ਸੰਤ ਸਿਪਾਹੀ ਬਾਬਾ ਦੀਪ ਸਿੰਘ ਜੀ.......... ਲੇਖ / ਡਾਕਟਰ ਅਜੀਤ ਸਿੰਘ ਕੋਟਕਪੂਰਾ


ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਨੇ ਆਦੇਸ਼ ਦਿਤਾ ਸੀ ਕਿ ਸਿਖਾਂ ਨੂੰ ਸੰਤ ਸਿਪਾਹੀ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ  । ਸੰਤ ਤੋਂ ਭਾਵ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਅਤੇ ਸਿਪਾਹੀ ਤੋਂ ਭਾਵ ਯੁਧ ਲਈ ਤਤਪਰ ਰਹਿਣ ਵਾਲੇ  ਅਤੇ ਬਾਬਾ ਦੀਪ ਸਿੰਘ ਜੀ ਇਸ ਦੀ ਮਿਸਾਲ ਸਨ । ਉਨ੍ਹਾ ਨੇ ਸਾਰੀ ਜਿੰਦਗੀ ਸਿਖੀ ਜੀਵਨ ਵਿਚ ਬਿਤਾਈ ਅਤੇ ਅੰਤਲੇ ਸਮੇਂ ੧੩ ਨਵੰਬਰ ੧੭੫੭  ਨੂੰ  ਲੜਦੇ ਲੜਦੇ ਸ਼ਹੀਦ ਹੋ ਗਏ ।



ਪਹੂਵਿੰਡ(ਅੰਮ੍ਰਿਤਸਰ) ਵਿਚ ਪਿਤਾ ਭਾਈ ਭਗਤਾ ਜੀ ਦੇ ਘਰ  ਮਾਤਾ ਜੇਓਨੀ ਦੀ ਕੁੱਖ ਨੂੰ  ੨੬ ਜਨਵਰੀ ੧੬੮੨ ਨੂੰ ਸੁਲਖਨੀ ਕੀਤਾ ਅਤੇ ਬਚਪਨ ਦਾ ਨਾਮ ਦੀਪਾ (ਪ੍ਰਕਾਸ਼/ਚਾਨਣ) ਰਖਿਆ ਗਿਆ । ਕਈ ਇਤਹਾਸਕਾਰਾਂ ਨੇ ਜਨਮ ਮਿਤੀ ੨੦ ਜਨਵਰੀ ੧੬੮੨ ਦਰਜ ਕੀਤੀ ਹੈ । ੧੨ ਸਾਲ ਦੀ ਉਮਰ ਵਿਚ ਆਪਣੇ ਮਾਤਾ ਪਿਤਾ ਨਾਲ ਦਸਮੇਂ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਸ੍ਰੀ ਆਨੰਦਪੁਰ ਸਾਹਿਬ ਗਏ ਅਤੇ ਸੇਵਾ ਵਿਚ ਲਗ ਗਏ ਉਥੇ ਹੀ ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਅਤੇ ਹੋਰ ਵਿਦਵਾਨਾਂ ਤੋਂ ਗੁਰਮੁਖੀ ਸਿਖੀ ਅਤੇ ਤਲਵਾਰਬਾਜੀ, ਘੋੜਸਵਾਰੀ ਅਤੇ ਸ਼ਸਤਰਕਲਾ ਵਿਚ ਨਿਪੁੰਨਤਾ ਹਾਸਲ ਕੀਤੀ । ਗੁਰਮੁਖੀ ਸਿਖਣ ਤੋ ਪਿਛੋਂ ਓਹ ਸਿਖ ਸਿਧਾਂਤ ਤੋਂ ਜਾਣੂ ਹੋਏ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਹੋਰ  ਸਿਖ ਫਲਸਫੇ  ਦੀ ਜਾਣਕਾਰੀ ਲਈ ਅਤੇ ਨਿਪੁੰਨਤਾ  ਹਾਸਲ ਕੀਤੀ ।
                                                              ਪੀਓ ਪਾਹੁਲ ਖੰਡੇ ਧਰ ਹੋਵੇ ਜਨਮ ਸੁਹੇਲਾ

੧੮ ਸਾਲ ਦੀ ਉਮਰ ਵਿਚ ਆਨੰਦਪੁਰ ਸਾਹਿਬ ਵਿਖੇ ਹੀ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਪਾਹੁਲ ਛਕਿਆ ਅਤੇ ਜਨਮ ਸੁਹੇਲਾ ਕਰ ਲਿਆ ਅਤੇ ਗੁਰੂ ਵਾਲੇ ਦੀਪ ਸਿੰਘ ਬਣ ਗਏ ।

                                                  ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ , ਖਾਲਸਾ ਅਕਾਲ ਪੁਰਖ ਕੀ ਫੋਜ

ਅਕਾਲ ਪੁਰਖ ਦੀ ਫੌਜ ਵਿਚ ਸ਼ਾਮਲ ਹੋ ਗਏ ਅਤੇ ਹਮੇਸ਼ਾਂ ਹੀ ਜਰੂਰਤਮੰਦਾਂ ਅਤੇ ਕਮਜ਼ੋਰਾਂ ਦੇ ਮਦਦਗਾਰ ਰਹੇ ,ਸਚ ਅਤੇ ਨਿਆਂ ਦੀ ਪ੍ਰਾਪਤੀ ਲਈ ਜੂਝਦੇ ਰਹੇ ।

ਗੁਰੂ ਗੋਬਿੰਦ ਸਿੰਘ ਜੀ ਨੇ ੧੭੦੨ ਵਿਚ ਦੀਪ ਸਿੰਘ ਜੀ ਨੂੰ ਪਿੰਡ ਜਾ ਕੇ ਮਾਤਾ ਪਿਤਾ ਦੀ ਸੇਵਾ ਕਰਨ ਦਾ ਹੁਕਮ ਦਿਤਾ ਅਤੇ ਹੁਕਮ ਦੇ ਬਝ੍ਹੇ ਪਿੰਡ ਪ਼ੁੱਜ ਕੇ ਖੇਤੀ ਵਿਚ ਲਗ ਗਏ ਅਤੇ ਬਜੁਰਗਾਂ ਦੀ ਸੇਵਾ ਵਿਚ ਜੁਟ ਪਏ  ਪਹੂਵਿੰਡ ਵਿਚ ੧੭੦੪ ਵਿਚ ਜਾਣਕਾਰੀ ਮਿਲੀ ਕੇ ਚੋਜੀ ਗੁਰੂ ਦਸਮੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਛੱਡ ਦਿਤਾ ਹੈ ਅਤੇ ਵੱਡੇ ਸਾਹਿਬਜ਼ਾਦੇ ਸ੍ਰੀ ਅਜੀਤ ਸਿੰਘ ਅਤੇ ਸ੍ਰੀ ਜੁਝ੍ਹਾਰ ਸਿੰਘ ਜੀ ਚਮਕੌਰ ਸਾਹਿਬ ਵਿਚ ਸ਼ਹੀਦੀ ਪਾ ਗਏ ਹਨ ਅਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਉਨ੍ਹਾਂ ਤੋਂ ਵਿਛੜ ਚੁਕੇ ਹਨ । ਇਹ ਖਬਰ ਸੁਣ ਕੇ ਪਿੰਡ ਛਡ ਕੇ ਕਲਗੀਆਂ ਵਾਲੇ ਦੇ ਦਰਸ਼ਨ ਕਰਨ ਲਈ ਨਿਕਲ ਪਏ। ਦੀਪ ਸਿੰਘ ਜੀ ਦਾ ਮੇਲ ਗੁਰੂ ਜੀ ਨਾਲ ਪੰਜਵੇ ਤਖ਼ਤ ਤਲਵੰਡੀ ਸਾਬੋ (ਬਠਿੰਡਾ) ਵਿਖੇ ਹੋਇਆ ਓਥੇ ਹੀ ਪਤਾ ਲਗਾ ਕੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਸ੍ਰੀ ਜੋਰਾਵਰ ਸਿੰਘ ਅਤੇ ਫ਼ਤੇਹ ਸਿੰਘ ਨੂੰ ਨੀਹਾਂ ਵਿਚ ਚਿਣਵਾ ਦਿਤਾ ਗਿਆ ਸੀ, ਕਿਓਂ ਜੋ ਉਨ੍ਹਾਂ ਨੇ ਵਜ਼ੀਰ ਖਾਨ ਦੇ ਹੁਕਮ ਅਨੁਸਾਰ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿਤਾ ਸੀ ਅਤੇ ਮਾਤਾ ਗੁਜਰੀ ਜੀ ਨੇ ਇਸ ਖਬਰ ਨੂੰ ਸੁਣ ਕੇ ਠੰਡੇ ਬੁਰਜ ਵਿਚ ਹੀ ਪ੍ਰਮਾਤਮਾ ਦੀ ਗੋਦ ਵਿਚ ਜਾ ਬਿਰਾਜੇ ਸਨ । ਕਿਸੇ ਕਵੀ ਨੇ ਇਸ ਤਰਾਂ ਲਿਖਿਆ ਹੈ :

 ਗੁਜਰੀ ਲੋਕ ਮੈਨੂੰ ਤਾਹੀਓਂ ਆਖਦੇ ਨੇ,ਮਾਤਾ ਗੁਜਰੀ ਅੱਗੋਂ ਜਵਾਬ ਦਿੱਤਾ,
          ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ।
          ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ,
          ਘੜੀ-ਘੜੀ ਗੁਜਰੀ ਪਲ-ਪਲ ਗੁਜਰੀ।
          ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
          ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ।
          ਜਿਹੜੀ ਆਈ ਸਿਰ 'ਤੇ ਉਹ ਮੈਂ ਝੱਲ ਗੁਜਰੀ।

੧੭੦੫ ਤੋਂ ੧੭੨੮ ਤਕ ਉਨ੍ਹਾਂ ਨੇ ਭਾਈ ਮਨੀ ਸਿੰਘ ਦੇ ਸਾਥ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਹਥ ਲਿਖਤ ਬੀੜਾਂ ਬਣਾਈਆਂ ਅਤੇ ਸਾਰੇ ਤਖਤਾਂ ਤੇ ਭੇਜੀਆਂ ।ਬਹੁਤ ਸਾਰੇ ਗੁਟਕੇ ਵੀ ਹੱਥ ਲਿਖਤ ਤਿਆਰ ਕੀਤੇ ਗਏ  ਆਪ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਮੁਖ ਗ੍ਰੰਥੀ ਵੀ ਰਹੇ ।

ਬਾਬਾ ਜੀ ਨੇ ੧੭੦੯ ਵਿਚ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਰਹੰਦ ਦੀ ਇੱਟ  ਨਾਲ ਇੱਟ ਖੜਕਾਈ ਅਤੇ ਸਢੌਰਾ ਦੇ ਹਾਕਮ ਤੋਂ ਪੀਰ ਬੁਧੂ ਸ਼ਾਹ ਦੀ ਮੌਤ ਦਾ ਬਦਲਾ ਲਿਆ । ੧੭੫੫ ਵਿਚ ਛੋਟੇ ਘਲੂਘਾਰੇ ਵਿਚੋਂ ,ਜਿਥੇ ਲਗਭਗ ੧੦,੦੦੦ ਸਿਖਾਂ ਨੇ ਕੁਰਬਾਨੀਆਂ ਦਿਤੀਆਂ ,ਵਿਚ ਸ਼ਾਮਲ ਸਨ  ਅਤੇ ਸਿਖ ਕੌਮ ਦੀ ਹੋਰ ਸੇਵਾ ਲਈ ਅਗੇ ਵਧੇ । ੧੭੫੩ ਵਿਚ ਮੁਗਲ ਗਵਰਨਰ ਨੇ ਸਿਖਾਂ ਨਾਲ ਸੰਧੀ ਕਰ ਲਈ ਅਤੇ ਬਾਬਾ ਦੀਪ ਸਿੰਘ ਜੀ ਨੇ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਦਲ ਖਾਲਸਾ ਬਣਾਇਆ ਜੋ ਦੋ ਹਿੱਸਿਆਂ ਬੁੱਢ਼ਾ ਦਲ ਅਤੇ ਤਰੁਨਾ ਦਲ  ਵਿਚ ਵੰਡਿਆ ਗਿਆ  ਜੋ ਫਿਰ ਪੰਜ ਜਥਿਆਂ ਵਿਚ ਹੋ ਗਿਆ ਅਤੇ ਇਕ ਜਥਾ ਬਾਬਾ ਦੀਪ ਸਿੰਘ ਜੀ ਦਾ ਹੋ ਗਿਆ ਜੋ ੧੭੪੮ ਵਿਚ ਮਿਸਲ ਬਣਿਆ  ਅਤੇ ਇਸ ਮਿਸਲ ਦਾ ਨਾ ਸ਼ਹੀਦੀ ਮਿਸਲ ਸੀ । ਤਲਵੰਡੀ ਸਾਬੋ ਵਿਚ ਤਖ਼ਤ ਦੇ ਨਾਲ  ਬੁਰਜ ਬਾਬਾ ਦੀਪ ਸਿੰਘ ਜੀ ਸ਼ਹੀਦ ਹੈ ਜਿਥੇ ਬਾਬਾ ਜੀ ਨੇ ਰਹਿ ਕੇ ਭਗਤੀ ਕੀਤੀ ਸੀ ।

ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਕਈ ਹਮਲੇ ਕੀਤੇ ਅਤੇ ਬਹੁਤ ਸਾਰਾ ਮਾਲ ਲੁੱਟ ਕੇ ਲੈ ਗਿਆ । ਚੌਥੇ ਹਮਲੇ ਸਮੇਂ ਸਿਖਾਂ ਨੂੰ ਖਤਮ ਕਰਨ ਲਈ ਅਤੇ ਗੁਰੁਦਵਾਰੇ ਦਾ ਨੁਕਸਾਨ ਕਰਨ ਲਈ ਤੇਮੁਰ ਸ਼ਾਹ ਨੂੰ ਹੁਕਮ ਕਰ ਕੇ ਚਲਾ ਗਿਆ । ਉਸ ਨੇ ਦਿਵਾਲੀ ਨਾ ਮਨਾਉਣ ਦਾ ਹੁਕਮ ਚਾੜ ਦਿਤਾ । ਅੰਮ੍ਰਿਤਸਰ ਵਿਚ ਮੁਗਲ ਫੋਜਾਂ ਦਾ ਟਾਕਰਾ ਕਰਨ ਲਈ ਸਿਖਾਂ ਦਾ ਜਥਾ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿਚ ਤਲਵੰਡੀ ਸਾਬੋ ਤੋਂ ਨਿਕਲਿਆ । ਰਸਤੇ  ਵਿਚ ਹੋਰ ਸਿਖ ਸੰਗਤਾਂ ਸ਼ਾਮਲ ਹੁੰਦੀਆਂ ਗਈਆਂ  ਅਤੇ ਗਿਣਤੀ ੫੦੦੦ ਹੋ ਗਈ ਉਸ ਸਮੇਂ ਬਾਬਾ ਜੀ ਨੇ ਖੰਡੇ ਨਾਲ ਲਕੀਰ ਖਿਚ ਕੇ ਆਖਿਆ ਕੇ ਜੋ ਮੌਤ ਤੋਂ ਨਹੀ ਡਰਦੇ ਅਤੇ ਆਰ ਪਾਰ ਦੀ ਲੜਾਈ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਲਕੀਰ ਲੰਘ ਆਓ ਤਾਂ ਹਾਜ਼ਰ ਸਾਰੇ ਸਿਖ ਲਕੀਰ ਲੰਘ ਗਏ ਤਾਂ ਓਹਨਾਂ ਨੇ ਇਹ ਸ਼ਬਦ ਉਚਾਰਿਆ :
                                     ਜਓ ਤਓ ਪ੍ਰੇਮ ਖੇਲਣ ਕਾ ਚਾਓ,ਸਿਰ ਧਰ ਤਲੀ ਗਲੀ ਮੇਰੀ ਆਓ 
                                     ਇਤ ਮਾਰਗ ਪਰ ਧਰੀਜੇ ,ਸਿਰ ਦੀਜੇ ਕਾਣ ਨਾ ਕੀਜੇ  
                                                                                                     (ਸ ਗ ਗ ਸ ਪਨਾ ੧੪੧੨ ) 

ਸਿਖ ਫੌਜ ਦਾ ਟਾਕਰਾ ਮੁਗਲ ਫੌਜ ਨਾਲ ੧੧ ਨਵੰਬਰ ੧੭੫੭ ਨੂੰ ਗੋਹ੍ਲ੍ਵਾੜ (ਅੰਮ੍ਰਿਤਸਰ) ਵਿਖੇ ਹੋਇਆ ।ਸਿਖਾਂ ਨੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿਚ ਮੁਗਲ ਫੌਜ ਨਾਲ ਡਟ ਕੇ ਲੜਾਈ ਕੀਤੀ । ਬਾਬਾ ਜੀ ਕੋਲ ੧੫ ਕਿਲੋ ਜਾਂ ੩੨ ਪੋਂਡ ਦਾ ਖੰਡਾ ਸੀ, ਜੋ ਓਹ ਸਜੇ ਹਥ ਨਾਲ ਵਾਹ ਰਹੇ ਸਨ, ਕਿ ਅਚਾਨਕ ਇਕ ਪਾਸੇ ਤੋਂ ਉਨ੍ਹਾਂ ਦੇ ਸਿਰ ਤੇ ਵਾਰ ਹੋਇਆ ਅਤੇ ਸਿਰ ਧੜ ਨਾਲੋਂ ਵਖ ਹੋ ਗਿਆ । ਉਨ੍ਹਾਂ ਨੇ ਸਿਰ ਨੂੰ ਇਕ ਹਥ ਤੇ ਰਖ ਕੇ ਲੜਾਈ ਲੜਦੇ ਅਗੇ ਵਧਦੇ ਗਏ ਮੁਗਲ ਫੌਜ ਉਨ੍ਹਾਂ ਨੂੰ ਇਸ ਤਰਾਂ ਲੜਦਿਆਂ ਵੇਖ ਡਰ ਕੇ ਭਜਣ ਲਗ ਪਈ । ਇਸ ਤਰਾਂ ਵਧਦੇ ਹੋਈ ਬਾਬਾ ਜੀ ਨੇ ਆਪਣਾ ਸਿਰ ਹਰਮੰਦਰ ਸਾਹਿਬ ਵਲ ਵਗਾਹ ਮਾਰਿਆ, ਜੋ ਕੇ ਪਰਕਰਮਾ ਵਿਚ ਜਾ ਡਿੱਗਾ ਅਤੇ ਉਨ੍ਹਾਂ ਆਪਣਾ ਪ੍ਰਣ ਨਿਭਾਇਆ । ਓਹ ਲੜਾਈ ਸਿਖ ਜਿੱਤ ਗਏ ਅਤੇ ੧੭੫੭ ਦੀ ਦਿਵਾਲੀ /ਬੰਦੀ ਛੋੜ ਦਿਵਸ ਹਰਮੰਦਰ ਸਾਹਿਬ  ਵਿਚ ਮਨਾਈ/ਮਨਾਇਆ  ਗਈ/ਗਿਆ  ।

ਇਸ ਲਈ ਸੰਗਤ ਨੂੰ ਸਨਿਮਰ ਬੇਨਤੀ ਹੈ ਕੇ ਜਦੋਂ ਵੀ ਅੰਮ੍ਰਿਤਸਰ ਜਾਣ ਦਾ ਮੌਕਾ ਮਿਲੇ ਪਰਕਰਮਾ ਵਿਚ ਜਾਪੁ ਕਰਦੇ ਰਹਿਣ ਕਿਓਂ ਜੋ ਓਸ ਪ੍ਰਕਰਮਾ ਨੂੰ ਪ੍ਰਾਪਤ ਕਰਨ ਲਈ ਬਹੁਤ ਕੁਰਬਾਨੀਆ ਦਿਤੀਆਂ ਗਈਆਂ ਹਨ ।
*****

No comments: