨ। ਇੱਕ ਸੰਸਥਾ ਦੇ ਸਰਵੇ ਮੁਤਾਬਿਕ ਭਾਰਤ ਵਿੱਚ ਹਰ ਸਾਲ ਅਣਖ/ਇਜ਼ਤ ਦੇ ਨਾਂ ਤੇ 1000 ਤੋਂ ਵੱਧ ਕਤਲ ਹੁੰਦੇ ਹਨ। ਜਿਹਨਾਂ ਵਿੱਚ ਅੱਧੇ ਤੋਂ ਵੀ ਵੱਧ ਕਤਲ ਸਿਰਫ਼ ਪੰਜਾਬ, ਹਰਿਆਣਾ ਤੇ   ਉੱਤਰ ਪ੍ਰਦੇਸ਼ ਵਿੱਚ ਹੁੰਦੇ ਹਨ । ਇਹ ਸਭ ਦੇਖ ਕੇ ਇਹ ਲੱਗਦਾ ਹੈ ਜਿਵੇਂ ਸਮਾਜ ਦਾ ਇੱਕ ਹਿੱਸਾ ਇਕੀਵੀਂ ਸਦੀ ਤੋਂ ਅਠਾਰਵੀਂ ਸਦੀ ਵੱਲ ਜਾ ਰਿਹਾ ਹੋਵੇ।

ਅੱਜ ਦੇ ਸੂਚਨਾ ਤਕਨੀਕੀ ਯੁੱਗ ਵਿੱਚ ਸਭ ਤੇਜ਼ੀ ਨਾਲ ਬਦਲ ਰਿਹਾ ਹੈ । ਪਰ ਜਿਸ ਤੇਜ਼ੀ ਨਾਲ ਮਾਹੌਲ ਬਦਲ ਰਿਹਾ ਹੈ। ਉਸ ਤੇਜੀ ਨਾਲ ਮਨੁੱਖੀ ਮਾਨਸਿਕਤਾ ਕਦੇ ਵੀ ਨਹੀਂ ਬਦਲ ਸਕਦੀ । ਜਦੋਂ ਅਸੀਂ ਜਨਰੇਸ਼ਨ ਗੇਪ(Generation Gap) ਦੀ ਗੱਲ ਕਰਦੇ ਹਾਂ ਤਾਂ ਅੱਜ ਦੀ ਸੂਚਨਾ ਤਕਨੀਕ ਨੇ ਇਹ ਪਾੜਾ ਏਨਾ ਜਿਆਦਾ ਵਧਾ ਦਿੱਤਾ ਹੈ ਕਿ  ਪੁਰਾਣੀ ਸੋਚ ਰੱਖਣ ਵਾਲੇ ਲੋਕ ਕੇਬਲ ਤੇ ਡਿਸ਼ ਟੀ.ਵੀ. ਤੇ ਇੰਟਰਨੈੱਟ ਦੇ ਜਮਾਨੇ 18ਵੀ ਸਦੀ ਵਿੱਚ ਜਿਉਦੇ ਲੱਗਦੇ ਹਨ। ਸ਼ਹਿਰੀਕਰਨ ਨੂੰ ਬਿਨਾਂ ਸੋਚੇ ਸਮਝੇ ਪੇਂਡੂ ਸਭਿਆਚਾਰ ਤੇ ਠੋਸਿਆ ਜਾ ਰਿਹਾ ਹੈ ਜਿਸ ਨੂੰ ਨਵੀਂ ਪੀੜ੍ਹੀ ਤਾਂ ਅਪਣਾਉਦੀ ਜਾ ਰਹੀ ਹੈ, ਪਰ ਪੁਰਾਣੀ ਪੀੜ੍ਹੀ ਨੂੰ ਸਮੇਂ ਅਨੁਸਾਰ ਬਦਲਣਾ ਔਖਾ ਲੱਗ ਰਿਹਾ ਹੈ। ਕਿਸੇ ਵਿਦਵਾਨ ਨੇ ਕਿਹਾ ਹੈ ਕਿ ਅਸੀ ਨਵੀ ਤਕਨੀਕ ਨੂੰ ਤਾਂ ਅਪਣਾਉਦੇ ਜਾ ਰਹੇ ਹਾਂ ਪਰ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਨਹੀਂ ਛੱਡ ਰਹੇ, ਜਿਸਦੇ ਬਹੁਤ ਘਾਤਕ ਨਤੀਜੇ ਨਿਕਲ ਰਹੇ ਹਨ।

ਇੱਕ ਵਧੀਆਂ ਸਮਾਜ ਨੂੰ ਵਿਕਸਿਤ ਕਰਨ ਲਈ ਸੂਚਨਾ ਤਕਨੀਕ ਬਹੁਤ ਵੱਡਾ ਰੋਲ ਅਦਾ ਕਰ ਸਕਦੀ ਹੈ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਇਸ ਤਕਨੀਕ ਨੂੰ ਸਮਝਦਾਰੀ ਨਾਲ ਵਰਤਿਆ ਜਾਵੇ। ਆਮ ਲੋਕਾਂ ਵਿੱਚ ਲੈ ਕੇ ਜਾਣ ਤੋਂ ਪਹਿਲਾਂ ਸਮਾਜਿਕ ਕਦਰਾਂ-ਕੀਮਤਾਂ ਉੱਤੇ ਇਸਦੇ ਹੋਣ ਵਾਲੇ ਅਸਰ ਦੀ ਪੜਚੋਲ ਕਰ ਲਈ ਜਾਵੇ ਅਤੇ ਲੋਕਾਂ ਨੂੰ ਇਸਦੇ ਫਾਇਦੇ ਤੇ ਨੁਕਸਾਨ ਪਹਿਲਾਂ ਹੀ ਦੱਸ ਦਿਤੇ ਜਾਣ। 1990-91 ਵਿੱਚ ਭਾਰਤ ਨੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਖੁੱਲੇ ਬਜ਼ਾਰ ਅਤੇ ਗਲੋਬਲਇਜ਼ੇਸ਼ਨ(Globalization) ਦੇ ਨਵੇ ਯੁੱਗ ਵਿੱਚ ਕਦਮ ਰਖਿਆ। ਬੇਸ਼ੱਕ ਬਦਲਦੇ ਅੰਤਰਰਾਸ਼ਟਰੀ ਘਟਨਾਕ੍ਰਮ ਵਿੱਚ ਇੱਕ ਜਰੂਰੀ ਕਦਮ ਸੀ ਪਰ ਸਾਡੇ ਰਾਜਨੀਤਿਕ ਨੇਤਾਵਾਂ ਨੇ ਗਲੋਬਲਇਜ਼ੇਸ਼ਨ  ਦਾ ਕੇਵਲ ਇੱਕੋ ਪੱਖ ਦੇਖਿਆ, ਭਾਰਤੀ ਸਭਿਆਚਾਰ ਤੇ ਪੁਰਾਣੀਆ ਕਦਰਾਂ ਕੀਮਤਾਂ ਤੇ ਪੈਣ ਵਾਲੇ ਇਸਦੇ ਅਸਰ ਬਾਰੇ ਸਭ ਨੇ ਅੱਖਾਂ ਬੰਦ ਕਰ ਲਈਆਂ। ਗਲੋਬਲਇਜ਼ੇਸ਼ਨ ਦੇ ਨਾਲ ਬਾਜ਼ਾਰਵਾਦ ਦੇ ਨਵੇਂ ਯੁੱਗ ਦਾ ਆਰੰਭ ਹੋਇਆ। ਇਸ ਨਾਲ ਨਵੇਂ-2 ਉਤਪਾਦ ਬਾਜ਼ਾਰ ਵਿੱਚ ਆਉਣ ਲੱਗੇ ।ਸੁੱਖ-ਆਰਾਮ ਤੇ ਮੰਨੋਰੰਜਨ ਦੇ ਉਹ ਸਾਧਨ ਜਿਹੜੇ ਕੇਵਲ ਅਮੀਰ ਤੇ ਪੈਸੇ ਵਾਲੇ ਲੋਕਾਂ ਦੇ ਘਰਾਂ ਦਾ ਸ਼ਿੰਗਾਰ ਸਨ ਹੁਣ ਉਹ ਆਮ ਮੱਧਵਰਗੀ ਘਰਾਂ ਤੱਕ ਪਹੁੰਚ ਗਏ। ਇਹਨਾਂ ਵਿੱਚੋ ਮੰਨੋਰੰਜਨ ਦਾ ਸਾਧਨ ਟੀ.ਵੀ. ਵੀ ਇੱਕ ਸੀ।ਹਰ ਹੀਲੇ ਆਪਣੀਆ ਜੇਬਾਂ ਭਰਨ ਦੇ ਮੰਤਵ ਨਾਲ ਵਿਦੇਸ਼ੀ ਕੰਪਨੀਆਂ ਨੇ ਆਮ ਭਾਰਤੀ ਘਰਾਂ ਉੱਤੇ ਦਸਤਕ ਟੀæਵੀæ ਦੇ ਜਰੀਏ ਹੀ ਦਿੱਤੀ। ਕਿੱਥੇ ਸ਼ਾਮ ਨੂੰ ਸਿਰਫ਼ ਦੋ-ਤਿੰਨ ਟੀæਵੀ ਚੈਨਲਾਂ ਤੇ ਸਿਰਫ਼ 5-6 ਘੰਟੇ ਪ੍ਰੋਗਰਾਮ ਆਉਂਦੇ ਸਨ ਤੇ ਉਹ ਵੀ ਭਾਰਤੀ ਸਭਿਆਚਾਰ ਤੇ ਸੰਸਕ੍ਰਿਤੀ ਦੇ ਝੱਲਕ ਦਿਖਾਉਦੇ ਸਨ, ਕੁੱਝ ਹੀ ਸਾਲਾਂ ਵਿੱਚ ਕੇਬਲ ਤੇ ਡਿਸ਼ ਜਰੀਏ 24 ਘੰਟੇ ਚਲਣ ਵਾਲੇ 2-3 ਨਹੀਂ 25-30 ਚੈਨਲ ਸ਼ੁਰੂ ਹੋ ਗਏ ਜੋ ਪਰਿਵਾਰਿਕ ਮੰਨੋਰੰਜਨ ਦੇ ਨਾਂ ਤੇ ਬਾਜ਼ਾਰ ਵਿੱਚ ਆਏ ਨਵੇਂ-2 ਉਤਪਾਦਾਂ ਦੀ ਮਸ਼ਹੂਰੀ ਕਰਨ ਲਗੇ। ਅਜਿਹੇ ਚੈਨਲ ਵੀ ਸ਼ੁਰੂ ਹੋ ਗਏ ਜਿਹਨਾਂ ਤੇ 24 ਘੰਟੇ ਸਿਰਫ਼ ਖਬਰਾਂ, ਫਿਲਮਾਂ ਜਾਂ ਗੀਤ ਹੀ ਚਲਦੇ ਹਨ ।ਭਾਰਤੀ ਸਭਿਆਚਾਰ ਤੋਂ ਮਨਫ਼ੀ ਸਿਰਫ਼ ਪੱਛਮੀ ਸਭਿਆਚਾਰ ਦੀ ਹੀ ਝਲਕ ਦਿਖਾਂਉਦੇ ਵੀ ਕੁਝ ਚੈਨਲ ਸ਼ੁਰੂ ਹੋ ਗਏ।

ਜੋ ਕੁਝ ਅਸੀਂ ਸੁਣਦੇ ਤੇ ਦੇਖਦੇ ਹਾਂ ਉਸ ਦਾ ਸਾਡੀ ਸੋਚਣ ਸ਼ਕਤੀ, ਮਾਨਸਿਕਤਾ ਅਤੇ ਸ਼ਖਸ਼ੀਅਤ ਤੇ ਅਸਰ ਹੋਣਾ ਲਾਜਮੀ ਹੈ। ਸਾਡੇ ਖਾਣ ਪੀਣ, ਪਹਿਨਣ, ਗੱਲਬਾਤ ਕਰਨ ਦੇ ਤਰੀਕੇ ਤੇ ਟੀæਵੀæ ਦਾ ਬਹੁਤ ਅਸਰ ਹੈ  ਬਾਜ਼ਾਰ ਵਿੱਚ ਚੀਜ਼ ਖਰੀਦਣ ਲੱਗੇ ਇਹ ਨਹੀਂ ਦੇਖਿਆ ਜਾਂਦਾ ਕਿ ਕਿਹੜੀ ਚੀਜ਼ ਚੰਗੀ,ਮਾੜੀ ਜਾਂ ਸਸਤੀ ਮਹਿੰਗੀ ਹੈ? ਇਹ ਦੇਖਿਆ ਜਾਂਦਾ ਹੈ ਕਿ ਟੀ.ਵੀ. ਤੇ ਇਸਦੀ ਮਸ਼ਹੂਰੀ ਕਿੰਨੀ ਆਉਂਦੀ ਹੈ? ਕਿਸੇ ਵੀ ਚੰਗੀ ਚੀਜ਼ ਦੀ ਗੁਣਵਤਾ ਦਾ ਮਿਆਰ ਉਸਦੀ ਟੀ.ਵੀ. ਤੇ ਆਉਣ ਵਾਲੀ ਮਸ਼ਹੂਰੀ ਤੋਂ ਅੰਕਿਆ ਜਾਂਦਾ ਹੈ।  ਟੀ.ਵੀ. ਮੀਡਿਆ ਤੇ ਆਉਣ ਵਾਲੀਆਂ ਖਬਰਾਂ ਤੇ ਚਲੰਤ ਮਾਮਲਿਆ ਦੇ ਪ੍ਰੋਗਰਾਮ ਵੀ ਸਾਡੀ ਰਾਜਨੀਤਿਕ ਸੋਚ ਨੂੰ ਪ੍ਰਭਾਵਿਤ ਕਰਦੇ ਹਨ। ਬੇਸ਼ਕ ਮੀਡਿਆ ਤੇ ਟੀ.ਵੀ. ਨੇ ਸਾਡੀ ਆਰਥਿਕ ਤੇ ਰਾਜਨੀਤਿਕ ਸੋਚ ਨੂੰ ਪ੍ਰਭਾਵਿਤ ਕੀਤਾ ਹੈ ।ਪਰ ਇਸ ਦਾ ਜੋ ਅਸਰ ਸਾਡੇ ਸਮਾਜ ਤੇ ਹੋਇਆ ਹੈ। ਉਸ ਦਾ ਇਕ ਰੂਪ ਅਣਖ ਲਈ ਹੁੰਦੇ ਕਤਲਾਂ ਦੀ ਵਧਦੀ ਗਿਣਤੀ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ। ਅੱਜ ਜਦੋਂ ਅਸੀ ਪੁਰਾਣੀਆਂ ਸਮਾਜਿਕ ਕੁਰੀਤੀਆਂ ਜਿਵੇਂ ਜਾਤ-ਪਾਤ, ਦਹੇਜ, ਭਰੂਣ ਹੱਤਿਆ, ਬਾਲ ਵਿਆਹ ਆਦਿ ਨਾਲ ਲੜ ਰਹੇ ਹਾਂ। ਉਥੇ ਸਾਡੇ ਸਮਾਜ ਵਿੱਚ ਅਣਖ ਲਈ ਹੁੰਦੇ ਕਤਲਾਂ ਅਤੇ ਤਲਾਕਾਂ ਦੀ ਗਿਣਤੀ ਦੇ ਵਧਣਾ ਆਧੁਨਿਕ ਸੂਚਨਾ ਤਕਨੀਕ ਦਾ ਬਿਨਾਂ ਸੋਚੇ ਸਮਝੇ ਕੀਤੇ ਇਸਤੇਮਾਲ ਦਾ ਨਤੀਜਾ ਹੈ।

ਬਚਪਨ ਵਿੱਚ ਅਸੀਂ ਸੁਣਦੇ ਹੁੰਦੇ ਸੀ ਕਿ ਗੁਆਢ, ਪਿੰਡ, ਬੰਨੇ ਚੰਨੇ (ਆਲੇ ਦੁਆਲੇ ਦੇ ਪਿੰਡ ) ਦੀਆਂ ਕੁੜੀਆਂ ਵੀ ਭੈਣਾਂ ਵਰਗੀਆਂ ਹੁੰਦੀਆਂ ਹਨ। ਗੁਆਢੀਆਂ ਦੀ ਧੀ ਨੂੰ ਮਾਸ਼ੂਕ ਬਣਾਉਣ ਦੀਆਂ ਸਕੀਮਾਂ ਦਸਦੇ ਗਾਇਕ ਤੇ ਗੀਤਕਾਰ ਪਤਾ ਨਹੀਂ ਪੰਜਾਬ ਦੇ ਕਿਹੜੇ ਪਿੰਡਾਂ ਦੀ ਗੱਲ ਕਰਦੇ ਹਨ? ਇਹਨਾਂ ਨੇ ਸਿਰਫ਼ ਪੈਸਾ ਤੇ ਸ਼ੋਹਰਤ ਵਾਸਤੇ ਸਮਾਜ ਪ੍ਰਤੀ ਆਪਣੀ ਜ਼ਿਮੇਵਾਰੀ ਭੁਲਾ ਕੇ ਇਹ ਨਹੀਂ ਸੋਚਿਆ ਕਿ ਇਹਨਾਂ ਗੀਤਾਂ ਦਾ ਬੱਚਿਆਂ ਦੀ ਮਾਨਸਿਕਤਾ ਤੇ ਕੀ ਅਸਰ ਪਵੇਗਾ? ਟੀ.ਵੀ. ਤੇ 24 ਘੰਟੇ ਚਲਦੇ ਰੋਮਾਂਟਿਕ ਫਿਲਮਾਂ ਤੇ ਗੀਤਾਂ ਦਾ ਸਭ ਤੋਂ ਵੱਧ ਅਸਰ ਹੋ ਰਹੇ ਜਵਾਨ ਮੁੰਡੇ ਕੁੜੀਆਂ ਤੇ ਪੈਦਾ ਹੈ। ਅਸੀਂ ਰੋਮਾਟਿਕ ਫਿਲਮਾਂ ਨੂੰ ਤਾਂ ਬੜੇ ਚਾਅ ਨਾਲ ਦੇਖਣਾ ਪਸੰਦ ਕਰਦੇ ਹਾਂ ਪਰ ਇਹਨਾਂ ਦੇ ਪਰਿਵਾਰ ਤੇ ਸਮਾਜ ਤੇ ਪੈਣ ਵਾਲੇ ਅਸਰ ਬਾਰੇ ਕਦੇ ਨਹੀਂ ਸੋਚਿਆ। ਬਹੁਤੀਆਂ ਫਿਲਮਾਂ ਦੀਆਂ ਕਹਾਣੀਆਂ ਪਿਆਰ ਮੁਹੱਬਤ ਤੇ ਅਧਾਰਿਤ ਹੁੰਦੀਆਂ ਹਨ। ਜਿਹਨਾਂ ਨੂੰ ਦੇਖਕੇ ਜਵਾਨ ਹੋ ਰਹੇ ਮੁੰਡੇ ਕੁੜੀਆਂ ਗੁੰਮਰਾਹ ਹੁੰਦੇ ਹਨ। ਇਹਨਾਂ ਫਿਲਮਾਂ ਵਿੱਚ ਮੁੰਡੇ ਤੇ ਕੁੜੀ ਦੇ ਪਿਆਰ ਨੂੰ ਇਸ ਤਰ੍ਹਾਂ ਵਧਾ ਚੜ੍ਹਾ ਕੇ ਦਿਖਾਇਆ ਜਾਂਦਾ ਹੈ ਜਿਵੇ ਉਹ ਦੁਨੀਆਂ ਤੇ ਸਿਰਫ ਇਹੋ ਕੰਮ ਕਰਨ ਲਈ ਆਏ ਹੋਣ। ਰੋਮਾਟਿਕ ਫਿਲਮਾਂ ਵਿੱਚ ਇਹੋ ਦਿਖਾਇਆ ਜਾਂਦਾ ਹੈ ਕਿ ਹਰ ਜਵਾਨ ਗੱਭਰੂ ਤੇ ਮੁਟਿਆਰ ਨੂੰ ਪਿਆਰ ਹੋਣਾ ਜਰੂਰੀ ਹੈ। ਇਸ ਗੁੰਮਰਾਹਕੁੰਨ ਅਤੇ ਕੂੜ ਪ੍ਰਚਾਰ ਦੇ ਅਸਰ ਹੇਠ ਜਿਸ ਉਮਰ ਵਿੱਚ ਗੱਭਰੂ ਤੇ ਮੁਟਿਆਰਾਂ ਨੇ ਆਪਣੇ ਭਵਿੱਖ ਵੱਲ ਦੇਖਣਾ ਤੇ ਸੋਚਣਾ ਹੁੰਦਾ ਹੈ। ਉਥੇ ਉਹ ਆਪਣੇ ਜੀਵਨ ਸਾਥੀ ਬਾਰੇ ਸੁਪਨੇ ਦੇਖਣ ਲਗਦੇ ਹਨ। ਸਕੂਲਾਂ ਤੇ ਕਾਲਿਜਾਂ ਵਿੱਚ ਪਿਆਰ ਮਹੁੱਬਤ ਤੇ ਫਿਲਮਾਈਆਂ ਫਿਲਮਾਂ ਅਤੇ ਗੀਤ ਬੱਚਿਆਂ ਨੂੰ ਕੱਚੀ ਉਮਰੇ ਹੀ ਸਕੂਲਾਂ ਤੇ ਕਾਲਜਾਂ ਵਿੱਚ ਹੀਰ ਰਾਝਾਂ ਬਣਨ ਦੀ ਪ੍ਰੇਰਣਾ ਦਿੰਦੇ ਹਨ। ਇੰਨ੍ਹਾਂ ਫਿਲਮਾ ਤੇ ਗੀਤਾਂ ਨੇ ਸਾਡੇ ਗਿਆਨ ਦੇ ਮੰਦਰਾਂ ਨੂੰ ਆਸ਼ਕਾਂ ਤੇ ਮਾਸ਼ੂਕਾ ਦੀਆ ਫੈਕਟਰੀਆਂ ਬਣਾ ਕੇ ਰੱਖ ਦਿੱਤਾ ਹੈ।

ਜਦੋ ਬੱਚੇ ਆਪਣੇ ਮਾਂ-ਬਾਪ ਤੇ ਪਰਿਵਾਰਿਕ ਮੈਂਬਰਾਂ ਨੂੰ ਇਹਨਾਂ ਫਿਲਮਾਂ ਤੇ ਰੋਮਾਟਿਕ ਗੀਤਾਂ ਦਾ ਆਨੰਦ ਮਾਣਦੇ ਦੇਖਦੇ ਹਨ ਤਾਂ ਉਹਨਾਂ ਨੂੰ ਇਹ ਲਗਦਾ ਹੈ ਕਿ ਜੋ ਫਿਲਮਾਂ ਵਿੱਚ ਦਿਖਾਇਆ ਜਾ ਰਿਹਾ ਹੈ ਉਹ ਸਭ ਉਹਨਾਂ ਦੇ ਮਾਂ-ਬਾਪ ਤੇ ਸਮਾਜ ਵਲੋ ਪ੍ਰਵਾਨਿਤ ਹੈ ।ਜਿੰਦਗੀ ਦੇ ਤਜ਼ਰਬੇ ਤੋ ਕੋਰੇ, ਪਿਆਰ ਮੁਹੱਬਤ ਤੇ ਵਿਆਹ ਦੀ ਸਮਾਜਿਕ ਮਹੱਹਤਾ ਤੋ ਅਣਜਾਣ ਅਤੇ ਆਪਣੇ ਮਨ ਵਿੱਚ ਉਠਦੇ ਸਵਾਲਾਂ ਨੂੰ ਪੁੱਛਣ ਵਿੱਚ ਆਉਦੀਂ ਹਿਚਕਿਚਾਹਟ ਕਾਰਨ ਬੱਚੇ ਆਪਣੇ ਪਰਿਵਾਰ ਦੀ ਸਹਿਮਤੀ ਤੋ ਬਗੈਰ ਆਪਣੀ ਜ਼ਾਤ, ਧਰਮ, ਸਮਾਜਿਕ ਤੇ ਆਰਥਿਕ ਰੁੱਤਬੇ ਤੋ ਉੱਲਟ ਆਪਣਾ ਜੀਵਨ ਸਾਥੀ ਚੁਣ ਲੈਂਦੇ ਹਨ।  ਪੁਰਾਣੇ ਰੀਤੀ ਰਿਵਾਜ਼ਾ ਨੂੰ ਮੰਨਣ ਵਾਲੇ ਮਾਂ-ਬਾਪ ਤੇ ਸਮਾਜ ਨੂੰ ਪਸੰਦ ਨਹੀਂ ਹੁੰਦਾ। ਆਪਣੀ ਜ਼ਾਤ, ਧਰਮ, ਸਮਾਜਿਕ ਤੇ ਆਰਥਿਕ ਰੁਤਬੇ ਤੋ ਉੱਲਟ ਆਪਣਾ ਜੀਵਨ ਸਾਥੀ ਚੁਣਨ ਦੀ ਗੱਲ ਤਾਂ ਸਮਝ ਆਉਦੀ ਹੈ ਪਰ ਫਿਲਮੀ ਪਿਆਰ ਵਿਚ ਅੰਨ੍ਹੇ ਹੋਏ ਬੱਚੇ ਕਈ ਵਾਰੀ ਆਪਣੇ ਉਮਰ ਤੋ ਵੱਧ, ਵਿਦਿਅਕ ਯੋਗਤਾ ਤੋ ਬਹੁਤ ਘੱਟ ਤੇ ਪਹਿਲਾਂ ਹੀ ਵਿਆਹਿਆ ਨਾਲ ਸੰਬੰਧ ਬਣਾਉਣ ਦੇ ਕੋਸ਼ਿਸ ਕਰਦੇ ਹਨ ।ਜਦੋਂ ਬੱਚਿਆਂ ਦੇ ਪਰਿਵਾਰ ਵਾਲੇ ਇਸ ਦਾ ਵਿਰੋਧ ਕਰਦੇ ਹਨ ਤਾਂ ਕਮਜ਼ੋਰ ਮਾਨਸਿਕਤਾ ਦੇ ਸ਼ਿਕਾਰ ਬੱਚਿਆਂ ਦਾ ਦਿਮਾਗ ਇਹ ਫਿਲਮੀ ਡਾਇਲਾਗ ਇਨਾਂ ਕੁ ਖਰਾਬ ਕਰ ਚੁੱਕੇ ਹੁੰਦੇ ਹਨ ਕਿ ਬੱਚਿਆ ਨੂੰ ਆਪਣੇ ਪਾਲਣਹਾਰ ਹੀ ਆਪਣੇ ਸਭ ਤੋਂ ਵੱਡੇ ਦੁਸ਼ਮਣ ਨਜ਼ਰ ਆਉਂਦੇ ਹਨ ਤੇ ਦੂਜੇ ਪਾਸੇ ਝੂਠੀ ਦੁਨੀਆਦਾਰੀ ਦੇ ਸਤਾਏੇ ਮਾਂ ਬਾਪ ਨੂੰ ਆਪਣੇ ਬੱਚੇ ਹੀ ਸਭ ਤੋਂ ਵੱਡੇ ਵੈਰੀ ਲਗਦੇ ਹਨ ।

ਭਾਰਤੀ ਟੀæਵੀæ ਮੀਡੀਆਂ ਤੇ ਫਿਲਮ ਸਨਅਤ ਵਲੋਂ ਹੂ-ਬ-ਹੂ ਪੱਛਮੀ ਟੀæਵੀæ ਮੀਡਿਆ ਅਤੇ ਫਿਲਮ ਸਨਅਤ ਦੀ ਨਕਲ ਕਰਨਾ ਵੀ ਘਾਤਕ ਸਿੱਧ ਹੋ ਰਿਹਾ ਹੈ। ਅਸੀਂ ਆਂਕੜਿਆਂ ਤੇ ਨਜ਼ਰ ਮਾਰੀਏ ਤਾਂ ਅਮਰੀਕਾ ਅਤੇ ਵਿਕਸਿਤ ਦੇਸ਼ਾ ਦੀ 80% ਤੋਂ ਜਿਆਦਾ ਆਬਾਦੀ ਸ਼ਹਿਰਾਂ ਵਿੱਚ ਰਹਿੰਦੀ ਹੈ। ਜਦਕਿ ਭਾਰਤ ਦੀ 25-30% ਵਸੋ ਹੀ ਸ਼ਹਿਰਾਂ ਵਿੱਚ ਰਹਿੰਦੀ ਹੈ ।ਜਿਹਨਾਂ ਲੋਕਾਂ ਦੀ ਸੋਚ ਆਧੁਨਿਕ ਸਮੇਂ ਅਨੁਸਾਰ ਤੇਜੀ ਨਾਲ ਬਦਲ ਰਹੀ ਹੈ। ਪੱਛਮੀ ਤੇ ਵਿਕਸਿਤ ਮੁਲਕਾਂ ਵਿੱਚ ਦਿਖਾਏ ਜਾਂਦੇ ਟੀ.ਵੀ., ਮੀਡੀਆਂ ਤੇ ਫਿਲਮ ਸੱਨਅਤ ਦੇ ਉੱਤੇ ਸ਼ਹਿਰੀਕਰਨ ਦਾ ਹੀ ਪ੍ਰਭਾਵ ਹੈ। ਪਰ ਭਾਰਤ ਦੀ ਬਹੁਤੀ ਵਸੋਂ ਦੀ ਸੋਚ ਅਜੇ ਵੀ ਪੁਰਾਣੀਆਂ ਰਵਾਇਤਾਂ ਤੇ ਹੀ ਟਿੱਕੀ ਹੋਈ ਹੈ ।ਪਿੰਡਾਂ ਤੇ ਛੋਟੇ ਸ਼ਹਿਰਾਂ ਵਿੱਚ ਰਹਿੰਦੇ ਲੋਕ ਕਾਫੀ ਲੰਮੇ ਸਮੇਂ ਤੋਂ ਉਥੇ ਰਹਿ ਰਹੇ ਹੁੰਦੇ ਹਨ। ਕਈ ਵਾਰੀ ਪੂਰਾ ਮੁਹੱਲਾ ਹੀ ਇੱਕੋ ਪਰਿਵਾਰ ਨਾਲ ਸੰਬਧਿਤ ਹੁੰਦਾ ਹੈ ।ਕਿਸੇ ਇਕ ਪਰਿਵਾਰ ਵਿੱਚ ਵਾਪਰਨ ਵਾਰੀ ਘਟਨਾ ਦਾ ਬਾਕੀ ਸਾਰੇ ਪਰਿਵਾਰਾਂ ਤੇ ਅਸਰ ਪੈਣਾ ਲਾਜਮੀ ਹੈ। ਇਸਦੇ ਉਲਟ ਸ਼ਹਿਰਾਂ ਵਿੱਚ ਇੱਕ ਮੁਹੱਲੇ ਬਿਲਡਿੰਗ ਵਿੱਚ ਰਹਿਣ ਵਾਲੇ ਲੋਕ ਕਈ ਵਾਰੀ ਇੱਕ ਸੂਬੇ ਨਾਲ ਵੀ ਸੰਬਧਿਤ ਨਹੀਂ ਹੁੰਦੇ। ਬੇਸ਼ਕ ਇਹਨਾਂ ਲੋਕਾਂ ਵਿੱਚ ਇਨਸਾਨੀਅਤ ਦੇ ਨਾਤੇ ਭਾਈਚਾਰਕ ਸਾਂਝ ਹੁੰਦੀ ਹੈ। ਪਰ ਫਿਰ ਵੀ ਇਸ ਭਾਈਚਾਰਿਕ ਸਾਂਝ ਨੂੰ ਪੇਂਡੂ ਜੀਵਨ ਦੀ ਭਾਈਚਾਰਿਕ ਸਾਂਝ ਨਾਲ ਨਹੀਂ ਤੋਲਿਆ ਜਾ ਸਕਦਾ। ਇਹੋ ਕਾਰਨ ਹੈ ਕਿ ਪਿੰਡਾਂ ਤੇ ਛੋਟੇ ਸ਼ਹਿਰਾਂ ਵਿੱਚ ਰਹਿੰਦੇ ਜੇਕਰ ਇੱਕ ਪਰਿਵਾਰ ਦੀ ਧੀ, ਭੈਣ ਆਪਣੇ ਮਾਂ-ਬਾਪ ਦੀ ਮਰਜ਼ੀ ਤੋਂ ਬਿਨਾਂ ਆਪਣਾ ਜੀਵਨ ਸਾਥੀ ਚੁਨਣ ਦੀ ਜੁਰਤ (ਪ੍ਰੇਮ ਵਿਆਹ) ਕਰਦੀ ਹੈ ਤਾਂ ਉਸ ਪਰਿਵਾਰ ਦੇ ਮਰਦ ਮੈਂਬਰਾਂ ਨੂੰ ਇਹ ਲੱਗਦਾ ਹੈ ਕਿ ਜੇ ਉਹਨਾ ਨੇ ਇਸ ਬਾਰੇ ਕੁੱਝ ਨਾ ਕੀਤਾ ਤਾਂ ਉਹਨਾਂ ਨੂੰ ਆਪਣੇ ਭਾਈਚਾਰੇ ਤੇ ਸਮਾਜ ਵਿੱਚ ਜਾ ਕੇ ਜ਼ਲੀਲ ਹੋਣਾ ਪਵੇਗਾ ਤੇ ਲੋਕ ਉਹਨਾਂ ਨੂੰ ਇਹੋ ਕਹਿਣਗੇ ਕਿ ਇਹਨਾਂ ਤੋਂ ਇਕ ਔਰਤ (ਘਰ ਦੀ ਧੀ, ਭੈਣ) ਨਹੀਂ ਸੰਭਾਲ ਹੋਈ ।ਕਈ ਵਾਰੀ ਇਸ ਬੇਜ਼ਿeਤੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਉਹ ਆਪਣੀ ਅੱਣਖ ਤੇ ਇਜ਼ਤ ਦੀ ਰਾਖੀ ਦੇ ਨਾ ਤੇ ਆਪਣੇ ਘਰ ਦੀ ਧੀ/ਭੈਣ ਤੇ ਉਸਦੇ ਜੀਵਨ ਸਾਥੀ ਨੂੰ ਮਾਰਨ ਤੱਕ ਜਾਂਦੇ ਹਨ।ਅੱਜ ਦੇ ਪੜ੍ਹੇ ਲਿਖੇ, ਆਧੁਨਿਕ ਤੇ ਅਜੇ ਵੀ ਮਰਦ ਪ੍ਰਧਾਨ ਸਮਾਜ ਵਿੱਚ ਆਦਮੀ ਦੀ ਤਾਕਤ, ਸਮਝਦਾਰੀ ਦਾ ਪੈਮਾਨਾ ਇਹੋ ਹੈ ਕਿ ਉਹ ਆਪਣੇ ਘਰ ਦੀਆਂ ਔਰਤਾਂ (ਧੀ, ਭੈਣ, ਪਤਨੀ) ਨੂੰ ਕਿਵੇਂ ਤੇ ਕਿੰਨਾ ਕਾਬੂ ਵਿੱਚ ਰੱਖ ਸਕਦਾ ਹੈ?

ਘਰੋਂ ਭੱਜ ਕੇ ਜਾਂ ਮਾਂ-ਬਾਪ ਦੀ ਮਰਜ਼ੀ ਤੋ ਬਿਨਾਂ ਹੁੰਦੇ ਵਿਆਹਾਂ ਕਾਰਨ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਮਾਦਾ ਬੱਚੇ ਪ੍ਰਤੀ ਪਿਆਰ ਹੋਰ ਘੱਟ ਰਿਹਾ ਹੈ । ਇਹੋ ਜਿਹੇ ਸਮਾਜਿਕ ਤਾਣੇ-ਬਾਣੇ ਵਿੱਚ ਮਾਦਾ ਭਰੂਣ ਹੱਤਿਆ ਤੇ ਰੋਕ ਲਉਣੀ ਹੋਰ ਵੀ ਔਖੀ ਹੋ ਜਾਵੇਗੀ ਅਤੇ ਭਾਰਤ ਦੀ ਕੁੱਲ ਜਨਸੰਖਿਆ ਵਿੱਚ ਨਰ ਮਾਦਾ ਅਨੁਪਾਤ ਹੋਰ ਵੀ ਵੱਧ ਜਾਵੇਗਾ ।ਇਸ ਲਈ ਜਿਮੇਵਾਰ ਕੌਣ ਹੋਵੇਗਾ ਇਸ ਸਵਾਲ ਦਾ ਜਵਾਬ ਦੇਣਾ ਔਖਾ ਨਹੀਂ ਹੈ ।ਅਣਖ ਲਈ ਹੁੰਦੇ ਕਤਲਾਂ ਕਾਰਨ ਬਦਲਦੇ ਸਮਾਜਿਕ ਸਮੀਕਰਨਾਂ ਵਿੱਚ ਕੋ-ਐਜੂਕੇਸ਼ਨ(Co-education) ਸਕੂਲਾਂ ਪੜ੍ਹਦੀਆਂ  ਧੀਆਂ ਦੇ ਮਾਂ-ਬਾਪ ਦੁਬਾਰਾ ਸੋਚਣ ਲਈ ਮਜ਼ਬੂਰ ਹੋ ਰਹੇ ਹਨ ।  

ਹਰਿਆਣਾ ਦੇ ਪਿੰਡਾਂ ਵਿੱਚ ਜਾਤ ਅਧਾਰਿਤ ਖੇਪ ਪੰਚਾਇਤਾਂ ਇੱਕੋ ਗੋਤਰ ਵਿੱਚ ਵਿਆਹ ਕਰਵਾਉਣ ਤੋਂ ਰੋਕਣ ਵਾਸਤੇ ਕਾਨੂੰਨ ਬਣਾਉਣ ਲਈ ਸਰਕਾਰ ਤੇ ਦਬਾਅ ਪਾ ਚੁੱਕੀਆਂ ਹਨ। ਇਹ ਲੋਕ ਚਾਹੁੰਦੇ ਹਨ ਕਿ  ਮੁੰਡੇ ਤੇ ਕੁੜੀ ਦੇ ਵਿਆਹ ਲਈ ਘੱਟੋ-ਘੱਟ ਨਿਰਧਾਰਿਤ ਉਮਰ ਨੂੰ ਕ੍ਰਮਵਾਰ ਚਾਰ ਤੇ ਤਿੰਨ ਸਾਲ ਘੱਟ ਕੀਤਾ ਜਾਵੇ। ਜੂਨ 2010 ਵਿੱਚ ਮਾਣਯੋਗ ਸੁਮਰੀਮ ਕੋਰਟ ਨੇ ਕੇਂਦਰ ਸਰਕਾਰ, ਪੰਜਾਬ, ਹਰਿਆਣਾ ਤੇ ਪੰਜ ਹੋਰ ਰਾਜ ਸਰਕਾਰਾਂ ਨੂੰ ਨੋਟਿਸ ਭੇਜਿਆ ਹੈ ਕਿ ਖੇਪ ਪੰਚਾਇਤਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਨਵੇ ਵਿਆਹੇ ਜੋੜਿਆ ਨੂੰ ਬਚਾਉਣ ਲਈ ਇਹ ਕੀ ਕਦਮ ਚੁੱਕ ਰਹੀਆਂ ਹਨ? ਕਈ ਸਮਾਜ ਸੇਵੀ ਸੰਸਥਾਵਾਂ ਵੀ ਅਣਖ ਲਈ ਹੁੰਦੇ ਕਤਲਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਲਈ ਸਰਕਾਰ ਤੇ ਜ਼ੋਰ ਪਾ ਰਹੀਆ ਹਨ।ਪਰ ਇਹ ਮਸਲਾ ਕਾਨੂੰਨੀ ਘੱਟ ਤੇ ਭਾਵਨਾਤਮਿਕ ਜਿਆਦਾ ਹੈ। ਜੇ ਕਾਨੂੰਨਾਂ ਨਾਲ ਭਾਵਨਾਵਾਂ ਨੂੰ ਦਬਾਇਆ ਜਾ ਸਕਦਾ ਹੁੰਦਾ ਤਾਂ ਭਾਰਤ ਸ਼ਾਇਦ ਅੱਜ ਵੀ ਗੁਲਾਮ ਹੁੰਦਾ। ਅਣਖ ਲਈ ਹੁੰਦੇ ਕਤਲਾਂ ਦੇ ਸਮਾਜਿਕ ਦਾਗ ਨੂੰ ਖਤਮ ਕਰਨ ਲਈ ਸਮਾਜ ਨੂੰ ਸਰਕਾਰਾਂ ਵੱਲ ਵੇਖਣ ਦੀ ਥਾਂ ਆਪ ਜਿੰਮੇਵਾਰੀ ਲੈਣੀ ਪਵੇਗੀ। ਮਾਂ-ਬਾਪ ਤੇ ਬੱਚਿਆਂ ਦੋਵਾਂ ਨੂੰ ਸਮਝਦਾਰੀ ਤੇ ਸੰਜਮ ਨਾਲ ਕੰਮ ਲੈਂਦੇ ਹੋਏ ਆਪਣੀ ਸੋਚ ਦਾ ਘੇਰਾ ਵਿਸ਼ਾਲ ਕਰਨਾ ਪਵੇਗਾ ਤਾਂ ਜੋ ਅਜਿਹਾ ਰਾਹ ਆਪਣਾਇਆ ਜਾ ਸਕੇ ਜਿਸ ਨਾਲ ਕਿਸੇ ਨੂੰ ਵੀ ਨਾਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਘਰੋਂ ਭੱਜ ਕੇ ਗਏ ਜੋੜਿਆਂ ਨੂੰ ਸੁੱਰਖਿਆ ਦੇ ਕੇ ਜਾਂ ਅਜਿਹੇ ਜੋੜਿਆਂ ਲਈ ਹੈਲਪਲਾਇਨਾਂ (Helplines) ਬਣਾਕੇ ਇਸ ਸਮੱਸਿਆ ਨੂੰ 100% ਹੱਲ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਕਰਨ ਨਾਲ ਸ਼ਾਇਦ ਅਸੀ ਹੋਰ ਪ੍ਰੇਮੀ ਜੋੜਿਆ ਨੂੰ ਅਜਿਹੇ ਕਦਮ ਚੁਕਣ ਲਈ ਉਤਸ਼ਾਹਿਤ ਕਰ ਰਹੇ ਹਾਂ।

ਸਾਡੇ ਮੁਲਕ ਦੇ ਸਕੂਲਾਂ ਵਿੱਚ ਸੈਕਸ ਐਜ਼ੂਕੈਸ਼ਨ(sex education) ਦੀ ਕਮੀ ਹੈ। ਸਾਡੇ ਰਾਜਨੀਤਿਕ ਨੇਤਾ ਸੈਕਸ ਐਜ਼ੂਕੈਸ਼ਨ ਨੂੰ ਸਕੂਲਾ ਵਿੱਚ ਲਾਗੂ ਕਰਨ ਤੋਂ ਕਤਰਾਉਂਦੇ ਹਨ। ਜਿਸ ਤਰ੍ਹਾਂ ਸਾਡੇ ਸਮਾਜ ਵਿੱਚ ਸੈਕਸ ਇੱਕ ਵੱਡਾ ਮੁੱਦਾ ਹੈ ਉਸੇ ਤਰ੍ਹਾਂ ਸੈਕਸ ਐਜ਼ੂਕੈਸ਼ਨ ਨੂੰ ਇੱਕ ਵੱਡਾ ਡਰ ਸਮਝਿਆ ਜਾਂਦਾ ਹੈ। ਬੱਚਿਆਂ ਨੂੰ ਇਹ ਦੱਸਣਾ ਜਰੂਰੀ ਹੈ ਕਿ 10/12 ਸਾਲ ਦੀ ਉਮਰ ਤੋਂ ਬਾਅਦ ਵਿਰੋਧੀ ਲਿੰਗ ਪ੍ਰਤੀ ਅਕਰਸ਼ਣ ਇੱਕ ਕੁਦਰਤੀ ਵਰਤਾਰਾ ਹੈ। ਜੇ ਕਿਸੇ ਮੁੰਡੇ ਨੂੰ ਕੁੜੀ ਪ੍ਰਤੀ ਜਾਂ ਕੁੜੀ ਨੂੰ ਮੁੰਡੇ ਪ੍ਰਤੀ ਇਹ ਆਕਰਸ਼ਣ ਪੈਦਾ ਹੁੰਦਾ ਹੈ ਤਾਂ ਇਸ ਦਾ ਮਤਲਬ ਨਹੀਂ ਕਿ ਉਹ  ਸੁਪਨਿਆਂ ਦੀ ਰਾਜਕੁਮਾਰੀ ਜਾਂ ਰਾਜਕੁਮਾਰ ਹੈ। ਫਿਲਮੀ ਗੱਲਾਂ ਜਿਵੇਂ ਆਪਣੇ ਸੁਪਨਿਆਂ ਦੇ ਰਾਜਕੁਮਾਰ ਨੂੰ ਮਿਲ ਕੇ ਭੁੱਖ ਨਾ ਲੱਗਣਾ,ਨੀਂਦ ਨਾ ਆਉਣਾ,ਉਸ ਨੂੰ ਵਾਰ-2 ਦੇਖਣ ਦਾ ਦਿਲ ਕਰਨਾ, ਇਹ ਸਭ ਕੁੱਝ ਸਾਡੇ ਦਿਮਾਗ ਵਿੱਚ ਹੋਣ ਵਾਲੇ ਹਾਰਮੋਨਲ ਰੀਐੈਕਸ਼ਨ(Hormanal Reaction) ਤੋਂ ਵੱਧ ਹੋਰ ਕੁੱਝ ਵੀ ਨਹੀਂ। ਸਕੂਲ ਦੇ ਆਖਰੀ ਸਾਲਾਂ ਵਿੱਚ ਕੈਰੀਅਰ ਐਜ਼ੂਕੈਸ਼ਨ(carrier education) ਤੇ ਗੋਲ ਸੈਟਿਗ ਕੋਉਸਲਿੰਗ (goal setting education) ਇਸ ਪਾਸੇ ਵੱਲ ਵਧਿਆ ਕਦਮ ਹੋ ਸਕਦਾ ਹੈ। ਜੇ ਬੱਚਿਆਂ ਨੂੰ ਜਿੰਦਗੀ ਦੇ ਰਾਹ ਤੇ ਮੰਜ਼ਿਲ ਬਾਰੇ ਸਕੂਲਾਂ ਵਿੱਚ ਹੀ ਸਮਝਿਆ ਜਾਵੇ ਤਾਂ ਉਹਨਾਂ ਦੇ ਭਟਕਣ ਦੇ ਮੌਕੇ ਘੱਟ ਜਾਣਗ । ਬੱਚਿਆਂ ਨੂੰ ਦਿਲ ਤੇ ਦਿਮਾਗ ਵਿੱਚ ਫਰਕ ਸਮਝਾਉਣਾ ਜਰੂਰੀ ਹੈ ਤਾਂ ਜੋ ਬੱਚੇ ਜਿੰਦਗੀ ਦੇ ਅਹਿਮ ਫੈਸਲੇ ਜ਼ਜਬਾਤੀ ਹੋ ਕੇ ਨਹੀਂ ਸਗੋਂ ਸਮਝਦਾਰੀ ਤੇ ਦੂਰਦ੍ਰਿਸ਼ਟੀ ਨਾਲ ਕਰ ਸਕਣ।

ਸਾਡੇ ਦੇਸ਼ ਵਿੱਚ ਸਭ ਨੂੰ ਰੋਜ਼ਗਾਰ ਦੇ ਵਧੀਆ ਮੌਕੇ ਨਾ ਮਿਲਣਾ ਵੀ ਬਲਦੀ ਤੇ ਤੇਲ ਦਾ ਕੰਮ ਕਰਦਾ ਹੈ। ਜੇ ਪੜ੍ਹਨ ਵਾਲੇ ਹਰ ਵਿਦਿਆਰਥੀ ਨੂੰ ਇਹ ਪਤਾ ਹੋਵੇ ਕਿ ਦਸ-ਬਾਂਰਾਂ੍ਹ ਸਾਲ ਪੜ੍ਹ ਕੇ ਉਸਨੇ ਸਹੀ ਕੰਮ ਕਾਰ ਨੌਕਰੀ ਤੇ ਲੱਗ ਜਾਣਾ ਹੈ ਤਾਂ ਆਪਣਾ ਧਿਆਨ ਪੜ੍ਹਾਈ ਵੱਲ੍ਹ ਜਿਆਦਾ ਲਗਾਏਗਾ, ਪਰ ਜਿਥੇ ਐਮ.ਬੀ.ਏ(MBA) ਅਤੇ ਪੀ.ਐਚ.ਡੀ(Phd) ਵਰਗੀਆਂ ਡਿਗਰੀਆਂ ਲੈਣ ਵਾਲੇ ਵੀ ਕੋਈ ਛੋਟੀ ਮੋਟੀ ਨੌਕਰੀ ਕਰਨ ਲਈ ਤਿਆਰ ਹੋਣ ਉਥੇ ਪੜ੍ਹਨਾ ਕੌਣ ਚਾਹੇਗਾ? ਇਹੋ ਜਿਹੇ ਮਾਹੌਲ ਵਿੱਚ ਧਿਆਨ ਸੋਖਿਆ ਭਟਕ ਸਕਦਾ ਹੈ।
ਇੱਕ ਆਮ ਫਿਲਮੀ ਡਾਇਲਾਗ, ਪਿਆਰ ਅੰਨ੍ਹਾ ਹੁੰਦਾ ਹੈ। ਪਰ ਬੱਚਿਆਂ ਨੂੰ ਅੰਨ੍ਹਾਂ ਹੁੰਦਾ ਦੇਖਕੇ ਮਾਂ ਬਾਪ ਤੇ ਅਧਿਆਪਕਾਂ ਨੂੰ ਆਪਣੀ ਅਕਲ ਤੇ ਪੜਦਾ ਨਹੀਂ ਪਾਉਣਾ ਚਾਹੀਦਾ ਹੈ ।ਸਾਨੂੰ ਘਰਾਂ ਤੇ ਸਕੂਲਾਂ ਵਿੱਚ ਅਜਿਹਾ ਮਾਹੌਲ ਦੇਣਾ ਪਵੇਗਾ ਜਿਥੇ ਬੱਚੇ ਹਰ ਸਵਾਲ ਤੇ ਜਿੰਦਗੀ ਵਿੱਚ ਵਾਪਰਨ ਵਾਲੀ ਹਰ ਘਟਨਾ ਬਾਰੇ ਖੁੱਲ੍ਹ ਕੇ ਗੱਲ ਕਰ ਸਕਣ ਤਾਂ ਜੋ ਕਿਸੇ ਪਾਸੇ ਤੋ ਵੀ ਆਉਦੀ ਗਲਤ ਤੇ ਗੁੰਮਰਾਹਕੁੰਨ ਜਾਣਕਾਰੀ ਦੇ ਅਸਰ ਤੋਂ ਬੱਚਿਆਂ ਨੂੰ ਬਚਿਆ ਜਾ ਸਕੇ ।ਜਵਾਨ ਹੁੰਦੇ ਬੱਚਿਆਂ ਨੂੰ ਵਿਆਹ ਤੇ ਵਿਆਹ ਤੋਂ ਬਾਅਦ ਆਉਂਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਜਰੂਰੀ ਹੈ। ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਵਿਆਹ ਲਈ ਨਿਰਧਾਰਿਤ ਘੱਟੋ ਘੱਟ ਉਮਰ ਪੂਰੇ ਹੁੰਦੇ ਹੀ ਵਿਆਹ ਹੋਣਾ ਜਰੂਰੀ ਨਹੀਂ ਹੈ ।ਵਿਆਹ ਉਦੋਂ ਹੋਣਾ ਚਾਹੀਦਾ ਹੈ ਜਦੋਂ ਲੜਕਾ ਤੇ ਲੜਕੀ ਮਾਨਸਿਕ,ਆਰਥਿਕ ਅਤੇ ਭਾਵਨਾਤਮਿਕ ਤੌਰ ਤੇ ਸੂਝਵਾਨ ਹੋਣ ਤੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਕ ਚੰਗੇ ਸਮਾਜ ਤੇ ਦੇਸ਼ ਸਿਰਜਣ ਲਈ ਯਤਨਸ਼ੀਲ ਹੋਣ। ਬੱਚਿਆਂ ਨੂੰ ਵਿਆਹ ਦੇ ਸਹੀ ਅਰਥ ਸਮਝਾਉਣੇ ਜਰੂਰੀ ਹਨ ਕਿ ਵਿਆਹ ਸਿਰਫ ਮਨਚਾਹੇ ਸਾਥੀ ਨਾਲ ਜਿੰਦਗੀ ਗੁਜ਼ਾਰਨਾ ਹੀ ਨਹੀਂ ਹੈ, ਇਹ ਸਿਰਫ਼ ਦੋ ਦਿਲਾਂ ਦਾ ਮਿਲਨ ਨਹੀਂ ਸਗੋਂ ਦੋ ਪਰਿਵਾਰਾਂ ਦਾ ਵੀ ਮਿਲਨ ਹੁੰਦਾ ਹੈ ਤੇ ਜੇ ਇਹ ਖੁਸ਼ਗਵਾਰ ਮਾਹੌਲ ਵਿੱਚ ਮਾਂ-ਬਾਪ ਦੀ ਸਹਿਮਤੀ ਨਾਲ ਹੋਵੇ ਤਾਂ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਨਵੇਂ ਵਿਆਹੇ ਦੇ ਚੰਗੇ ਭੱਵਿਖ ਲਈ ਕਾਮਨਾ ਕਰਦੇ ਹਨ ਤੇ ਭੱਵਿਖ ਵਿੱਚ ਵੀ ਪਤੀ ਪਤਨੀ ਦਾ ਮਾਰਗ ਦਰਸ਼ਨ ਕਰਦੇ ਹਨ ।ਮਾਂ-ਬਾਪ ਦੀ ਸਹਿਮਤੀ ਤੋਂ ਬਿਨਾਂ ਹੋਏ ਵਿਆਹ ਵਿੱਚ ਜਿਥੇ ਵਿਆਹੇ ਜੋੜੇ ਨੂੰ ਬਹੁਤ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਵਿਗੜੇ ਹੋਏ ਹਾਲਤਾ ਵਿੱਚ ਜੇ ਗੱਲ ਮਰਨ ਮਰਵਾਉਣ ਤੱਕ ਚਲੇ ਜਾਵੇ ਤਾਂ ਦੋ ਪਰਿਵਾਰ ਖਤਮ ਹੋ ਜਾਦੇ ਹਨ ।

ਅੱਜ ਬਦਲਦੇ ਮਾਹੌਲ ਵਿੱਚ ਬੱਚਿਆਂ ਨੂੰ ਇਹ ਦੱਸਣਾ ਜਰੂਰੀ ਹੈ ਕਿ ਇੱਕ ਜਵਾਨ ਮਨੁੱਖ ਦਾ ਪਹਿਲਾਂ ਕੰਮ ਆਪਣੇ ਪੈਰਾਂ ਤੇ ਖੜੇ ਹੋਕੇ, ਦੇਸ਼, ਸਮਾਜ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਹੈ ਨਾ ਕਿ ਫਿਲਮਾਂ ਦੇ ਕਿਰਦਾਰਾਂ ਦੇ ਪਿੱਛੇ ਲੱਗ ਕੇ ਪੜਾਈ ਦਾ ਸਮਾਂ ਖਰਾਬ ਕਰਨਾ। ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਣ, ਉਹਨਾਂ ਦੀ ਹਰ ਮੁਸ਼ਕਿਲ ਜਾਂ ਸਮੱਸਿਆਂ ਬਾਰੇ ਜੱਜ ਬਣ ਕੇ ਨਹੀਂ ਸਗੋਂ ਇੱਕ ਸਾਥੀ ਜਾਂ ਮਿੱਤਰ ਬਣ ਕੇ ਉਹਨਾਂ ਦੀ ਗੱਲ ਸੁਣਨ ਅਤੇ ਨੇਕ ਸਲਾਹ ਦੇਣ। ਕਈ ਵਾਰੀ ਘਰੇਲੂ ਹਾਲਾਤ ਹੀ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਘਰ ਵਿੱਚ ਬੱਚਿਆਂ ਨੂੰ ਪੂਰਾ ਪਿਆਰ ਤੇ ਸਤਿਕਾਰ ਨਹੀਂ ਮਿਲਦਾ। ਇਸ ਲਈ ਉਹ ਪਿਆਰ, ਹਮਦਰਦੀ ਨੂੰ ਬਾਹਰ ਲੱਭਣ ਲਗਦੇ ਹਨ। ਹੁਣ ਇਹ ਜਿੰਮੇਵਾਰੀ ਮਾਂ ਬਾਪ ਦੀ ਬਣਦੀ ਹੈ ਕਿ ਉਹ ਬੱਚਿਆਂ ਦੀ ਪ੍ਰਵਰਿਸ਼ ਕਿਸ ਤਰ੍ਹਾਂ ਕਰਦੇ ਹਨ? ਮਾਂ ਬਾਪ ਕੋਲ ਦੋ ਰਸਤੇ ਹਨ ਜਾਂ ਤਾਂ ਉਹ ਤੇਜ਼ੀ ਨਾਲ ਬਦਲਦੇ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਣ ਜਾਂ ਆਪਣੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਸਮਝਾ ਦੇਣ ਕਿ ਉਹ ਬੱਚਿਆਂ ਤੋਂ ਕੀ ਚਾਹੁੰਦੇ ਹਨ? ਕਿਉਂਕਿ ਨਾ ਤਾਂ ਕੋਈ ਇਸ ਤੇਜੀ ਨਾਲ ਬਦਲਦੇ ਸਮਾਜ ਨੂੰ ਰੋਕ ਸਕਦਾ ਹੈ ਤੇ ਨਾ ਹੀ ਇਸਦਾ ਬੱਚਿਆਂ ਤੇ ਪੈਣ ਵਾਲੇ ਅਸਰ ਨੂੰ। ਮਾਪਿਆਂ ਦਾ ਇਹ ਫਰਜ ਬਣਦਾ ਹੈ ਕਿ ਉਹ ਬੱਚਿਆਂ ਨੂੰ ਸਮਝਾਉਣ ਕਿ ਇਸ ਦੌਰ ਵਿੱਚ ਮਾਂ-ਬਾਪ ਦਾ ਸਿਰ ਸਮਾਜ ਵਿੱਚ ਉੱਚਾ ਕਿਸ ਤਰਾਂ ਰੱਖਣਾ ਹੈ? ਇਹ ਕਹਿ ਕੇ ਕਿ ਬੱਚੇ ਹੱਥੋ ਨਿਕਲ ਗਏ ਮਾਂ-ਬਾਪ ਆਪਣਾ ਪਿੱਛਾ ਨਹੀਂ ਛੁੱਡਾ ਸਕਦੇ।  

ਜੇਕਰ ਅੱਜ ਸਾਡੀਆ ਸਮਾਜਿਕ ਕਦਰਾਂ ਕੀਮਤਾਂ ਤੇ ਸੂਚਨਾ ਤਕਨੀਕ ਦੇ ਹਮਲੇ ਹੋ ਰਹੇ ਹਨ ਤਾਂ ਇਸਦਾ ਮੁਕਾਬਲਾ ਅਸੀਂ ਆਪਣੇ ਜਿਗਰ ਦੇ ਟੋਟਿਆਂ ਨੂੰ ਸਜ਼ਾ ਦੇ ਕੇ ਨਹੀਂ ਸਗੋਂ ਆਪਣੇ ਸਭਿਆਚਾਰ ਦੀ ਅਮੀਰੀ ਬਾਰੇ ਆਪਣੇ ਬੱਚਿਆ ਨੂੰ ਜਾਣਕਾਰੀ ਦੇ ਕੇ ਕਰਨਾ ਹੈ। ਜਿਸ ਨੂੰ ਅਸੀਂ ਤਾਂ ਭੁੱਲਦੇ ਜਾ ਰਹੇ ਹਾਂ ਪਰ ਪੱਛਮੀ ਮੁਲਕਾਂ ਦੇ ਕੁੱਝ ਲੋਕ ਆਪਣਾਉਦੇਂ ਜਾ ਰਹੇ ਹਨ ।ਸਾਨੂੰ ਆਪਣੇ ਸਭਿਆਚਾਰ ਦੀ ਅਮੀਰੀ ਵਿੱਚ ਰਹਿ ਕੇ ਬੱਚਿਆ ਅੱਗੇ ਉਦਾਹਰਣ ਪੇਸ਼ ਕਰਨੀ ਪਵੇਗੀ ।

No comments: